ਚਾਰ ਸਹੇਲੀਆਂ ਦਾ ਸਾਡਾ ਪੱਕਾ ਗਰੁੱਪ..ਸਾਰੇ ਕਾਲਜ ਵਿਚ ਮਸ਼ਹੂਰੀ ਹੋਇਆ ਕਰਦੀ ਸੀ..ਕੰਟੀਨ, ਲਾਇਬ੍ਰੇਰੀ, ਕੈਂਪ, ਸਭਿਆਚਾਰਕ ਪ੍ਰੋਗਰਾਮ, ਡਿਬੇਟ, ਖੇਡਾਂ, ਟੂਰ, ਕੰਪੀਟੀਸ਼ਨ ਅਤੇ ਹੋਰ ਕਿੰਨੇ ਸਾਰੇ ਕੰਮ.. ਹਰ ਪਾਸੇ ਬੱਸ ਸਾਰੀਆਂ ਨੇ ਇਕੱਠੇ ਹੀ ਜਾਣਾ..।
ਅਖੀਰ ਇੱਕ ਦਿਨ ਫਾਈਨਲ ਦੀ ਫੇਅਰਵੈਲ ਪਾਰਟੀ ਹੋਈ..ਇੱਕ ਸ਼ਰਾਰਤੀ ਜਿਹਾ ਫੈਸਲਾ ਲਿਆ..ਜਦੋਂ ਕਦੀ ਵੀ ਵਿਆਹ ਵਾਲੀ ਗੱਲ ਚੱਲੀ ਤਾਂ ਹੋਰਨਾਂ ਗੱਲਾਂ ਦੇ ਨਾਲ ਨਾਲ ਇੱਕ ਗੱਲ ਦਾ ਜਰੂਰ ਖਿਆਲ ਰੱਖਣਾ ਕੇ ਲੜ ਲੱਗਣ ਵਾਲਾ ਘੱਟੋ ਘੱਟ ਛੇ ਫੁੱਟ ਜਰੂਰ ਹੋਵੇ।
ਫੇਰ ਸਮੇਂ ਦਾ ਚੱਕਰ ਚੱਲਿਆ..ਦੋ ਅਮਰੀਕਾ ਵਿਆਹੀਆਂ ਗਈਆਂ..ਇੱਕ ਨੂੰ ਏਅਰ ਫੋਰਸ ਵਿਚ ਵੱਡਾ ਅਫਸਰ ਮਿਲ ਗਿਆ..!
ਜਿਕਰਯੋਗ ਏ ਕਿ ਸਾਰੇ ਦੇ ਸਾਰੇ ਹੀ ਕਦ ਵਾਲੇ ਪੈਮਾਨੇ ਤੇ ਪੂਰੇ ਉੱਤਰਦੇ ਹੋਏ ਲੱਗੇ।
ਮੇਰੀ ਵਾਰੀ ਸਭ ਤੋਂ ਬਾਅਦ ਵਿਚ ਆਈ..
ਮੈਨੂੰ ਵੇਖਣ ਆਏ ਨੂੰ ਮੇਰੇ ਨਾਲ ਵੱਖਰੇ ਕਮਰੇ ਵਿਚ ਬਿਠਾ ਦਿੱਤਾ..
ਸ਼ੁਰੂਆਤੀ ਗੱਲ ਬਾਤ ਵਿਚ ਬੜਾ ਮਸੂਮ ਅਤੇ ਸਾਊ ਜਿਹਾ ਲੱਗਿਆ..ਹੋਰਨਾਂ ਤੋਂ ਬਿਲਕੁਲ ਹੀ ਵੱਖਰਾ ਜਿਹਾ..ਉਸਨੇ ਮੈਨੂੰ ਕੋਈ ਗੱਲ ਨਾ ਪੁੱਛੀ ਬੱਸ ਮੇਰੀਆਂ ਦਾ ਜੁਆਬ ਹੀ ਦਿੰਦਾ ਰਿਹਾ..ਅੱਖਾਂ ਵਿਚ ਲੋਹੜੇ ਦੀ ਸ਼ਰਮ ਅਤੇ ਬੋਲਾਂ ਤੇ ਹੈਰਾਨੀਜਨਕ ਕੰਟਰੋਲ ਸੀ.. ਉਸਦੀ ਮਿਕਨਾਤੀਸੀ ਸ਼ਖਸ਼ੀਅਤ ਵਿਚ ਐਸੀ ਗਵਾਚ ਗਈ ਕਿ ਕੱਦ ਵਾਲੀ ਗੱਲ ਦਾ ਚੇਤਾ ਹੀ ਨਹੀਂ ਰਿਹਾ..ਫੇਰ ਪਤਾ ਹੀ ਨਹੀਂ ਲੱਗਾ ਕਦੋ “ਮੈਂ” “ਤੂੰ” ਤੋਂ ਅਸੀਂ ਹੋ ਗਏ..!
ਕਈਆਂ ਠਿੱਠ ਕੀਤਾ ਕੇ ਕੱਦ ਦਾ ਮਧਰਾ ਏ ਤੇ...
ਉੱਤੋਂ ਰੰਗ ਵੀ ਥੋੜਾ ਪੱਕਾ..!
ਪਰ ਮੇਰੇ ਤੇ ਕੋਈ ਅਸਰ ਨਹੀਂ ਕਿਓੰਕਿ ਇੱਕ ਸਾਫ-ਸੁਥਰੀ ਅਤੇ ਵਿਲੱਖਣ ਜਿਹੀ ਸ਼ਖ਼ਸੀਅਤ ਮੇਰੇ ਮਨ ਅੰਦਰ ਪੱਕਾ ਘਰ ਕਰ ਗਈ ਸੀ।
ਕੁਝ ਅਰਸੇ ਮਗਰੋਂ ਇੱਕ ਵਿਆਹ ਤੇ ਏਅਰਫੋਰਸ ਵਾਲੀ ਨਾਲ ਮੁਲਾਕਾਤ ਹੋ ਗਈ..
ਬਾਕੀ ਦੋਹਾਂ ਬਾਰੇ ਗੱਲ ਚੱਲ ਪਈ..ਆਖਣ ਲੱਗੀ ਕੋਈ ਖਬਰ ਨੀ..ਫੇਰ ਮੈਂ ਉਸ ਨੂੰ ਉਸ ਬਾਰੇ ਹੀ ਪੁੱਛ ਲਿਆ ਕੇ ਕਿੱਦਾਂ ਚੱਲ ਰਹੀ ਏ ਜਿੰਦਗੀ?
ਆਖਣ ਲੱਗੀ ਯਾਰ ਅੱਡੀਆਂ ਚੁੱਕ ਉਚੀ ਹੋ-ਹੋ ਟੀਸੀ ਦਾ ਬੇਰ ਜਰੂਰ ਤੋੜਿਆ ਸੀ ਪਰ ਹੁਣ ਹਮੇਸ਼ਾਂ ਵਜੂਦ ਵਿਚ ਪੀੜ ਜਿਹੀ ਰਹਿੰਦੀ ਏ..ਅਫ਼ਸਰੀ, ਪੈਸੇ ਅਤੇ ਖੂਬਸੂਰਤੀ ਦਾ ਰੋਹਬ.. ਉੱਤੋਂ ਨਿਆਣਿਆਂ ਦੀ ਸਾਰੀ ਜੁੰਮੇਵਾਰੀ ਮੇਰੇ ਸਿਰ..ਅਖੀਰ ਭਾਵੁਕ ਹੋ ਗਈ..
ਹੌਸਲਾ ਦਿੱਤਾ ਕੇ ਜਿੰਦਗੀ ਕਦੀ ਵੀ ਕਿਸੇ ਨੂੰ ਮੁਕੰਮਲ ਪੱਧਰਾ ਰਾਹ ਨਹੀਂ ਦਿਖਾਉਂਦੀ..ਥੋੜੀ ਬਹੁਤ ਊਚ-ਨੀਚ ਹਰੇਕ ਦੀ ਜਿੰਦਗੀ ਵਿਚ ਹੁੰਦੀ ਹੀ ਹੈ।
ਫੇਰ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਕਿਓੰਕਿ ਦੂਰ ਨੁੱਕਰ ਵਿਚ ਮਧਰੇ ਜਿਹੇ ਕੱਦ ਦਾ ਇੱਕ ਹਸਮੁੱਖ ਜਿਹਾ ਇਨਸਾਨ ਮੇਰੀ ਆਂਦਰ ਦੀ ਬੋਟੀ ਨੂੰ ਆਪਣੀ ਗੋਦੀ ਵਿਚ ਪਾ ਬੜੇ ਹੀ ਲਾਡ ਨਾਲ ਦੁੱਧ ਦੀ ਬੋਤਲ ਜੁ ਚੁੰਘਾ ਰਿਹਾ ਸੀ..।
True Story
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!