ਕਹਾਣੀ- ਛੋਟੀ ਬੇਬੇ
#gurkaurpreet
ਘਰ ਚ ਵਿਆਹ ਜਿਹਾ ਮਾਹੌਲ ਸੀ, ਸਾਡੀ ਬੇਬੇ ਭੱਜ ਭੱਜ ਕੰਮ ਕਰ ਰਹੀ ਸੀ। ਅਸੀਂ ਤਿੰਨੋ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ ਚ ਮਸਤ ਹੋਈਆਂ ਸੀ। ਮੈਂ ਬਾਰ੍ਹਾਂ ਕੁ ਵਰਿਆਂ ਦੀ ਸਾਰੀਆਂ ਚ ਵੱਡੀ, ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ। ਘਰ ਚ ਵਿਆਹ ਸੀ, ਮਾਂ ਨੂੰ ਪੁੱਛ ਪੁੱਛ ਥੱਕ ਗਈ ਸੀ ਕਿ ਕਿਸਦਾ ਵਿਆਹ ਏ, ਪਰ ਮਾਂ ਨੇ ਕੁਝ ਨਾ ਦੱਸਿਆ। ਸਾਡੀਆਂ ਪੰਜੇ ਭੂਆ ਵੱਡੀਆਂ ਸਨ, ਤੇ ਵਿਆਹੀਆਂ ਹੋਈਆਂ ਸੀ, ਤੇ ਬਾਪੂ ਤੋਂ ਛੋਟਾ ਕੋਈ ਹੈ ਨਹੀਂ ਸੀ, ਫੇਰ ਕਿਹਦਾ ਵਿਆਹ। ਇਹ ਸੋਚਾਂ ਸੋਚ ਰਹੀ ਸੀ ਕਿ ਸਵਰਨੋ ਤਾਈ ਤੇ ਹਰਨਾਮੋ ਚਾਚੀ ਦੋਵੇਂ ਜਾਣੀਆਂ ਨੇ ਮੈਨੂੰ ਚਾਹ ਤੇ ਨਾਲ ਖੁਰਮੇ ਮੱਠੀਆਂ ਲੈਕੇ ਆਉਣ ਲਈ ਅਵਾਜ਼ ਮਾਰੀ। ਜਦੋਂ ਮੈਂ ਚਾਹ ਲੈਕੇ ਆਈ ਤਾਂ ਸਵਰਨੋ ਤਾਈ ਨੇ ਇੱਕ ਦਮ ਕਹਿ ਦਿੱਤਾ, “ਆਪਣੀ ਮਾਂ ਤੇ ਭੈਣਾਂ ਦੇ ਨਾਲ ਹੁਣ ਨਾਨਕੇ ਜਾਣ ਦੀ ਤਿਆਰੀ ਕਰ ਲੈ ਕੁੜੀਏ.. ਐਥੇ ਨੀ ਹੁਣ ਰਹਿਣ ਦੇਣਾ ਕਿਸੇ ਨੇ ਥੋਨੂੰ..” ਪਹਿਲੀ ਗੱਲ ਸੁਣ ਕੇ ਜੋ ਨਾਨਕੇ ਜਾਣ ਦਾ ਚਾਅ ਚੜਿਆ ਸੀ ਉਹ ਦੂਜੀ ਗੱਲ ਸੁਣ ਕੇ ਉੱਤਰ ਗਿਆ। ਨਿਆਣੀ ਮੱਤ ਚ ਮੈਥੋਂ ਇਹ ਵੀ ਨਾ ਪੁੱਛ ਹੋਇਆ ਕਿ ਕਿਉਂ ਨੀ ਕਿਸੇ ਨੇ ਰਹਿਣ ਦੇਣਾ। ਜਦ ਉੱਥੋਂ ਜਾਣ ਲੱਗੀ ਤਾਂ ਜਾਂਦੇ ਜਾਂਦੇ ਹਰਨਾਮੋ ਚਾਚੀ ਦੀ ਗੱਲ ਕੰਨਾਂ ਚ ਪੈ ਗਈ, “ਇਹਨਾਂ ਦੀ ਮਾਂ ਨੇ ਆਪਣੇ ਆਪ ਸੌਕਣ ਸਹੇੜੀ ਐ… ਅਗਲੀ ਸ਼ਹਿਰ ਦੀ ਰਹਿਣ ਆਲੀ.. ਪੂਰੀ ਬਾਰਾਂ ਤਾਲੀ ਆ.. ਦੇਖੀਂ ਕਿਵੇਂ ਇਹਨਾਂ ਮਾਵਾਂ ਧੀਆਂ ਦਾ ਬਿਸਤਰਾ ਗੋਲ ਕਰਦੀ..”
ਸੌਕਣ, ਸ਼ਹਿਰਨ ਕੌਣ ਸੀ ਇਹ, ਮੈਨੂੰ ਕੁਝ ਨਹੀਂ ਸੀ ਪਤਾ। ਕਈ ਸਵਾਲ ਮੇਰੇ ਦਿਮਾਗ਼ ਚ ਘੁੰਮਣ ਲੱਗ ਗਏ। ਮੇਰੀ ਮਾਂ ਜਿਹਨੂੰ ਮੈਂ ਹਮੇਸ਼ਾ ਬੇਬੇ ਹੀ ਆਖਿਆ ਸੀ, ਬਾਹਰਲੇ ਘਰੋਂ ਹਸਦੀ ਹੋਈ ਹੱਥਾਂ ਚ ਸੂਹੀ ਚੁੰਨੀ ਫੜੀ ਮੈਨੂੰ ਆਉਂਦੀ ਦਿਸੀ। ਮੈਂ ਭੱਜ ਕੇ ਬੇਬੇ ਕੋਲ ਗਈ ਤੇ ਇੱਕੋ ਸਵਾਲ ਪੁੱਛਿਆ, “ਬੇਬੇ ਸੌਕਣ ਕੀ ਹੁੰਦਾ ਤੇ ਕੌਣ ਸ਼ਹਿਰਨ ਆ ਜਿਹਨੇ ਆਪਾਂ ਨੂੰ ਘਰੋਂ ਨਾਨਕੇ ਭੇਜ ਦੇਣਾ…???”
ਬੇਬੇ ਨੇ ਅੱਡੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਮੇਰੇ ਮੂੰਹ ਤੇ ਉਂਗਲ ਰੱਖ ਕੇ ਮੈਨੂੰ ਬਾਂਹ ਤੋਂ ਫੜਕੇ ਪੇਟੀਆਂ ਆਲੇ ਅੰਦਰ ਲੈ ਗਈ। ਤੇ ਦਰਵਾਜ਼ਾ ਬੰਦ ਕਰਕੇ ਹੈਰਾਨੀ ਭਰੇ ਲਹਿਜੇ ਚ ਪੁੱਛਿਆ, “ਨੀ ਤੈਨੂੰ ਆਹ ਕੁਸ਼ ਕਿਹਨੇ ਕਿਹਾ… ਮੁੜਕੇ ਆਹ ਬੋਲ ਆਪਣੀ ਜ਼ਬਾਨ ਤੇ ਨਾ ਲੈਕੇ ਆਈ… ਸੜ ਜੇ ਚੰਦਰੀ ਜੀਭ ਜਿਹਨੇ ਉਹਨੂੰ ਸੌਕਣ ਕਿਹਾ…”
ਮੈਨੂੰ ਸਮਝ ਨਾ ਆਇਆ, ਮੈਂ ਫੇਰ ਤੋਂ ਮਾਸੂਮੀਅਤ ਨਾਲ ਪੁੱਛਿਆ, “ਪਰ ਬੇਬੇ ਉਹ ਹੈ ਕੌਣ…”
ਮਾਂ ਨੂੰ ਮੇਰੇ ਸਾਹਮਣੇ ਬੈਠ ਕੇ ਕਿਹਾ, “ਬਹੁਤ ਸੋਹਣੀ ਆ ਪੁੱਤ ਉਹ.. ਜਮਾਂ ਹੀ ਚੰਨ ਵਰਗੀ… ਤੇਰੀ ਛੋਟੀ ਬੇਬੇ ਆ ਉਹ…”
“ਪਰ ਉਹ ਹੈ ਕਿੱਥੇ..??”
“ਆਉਗੀ ਪੁੱਤ ਉਹ.. ਤੇਰਾ ਬਾਪੂ… ਤੇਰੀਆਂ ਭੂਆਂ.. ਸਭ ਲੈਕੇ ਆਉਣਗੇ ਉਹਨੂੰ.. ਕੱਲ ਸ਼ਾਮ ਨੂੰ ਉਹ ਆਪਣੇ ਕੋਲ ਹੋਊਗੀ…”
“ਪਰ ਉਹਨੂੰ ਆਪਾਂ ਲੈਕੇ ਕਿਉਂ ਆਉਣਾ, ਬੇਬੇ..?”
ਇਸ ਸਵਾਲ ਤੇ ਬੇਬੇ ਨੇ ਮੈਨੂੰ ਗਲਵੱਕੜੀ ਪਾ ਲਈ ਤੇ ਮੇਰੀਆਂ ਗੁੱਤਾਂ ਨੂੰ ਠੀਕ ਕਰਦੇ ਹੋਏ ਕਿਹਾ, “ਤੈਨੂੰ ਰੱਖੜੀ ਬੰਨ੍ਹਣ ਲਈ ਵੀਰਾ ਚਾਹੀਦਾ…???”
ਮੈਂ ਮੁੜਕੇ ਬੇਬੇ ਵੱਲ ਦੇਖਿਆ ਤੇ ਉਹਦੀਆਂ ਅੱਖਾਂ ਚ ਚਮਕਦੇ ਜੁਗਨੂੰ ਵੀ ਮੈਨੂੰ ਦਿਸੇ, ਫੇਰ ਮੈਂ ਵੀ ਹਾਂ ਚ ਗਰਦਨ ਹਿਲਾ ਦਿੱਤੀ।
ਬੇਬੇ ਨੇ ਇਹ ਕਹਿ ਕੇ ਕਮਰੇ ਦਾ ਦਰਵਾਜਾ ਖੋਲ੍ਹ ਦਿੱਤਾ, “ਤੇਰੀ ਛੋਟੀ ਬੇਬੇ ਹੀ ਵੀਰਾ ਲੈਕੇ ਆਉਗੀ…”
ਬੇਬੇ ਉੱਥੋਂ ਚਲੇ ਗਈ, ਪਰ ਮੈਂ ਹਾਲੇ ਵੀ ਸੋਚ ਰਹੀ ਸੀ ਕਿ ਛੋਟੀ ਬੇਬੇ ਵੀਰਾ ਕਿੱਥੋਂ ਲੈਕੇ ਆਉਗੀ। ਮੇਰੀਆਂ ਜਮਾਤਣਾਂ ਕੋਲ ਵੀ ਵੀਰੇ ਹੈਗੇ ਨੇ, ਪਰ ਸਭ ਦੀ ਇੱਕੋ ਬੇਬੇ ਆ, ਕਿਸੇ ਕੋਲ ਛੋਟੀ ਬੇਬੇ ਨੀ, ਫੇਰ ਵੀਰਾ ਲੈਕੇ ਆਉਣ ਲਈ ਸਾਨੂੰ ਹੀ ਛੋਟੀ ਬੇਬੇ ਕਿਉਂ ਚਾਹੀਦੀ ਆ, ਮੇਰੀ ਬੇਬੇ ਵੀਰਾ ਕਿਉਂ ਨੀ ਲਿਆ ਸਕਦੀ।
ਆਪਣੀਆਂ ਨਿੱਕੀਆਂ ਭੈਣਾਂ ਨੂੰ ਵੀ ਆਉਣ ਵਾਲੀ ਛੋਟੀ ਬੇਬੇ ਬਾਰੇ ਦੱਸਿਆ ਤੇ ਵੀਰੇ ਬਾਰੇ ਵੀ। ਉਹ ਬਹੁਤ ਖੁਸ਼ ਹੋਈਆਂ ਕਿ ਨਿੱਕਾ ਕਾਕਾ ਆਉਗਾ।
ਛੋਟੀ ਬੇਬੇ ਬਾਰੇ ਜਦੋਂ ਦਾ ਸੁਣਿਆ ਸੀ, ਮੇਰਾ ਚਿੱਤ ਕਰਦਾ ਸੀ ਕਿ ਮੈਂ ਆਪ ਹੀ ਜਾ ਕੇ ਉਹਨੂੰ ਲੈ ਆਵਾਂ। ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸਨੂੰ ਕਿੱਥੋਂ ਲੈਕੇ ਆਉਣਾ। ਰਾਤ ਨੂੰ ਸੋਚਿਆ ਕਿ ਬੇਬੇ ਨੂੰ ਪੁੱਛ ਲਵਾਂ, ਪਰ ਬੇਬੇ ਹਾਲੇ ਵੀ ਕੰਮਾਂ ਚ ਰੁੱਝੀ ਹੋਈ ਸੀ, ਇਧਰ ਮੈਥੋਂ ਇੰਤਜ਼ਾਰ ਨਹੀਂ ਸੀ ਹੋ ਰਿਹਾ। ਅਗਲੀ ਸਵੇਰ ਬਰਾਤ ਜਾਣ ਵੇਲੇ ਮੈਂ ਬੇਬੇ ਨੂੰ ਪੁੱਛਿਆ ਕਿ ਬੇਬੇ ਮੈਂ ਵੀ ਜਾਵਾਂ ਛੋਟੀ ਬੇਬੇ ਨੂੰ ਲੈਣ, ਤਾਂ ਬੇਬੇ ਨੇ ਝਿੜਕ ਦਿੱਤਾ। ਮੈਂ ਉਦਾਸ ਹੋ ਗਈ। ਪਰ ਫੇਰ ਇਹ ਸੋਚ ਕੇ ਚਿੱਤ ਪਰਚਾ ਲਿਆ ਕਿ ਉਹਨੇ ਸ਼ਾਮ ਨੂੰ ਆ ਹੀ ਜਾਣਾ ਹੈ।
ਅਖੀਰ ਸ਼ਾਮ ਵੀ ਆ ਗਈ। ਬਾਪੂ ਛੋਟੀ ਬੇਬੇ ਨੂੰ ਲੈਕੇ ਆਇਆ ਸੀ। ਸੋਨੇ ਰੰਗੇ ਦਬਕੇ ਨਾਲ ਕੱਢੀ ਹੋਈ ਲਾਲ ਚੁੰਨੀ ਦਾ ਲੰਮਾ ਸਾਰਾ ਘੁੰਢ ਕੱਢਕੇ ਬਾਪੂ ਦਾ ਲੜ ਫੜੀ ਬੂਹੇ ਤੇ ਖੜ੍ਹੀ ਸੀ। ਆਂਢ ਗਵਾਂਢ ਦੀਆਂ ਕੁੜੀਆਂ ਬੁੜੀਆਂ ਸ਼ਗਨਾਂ ਦੇ ਗੀਤ ਗਾ ਰਹੀਆਂ ਸੀ। ਮੈਂ ਆਪਣੀਆਂ ਭੈਣਾਂ ਨਾਲ ਜੋਟੀ ਪਾਈ ਬੂਹੇ ਵੱਲ ਜਾ ਰਹੀ ਸੀ, ਕਿ ਦਾਦੀ ਨੇ ਬਾਹੋਂ ਫੜ ਧੂਹ ਕੇ ਪਾਸੇ ਕਰ ਦਿੱਤਾ, ਨਾਲ ਹੀ ਬੇਬੇ ਨੂੰ ਆਵਾਜ਼ ਮਾਰੀ, ਕਿ ਸਾਨੂੰ ਤਿੰਨਾਂ ਭੈਣਾਂ ਨੂੰ ਇੱਥੋਂ ਪਾਸੇ ਲੈ ਜਾਵੇ ਤੇ ਆਪ ਵੀ ਨਵੀਂ ਬੇਬੇ ਦੇ ਸਾਹਮਣੇ ਨਾ ਆਵੇ। ਦਾਦੀ ਨਹੀਂ ਸੀ ਚਾਹੁੰਦੀ ਕਿ ਤਿੰਨ ਪੱਥਰ ਤੇ ਉਹਨਾਂ ਦੀ ਜਾਈ ਇਸ ਖੁਸ਼ੀ ਦੇ ਮੌਕੇ ਤੇ ਕੋਈ ਬਦਸ਼ਗਨੀ ਕਰੇ।
ਭਾਵੇਂ ਅਜਿਹਾ ਕਈ ਵਾਰ ਹੋਇਆ ਸੀ ਕਿ ਦਾਦੀ ਨੇ ਸਾਨੂੰ ਤੇ ਸਾਡੀ ਬੇਬੇ ਨੂੰ ਬਦਸ਼ਗਨੀਆਂ ਕਰਾਰ ਦਿੱਤਾ ਹੋਵੇ, ਪਰ ਅੱਜ ਜਦੋਂ ਹੋਇਆ ਸੀ ਉਸਨੇ ਮੇਰਾ ਮਨ ਨਵੀਂ ਬੇਬੇ ਲਈ ਕੁੜੱਤਣ ਨਾਲ ਭਰ ਦਿੱਤਾ ਸੀ। ਫੇਰ ਸਵਰਨੋ ਤਾਈ ਤੇ ਹਰਨਾਮੋ ਚਾਚੀ ਦੀਆਂ ਗੱਲਾਂ ਵੀ ਯਾਦ ਆ ਗਈਆਂ, ਦਿਲ ਨੂੰ ਹੌਲ ਜਿਹੇ ਪੈਣ ਲੱਗ ਗਏ, ਖ਼ਬਰੇ ਕਿਤੇ ਸੱਚਮੁੱਚ ਹੀ ਇਹ ਛੋਟੀ ਬੇਬੇ ਸਾਨੂੰ ਹਮੇਸ਼ਾ ਲਈ ਨਾਨਕੇ ਨਾ ਭੇਜ ਦੇਵੇ। ਮੈਨੂੰ ਅਲੱਗ ਹੀ ਚਿੰਤਾ ਸਤਾਉਣ ਲੱਗ ਗਈ। ਪਰ ਮੇਰੀ ਬੇਬੇ, ਉਹਨੂੰ ਤਾਂ ਜਿਵੇਂ ਚਾਅ ਚੜੇ ਪਏ ਸੀ, ਇੰਝ ਦਾ ਚਾਅ ਤਾਂ ਉਹਨੂੰ ਉਦੋਂ ਹੀ ਚੜਦਾ ਹੁੰਦਾ ਸੀ ਜਦੋਂ ਨਾਨਕੇ ਪਿੰਡੋਂ ਕੋਈ ਆਉਂਦਾ ਹੁੰਦਾ ਸੀ।
ਵਿਆਹ ਤੋਂ ਦੋ ਦਿਨ ਮਗਰੋਂ ਮੈਂ ਛੋਟੀ ਬੇਬੇ ਦਾ ਚਿਹਰਾ ਦੇਖਿਆ। ਕਮਰੇ ਦੀ ਬਾਰੀ ਕੋਲ ਬੈਠੀ, ਹੱਥ ਚ ਨਿੱਕਾ ਜਿਹਾ ਸ਼ੀਸ਼ਾ ਫੜੀ, ਮੱਥੇ ਤੇ ਬਿੰਦੀ ਲਾ ਰਹੀ ਸੀ। ਤੇ ਮੈਂ ਚੌਂਕੇ ਦੇ ਓਟੀਏ ਕੋਲ ਖੜੀ ਉਸਨੂੰ ਦੇਖ ਰਹੀ ਸਾਂ। ਮਾਂ ਦੇ ਕਹੇ ਬੋਲ ਜਮਾਂ ਸੱਚ ਲੱਗੇ, ਸੱਚਮੁੱਚ ਚੰਨ ਵਰਗੀ ਸੀ, ਗੋਲ ਜਿਹਾ ਚੇਹਰਾ, ਮੋਟੀਆਂ ਅੱਖਾਂ ਤੇ ਪਤਾਸੇ ਜਿਹੇ ਬੁੱਲ, ਉਹਨੂੰ ਦੇਖਕੇ ਇੱਕ ਵਾਰ ਤਾਂ ਦਿਲ ਵਿਚਲੀ ਸਾਰੀ ਕੁੜੱਤਣ ਭੁੱਲ ਗਈ। ਮੈਂ ਉਹਨੂੰ ਨੀਝ ਲਾ ਕੇ ਦੇਖ ਰਹੀ ਸਾਂ, ਤੇ ਉਹਨੇ ਸ਼ੀਸ਼ਾ ਪਾਸੇ ਕਰਕੇ ਮੇਰੇ ਵੱਲ ਦੇਖਿਆ ਤੇ ਹੱਥ ਨਾਲ ਇਸ਼ਾਰਾ ਕਰਕੇ ਮੈਨੂੰ ਬੁਲਾ ਲਿਆ। ਮੈਂ ਹੌਲੀ ਹੌਲੀ ਡਰਦੀ ਹੋਈ ਉਹਦੇ ਕੋਲ ਕਮਰੇ ਚ ਚਲੀ ਗਈ, ਪਰ ਬੂਹੇ ਤੋਂ ਅੰਦਰ ਜਾਣ ਦਾ ਹਿਆ ਨਾ ਪਿਆ, ਫੇਰ ਉਹਨੇ ਹੀ ਇਹ ਕਹਿੰਦੇ ਹੋਏ ਬਾਂਹ ਤੋਂ ਫੜਕੇ ਅੰਦਰ ਬੁਲਾ ਲਿਆ, “ਪੁੱਤ ਮੈਥੋਂ ਕਿਉਂ ਸੰਗਦੀ ਆ.. ਮੈਂ ਤਾਂ ਤੇਰੀ ਬੇਬੇ ਆ…”
ਦੰਦਾਂ ਚ ਨਹੁੰ ਚੱਬਦੀ ਨੇ ਮੈਂ ਵੀ ਅਣਭੋਲ ਜਿਹੀ ਨੇ ਕਹਿ ਦਿੱਤਾ, “ਪਰ ਮੇਰੀ ਬੇਬੇ ਤਾਂ ਕੋਈ ਹੋਰ ਆ..”
ਉਸਨੇ ਮੈਨੂੰ ਆਪਣੇ ਕੋਲ ਪਲੰਘ ਤੇ ਬਿਠਾਉਂਦਿਆਂ ਕਿਹਾ, “ਹਾਂ.. ਪਰ ਮੈਂ ਤੇਰੀ ਛੋਟੀ ਬੇਬੇ ਆ.. ਤੇ ਉਹ ਵੱਡੀ..”
ਮੈਥੋਂ ਰਿਹਾ ਨਾ ਗਿਆ, ਅਖੀਰ ਮੈਂ ਉਹ ਸਵਾਲ ਵੀ ਪੁੱਛ ਹੀ ਲਿਆ ਜੋ ਮੈਨੂੰ ਕਈ ਦਿਨ ਤੋਂ ਤੰਗ ਕਰ ਰਿਹਾ ਸੀ, “ਸਭ ਕੋਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ