ਚੁੰਬਕੀ ਅਪਣੱਤ (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ
ਉਦੋਂ ਸਾਨੂੰ ਕੈਨੇਡਾ ਆਇਆਂ ਥੋੜੇ ਮਹੀਨੇ ਹੋਏ ਸੀ। ਮੁਬੱਸ਼ਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਬੇਕਾਬੂ ਹੋਈ ਕਾਰ ਮੂਹਰਿਓਂ ਧੱਕਾ ਦੇਕੇ ਮੇਰੇ ਬੇਟੇ ਨੂੰ ਬਚਾ ਲਿਆ ਸੀ। ਇਹੀ ਧੱਕਾ ਬਾਦ ਵਿਚ ਉਨ੍ਹਾਂ ਦੇ ਜਿਗਰੀ ਯਰਾਨੇ ਰਾਹੀਂ ਹੁੰਦਾ ਹੋਇਆ ਸਾਡੀ ਪਰਵਾਰਿਕ ਸਾਂਝ ਤਕ ਪਹੁੰਚ ਗਿਆ। ਮੁਬੱਸ਼ਰ ਪਹਿਲੀ ਵਾਰ ਸਾਡੇ ਘਰ ਆਇਆ ਤਾਂ ਸਾਡੇ ਦੋਹਾਂ (ਪਤੀ-ਪਤਨੀ) ਦੇ ਮਨ ਉਸ ਪ੍ਰਤੀ ਅਪਣੱਤ ਨਾਲ ਛਲਕਣ ਲਗ ਪਏ। ਸਾਲ ਕੁ ਬਾਦ ਉਸਦੇ ਮਾਪਿਆਂ ਨੂੰ ਮਿਲਕੇ ਸਾਨੂੰ ਇਹ ਪਛਤਾਵਾ ਹੋਣ ਲਗਾ ਕਿ ਅਸੀਂ ਐਨੇ ਚੰਗੇ ਲੋਕਾਂ ਨੂੰ ਐਨਾ ਪੱਛੜ ਕੇ ਕਿਉਂ ਮਿਲ ਰਹੇ ਆਂ।
ਮੁਬੱਸ਼ਰ ਦੇ ਮਾਪੇ ਫੈਸਲਾਬਾਦ (ਪਾਕਿਸਤਾਨ) ਤੋਂ ਸਨ ਤੇ 25 ਕੁ ਸਾਲ ਪਹਿਲਾਂ ਕੈਨੇਡਾ ਆਕੇ ਵੱਸੇ ਸੀ। ਉਸਦੇ ਡੈਡੀ ਯਾਸਿਰ ਨੇ ਦਸਿਆ ਕਿ ਦੋਹਾਂ ਭੈਣਾਂ ਤੋਂ ਛੋਟੇ ਮੁਬੱਸ਼ਰ ਨੇ ਸਕੂਲ ਦਾ ਮੂੰਹ ਕੈਨੇਡਾ ਆਕੇ ਹੀ ਵੇਖਿਆ ਸੀ। ਮੁੰਡਾ ਕੈਨੇਡੀਅਨ ਸਭਿਆਚਾਰ ਵਿਚ ਘੁਲ-ਮਿਲਕੇ ਸਹਿਜ ਹੋ ਗਿਆ ਹੋਇਆ ਸੀ। ਦਿਨ-ਬਦਿਨ ਯਾਸਿਰ ਹੋਰਾਂ ਨਾਲ ਸਾਡਾ ਮੇਲ-ਮਿਲਾਪ ਤੇ ਨੇੜਤਾ ਵਧਦੀ ਗਈ ਅਤੇ ਪਿਛੋਕੜ ਦੇ ਵਰਕੇ ਸਾਂਝੇ ਹੋਣ ਲਗ ਪਏ। ਉਨ੍ਹਾਂ ਦੇ ਵਡੇਰੇ ਭਾਰਤ ਵਾਲੇ ਪਾਸਿਓਂ ਉਜੜ ਕੇ ਤਾਂ ਨਹੀਂ ਸੀ ਗਏ, ਪਰ 1947 ਵਾਲੀ ਵੰਡ ਦਾ ਸੇਕ ਉਧਰ ਬੈਠਿਆਂ ਨੇ ਵੀ ਝੱਲਿਆ ਸੀ। ਉਦੋਂ ਸਾਡੇ ਵੱਡਿਆਂ ਨੂੰ ਪਾਕਿਸਤਾਨ ਦੇ ਉਸੇ ਜਿਲੇ ਦੇ ਪਿੰਡ ‘ਚ ਵਸਦੇ ਰਸਦੇ ਘਰ ਛੱਡ ਕੇ ਖਾਲੀ ਹੱਥ ਚੜਦੇ ਪੰਜਾਬ ਆਉਣਾ ਪਿਆ ਤੇ ਬੜੀਆਂ ਔਖਿਆਈਆਂ ਝੱਲਣੀਆਂ ਪਈਆਂ ਸੀ। ਆਪਣਿਆਂ ਦੇ ਵਿਛੋੜਿਆਂ ਦੀ ਮਾਨਸਿਕ ਪੀੜ ਸਹਿਣੀ ਪਈ ਸੀ। ਡੈਡੀ ਦਸਦੇ ਹੁੰਦੇ ਸੀ ਕਿ ਮੇਰੇ ਦਾਦਾ ਜੀ ਕਈ ਸਾਲ ਰਾਤਾਂ ਨੂੰ ਉੱਠ ਕੇ ਇਕੱਲਿਆਂ ਈ ਓਧਰ ਦੀਆਂ ਗਲਾਂ ਯਾਦ ਕਰਨ ਲਗ ਪੈਂਦੇ ਸਨ। ਸਾਡੇ ਪਰਵਾਰ ਦੇ ਕਾਫਲੇ ਉਤੇ ਹੋਏ ਹਮਲੇ ਮੌਕੇ ਸਾਡੀ ਦਾਦੀ ਆਪਣੀ ਗੋਦੀ ਚੁੱਕੀ ਧੀ ਸਮੇਤ ਮਾਰੀ ਗਈ ਸੀ। ਸਾਡੀ ਵੱਡੀ ਭੂਆ ਦੇ ਸੱਜੇ ਪੈਰ ਦੀਆਂ ਚਾਰ ਉਂਗਲਾਂ ਸੀ ਤੇ ਦਾਦੀ ਨਾਲ ਮਾਰੀ ਗਈ ਬੱਚੀ ਦੇ ਉਸੇ ਪੈਰ ਦੀਆਂ ਛੇ ਉਂਗਲਾਂ ਸੀ। ਦਾਦਾ ਜੀ ਦਸਦੇ ਹੁੰਦੇ ਸੀ ਕਿ ਲੋਕ ਕਹਿਣ ਲਗ ਪਏ ਸਨ ਕਿ ਉਹ ਕੁੜੀ ਆਪਣੀ ਵੱਡੀ ਭੈਣ ਦੀ ਰਹਿ ਗਈ ਉਂਗਲ ਲੈਕੇ ਉਸਦੇ ਪਿੱਛੇ ਆਈ ਸੀ, ਪਰ ਮਾਂ ਦੇ ਨਾਲ ਵਾਪਸ ਮੁੜ ਗਈ।
ਛੇ ਕੁ ਮਹੀਨੇ ਪਹਿਲਾਂ ਸਾਨੂੰ ਪਤਾ ਲਗਾ ਕਿ ਯਾਸਿਰ ਹੋਰੀਂ ਕੁਝ ਦਿਨਾਂ ਲਈ ਦੇਸ਼ ਜਾ ਰਹੇ ਨੇ। ਮਿਲ ਬੈਠਣ ਦੇ ਬਹਾਨੇ ਅਸੀਂ ਉਨ੍ਹਾਂ ਨੂੰ ਖਾਣੇ ਤੇ ਸੱਦ ਲਿਆ। ਉਨ੍ਹਾਂ ਦਸਿਆ ਕਿ ਕਰੋਨਾ ਕਾਰਣ ਪਿਛਲੇ ਸਾਲ ਉਨ੍ਹਾਂ ਦੀ ਰਿਸ਼ਤੇਦਾਰੀ ਚ ਤਿੰਨ ਮੌਤਾਂ ਹੋਈਆਂ ਸਨ। ਉਦੋਂ ਹਵਾਈ ਉਡਾਣਾਂ ਉਤੇ ਪਬੰਦੀਆਂ ਕਾਰਣ ਉਹ ਜਾ ਨਹੀਂ ਸੀ ਸਕੇ। ਦੋਹਾਂ ਨੇ ਗੈਰਹਾਜਰੀ ਦੌਰਾਨ ਉਨ੍ਹਾਂ ਦੇ ਘਰ ਦਾ ਚੱਕਰ ਲਾਉਂਦੇ ਰਹਿਣ ਅਤੇ ਮੁਬੱਸ਼ਰ ਦਾ ਖਿਆਲ ਰਖਣ ਦੀ ਜਿੰਮੇਵਾਰੀ ਸਾਡੇ ਉਤੇ ਪਾ ਦਿਤੀ, ਜਿਸਨੂੰ ਨਿਭਾਉਂਦਿਆਂ ਸਾਨੂੰ ਚੰਗਾ ਵੀ ਲਗਦਾ ਰਿਹਾ।
ਯਾਸਿਰ ਹੋਰੀਂ ਵਾਪਸ ਆਏ ਤਾਂ ਸਾਨੂੰ ਪਤਾ ਲਗਾ ਕਿ ਉਹ ਆਪਣੀ ਚਾਚੀ ਨੂੰ ਨਾਲ ਲੈ ਆਏ ਸਨ। ਹਫਤਾਵਾਰੀ ਛੁੱਟੀ ਆਈ ਤਾਂ ਅਸੀਂ ਉਨ੍ਹਾਂ ਦੇ ਘਰ ਦਾ ਪ੍ਰੋਗਰਾਮ ਬਣਾ ਲਿਆ । ਖੈਰ-ਸੁੱਖ ਤੋਂ ਬਾਦ ਕੁਝ ਦੇਰ ਪਾਕਿਸਤਾਨ ਵਿਚ ਹੋਏ ਸਿਆਸੀ-ਫੇਰਬਦਲ ਦੀ ਚਰਚਾ ਹੋਈ। ਚਾਚੀ ਨੂੰ ਕਮਰੇ ਚੋਂ ਬੁਲਾਉਣ ਗਈ ਮੁਸ਼ੱਬਰ ਦੀ ਅੰਮੀ ਨੇ ਦਸਿਆ ਕਿ ਉਹ ਵਿਸਮਾਦੀ ਅਵਸਥਾ ਵਿਚ ਸੀ, ਜਿਸ ਕਰਕੇ ਉਸਨੇ ਬੁਲਾਉਣਾ ਠੀਕ ਨਹੀਂ ਸਮਝਿਆ। ਪਰ ਥੋੜੀ ਦੇਰ ਬਾਦ ਖੂੰਡੀ ਦੇ ਸਹਾਰੇ ਤੁਰਦੀ ਹੋਈ ਚਾਚੀ ਆਪ ਹੀ ਆ ਗਈ। ਅਸੀਂ ਦੋਵੇਂ ਹੱਥ ਜੋੜ ਖੜੇ ਹੋ ਗਏ। ਅਗਲੇ ਪਲ ਮੈਂ ਚਾਚੀ ਦੀਆਂ ਬਾਹਵਾਂ ਚ ਘੁੱਟਿਆ ਪਿਆ ਸਾਂ। ਚਾਚੀ ਕੁਝ ਬੋਲੀ ਤਾਂ ਨਾਂ, ਪਰ ਉਸਦੇ ਸਾਹਾਂ ਚੋਂ ਕਿਸੇ ਦਰਦ ਦੇ ਝਾਉਲੇ ਪੈ ਰਹੇ ਸੀ। ਚਾਚੀ ਦੀਆਂ ਬਾਹਾਂ ਦੀ ਪਕੜ ਮੇਰੇ ਤੋਂ ਢਿੱਲੀ ਹੋਕੇ ਮੇਰੀ ਪਤਨੀ (ਜੋਤੀ) ਦੁਆਲੇ ਕੱਸੀ ਗਈ। ਜੋਤੀ ਨੂੰ ਮਿਲਦਿਆਂ ਚਾਚੀ ਦੀਆਂ ਅੱਖਾਂ ਚੋਂ ਹੰਝੂ ਪਰਲ ਪਰਲ ਵਹਿਣ ਲਗ ਪਏ। ਕਿੰਨੀ ਦੇਰ ਬਾਦ ਯਾਸਿਰ ਨੇ ਉਸਨੂੰ ਫੜਕੇ ਸਹਾਰਾ ਦਿੰਦੇ ਹੋਏ ਬਹਾਇਆ। ਸਿੱਲੇ ਹੋਏ ਮਹੌਲ ਕਾਰਣ ਕੁਝ ਮਿੰਟ ਚੁੱਪ ਵਰਤ ਗਈ। ਯਾਸਿਰ ਨੇ ਚਾਚੀ ਨੂੰ ਪਾਣੀ ਦਾ ਗਿਲਾਸ ਫੜਾਇਆ। ਸਾਡੀ ਜਾਣ ਪਹਿਚਾਣ ਦਸਣ ਤੋਂ ਪਹਿਲਾਂ ਉਸਨੇ ਸਵਾਲ ਕਰਤਾ,
“ਚਾਚੀ ਤੂੰ ਇਹ ਤੇ ਪੁੱਛਿਆ ਈ ਨਹੀਂ ਕਿ ਭਾਈ ਸਾਬ ਕੌਣ ਨੇ ?’’
“ਲੈ ਆਪਣਿਆਂ ਬਾਰੇ ਵੀ ਕੁਝ ਪੁੱਛਣ-ਦੱਸਣ ਦੀ ਲੋੜ ਹੁੰਦੀ ਐ। ਮੈਂ ਤਾਂ ਕਿੰਨੀ ਦੇਰ ਤੋਂ ਮੁੰਡੇ ਦੀਆਂ ਗਲਾਂ ਸੁਣਦੀ ਸੁਣਦੀ ਚੇਤਿਆਂ ਵਿਚ ਗਵਾਚੀ ਹੋਈ ਸੀ।“ ਚਾਚੀ ਦਾ ਸਹਿਜ-ਸੁਭਾਅ ਜਵਾਬ ਸੁਣਕੇ ਮੈਨੂੰ ਉਸਦੀ ਜੱਫੀ ਚੋਂ ਆਇਆ ਨਿੱਘ ਹੋਰ ਸੰਘਣਾ ਹੋ ਗਿਆ।
ਯਾਸਿਰ ਨੇ ਚਾਚੀ ਨੂੰ ਸਾਹਮਣੇ ਵਾਲੇ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ, ਪਰ ਇਸ਼ਾਰੇ ਨੂੰ ਅਣਗੌਲਿਆ ਕਰਕੇ ਉਹ ਮੇਰੇ ਤੇ ਜੋਤੀ ਦੇ ਵਿਚਕਾਰ ਬੈਠ ਗਈ। ਉਹ ਕਦੇ ਮੇਰੇ ਅਤੇ ਕਦੇ ਜੋਤੀ ਦੀਆਂ ਅੱਖਾਂ ਵਿਚ ਵੇਖਣ ਲਗ ਜਾਂਦੀ, ਜਿੰਵੇ ਅੱਖਾਂ ਚੋਂ ਕੁਝ ਲੱਭਣ ਦਾ ਯਤਨ ਕਰ ਰਹੀ ਹੋਵੇ। ਚਾਚੀ ਨੂੰ ਬੈਠਿਆਂ ਅਜੇ ਥੋੜੀ ਦੇਰ ਹੋਈ ਸੀ ਕਿ ਫੋਨ ਤੇ ਆਏ ਜਰੂਰੀ ਸੰਦੇਸ਼ ਕਾਰਣ ਸਾਨੂੰ ਉਸੇ ਵੇਲੇ ਉਥੋਂ ਵਾਪਸ ਆਉਣਾ ਪਿਆ। ਪਰ ਉਸਤੋਂ ਪਹਿਲਾਂ ਅਸੀਂ ਯਾਸਿਰ ਤੋਂ ਵਾਅਦਾ ਲਿਆ ਕਿ ਅਗਲੇ ਵੀਕਐਂਡ ਉਹ ਚਾਚੀ ਸਮੇਤ ਸਾਡੇ ਵਲ ਆਉਣਗੇ।
ਯਾਸਿਰ ਹੋਰਾਂ ਦੇ ਘਰੋਂ ਆਕੇ ਸਾਡੇ ਮਨਾਂ ਚ ਸ਼ਨੀਵਾਰ ਦੀ ਉਡੀਕ ਭਾਰੂ ਹੋਣ ਲਗੀ। ਰੋਜਾਨਾ ਘਟਦੇ ਦਿਨਾਂ ਨਾਲ ਤਸੱਲੀ ਮਹਿਸੂਸ ਹੁੰਦੀ। ਸ਼ਨੀਵਾਰ ਚੜਿਆ ਤਾਂ ਜਾਪਣ ਲਗਾ ਜਿੰਵੇ ਕੋਈ ਖਾਸ ਗਲ ਹੋਣ ਵਾਲੀ ਹੈ। ਜੋਤੀ ਦੋ ਵਾਰ ਪੁੱਛ ਚੁੱਕੀ ਸੀ ਕਿ ਉਹ ਕਿੰਨੇ ਵਜੇ ਆਉਣਗੇ। ਅੱਠ ਕੁ ਵਜੇ ਹੋਣਗੇ, ਫੋਨ ਵੱਜਿਆ ਤਾਂ ਸਾਡੇ ਤਿੰਨਾਂ ਦੇ ਕੰਨ ਖੜੇ ਹੋਏ। ਯਾਸਿਰ ਨੇ ਦਸਿਆ ਕਿ ਕੋਈ ਜਰੂਰੀ ਕੰਮ ਪੈ ਜਾਣ ਕਰਕੇ ਉਹ ਅੱਜ ਵਾਲੀ ਮਹਿਫਲ ਨਹੀਂ ਸਜਾ ਸਕਣਗੇ, ਪਰ ਹੁਣੇ ਕੁਝ ਮਿੰਟਾਂ ਬਾਦ ਦਰਸ਼ਨ ਕਰਕੇ ਜਾਣਗੇ ਤੇ ਚਾਚੀ ਨੂੰ ਸਾਡੇ ਵਲ ਛੱਡ ਜਾਣਗੇ। ਜੋਤੀ ਨੇ ਜਲਦੀ ਜਲਦੀ ਸਾਰੇ ਕੰਮ ਨਿਪਟਾ ਲਏ। ਥੋੜੀ ਦੇਰ ਬਾਦ ਬਾਹਰ ਕਾਰ ਦੇ ਦਰਵਾਜੇ ਬੰਦ ਹੋਣ ਦਾ ਖੜਕਾ ਸੁਣਿਆ। ਮੈਂ ਝੱਟ ਦਰਵਾਜਾ ਖੋਲਿਆ। ਕਾਰ ਕੋਲ ਖੜਾ ਯਾਸਿਰ ਕਿਸੇ ਦਾ ਫੋਨ ਸੁਣ ਰਿਹਾ ਸੀ। ਦੋਵੇਂ ਹੱਥ ਜੋੜਕੇ ਖੜੀ ਚਾਚੀ ਸਾਡੇ ਘਰ ਨੂੰ ਨਿਹਾਰ ਰਹੀ ਸੀ। ਉਸਦਾ ਚਿਹਰਾ ਅਜੀਬ ਜਿਹੇ ਸੰਕੇਤ ਦੇ ਰਿਹਾ ਸੀ। ਚਾਚੀ ਵਲ ਵੇਖਕੇ ਮੈਨੂੰ ਆਪਣੇ ਚੇਤੇ ਦੀ ਸਲੇਟ ਉਤੇ ਉੱਕਰੇ ਉਹ ਪਲ ਯਾਦ ਆਏ ਜਦ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਤੀਜੇ ਦਿਨ ਬਾਬੇ ਨਾਨਕ ਦੀ ਵਰੋਸਾਈ ਧਰਤੀ ਉਤੇ ਪੈਰ ਧਰਦਿਆਂ ਅਸੀਂ ਮਹਿਸੂਸ ਕਰ ਰਹੇ ਸੀ।
ਮੈਨੂੰ ਵੇਖਕੇ ਚਾਚੀ ਦੇ ਪੈਰਾਂ ਚ ਹਰਕਤ ਆਈ ਤੇ ਖੂੰਡੀ ਉਤੇ ਭਾਰ ਪਾਉਂਦਿਆਂ ਉਹ ਅੱਗੇ ਵਧਣ ਲਗੀ। ਮੈਂ ਕੋਲ ਜਾਕੇ ਪੈਰੀਂ ਹੱਥ ਲਾਏ ਤਾਂ ਉਸਨੇ ਜੱਫੀ ਚ ਲੈ ਲਿਆ। ਉਸਦੇ ਹੱਥੋਂ ਖੂੰਡੀ ਖਿਸਕਣ ਲਗੀ ਤਾਂ ਜੱਫੀ ਕੁਝ ਢਿੱਲੀ ਹੋਈ ਸੀ। ਉਸਦਾ ਧਿਆਨ ਯਾਸਿਰ ਵਲ ਗਿਆ ਤੇ ਇਸ਼ਾਰੇ ਨਾਲ ਕੁਝ ਕਿਹਾ। ਯਾਸਿਰ ਕਾਰ ਚੋਂ ਥੈਲਾ ਕੱਢ ਲਿਆਇਆ। ਇਕ ਹੱਥ ਥੈਲਾ ਫੜੀ ਚਾਚੀ ਦਾ ਦੂਜਾ ਹੱਥ ਫੜਕੇ ਸਹਾਰਾ ਦਿੰਦੇ ਹੋਏ ਮੈਂ ਉਸਨੂੰ ਅੰਦਰ ਲਿਜਾਣ ਲੱਗਾ। ਕਾਹਲੀ ਚ ਹੋਣ ਕਰਕੇ ਯਾਸਿਰ ਬਾਹਰੋ ਬਾਹਰ ਮੁੜ ਗਿਆ।
ਅੰਦਰ ਲੰਘੇ ਤਾਂ ਜੋਤੀ ਨੂੰ ਪੈਰਾਂ ਵਲ ਝੁਕਣ ਤੋਂ ਪਹਿਲਾਂ ਈ ਚਾਚੀ ਨੇ ਕਲਾਵੇ ਵਿਚ ਭਰ ਲਿਆ। ਬੇਟਾ ਆਇਆ ਤਾਂ ਸੋਫੇ ਤੇ ਬੈਠੀ ਨੇ ਹੀ ਉਸਨੂੰ ਵੀ ਨਾਲ ਬੈਠਾ ਲਿਆ ਤੇ ਕਿੰਨੀ ਦੇਰ ਉਸਦਾ ਸਿਰ ਪਲੋਸਦੀ ਰਹੀ। ਠੰਡੇ ਤੱਤੇ ਬਾਰੇ ਪੁੱਛੇ ਜਾਣ ਤੇ ਉਸਦੇ ਮੋਹ-ਭਰੇ ਜਵਾਬ ਨੇ ਸਾਨੂੰ ਬੜਾ ਕੁਝ ਸੋਚਣ ਲਈ ਮਜਬੂਰ ਕਰ ਦਿਤਾ।
“ਬੇਟਾ, ਜੋ ਤੇਰਾ ਜੀਅ ਕਰਦਾ ਲਈ ਆ, ਆਪਣੇ ਘਰ ਆਈ ਆਂ, ਮੇਰੇ ਤੋਂ ਕੋਈ ਨਾਂਹ ਕਿੰਵੇ ਹੋਜੂ।“
ਇਕ ਦੋ ਗਲਾਂ ਕਰਕੇ ਉਸਨੇ ਆਪਣਾ ਥੈਲਾ ਫੜਿਆ ਤੇ ਲਹੌਰ ਤੋਂ ਲਿਆਂਦਾ ਸਮਾਨ ਮੇਜ ਉਤੇ ਢੇਰੀ ਕਰਤਾ। ਉਸਦੇ ਅਪਣੱਤ ਭਰੇ ਇਸ਼ਾਰੇ ਮੂਹਰੇ ਸਾਡੇ ਮੂੰਹੋ ਖੇਚਲ ਆਦਿ ਕੁਝ ਵੀ ਨਾ ਕਹਿ ਹੋਇਆ। ਜੋਤੀ ਤਾਂ ਲਿਆਂਦੇ ਸੂਟ ਵਲ ਵੇਖ ਵੇਖ ਹੈਰਾਨ ਹੋਈ ਜਾ ਰਹੀ ਸੀ ਕਿ ਚਾਚੀ ਨੂੰ ਉਸਦੀ ਪਸੰਦ ਦਾ ਕਿੰਵੇ ਪਤਾ ਲਗ ਗਿਆ। ਜੋਤੀ ਨੇ ਕਿਸੇ ਦਾ ਸੂਟ ਵੇਖਕੇ, ਉਂਜ ਦੇ ਪ੍ਰਿੰਟ, ਰੰਗ ਤੇ ਕਪੜੇ ਵਾਲੇ ਸੂਟ ਦੀ ਰੀਝ ਪਾਲੀ ਹੋਈ ਸੀ। ਉਹ ਕਈ ਕਲਾਥ ਹਾਊਸ ਫਰੋਲ ਆਈ ਸੀ, ਪਰ ਕਿਤੋਂ ਵੀ ਉਂਜ ਦਾ ਕਪੜਾ ਮਿਲਿਆ ਨਹੀਂ ਸੀ। ਖੁਸ਼ੀ ਚ ਖੀਵੀ ਹੋਈ ਜੋਤੀ ਤੋਂ ਰਹਿ ਨਾ ਹੋਇਆ ਤੇ ਚਾਚੀ ਨੂੰ ਪੁੱਛ ਲਿਆ।
“ਚਾਚੀ ਤੁਹਾਨੂੰ ਕਿੰਵੇ ਪਤਾ ਲਗਾ ਕਿ ਆਹ ਸੂਟ ਤਾਂ ਮੇਰੀ ਖਾਸ ਪਸੰਦ ਸੀ ?”
“ਲੈ ਬੇਟਾ, ਆਪਣਿਆਂ ਦੀ ਪਸੰਦ ਕੋਈ ਲੁਕੀ ਹੋਈ ਥੋੜਾ ਰਹਿੰਦੀ ਆ।“ ਚਾਚੀ ਨੇ ਇਹ ਗਲ ਇੰਜ ਸਹਿਜ ਸੁਭਾਅ ਕਹਿ ਦਿਤੀ, ਜਿੰਵੇ ਜੋਤੀ ਉਸਦੇ ਹੱਥਾਂ ਵਿਚ ਖੇਡੀ ਹੋਵੇ। ਪਰ ਮੇਰੀ ਸੂਈ ਉਸ ਵਲੋਂ ਜੋਰ ਦੇ ਕੇ ਬੋਲੇ ਜਾ ਰਹੇ “ਆਪਣੇ” ਉਤੇ ਟਿੱਕ ਗਈ। ‘ਆਪਣਿਆਂ’ ਵਾਲੀਆਂ ਜੜ੍ਹਾਂ ਫਰਲੋਣ ਦੀ ਉਤਸੁਕਤਾ ਜਾਗ ਪਈ। ਮੈਂ ਇਹ ਬੁਝਾਰਤ ਬੁੱਝਣ ਦੇ ਮੌਕੇ ਦੀ ਤਾਕ ਲਾ ਲਈ।
ਥੈਲੇ ਵਾਲਾ ਕੰਮ ਨਿਬੇੜ ਕੇ ਚਾਚੀ ਉੱਠੀ ਘਰ ਦੀ ਇਕ ਇਕ ਚੀਜ ਨੂੰ ਗਹੁ ਨਾਲ ਨਿਹਾਰਨ ਅਤੇ ਟੋਹ ਟੋਹ ਕੇ ਵੇਖਣ ਲਗ ਪਈ। ਜੋਤੀ ਵਾਲੀ ਅਲਮਾਰੀ ਚ ਟੰਗੇ ਉਸਦੇ ਸੂਟਾਂ ਨੂੰ ਵੇਖਕੇ ਚਾਚੀ ਦੇ ਚਿਹਰੇ ਦੇ ਤੇਵਰ ਉਭਰਦੇ ਅਤੇ ਬਦਲਦੇ ਰਹੇ। ਉਸਨੇ ਸਾਡੇ ਬੇਟੇ ਜਗਦੀਪ ਨੂੰ ਅਵਾਜ ਮਾਰੀ ਤੇ ਆਪਣਾ ਕਮਰਾ ਵਿਖਾਉਣ ਨੂੰ ਕਿਹਾ।ਉਧਰੋਂ ਆਕੇ ਉਸਨੇ ਜੋਤੀ ਵਾਲੀ ਅਲਮਾਰੀ ਦੁਬਾਰਾ ਖੋਲ ਲਈ। ਇੰਜ ਲਗਦਾ ਸੀ ਜਿੰਵੇ ਉਹ ਕੋਈ ਗਵਾਚੀ ਹੋਈ ਚੀਜ ਲੱਭ ਰਹੀ ਹੋਵੇ। ਥੋੜੀ ਦੇਰ ਬਾਦ ਉਹ ਰਸੋਈ ਵਿਚ ਖਾਣਾ ਬਣਾਉਂਦੀ ਜੋਤੀ ਦੇ ਕੋਲ ਜਾ ਖੜੀ। ਜੋਤੀ ਨੇ ਕੁਰਸੀ ਖਿੱਚ ਕੇ ਲਾਗੇ ਬਹਾ ਲਿਆ ਤੇ ਕੰਮ ਕਰੀ ਗਈ। ਆਉਣ ਤੋਂ ਬਾਦ ਧੀਏ ਕਹਿੰਦੀ ਰਹੀ ਚਾਚੀ, ਰਸੋਈ ਚ ਬੈਹਿੰਦਿਆਂ ਈ ਜੋਤੀ ਦਾ ਨਾਂਅ ਲੈ ਕੇ ਗਲਾਂ ਕਰਨ ਲਗ ਪਈ। ਉਸਦੇ ਮੂੰਹੋ ਆਪਣਾ ਨਾਂਅ ਸੁਣਕੇ ਜੋਤੀ ਦੀ ਅਪਣੱਤ ਹੋਰ ਤਿੱਖੀ ਹੋਣ ਲਗੀ।
ਡਾਇਨਿੰਗ ਟੇਬਲ ਤੇ ਬੈਠਿਆਂ ਖਾਣਾ ਖਾਂਦਿਆਂ ਮੈਂ ਵੇਖਿਆ, ਚਾਚੀ ਹਰ ਗਰਾਹੀ ਚੋਂ ਅਨੰਦ ਮਹਿਸੂਸ ਕਰ ਰਹੀ ਸੀ। ਉਹ ਮਿੰਟ ਮਿੰਟ ਬਾਦ ਜੋਤੀ ਵਲ ਵੇਖ ਲੈਂਦੀ।
‘’ਜੋਤੀ ਐਹ ਕਾਲੀ ਮਿਰਚ ਕਿਥੋਂ ਦੀ ਆ ?’’ ਜੋਤੀ ਨੂੰ ਸਮਝ ਨਾ ਆਈ ਕਿ ਚਾਚੀ ਨੇ ਪੁੱਛਿਆ ਕੀ ਆ।
ਮੂੰਹ ਵਲ ਤਕਦੀ ਵੇਖ ਕੇ ਉਹ ਫਿਰ ਬੋਲੀ, ‘’ਮੇਰਾ ਮਤਲਬ ਆ ਇਹ ਕਿਹੜੇ ਦੇਸ਼ ਦੀ ਪੈਦਾਵਾਰ ਆ।‘’
‘’ਚਾਚੀ ਇਹ ਤਾਂ ਅਸੀਂ ਐਥੋਂ ਈ ਸਟੋਰਾਂ ਚੋਂ ਲਿਆਉਂਦੇ ਆਂ, ਕਦੇ ਪਤਾ ਨਈਂ ਕੀਤਾ ਕਿਥੇ ਉਗਦੀ ਆ।‘’ ਜੋਤੀ ਦਾ ਜਵਾਬ ਹੈ ਤਾਂ ਸਪਸ਼ਟ ਸੀ, ਪਰ ਚਾਚੀ ਦੀ ਤਸੱਲੀ ਨਾ ਕਰਾ ਸਕਿਆ।
‘’ਮੈਂ ਤਾਂ ਪੁੱਛਿਆ ਸੀ, ਕਿਉਂਕਿ ਇਸਦੇ ਸਵਾਦ ਤੋਂ ਲਗਦਾ, ਜਿੰਵੇਂ ਆਪਣੇ ਕਸ਼ਮੀਰ ਚੋਂ ਆਈ ਹੋਵੇ।‘’
ਚਾਚੀ ਅਸੀਂ ਕਦੇ ਏਨਾ ਧਿਆਨ ਨਹੀਂ ਦਿਤਾ, ਹੁਣ ਸਟੋਰ ਤੇ ਗਈ ਤਾਂ ਪਤਾ ਕਰਕੇ ਆਵਾਂਗੀ। ਲਗਦਾ ਸੀ ਜਿੰਵੇ ਚਾਚੀ ਬੜਾ ਕੁਝ ਕਹਿਣ ਸੁਣਨ ਦੇ ਮੂਡ ਵਿਚ ਹੋਵੇ। ਖਾਣ ਪੀਣ ਮੁਕਾ ਕੇ ਅਸੀਂ ਲਿਵਿੰਗ ਰੂਮ ਵਿਚ ਆ ਬੈਠੇ।
‘ਪੁੱਤ ਚੜਦੇ ਪੰਜਾਬ ਚ ਕਿਥੇ ਰਹਿੰਦੇ ਸੀ ਤੁਸੀਂ ?’ ਮੈਂ ਵੇਖਿਆ ਪੁੱਛਣ ਮੌਕੇ ਚਾਚੀ ਦੇ ਮੱਥੇ ਦੀਆਂ ਲਕੀਰਾਂ ਕਾਫੀ ਡੂੰਗੀਆਂ ਹੋ ਗਈਆਂ ਸੀ। ਕੋਈ ਉਤਸੁਕਤਾ ਉੱਭਰ ਆਈ ਸੀ ਉਸਦੇ ਮਨ ਵਿਚ, ਜਿੰਵੇ ਜੋਤੀ ਦੇ ਜਵਾਬ ਚੋਂ ਉਸਨੂੰ ਕੁਝ ਮਿਲ ਜਾਣਾ ਹੋਵੇ।
ਮੈਂ ਦਸਿਆ ਕਿ ਸਾਡੇ ਵਡੇਰੇ ਦੇਸ਼ ਦੀ ਵੰਡ ਮੌਕੇ ਬਾਰ ਚੋਂ ਉਜੜ ਕੇ ਤੇ ਕੁਝ ਜੀਅ ਗੰਵਾ ਕੇ ਹੁਸ਼ਿਆਰਪੁਰ ਜਿਲੇ ਪਹੁੰਚੇ ਸੀ ਤੇ ਦੁਬਾਰਾ ਪੈਰ ਲਗਦਿਆਂ ਕਈ ਸਾਲ ਲਗ ਗਏ ਸੀ। ਚਾਚੀ ਦਾ ਅਗਲਾ ਇਸ਼ਾਰਾ ਜੋਤੀ ਦੇ ਪਿਛੋਕੜ ਵਲ ਸੀ। ਉਨ੍ਹਾਂ ਦੇ ਪਿਛੋਕੜ ਦਾ ਪਤਾ ਹੋਣ ਕਰਕੇ ਉਸਦੇ ਬਾਰੇ ਮੈਂ ਦਸਣ ਈ ਲੱਗਾ ਸੀ ਕਿ ਚਾਚੀ ਨੇ ਟੋਕ ਦਿਤਾ ਕਿ ਉਸਦੀ ਗਲ ਉਹ ਉਸਦੇ ਮੂੰਹੋ ਈ ਸੁਣੇਗੀ।
“ਚਾਚੀ ਮੇਰੇ ਡੈਡੀ ਮੰਮੀ ਤਾਂ ਪੈਦਾ ਈ ਵੰਡ ਤੋਂ ਕਈ ਸਾਲ ਬਾਦ ਹੋਏ ਸੀ। ਆਪਣੇ ਦਾਦਾ ਜੀ ਤਾਂ ਮੈਂ ਵੇਖੇ ਨਹੀਂ । ਦਾਦੀ ਹੁਣ ਤਾਂ ਹੈ ਨਈਂ, ਪਰ ਮੈਨੂੰ ਛੋਟੀ ਹੁੰਦੀ ਨੂੰ ਵੰਡ ਵੇਲੇ ਦੀਆਂ ਦਰਦ-ਭਿੱਜੀਆਂ ਤੇ ਕੰਬਣੀ-ਛੇੜਵੀਆਂ ਗਲਾਂ ਦਸਦੀ ਹੁੰਦੀ ਸੀ। ਬਾਰ ਵਿਚ ਉਨ੍ਹਾਂ ਦਾ ਵੱਡਾ ਪਰਵਾਰ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ। ਪਾਪਾ ਦੇ ਤਿੰਨ ਚਾਰ ਚਾਚੇ ਤੇ ਇਕ ਭੂਆ ਸੀ। ਦਾਦਾ-ਦਾਦੀ ਸਭ ਤੋਂ ਵੱਡੇ ਸੀ ਉਨ੍ਵਾਂ ਦਾ ਬਾਪ ਲੰਬੜਦਾਰ ਸੀ ਪਾਕਿਸਤਾਨ ਵਿਚ। ਦਾਦੀ ਦਸਦੀ ਹੁੰਦੀ ਸੀ ਕਿ ਉਹ ਅੱਠ ਨੌਂ ਸਾਲਾਂ ਦੀ ਹੋਊ ਜਦੋਂ ਉਜਾੜੇ ਤੇ ਮਾਰ-ਧਾੜ ਵਾਲੀ ਦੇਸ਼ਾਂ ਦੀ ਵੰਡ ਹੋਈ। ਦਾਦੀ ਤੋਂ ਛੋਟੀ ਭੈਣ ਚਾਰ ਪੰਜ ਸਾਲਾਂ ਦੀ ਸੀ, ਜਿਸਦਾ ਬਾਦ ਵਿਚ ਪਤਾ ਈ ਨਈ ਸੀ ਲੱਗਾ ਕਿ ਉਹ ਮਰ ਖੱਪ ਗਈ ਜਾਂ …… । ਦਾਦੀ ਉਸਦਾ ਨਾਂਅ ਲੈ ਕੇ ਯਾਦ ਕਰਦੇ ਸੀ ਤੇ ਰੋ ਪੈਂਦੇ ਹੁੰਦੇ ਸੀ। ਇਹ ਦੱਸਦਿਆਂ ਜੋਤੀ ਦਾ ਗਲਾ ਭਰ ਆਇਆ।
ਮੈਂ ਵੇਖ ਰਿਹਾ ਸੀ ਕਿ ਜਦ ਤੋਂ ਜੋਤੀ ਗੱਲਾਂ ਦਸਣ ਲਗੀ ਸੀ, ਚਾਚੀ ਨੇ ਅੱਖਾਂ ਉਸਦੇ ਚਿਹਰੇ ਤੇ ਗੱਡੀਆਂ ਹੋਈਆਂ ਸੀ। ਜੋਤੀ ਦੇ ਬੋਲਾਂ ਦੇ ਨਾਲ ਨਾਲ ਚਾਚੀ ਦੇ ਮੱਥੇ ਦੀਆਂ ਲਕੀਰਾਂ ਵਿਚ ਫਰਕ ਆ ਰਿਹਾ ਸੀ। ਆਪਣੇ ਆਪ ਨੂੰ ਸੰਭਾਲਦਿਆਂ ਜੋਤੀ ਅੱਗੋਂ ਦਸਣ ਲੱਗੀ।
ਦਾਦੀ ਦਸਦੇ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਸਿੱਖ ਤੇ ਮੁਸਲਮਾਨ ਪਰਵਾਰ ਭੈਣਾਂ ਭਰਾਵਾਂ ਵਾਂਗ ਰਹਿੰਦੇ ਸੀ। ਵੰਡ ਮੌਕੇ ਪਿੰਡ ਦੇ ਮੁਸਲਮਾਨ ਪਰਵਾਰਾਂ ਦਾ ਜੋਰ ਲੱਗਾ ਹੋਇਆ ਸੀ ਕਿ ਪਿੰਡ ਚੋਂ ਕੋਈ ਸਿੱਖ ਉੱਜੜ ਕੇ ਨਾ ਜਾਏ। ਉਨ੍ਹਾਂ ਰਾਖੀ ਕਰਨ ਦੀ ਜਿੰਮੇਵਾਰੀ ਚੁੱਕ ਲਈ ਸੀ। ਉਦੋਂ ਆਂਢ-ਗਵਾਂਢ ਦੀਆਂ ਔਰਤਾਂ ਇਕੱਠੀਆਂ ਹੋਕੇ ਮੂੰਹ ਹਨੇਰੇ ਖੇਤਾਂ ਚ ਜੰਗਲ-ਪਾਣੀ ਜਾਂਦੀਆਂ ਹੁੰਦੀਆਂ ਸੀ। ਦਾਦੀ ਹੋਰੀਂ ਦੋਵੇਂ ਭੈਣਾਂ ਵੀ ਆਪਣੀ ਬੀਬੀ ਤੇ ਚਾਚੀਆਂ ਤਾਈਆਂ ਦੇ ਨਾਲ ਜਾਂਦੀਆਂ ਸੀ। ਉਸ ਦਿਨ ਉਹ ਪਿੰਡੋ ਥੋੜਾ ਦੂਰ ਗਈਆਂ ਸੀ ਕਿ ਲਾਗਲੇ ਪਿੰਡ ਦਾ ਸਰਦਾਰ ਹੱਥ ਵਿਚ ਨੰਗੀ ਤਲਵਾਰ ਲੈਕੇ ਘੋੜਾ ਦੌੜਾਈ ਆਵੇ। ਔਰਤਾਂ ਵੇਖਕੇ ਉਹ ਰੁਕਿਆ ਤੇ ਪਿੰਡ ਤੇ ਹੋਣ ਵਾਲੇ ਹਮਲੇ ਬਾਰੇ ਖਬਰਦਾਰ ਕਰਦਿਆਂ ਔਰਤਾਂ ਨੂੰ ਘਰਾਂ ਵਲ ਭੱਜ ਜਾਣ ਲਈ ਕਿਹਾ। ਸਾਰੀਆਂ ਔਰਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਘਰਾਂ ਨੂੰ ਭੱਜ ਤੁਰੀਆਂ। ਦਾਦੀ ਦੀ ਨਿੱਕੀ ਭੈਣ ਭੱਜੇ ਆਉਂਦੇ ਘੋੜੇ ਤੋਂ ਡਰਦੀ ਮੱਕੀ ਦੇ ਖੇਤ ਚ ਲੁੱਕ ਗਈ ਸੀ। ਔਰਤਾਂ ਦੇ ਵਾਹੋ-ਦਾਹੀ ਘਰ ਪਹੁੰਚਣ ਤਕ ਸਭ ਨੂੰ ਪਿੰਡ ਛੱਡਣ ਦੀ ਹਫੜਾ-ਦਫੜੀ ਪੈ ਗਈ ਹੋਈ ਸੀ। ਦਾਦੀ ਦੀ ਮਾਂ ਨੂੰ ਨਿੱਕੀ ਧੀ ਕਿਤੇ ਦਿਸੇ ਨਾ। ਸਭ ਨੂੰ ਜਾਨਾਂ ਬਚਾਉਣ ਦੀ ਪਈ ਹੋਈ ਸੀ ਇਸ ਕਰਕੇ ਛੋਟੀ ਦੀ ਭਾਲ ਦੀ ਪ੍ਰਵਾਹ ਪਿੱਛੇ ਰਹਿ ਗਈ। ਸਾਡੇ ਵਡੇਰਿਆਂ ਪਿੰਡ ਛੱਡ ਦਿਤਾ, ਪਰ ਦਾਦੀ ਤੋਂ ਨਿੱਕੀ ਭੈਣ ਦਾ ਕਿਸੇ ਨੂੰ ਕੁਝ ਪਤਾ ਨਾ ਲਗਾ ਕਿ ਉਹ…… ।
ਮਹੌਲ ਤਾਂ ਪਹਿਲਾਂ ਈ ਬੜਾ ਭਾਵੁਕ ਹੋ ਰਿਹਾ ਸੀ। ਮੈਂ ਵੇਖਿਆ ਫਿਰ ਤੋਂ ਨਿੱਕੀ ਵਾਲੀ ਗਲ ਤੇ ਆਕੇ ਜੋਤੀ ਦੀਆਂ ਅੱਖਾਂ ਵਹਿਣ ਲਗ ਪਈਆਂ । ਚਾਚੀ ਦੀਆਂ ਅੱਖਾਂ ਤਾਂ ਪਹਿਲਾਂ ਈ ਪਰਨਾਲੇ ਬਣੀਆਂ ਹੋਈਆਂ ਸੀ। ਕਈ ਮਿੰਟ ਚੁੱਪ ਛਾਈ ਰਹੀ। ਆਪਣੇ ਆਪ ਵਿਚ ਆਕੇ ਚਾਚੀ ਥੋੜਾ ਖਿਸਕ ਕੇ ਜੋਤੀ ਦੇ ਕੋਲ ਹੋਗੀ ਤੇ ਜੱਫੀ ਵਿਚ ਘੁੱਟਦਿਆਂ ਬੋਲੀ, ‘’ਬੱਸ ਮੇਰੇ ਬੱਚੇ ਬੱਸ, ਤੂੰ ਹੁਣ ਇਥੇ ਈ ਬੱਸ ਕਰ, ਇਸਤੋਂ ਅਗਾਂਹ ਕੀ ਹੋਇਆ, ਉਸ ਦੁਖਿਆਰੀ ਨਿੱਕੀ ਦਾ ਦੁਖਾਂਤ ਮੈਂ ਦਸਨੀਂ ਆਂ।‘’
ਸਾਡੇ ਦੋਹਾਂ ਦੀ ਹੈਰਾਨੀ ਤੇ ਉਤਸੁਕਤਾ ਦਾ ਅਗਲਾ ਵਰਕਾ ਥੱਲਿਆ ਗਿਆ ਕਿ ਚਾਚੀ ਨਿੱਕੀ ਨੂੰ ਕਿੰਵੇ ਜਾਣਦੀ ਐ।
ਚਾਚੀ ਨੇ ਕਿੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ