ਇਕ ਜਾਣਕਾਰ ਵੱਲੋਂ ਸੁਣਾਈ ਸੱਚੀ ਗੁਸਤਾਖ਼ੀ ਦਾ ਸ਼ਬਦੀ ਰੂਪ
ਐਡਮਿੰਟਨ ਰਹਿੰਦੇ ਇਕ ਜਾਣਕਾਰ ਸੁਰਜੀਤ ਸਿੰਘ ਦੇ ਰਿਸ਼ਤੇਦਾਰੀ ‘ਚ ਵਿਆਹ ਸੀ । ਵਿਆਹ ‘ਚ ਸ਼ਾਮਲ ਹੋਣ ਸੁਰਜੀਤ ਦਾ ਬਾਪੂ ਪੰਜਾਬ ਤੋਂ ਐਡਮਿੰਟਨ ਪਹੁੰਚਾ ।ਬਾਪੂ ਦੀ ਦਾੜ੍ਹੀ ਦੇ ਜਾਇਦਾ ਵਾਲ਼ ਚਿੱਟੇ ਸਨ ਪਰ ਵਿੱਚ ਵਿੱਚ ਕੁਝ ਕੁ ਕਾਲੇ । ਸੁਰਜੀਤ ਅਤੇ ਛੋਟੇ ਭਰਾ ਨੇ ਸਲਾਹ ਕੀਤੀ ਕਿ ਵਿਆਹ ਤੇ ਬਾਪੂ ਦੀ ਟੌਹਰ ਬਣਾਉਣ ਲਈ ਕਿਉਂ ਨਾਂ ਉਸਦੀ ਦਾੜ੍ਹੀ ਡਾਈ ਕਰਵਾ ਦੇਈਏ ।ਜਦੋਂ ਬਾਪੂ ਨੂੰ ਅਜਿਹਾ ਕਰਨ ਲਈ ਕਿਹਾ ਤਾਂ ਉਸਨੇ ਸਾਫ਼ ਮਨ੍ਹਾਂ ਕਰਤਾ।
ਕਹਿੰਦਾ “ ਕੰਜਰੋ ਹੁਣ ਬੁੱਢੇ ਵਾਰੇ ਮੇਰਾ ਜਲੂਸ ਕਢਵਾਓਗੇ ।”
“ ਹੁਣ ਤਾਂ ਆਹ ਚਿੱਤਕਬਰੀ ਜਿਹੀ ਦਾੜ੍ਹੀ ਜਿਵੇਂ ਬਹੁਤ ਟੌਹਰ ਬਣਾਊ , ਕੁਛ ਨੀ ਹੁੰਦਾ ਬਾਪੂ ਦੇਖ ਲਈਂ ਬੜੀ ਟੌਹਰ ਬਣਨੀ ਆਂ , ਨਾਲੇ ਜੁਆਂਨ ਦਿਖੇਂਗਾ ।” ਛੋਟੇ ਮੁੰਡੇ ਨੇ ਦਲੀਲ ਦਿੱਤੀ।
“ਜੁਆਂਨ ਬਣਕੇ ਮੈਂ ਕਿਹੜਾ ਵਿਆਹ ਕਰਾਉਣਾਂ , ਗੱਲਾਂ ਤਾਂ ਦੇਖ ਕੀ ਕਰਦੇ ਆ “ ਬਾਪੂ ਖਿਝਕੇ ਬੋਲਿਆ
ਪਰ ਮੁੰਡਿਆਂ ਦੀ ਜ਼ਿਦ ਅੱਗੇ ਬਾਪੂ ਦੀ ਪੇਸ਼ ਨਾਂ ਗਈ ਤੇ ਉਹ ਦਾੜ੍ਹੀ ਕਾਲੀ ਕਰਵਾਉਣੀ ਮੰਨ ਗਿਆ ।ਛੋਟੇ ਮੁੰਡੇ ਨੇ ਆਪਣੇਂ ਇਕ ਯਾਰ ਬੇਲੀ ਤੋਂ ਕਲਰ ਲਿਆਕੇ ਬਾਪੂ ਦੀ ਦਾੜ੍ਹੀ ਡਾਈ ਕਰ ਦਿੱਤੀ ।ਥੋੜੇ ਚਿਰ ਰੱਖਕੇ ਧੋ ਦਿੱਤੀ । ਪਤਾ ਨੀ ਕਲਰ ਕਿਹੋ ਜਿਹਾ ਸੀ , ਧੋਣ ਮਗਰੋਂ ਦਾੜ੍ਹੀ ਦਾ ਰੰਗ ਭੂਸਲਾ ਜਿਹਾ ਹੋ ਗਿਆ ਬਿਲਕੁਲ ਉਵੇਂ ਜਿਵੇਂ ਪੰਜਾਬ ਚ ਕਈ ਗੁੱਜਰ ਦਾੜ੍ਹੀ ਨੂੰ ਭੂਰੇ...
ਰੰਗ ਦੀ ਮੈਂਹਦੀ ਲਾਕੇ ਰੱਖਦੇ ਨੇ ।ਜਦੋਂ ਬਾਪੂ ਨੇ ਸ਼ੀਸ਼ੇ ਚ ਆਪਣਾਂ ਰੰਗ-ਰੂਪ ਤੱਕਿਆ ਤਾਂ ਗਾਲ਼ਾਂ ਦਾ ਮੀਂਹ ਵਰ੍ਹਾ ਦਿੱਤਾ । “ ਹੁਣ ਆਹ ਸ਼ਕਲ ਲੈਕੇ ਮੈਂ ਵਿਆਹ ਖਾਣ ਜਾਊਂ ?”
ਮੁੰਡਿਆਂ ਨੇ ਢਾਰਸ ਬਨ੍ਹਾਈ ਕਿ ਕਿਸੇ ਬਾਰਬਰ ਸ਼ੌਪ ਤੇ ਜਾਕੇ ਡਾਈ ਉਤਰਵਾ ਦਿੰਦੇ ਹਾਂ ।ਬਾਰਬਰ ਨੇ ਵਾਹ ਜਹਾਂਨ ਦੀ ਲਾ ਲਈ ਪਰ ਦਾੜ੍ਹੀ ਪਹਿਲੇ ਰੂਪ ‘ ਚ ਨਾਂ ਆਈ ਸਗੋਂ ਰੰਗ ਹੋਰ ਤੋਂ ਹੋਰ ਹੋਈ ਜਾਵੇ ਤੇ ਨਾਲ ਨਾਲ ਬਾਪੂ ਦੀਆਂ ਗਾਲ਼ਾਂ ਅਲੱਗ ਪੈਣ।
ਮੁੰਡਿਆਂ ਨੇ ਬਥੇਰਾ ਜ਼ੋਰ ਲਾਇਆ ਪਰ ਬਾਪੂ ਅਜਿਹੇ ਰੰਗ-ਰੂਪ ਚ ਵਿਆਹ ਤੇ ਜਾਣ ਲਈ ਨਾਂ ਮੰਨਿਆ ।
ਮੁੰਡਿਆਂ ਨੂੰ ਬਾਪੂ ਤੋਂ ਬਗੈਰ ਹੀ ਵਿਆਹ ਤੇ ਜਾਣਾਂ ਪਿਆ ਤੇ ਬਹਾਨਾਂ ਲਾਇਆ ਕਿ ਬਾਪੂ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ।
ਵਿਆਹ ਮਗਰੋਂ ਕਿਤੇ ਰਿਸ਼ਤੇਦਾਰ ਖ਼ਬਰ ਲੈਣ ਨਾਂ ਆ ਜਾਣ ਇਸ ਡਰ ਕਾਰਨ ਬਾਪੂ ਟਿਕਟ ਕਰਵਾ ਕੇ ਪੰਜਾਬ ਉਡਾਰੀ ਮਾਰ ਗਿਆ । ਪੰਜਾਬ ਪਹੁੰਚਕੇ ਵੀ ਪੰਦਰਾਂ ਦਿਨ ਪਿੰਡ ਨਾਂ ਵੜਿਆ ਕਿ ਲੋਕ ਕੀ ਕਹਿਣਗੇ ਕਿ ਬੁੱਢੇ ਵਾਰੇ ਕੀ ਲੱਛਣ ਕਰਦਾ ਫਿਰਦਾ । ਪੰਦਰਾਂ ਦਿਨ ਸ਼ਹਿਰ ਇਕ ਯਾਰ ਬੇਲੀ ਕੋਲ ਟਿਕਿਆ ਰਿਹਾ , ਉਦੋਂ ਹੀ ਪਿੰਡ ਗਿਆ ਜਦੋਂ ਦਾੜ੍ਹੀ ਤੇ ਲੱਗਾ ਰੰਗ ਉੱਤਰ ਗਿਆ।
Access our app on your mobile device for a better experience!