ਉਸਨੇ ਅੱਜ ਵੀ ਆਪਣੇ ਰਿਕਸ਼ੇ ਤੋਂ ਉੱਤਰ ਕੇ ਹੱਥ ਜੋੜ ਕੇ ਮੈਨੂੰ ਨਮਸਤੇ ਬੁਲਾਈ।ਪਿਛਲੇ ਸਾਲ ਵੀ ਸ਼ਾਇਦ ਇਹਨਾਂ ਦਿਨਾਂ ਚ ਹੀ ਉਹ ਮੈਨੂੰ ਕਾਰ ਚ ਆਉਂਦਾ ਦੇਖ ਰਿਕਸ਼ੇ ਤੋਂ ਉੱਤਰ ਕੇ ਨਮਸਤੇ ਕਰਦਾ….ਪਰ ਡਿਊਟੀ ਤੇ ਜਾਣ ਦੀ ਕਾਹਲ ਚ ਮੈਂ ਕਦੇ ਰੁਕ ਕੇ ਉਸਦੀ ਗੱਲ ਨਾ ਸੁਣੀ ਪਰ ਕਾਰ ਦੇ ਅੰਦਰ ਬੈਠਾ ਹੀ ਹੱਥ ਉਠਾ ਕੇ ਜੁਆਬ ਜਰੂਰ ਦੇ ਦਿੰਦਾ ਸੀ। ਹੋ ਸਕਦਾ ਮੈਂ ਗ਼ਲਤ ਹੋਵਾਂ, ਪਰ ਕਿਸੇ ਹੋਰ ਨਾਲ ਅਜਿਹਾ ਕਰਦੇ ਮੈਂ ਕਦੇ ਨੀ ਸੀ ਦੇਖਿਆ। ਅਕਸਰ ਉਹ ਆਪਣਾ ਰਿਕਸ਼ਾ ਮੇਰੀ ਗਲੀ ਦੇ ਮੋੜ ਵਾਲੇ ਮੰਦਿਰ ਦੇ ਲਾਗੇ ਹੀ ਖੜ੍ਹਾ ਕਰਦਾ। ਅੱਜ ਉਹ ਕਾਫੀ ਦਿਨਾਂ ਦੇ ਬਾਅਦ ਨਜ਼ਰ ਆਇਆ ਤੇ ਉਸਦਾ ਇਹੀ ਵਰਤਾਰਾ ਦੇਖ ਮੈਂ ਕਾਰ ਗਲੀ ਦੇ ਮੋੜ ਤੇ ਖੜ੍ਹੀ ਕਰ ਕਾਰ ਦਾ ਸ਼ੀਸ਼ਾ ਹੇਠਾਂ ਕਰ ਲਿਆ। ਉਹਦੇ ਦੰਦ ਵਿਹੀਣ ਆਲੇ ਵਰਗੇ ਮੂੰਹ ਤੇ ਮੱਠੀ ਜਿਹੀ ਮੁਸਕਾਨ ਸੀ। ਸ਼ਾਇਦ ਉਸਨੂੰ ਤਾਂ ਅੱਜ ਵੀ ਉਮੀਦ ਨਹੀਂ ਸੀ ਕਿ ਮੈਂ ਉਸਦੇ ਕੋਲ ਰੁਕਾਂਗਾ, ਹਾਲਾਂ ਕਿ ਮੇਰਾ ਮਨ ਤਾਂ ਕਈ ਵਾਰ ਪਹਿਲਾਂ ਵੀ ਰੁਕਣ ਨੂੰ ਕੀਤਾ, ਪਰ ਮੈਂ ਕਦੇ ਰੁਕਿਆ ਨਹੀ।” ਬਾਊ ਜੀ ਦੁਪਹਿਰ ਦੀ ਰੋਟੀ ਜੋਗੇ ਪੈਸੇ ਦੇ ਦਿਉ, ਕੰਮ ਧੰਦਾ ਮੰਦਾ ਐ, ਸੁਆਰੀ ਕੋਈ ਮਿਲਦੀ ਨੀ, ਕੱਲ ਦੀ ਰੋਟੀ ਖਾਧੀ ਆ, ਦੁਪਹਿਰੇ ਦੋ ਫੁਲਕੇ ਖਾ ਲੁੰਗਾ।” ਉਸਦੇ ਚਿਹਰੇ ਤੇ ਤਰਲੇ ਤੇ ਆਸ ਦੇ ਮਿਸ਼ਰਤ ਜੇ ਭਾਵ ਸਪਸ਼ਟ ਨਜ਼ਰ ਆਉਂਦੇ ਸਨ। ਬਿਜਲੀ ਜਿਹੀ ਤੇਜੀ ਨਾਲ ਮਨ ਚ ਖਿਆਲ ਆਉਂਦੇ ਈ ਬੀ ਸਵਾਰੀ ਖਿੱਚਣ ਜੋਗਾ ਤਾਂ ਤਾਂ ਹੀ ਹੋਏਗਾ ਜੇ ਢਿੱਡ ਚ ਰੋਟੀਆਂ ਜਾਣਗੀਆਂ, ਮੇਰਾ ਹੱਥ ਜੇਬ ਵੱਲ ਆਪ ਮੁਹਾਰੇ ਹੀ ਚਲਾ ਗਿਆ ਤੇ ਮੁੜ ਇੰਨੇ ਕੂ ਰੁਪਏ ਮੈਂ ਓਹਨੂੰ ਦਿੱਤੇ ਜਿਸਦੇ ਨਾਲ ਉਹ ਦੁਪਹਿਰੇ ਰੱਜਵੀਂ ਰੋਟੀ ਖਾ ਸਕੇ ਤੇ ਨਾਲ ਹੀ ਆਦਤਣ ਉਸਨੂੰ ਵਰਜ ਵੀ ਦਿੱਤਾ ਬੀ ਦਾਰੂ ਸਿਗਰਟ ਨਾ ਪੀਵੀਂ। ” ਨੀ ਡਾਟਰ ਸਾਬ ਮੈਂ ਬਾਬੇ ਨਾਨਕ ਨੂੰ ਮੰਨਦਾ ਤੇ ਮੰਦਿਰ ਸਾਮ੍ਹਣੇ ਖਲ੍ਹੋਤਾ…. ਇਹਨਾਂ ਚੀਜਾਂ ਨੂੰ ਤਾਂ ਕਦੇ ਹੱਥ ਈ ਨੀ ਲਾਇਆ”, ਥਿੜਕਦੀ ਜ਼ਬਾਨ ਚ ਉਸਨੇ ਆਪਣੀ ਗੱਲ ਤੇ ਜ਼ੋਰ ਦਿੰਦੇ ਆਖਿਆ।” ਪੰਡਿਤ ਜੀ ਨੂੰ ਮੈਂ ਆਖਦਾਂ ਬੀ ਤੈਨੂੰ ਥੋੜਾ ਬਹੁਤ ਕੁਛ ਦੇ ਦਿੱਤਾ ਕਰਨ “, ਮੰਦਿਰ ਵੱਲ ਇਸ਼ਾਰਾ ਕਰ ਮੈਂ ਉਸਨੂੰ ਪੁੱਛਿਆ। “ਨਹੀਂ ਜੀ, ਅੱਜ ਦਾ ਸਰ ਜੁ ਕੱਲ ਦਾ ਕੱਲ ਦੇਖਲਾਂ ਗੇ।” ਉਸਦੀ ਆਵਾਜ਼ ਚ ਸਬਰ ਸੰਤੋਖ ਸਾਫ ਦਿੱਖ ਰਿਹਾ ਸੀ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ