ਕਹਾਣੀ ਗੁੱਟ ਚੋਂ ਹੀਰੇ ਦੀ ਡਲਕ
ਗੁਰਮਲਕੀਅਤ ਸਿੰਘ ਕਾਹਲੋਂ
ਹਰ ਵਾਰ ਉਹ ਰਸਮ ਨਿਭਾਉਣ ਬਾਦ ਸਿਰ ਪਲੋਸ ਕੇ ਚਲੇ ਜਾਂਦਾ। ਬਾਦ ਚ’ ਮੈਂ ਸਾਰਾ ਦਿਨ ਉਸਦੀਆਂ ਯਾਦਾਂ ਵਿਚ ਗਵਾਚੀ ਰਹਿੰਦੀ। ਹਰ ਸਾਲ ਉਸ ਤਿਉਹਾਰ ਵਾਲੇ ਦਿਨ ਮੈਂ ਕੰਮ ਤੋਂ ਛੁੱਟੀ ਕਰਦੀ। ਤਿੰਨ ਸਾਲ ਪਹਿਲਾਂ ਜਦ ਮੈਨੇਜਰ ਛੁੱਟੀ ਦੇਣ ਤੋਂ ਟਾਲ ਮਟੋਲ ਕਰਨ ਲਗਾ ਤਾਂ ਪਤਾ ਨਹੀਂ, ਮੇਰੇ ਅੰਦਰੋਂ ਪੱਕੀ ਛੁੱਟੀ ਕਰ ਜਾਣ ਦੀ ਧਮਕੀ ਦੇਣ ਦਾ ਹੌਸਲਾ ਕਿਥੋਂ ਉਮੜ ਆਇਆ ਸੀ। ਹਾਲਾਂ ਕਿ ਮੈਂ ਜਾਣਦੀ ਸੀ ਕਿ ਵਿਸ਼ਵ ਮੰਦੀ ਦੇ ਉਸ ਦੌਰ ਵਿਚ ਨਵੇਂ ਥਾਂ ਨੌਕਰੀ ਲਭਣੀ ਖਾਲਾ ਜੀ ਦਾ ਵਾੜਾ ਨਹੀਂ ਸੀ। ਐਤਕੀਂ ਉਸਦੇ ਜਾਂਦਿਆਂ ਈ ਪਹਿਲਾ ਫੋਨ ਮੈਂ ਆਪਣੀ ਮਾਮਾ ਨੂੰ ਲਾਇਆ ਸੀ। ਉਹ ਆਪ ਦਰਦਾਂ ਨਾਲ ਵਿੰਨੀ ਹੋਣ ਦੇ ਬਾਵਜੂਦ ਮੇਰੇ ਦਰਦਾਂ ਨੂੰ ਸ਼ਿੱਦਤ ਨਾਲ ਸਮਝਦੀ ਤੇ ਮਹਿਸੂਸ ਕਰਦੀ ਸੀ। ਮਾਂ ਧੀ ਵਿਚ ਬਹੁਤੇ ਪਰਦੇ ਵੀ ਤਾਂ ਨਹੀਂ ਨਾ ਹੁੰਦੇ? ਗਲਾਂ ਕਰਦਿਆਂ ਪਤਾ ਈ ਨਾ ਲਗਦਾ ਕਦ ਘੰਟਾ ਬੀਤ ਜਾਂਦਾ। ਮੇਰਾ ਫੋਨ ਇਕ ਘੰਟੇ ਤਕ ਪਤਾ ਨਹੀਂ ਕਿੰਵੇ ਸੈਟ ਹੋ ਗਿਆ ਹੋਇਆ ਸੀ।
ਸ਼ਾਮ ਦਾ ਹਨੇਰਾ ਪਸਰਨ ਲਗ ਪਿਆ ਸੀ। ਯਾਦ ਆਇਆ ਕਿ ਪਿੰਕੀ ਨੂੰ ਪੁਛਣਾ ਬਣਦਾ ਕਿ ਉਹ ਠੀਕ ਠਾਕ ਪਹੁੰਚ ਗਿਆ ? ਕਈ ਮਿੰਟ ਫੋਨ ਲਭਦਿਆਂ ਈ ਲਗ ਗਏ। ਮਾਂ ਦੇ ਫੋਨ ਤੋਂ ਬਾਦ ਗਲਤੀ ਨਾਲ ਫਰਿਜ ਉਪਰ ਰਖਿਆ ਗਿਆ ਸੀ। ਪਿੰਕੀ ਦਾ ਨੰਬਰ ਡਾਇਲ ਕਰਨ ਲਗੀ ਤਾਂ ਚੜੇ ਹੋਏ ਕਿੰਨੇ ਸਾਰੇ ਮੈਸੇਜਜ ਉਤੇ ਨਜਰ ਪੈ ਗਈ। ਦੋ ਮੈਸੇਜ ਪਿੰਕੀ ਦੇ ਸਨ। ਇਕ ਢਾਈ ਘੰਟੇ ਪਹਿਲਾਂ ਦਾ ਅੱਧਾ ਪੈਂਡਾ ਮੁਕਣ ਦਾ ਸੀ ਤੇ ਦੂਜਾ ਕੁਝ ਮਿੰਟ ਹੋਏ ਘਰ ਪਹੁੰਚਣ ਬਾਰੇ ਸੀ। ਮੈਨੂੰ ਆਪਣੇ ਆਪ ਤੇ ਗੁੱਸਾ ਆਇਆ, “ਕੀ ਸੋਚੂ ਉਹ, ਐਨੀ ਕੁ ਪਰਵਾਹ ਐ ਉਸਦੀ?” ਤੜਕੇ ਚਲਕੇ ਪੰਜ ਘੰਟੇ ਕਾਰ ਚਲਾਕੇ ਉਹ ਆਪਣਾ ਫਰਜ਼ ਨਿਭਾਉਣ ਤੇ ਮੈਨੂੰ ਅਹਿਸਾਸ ਕਰਾਉਣ ਆਇਆ ਸੀ ਕਿ ਮਾਪਿਆਂ ਤੋਂ ਦੂਰ ਮੈਂ ਇਥੇ ਇਕੱਲੀ ਨਹੀਂ । ਪਰ ਮੈਂ ਕਮਲੀ ਉਸ ਨਾਲ ਗਲੀਂ ਲਗੀ ਰਹੀ ਸਾਰਾ ਟੈਮ। ਚੱਜ ਨਾਲ ਰੋਟੀ ਵੀ ਨਾ ਖਵਾ ਸਕੀ। ਉਸਨੇ ਵੀ ਤਾਂ ਕਾਹਲੀ ਪਾਈ ਰਖੀ ਸੀ ਨਾ ਵਾਪਸ ਜਾਣ ਦੀ। ਉਹ ਕੀ ਕਰਦਾ, ਟਾਈਮ ਸਿਰ ਪਹੁੰਚਣ ਦੀ ਉਸਦੀ ਆਦਤ ਬਾਰੇ ਮੈ ਜਾਣਦੀ ਆਂ । ਪਤਾ ਨਈਂ ਇਹੋ ਜਿਹੇ ਕਿੰਨੇ ਹੋਰ ਸਵਾਲ ਮੈਂ ਆਪਣੇ ਆਪ ਨੂੰ ਕਰੀ ਗਈ। ਫਿਰ ਤੋਂ ਅਤੀਤ ਦੀਆਂ ਯਾਦਾਂ ਵਿਚ ਕਦ ਘਿਰ ਗਈ, ਪਤਾ ਈ ਨਾ ਲਗਾ।
“ਮਾਮਾ ਦਸਦੇ ਸੀ ਕਿ ਸਾਉਣ ਮਹੀਨੇ ਦਾ ਚੌਥਾ ਦਿਨ ਸੀ। ਉਧਰੋਂ ਸੂਰਜ ਦੀਆਂ ਕਿਰਨਾਂ ਬਾਰੀ ਦੀ ਝੀਥ ਵਿਚੋਂ ਅੰਦਰ ਲੰਘ ਆਈਆਂ ਤੇ ਇਧਰੋਂ ਮੇਰੀ ਅਵਾਜ ਦਾਈ ਤੋਂ ਪਹਿਲਾਂ ਈ ਬਾਹਰ ਪਹੁੰਚ ਗਈ ਸੀ। ਬੀਬੀ ਦੇ ਕੰਨਾਂ ਨੇ ਅਵਾਜ ਈ ਪਛਾਣਕੇ ਕਹਿਤਾ ਸੀ, ਪੂਰਨ ਸਿੰਆਂ ਬਹਿਜਾ ਅਰਾਮ ਨਾਲ। ਪਾਪਾ ਵਾਂਗ ਅਸੀਂ ਦਾਦੀ ਨੂੰ ਬੀਬੀ ਕਹਿਣ ਲਗ ਪਏ ਸੀ। ਮੇਰੇ ਪਾਪਾ ਅਰਾਮ ਨਾਲ ਬੈਠਣ ਵਾਲੇ ਨਹੀਂ ਸੀ। ਮਾਮਾ ਦਸਦੇ ਸੀ ਕਿ ਦਾਈ ਦੇ ਬਾਹਰ ਨਿਕਲਦੇ ਈ ਪਾਪਾ ਹਲਵਾਈ ਤੋਂ ਲੱਡੂਆਂ ਦੇ ਚਾਰ ਡੱਬੇ ਫੜ ਲਿਆਏ ਸੀ। ਲਭੂ ਹਲਵਾਈ ਨੇ ਵਧਾਈ ਦੇਂਦਿਆਂ ਝਕਦੇ ਜਿਹੇ ਪੁਛਿਆ ਸੀ, “ਪੂਰਨ ਸਿੰਆਂ ਹੋਰ ਕਿੰਨੇ ਕੁ ਬਣਾਕੇ ਰਖਾਂ ?” ਪਾਪਾ ਵਲੋਂ ਜਵਾਬ ਦੇਣ ਬਜਾਏ ਪੈਸੇ ਦੇਕੇ ਆਗਏ ਸੀ। ਲੱਭੂ ਦਸਦਾ ਹੁੰਦਾ ਸੀ ਕਿ ਪਿਛੋਂ ਸੋਚੀ ਜਾਵੇ ਕਿ ਜੇ ਕੁੜੀ ਹੋਈ ਐ ਤਾਂ ਉਹ ਲੱਡੂ ਕਿਉਂ ਲੈਣ ਆਇਆ ਤੇ ਜੇ ਮੁੰਡਾ ਹੈ ਤਾਂ ਉਹਨੇ ਹੋਰ ਪੁੱਛਣ ਤੇ ਚੁੱਪ ਕਿਉਂ ਵੱਟੀ ?
ਤਿੰਨ ਸਾਲ ਦੀ ਹੋਣ ਵਾਲੀ ਸੀ ਮੈਂ । ਅਸੀਂ ਸੌਣ ਲਗੇ ਸੀ ਜਦ ਭੱਟੀ ਅੰਕਲ ਕੰਬਾਈਨ ਲੈਕੇ ਆਏ ਸੀ। ਤਬੀਅਤ ਠੀਕ ਨਾ ਹੋਣ ਕਰਕੇ ਮਾਂਮਾ ਉਠੀ ਨਹੀਂ ਸੀ ਤੇ ਬੀਬੀ ਨੇ ਈ ਸਾਰਿਆਂ ਦੀ ਰੋਟੀ ਬਣਾਈ ਸੀ। ਸਵੇਰੇ ਪਾਪਾ ਟਰਾਲੀ ਲੈਕੇ ਕੰਬਾਈਨ ਵਾਲਿਆਂ ਨਾਲ ਖੇਤਾਂ ਨੂੰ ਚਲੇ ਗਏ ਸੀ। ਕਣਕ ਵੇਲੇ ਸਿਰ ਸਾਂਭੀ ਜਾਣ ਕਰਕੇ ਬੀਬੀ ਖੁਸ਼ ਸੀ। ਉਸਤੋਂ ਪਹਿਲੇ ਸਾਲ ਪੱਕੀ ਕਣਕ ਮੀਂਹ ਹਨੇਰੀ ਨੇ ਕਾਫੀ ਖਰਾਬ ਕਰਤੀ ਸੀ।
ਬੀਬੀ ਕਈ ਵਾਰ ਅੰਦਰ ਜਾਕੇ ਮਾਮਾ ਦਾ ਹਾਲ ਪੁੱਛ ਆਈ ਸੀ। ਉਸ ਦਿਨ ਸਾਡੇ ਬਨੇਰੇ ਤੇ ਕਾਂ ਬੜੇ ਬੋਲਦੇ ਸੀ। ਬੀਬੀ ਨੂੰ ਕਾਂਵਾਂ ਦਾ ਬੋਲਣਾ ਚੰਗਾ ਲਗਦਾ ਸੀ। ਉਸਦਾ ਮੰਨਣਾ ਸੀ ਇਹ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਆ। ਪਰ ਮੈਂਨੂੰ ਕਾਂ ਚੰਗੇ ਨਹੀਂ ਸੀ ਲਗਦੇ। ਇਕ ਵਾਰ ਉਡਦੇ ਕਾਂ ਨੇ ਮੇਰੇ ਸਿਰ ਵਿੱਠ ਕਰ ਦਿਤੀ ਤੇ ਮਾਮਾ ਨੇ ਠੰਡ ਵਿਚ ਸਵੇਰੇ ਈ ਨੁਹਾਇਆ ਸੀ। ਬੜਾ ਰੋਈ ਸੀ ਸਿਰ ਨੁਹਾਉਣ ਤੋਂ ਮੈਂ।
ਕੰਬਾਇਨ ਵਾਲਿਆਂ ਲਈ ਚਾਹ ਭੇਜਕੇ ਬੀਬੀ ਕਾਹਲੀ ਨਾਲ ਅੰਦਰ ਗਈ ਸੀ। ਧਿਆਨ ਤਾਂ ਉਸਦਾ ਚਾਹ ਬਣਾਉਂਦਿਆਂ ਵੀ ਅੰਦਰ ਵਲ ਸੀ। ਅਜੇ ਦੁਪਿਹਰ ਨਹੀਂ ਸੀ ਹੋਈ ਜਦ ਬੀਬੀ ਨੇ ਕੰਧ ਉਪਰੋਂ ਤਾਈ ਨੂੰ ਜਲਦੀ ਆਉਣ ਦੀ ਹਾਕ ਮਾਰੀ ਸੀ। ਤਾਈ ਆਉੰਦੇ ਸਾਰ ਮਾਮਾ ਕੋਲ ਗਈ ਤੇ ਬਾਹਰ ਆਕੇ ਬੀਬੀ ਦੇ ਕੰਨ ਵਿਚ ਕੁਝ ਕਿਹਾ। ਬੀਬੀ ਤਸੱਲੀ ਕਰਨ ਆਪ ਅੰਦਰ ਗਈ ਤੇ ਫਿਰ ਤਾਈ ਨੂੰ ਛੇਤੀ ਨਾਲ ਨਸੀਬੋ ਦਾਈ ਸੱਦਣ ਭੇਜਿਆ ਸੀ। ਪਤਾ ਨਈ ਕਿਉਂ, ਦਾਈ ਦੇ ਆਉਂਦੇ ਈ ਬੀਬੀ ਨੇ ਮੈਨੂੰ ਤਾਈ ਦੇ ਘਰ ਜਾਕੇ ਖੇਡਣ ਲਈ ਕਿਹਾ ਸੀ। ਮੈਂ ਜਰਾ ਕੁ ਸਿਰ ਫੇਰਿਆ ਤਾਂ ਬੀਬੀ ਨੇ ਚਪੇੜ ਵਿਖਾਈ ਸੀ। ਡਰਦੇ ਮਾਰੇ ਮੈਂ ਤਾਈ ਕੇ ਘਰ ਜਾਕੇ ਛਟਾਪੂ ਖੇਡਣ ਲਗ ਗਈ ਸੀ। ਘੰਟੇ ਕੁ ਬਾਦ ਸਾਰੇ ਪਾਸਿਓਂ ਵਧਾਈਆਂ ਸੁਣ ਰਹੀਆਂ ਸੀ । ਮੇਰਾ ਵੀਰਾ ਜੂ ਆ ਗਿਆ ਸੀ ਘਰੇ। ਬੀਬੀ ਕਹਿੰਦੀ ਸੀ ਮੇਰੇ ਪੂਰਨ ਦੀ ਜੜ੍ਹ ਵਧ ਗਈ । “ਪਤਾ ਨਈ ਕਿਉਂ ਅੱਜ ਮੇਰਾ ਬਚਪਨ ਵਾਰ ਵਾਰ ਅੱਖਾਂ ਮੂਹਰੇ ਆਈ ਜਾ ਰਿਹੈ।”
ਮਾਮਾ ਦਸਦੇ ਹੁੰਦੇ ਨੇ ਕਿ ਬੜੇ ਚਾਅ ਕੀਤੇ ਸੀ ਬੀਬੀ ਨੇ ਵੀਰੇ ਦੇ ਆਉਣ ਤੇ। ਕਣਕ ਦੀ ਭਰੀ ਟਰਾਲੀ ਮੰਡੀ ਲਾਹੁਣ ਲਈ ਤਾਏ ਨੂੰ ਭੇਜਕੇ ਪਾਪਾ ਘਰ ਆਗਏ ਸੀ। ਤਾਏ ਕੇ ਬਾਰ ਮੂਹਰਿਓਂ ਲੰਘਦੇ ਵੇਖ ਮੈਂ ਭੱਜਕੇ ਪਾਪਾ ਦੀਆਂ ਲੱਤਾਂ ਨਾਲ ਚੰਬੜ ਗਈ ਸੀ। ਬੀਬੀ ਕਪੜਿਆਂ ਵਿਚ ਲਪੇਟੇ ਵੀਰੇ ਨੂੰ ਲੈਕੇ ਬਾਹਰ ਆਈ ਤਾਂ ਮਗਰੇ ਦਾਈ ਆ ਗਈ ਸੀ ਅੰਦਰੋਂ। ਪਾਪਾ ਨੇ ਨੀਲੇ ਰੰਗ ਦਾ ਨੋਟ ਦਿਤਾ ਸੀ ਦਾਈ ਨੂੰ। ਹੁਣ ਪਤਾ ਲਗਦਾ ਕਿ ਮੁੰਡੇ ਦੀ ਵਧਾਈ ਸੀ ਉਹ ਨੋਟ । ਮਾਮਾ ਦਸਦੇ ਸੀ ਕਿ ਵੀਰੇ ਦਾ ਨਾਂਅ ਰਖਣ ਤੇ ਕਈ ਦਿਨ ਚਰਚਾ ਚਲਦੀ ਰਹੀ ਸੀ। ਬੀਬੀ ਗੁਰਦਿਤ ਸਿੰਘ ਤੇ ਅੜੀ ਹੋਈ ਸੀ ਤੇ ਮਾਮਾ ਪਾਪਾ ਨੂੰ ਪਰਕਾਸ਼ ਸਿੰਘ ਚੰਗਾ ਲਗਦਾ ਸੀ। ਗੁਰਦੁਆਰੇ ਗਏ ਤਾਂ ਭਾਈ ਜੀ ਨੇ ਪਹਿਲਾ ਅੱਖਰ ਪੱਪਾ ਕਹਿਕੇ ਮਾਮਾ ਦੀ ਇਛਾ ਪੁਗਾ ਦਿਤੀ ਸੀ। ਬੜੇ ਚਾਅ ਦੁਲਾਰ ਕਰਦੀ ਸੀ ਮੈਂ ਨਿੱਕੇ ਜਿਹੇ ਕਾਕੇ ਨਾਲ। ਵੀਰੇ ਨੂੰ ਦੁੱਧ ਪਿਆਉਣ ਲਈ ਮਾਮਾ ਮੇਰੇ ਤੋਂ ਫੜਦੇ ਤਾਂ ਮੈਂ ਰੋੰਦੀ ਪੈਂਦੀ ਸੀ।
ਬਾਹਰ ਲਾਈਟਾਂ ਜਗ ਪੈਣ ਤੇ ਮੇਰੀ ਸੁਰਤ ਪਰਤੀ। ਡਾਇਨਿੰਗ ਕੁਰਸੀ ਤੇ ਬੈਠ ਪਿੰਕੀ ਨੂੰ ਫੋਨ ਲਾਇਆ। ਗਲਬਾਤ ‘ਚ ਮਹਿਸੂਸ ਕੀਤਾ ਕਿ ਉਹ ਚਾਹ ਪੀ ਰਿਹੈ। ਕਹਿੰਦਾ, ਹਨੇਰਾ ਹੋਣ ਦੇ ਡਰੋਂ ਰਸਤੇ ਚ ਕਿਤੇ ਰੁਕਿਆ ਨਈਂ ਸੀ। ਮੇਰੇ ਕਿੰਵੇ ਲਗਾ ਅੱਜ ਪੁੱਛਣ ਤੇ ਕਹਿੰਦਾ,”ਜੋ ਸਾਲ ਬਾਦ ਕਿਸੇ ਆਪਣੇ ਨੂੰ ਮਿਲਣ ਤੇ ਚੰਗਾ ਲਗ ਸਕਦਾ, ਉਸਤੋਂ ਚੰਗਾ।” ਸੱਚ ਦਸਾਂ, ਫੋਨ ਲਗੇ ਤੇ ਈ ਸ਼ੁਕਰਾਨੇ ਵਜੋਂ ਮੇਰਾ ਸਿਰ ਝੁਕਕੇ ਮੇਜ ਨਾਲ ਜੁੜ ਗਿਆ ਸੀ ਉਦੋਂ। ਮੈਨੂੰ ਮੇਜ ਚੋਂ ਈ ਰੱਬ ਦੀ ਝਲਕ ਪੈਣ ਲਗੀ। ਧੰਨਾ ਭਗਤ ਅੱਖਾਂ ਮੂਹਰੇ ਆਣ ਖੜੋ ਗਿਆ। ਉਸਨੇ ਤਾਂ ਜਿੱਦ ਕਰਕੇ ਰੱਬ ਲਭਿਆ ਸੀ। ਪਰ ਸਾਡਾ ਦਰਦ ਰੱਬ ਨੇ ਆਪ ਪਹਿਚਾਣਿਆ ਸੀ। ਅਗਲੇ ਪਲ ਮੈਂ ਆਪਣੇ ਆਪ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ ਖੜੀ ਮਹਿਸੂਸ ਕੀਤਾ। ਹਜਾਰਾਂ ਮੀਲਾਂ ਦੀ ਦੂਰੀ ਸਕਿੰਟਾਂ ‘ਚ ਮੁਕ ਗਈ ਸੀ। ਅਲਾਹੀ ਨੂਰ ਦੀ ਝਲਕ ਚੋਂ ਰਸਭਰੇ ਕੀਰਤਨ ਦੀ ਅਵਾਜ ਸੁਣਾਈ ਦੇਣ ਲਗੀ। ਲਗਿਆ ਜਿੰਵੇ ਗੁਰੂ ਜੀ ਕਹਿ ਰਹੇ ਹੋਣ, ਕੁਝ ਹੋਰ ਮੰਗਣਾ ਤਾਂ ਮੰਗ ਲੈ। ਮੇਰੇ ਹੱਥ ਜੁੜੇ ਹੋਏ ਸੀ,ਜਦ ਮੇਰੇ ਮੂੰਹੋ ਨਿਕਲਿਆ, ਸੱਚੇ ਪਾਤਸ਼ਾਹ ਤੁਸੀਂ ਤੇ ਝੋਲੀ ਵਿਚ ਥਾਂ ਈ ਨਈਂ ਛੱਡੀ ਹੋਰ ਕੁਝ ਪਵਾ ਸਕਣ ਦੀ। ਅਚਾਨਕ ਪੈਰਾਂ ਦੇ ਖੜਕੇ ਨਾਲ ਮੇਰੀ ਸੁਰਤ ਪ੍ਰਤੀ। ਸਾਹਮਣੇ ਮੇਰੀ ਰੂਮ ਮੇਟ ਜੋਤੀ ਖੜੀ ਸੀ। “ਕਿਸ ਤੋਂ ਝੋਲੀ ਭਰਵਾ ਰਹੀ ਸੀ ਹੁਣੇ?” , ਉਸਦੇ ਸਵਾਲ ਨੇ ਮੈਨੂੰ ਆਪਣੇ ਆਪ ਵਿਚ ਕੀਤਾ।
ਰਾਤ ਦੇ ਖਾਣ ਪੀਣ ਦਾ ਕੰਮ ਮੁਕਾ ਮੈਂ ਤੇ ਜੋਤੀ ਨੇ ਆਪਣੇ ਆਪਣੇ ਬਿਸਤਰੇ ਮਲ ਲਏ। ਕੁਝ ਗਲਾਂ ਕੀਤੀਆਂ ਤੇ ਬੱਤੀ ਬੁਝਾ ਦਿਤੀ। ਕਲ ਨੂੰ ਕੰਮ ਤੇ ਜਾਣ ਦਾ ਫਿਕਰ ਕਰਦਿਆਂ ਰੋਜ ਵਾਂਗ ਫੋਨ ਤੇ ਅਲਾਰਮ ਲਾ ਦਿਤਾ। ਪਰ ਨੀਂਦ ਕਿਥੇ। ਦੋ ਹੀ ਮੌਕੇ ਹੁੰਦੇ ਨੇ ਜਦ ਨੀਂਦ ਨੇੜੇ ਤੇੜੇ ਨਹੀਂ ਖੜਦੀ। ਖੁਸ਼ੀ ਦੇ ਢੇਰ ਜਾਂ ਦੁੱਖਾਂ ਦੇ ਅੰਬਾਰ। ਆਮ ਤੌਰ ਤੇ ਮੈਂ ਸੌਣ ਵੇਲੇ ਉਪਰ ਲਿਆ ਕੰਬਲ ਜਾਂ ਚਾਦਰ ਗਲੇ ਤਕ ਰਖਦੀ ਆਂ, ਪਰ ਉਸ ਦਿਨ ਚਾਦਰ ਸਿਰ ਤੇ ਖਿਚ ਲਈ ਸੀ। ਜੋਤੀ ਨੇ ਦਸਿਆ ਸੀ ਕਿ ਅੱਜ ਉਹਦੇ ਸਟੋਰ ਤੇ ਗਾਹਕਾਂ ਦੀ ਕਾਫੀ ਭੀੜ ਰਹੀ ਸੀ। ਥੱਕੀ ਹੋਣ ਕਾਰਣ ਉਹ ਪੈਂਦੇ ਸਾਰ ਸੌਂ ਗਈ ਸੀ।
ਯਾਦਾਂ ਵਿਚ ਗਵਾਚਣ ਦਾ ਸਮਾਂ ਕਿਸੇ ਨੂੰ ਯਾਦ ਨਹੀਂ ਰਹਿੰਦਾ। ਇਸ ਬੁਝਾਰਤ ਦਾ ਜਵਾਬ ਤਾਂ ਬ੍ਰਹਮ ਗਿਆਨੀ ਵੀ ਨਹੀਂ ਦੇ ਸਕੇ। ਪਤਾ ਈ ਨਾ ਲਗਾ ਕਦ ਮਨ ਵਿਚ ਉਹੀ ਫਿਲਮ ਉਥੋਂ ਹੀ ਚਲਣ ਲਗ ਪਈ ਜਿਥੋਂ ਜੋਤੀ ਦੇ ਆਉਣ ਕਾਰਣ ਪੌਜ਼ ਹੋ ਗਈ ਸੀ। ਵੀਰੇ ਪਰਕਾਸ਼ ਤੋਂ ਡੇਢ ਕੁ ਸਾਲ ਬਾਦ ਰਿੰਪੀ ਆ ਗਈ ਸੀ। ਕਿੰਨੇ ਚੰਗੇ ਦਿਨ ਸੀ। ਤਿੰਨੇ ਭੈਣ ਭਰਾ ਚੌਥੀ, ਦੂਜੀ ਤੇ ਨਰਸਰੀ ਵਿਚ ਇਕੱਠੇ ਜਾਂਦੇ ਹੁੰਦੇ ਸੀ ਸਕੂਲੇ। ਰਿੰਪੀ ਨੂੰ ਛੁੱਟੀ ਜਲਦੀ ਹੋਣ ਕਾਰਣ ਉਸ ਸਾਡੀ ਛੁੱਟੀ ਹੋਣ ਤਕ ਉਥੇ ਖੇਡਦੀ ਰਹਿੰਦੀ ਤੇ ਅਸੀਂ ਇਕੱਠੇ ਸਕੂਲ ਬੱਸ ਵਿਚ ਮੁੜਦੇ ਸੀ। ਕਈ ਵਾਰ ਮਾਮਾ ਤੋਂ ਕਪੜੇ ਬਦਲਵਾਉਣ ਵਿਚ ਪਹਿਲ ਕਰਨ ਤੋਂ ਅਸੀਂ ਲੜ ਪੈਂਦੇ। ਖਾਣ ਪੀਣ ਵਾਲੀ ਮੇਜ ਇਕੱਠੇ ਸਜਦੀ। ਬੇਸ਼ੱਕ ਮਾਮਾ ਸਾਨੂੰ ਇਕ ਦੂਜੇ ਦੀ ਪਲੇਟ ‘ਚ ਠੂੰਗੇ ਮਾਰਨ ਤੋਂ ਵਰਜਦੇ ਸੀ, ਪਰ ਮੈਂ ਆਪਣੀ ਪਲੇਟ ਚੋਂ ਕੁਝ ਨਾ ਕੁਝ ਪਿੰਕੀ ਦੀ ਪਲੇਟ ਵਿਚ ਜਰੂਰ ਪਾ ਦੇਂਦੀ। ਖਿਆਲ ਰਖਣਾ ਕਿ ਸਾਡਾ ਵੀਰਾ ਭੁੱਖਾ ਨਾ ਰਹਿ ਜਾਏ।
ਪਿੰਕੀ ਸਤਵੀਂ ਤੇ ਮੈਂ ਨੌਵੀ ਪਾਸ ਕਰਕੇ ਅਗਲੀਆਂ ਜਮਾਤਾਂ ਚ ਗਏ ਸੀ ਉਦੋਂ। ਕੁਝ ਦਿਨਾਂ ਬਾਦ ਪਤਾ ਨਈ ਕਿਸ ਚੰਦਰੇ ਦੀ ਨਜਰ ਲਗੀ ਸਾਡੀਆਂ ਖੁਸ਼ੀਆਂ ਨੂੰ। ਗਰਮੀਆਂ ਸੀ, ਵੀਰਾ ਸਾਡੇ ਖੇਤਾਂ ਕੋਲੋਂ ਲੰਘਦੀ ਨਹਿਰ ਚ ਨਹਾਉਣ ਚਲੇ ਗਿਆ ਦੋਸਤਾਂ ਨਾਲ। ਉਂਜ ਤੇ ਮਾਂਮਾ ਤੋਂ ਪੁੱਛ ਕੇ ਗਿਆ ਸੀ। ਨਹਿਰ ਬਹੁਤੀ ਢੂੰਗੀ ਨਾ ਹੋਣ ਕਾਰਣ ਖਤਰਾ ਨਹੀਂ ਸੀ ਸਮਝਿਆ ਜਾਂਦਾ। ਪਤਾ ਨਹੀਂ ਕੀ ਭਾਣਾ ਵਾਪਰਿਆ ਉਥੇ। ਸਾਡਾ ਵੀਰਾ ਸਾਨੂੰ ਰੋਂਦਿਆਂ ਛੱਡ ਗਿਆ। ਮਾਮਾ ਪਾਪਾ ਦਾ ਲੱਕ ਟੁੱਟ ਗਿਆ। ਕਈ ਦਿਨ ਸਾਡੇ ਘਰ ਚੁੱਲਾ ਨਹੀਂ ਸੀ ਤਪਿਆ। ਚੁੱਲੇ ਵੀ ਤਾਂ ਉਮੀਦਾਂ ਤੇ ਈ ਤਪਦੇ ਨੇ ਨਾ। ਸਾਡੇ ਤਾਂ ਸਾਰੇ ਪੱਲੇ ਉਮੀਦਾਂ ਪੱਖੋਂ ਖਾਲੀ ਕਰਕੇ ਹਨੇਰਾ ਪਸਾਰ ਗਿਆ ਸੀ ਸਾਡਾ ਪਰਕਾਸ਼ ਸਿੰਘ। ਕਈ ਦਿਨ ਮੇਰਾ ਸਕੂਲ ਜਾਣ ਨੂੰ ਮਨ ਨਾ ਕੀਤਾ ਤੇ ਨਾ ਈ ਮਾਪਿਆਂ ਨੇ ਜਾਣ ਲਈ ਕਹਿਣ ਦੀ ਹਿੰਮਤ ਕੀਤੀ। ਪਿੰਕੀ ਦੇ ਵਿਛੋੜੇ ਨੇ ਸਭਦੇ ਮਨਾਂ ਦੇ ਦੀਵੇ ਬੁਝਾ ਦਿਤੇ ਸੀ। ਖੈਰ, ਕਹਿੰਦੇ ਨੇ ਨਾ ਸਮਾਂ ਬਲਵਾਨ ਹੁੰਦਾ। ਜਖ਼ਮ ਲਾਉਂਦਾ ਵੀ ਆ ਤੇ ਬਾਦ ਵਿਚ ਭਰਨ ਵੀ ਲਗ ਜਾਂਦਾ। ਸਾਡੀ ਜਿੰਦਗੀ ਆਪਣੀ ਲੀਹੇ ਚੜਨ ਲਗੀ। ਮੈਂ ਹਰ ਸਾਲ ਰੱਖੜੀ ਵਾਲੇ ਦਿਨ ਸੁਹਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ