ਹਥਿਆਰ ਉਹੀ ਜਿਹੜਾ ਵਕਤ ਤੇ ਕੰਮ ਆਵੇ
ਇੱਕ ਵਾਰ ਕੋਈ ਇੱਕ ਰਾਜਾ ਹੁੰਦਾ, ਉਸ ਨੂੰ ਕਿਸੇ ਨੇ ਬਹੁਤ ਹੀ ਵਧੀਆ ਅਤੇ ਬੇਸ਼ਕੀਮਤੀ ਹਥਿਆਰ ਭੇਟਾ ਕੀਤਾ. ਰਾਜੇ ਨੇ ਉਸ ਹਥਿਆਰ ਦੀ ਬਹੁਤ ਜਿਆਦਾ ਤਾਰੀਫ਼ ਸੁਣੀ ਹੋਈ ਸੀ. ਅਕਸਰ ਲੋਕ ਆਪਣੀ ਵਧੀਆ ਤੇ ਕੀਮਤੀ ਵਸਤੂ ਦੀ ਬਾਰ ਬਾਰ ਤਾਰੀਫ਼ ਕਰਦੇ ਨਹੀਂ ਥੱਕਦੇ, ਅਤੇ ਉਹਨਾਂ ਨੂੰ ਹੁੰਦਾ ਕਿ ਲੋਕ ਵੀ ਉਸੇ ਦੀਆਂ ਗੱਲਾਂ ਕਰਨ, ਤਾਰੀਫ਼ ਕਰਨ…..ਰਾਜਾ ਵੀ ਤਾਂ ਇੰਨਸਾਨ ਸੀ ਉਸ ਦੇ ਜਿਹਨ ਵਿੱਚ ਵੀ ਇਵੇਂ ਦੇ ਹੀ ਵਿਚਾਰ ਘੁੰਮਦੇ ਸੀ.
ਇੱਕਦਿਨ ਰਾਜਾ ਆਪਣੇ ਵਜੀਰ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਤੇ ਨਿਕਲਿਆ, ਰਸਤੇ ਵਿੱਚ ਰਾਜੇ ਦਾ ਜੀਅ ਕਰੇ ਆਪਣੇ ਹਥਿਆਰ ਬਾਰੇ ਸਿਫ਼ਤ ਸੁਣਨ ਦੀ ਜਿਵੇਂ ਕਿ ਅੱਜਕੱਲ ਵੱਡੇ ਅਫ਼ਸਰਾਂ ਨੂੰ ਹੁੰਦਾ ਛੋਟੇ ਅਹੁਦੇਦਾਰਾਂ ਤੋਂ ਆਪਣੀ ਤਾਰੀਫ਼ ਸੁਣਨ ਦਾ , ਰਾਜੇ ਨੇ ਆਪਣੇ ਵਜ਼ੀਰ ਨੂੰ ਸਿੱਧਾ ਕਹਿਣ ਦੀ ਬਜਾਏ ਪੁੱਛਿਆ ਕਿ ਦੱਸੋ ਸਭ ਤੋਂ ਵਧੀਆ ਹਥਿਆਰ ਕਿਹੜਾ ਹੁੰਦਾ ਹੈ?
ਵਜ਼ੀਰ ਦਲੇਰ, ਸਿਆਣਾ ਤੇ ਸੁਲਝਿਆ ਬੰਦਾ ਸੀ ਹੁਣ ਦੇ ਸਿਆਸਤਦਾਨਾਂ ਵਰਗਾ ਹੁੰਦਾ ਤਾਂ ਚਾਪਲੂਸੀ ਕਰਦਾ ਜਹਾਪਨਾ ਤੁਹਾਡਾ ਹਥਿਆਰ ਹੀ ਦੁਨੀਆਂ ਵਿੱਚ ਸਭ ਤੋਂ ਵਧੀਆ ਏ, ਪਰ ਉਸਨੇ ਅਜਿਹਾ ਨਹੀਂ ਕੀਤਾ, ਵਜ਼ੀਰ ਨੇ ਕਿਹਾ ਰਾਜਾ ਜੀ ਜਿੰਨੇ ਮਰਜੀ ਕੀਮਤੀ ਹਥਿਆਰ ਹੋਣ, ਪਰ ਵਧੀਆ ਹਥਿਆਰ ਉਹੀ ਹੁੰਦਾ ਜਿਹੜਾ ਵਕਤ ਤੇ ਕੰਮ ਆਵੇ.
ਇਹ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਚੜ੍ਹ ਗਿਆ ਕਿ ਇੰਨਾ ਮਹਿੰਗਾ ਤੇ ਵਧੀਆ ਹਥਿਆਰ ਮੈਨੂੰ ਮਿਲਿਆ ਤੇ ਵਜੀਰ ਨੂੰ ਇਸਦੀ ਕਦਰ ਹੀ ਨਹੀਂ, ਉਸ ਵਕਤ ਵਜ਼ੀਰ ਖਾਲੀ ਹੱਥ ਸੀ ਅਤੇ ਉਸਦੇ ਕੋਲ ਢਾਲ...
ਵੀ ਨਹੀਂ ਸੀ,, ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਹੋ ਜਾ ਸਿੱਧਾ ਫਿਰ, ਕਰ ਲੈ ਆਪਣਾ ਬਚਾਉ ਫਿਰ, ਇਹ ਹਥਿਆਰ ਅੱਜ ਤੇਰੇ ਤੇ ਹੀ ਪਰਖਣਾ ਹੈ, ਇਹ ਸੁਣ ਕੇ ਵਜ਼ੀਰ ਨੂੰ ਕੁਝ ਨਾ ਸੁੱਝੇ ਕਿ ਹੁਣ ਕੀ ਕੀਤਾ ਜਾਵੇ?
ਕਿਵੇਂ ਆਪਣੇ ਆਪ ਨੂੰ ਬਚਾਇਆ ਜਾਵੇ?
ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ, ਅਚਾਨਕ ਵਜ਼ੀਰ ਦਾ ਧਿਅਾਨ ਕੋਲੋਂ ਦੀ ਲੰਘ ਰਹੇ ਇੱਕ ਕੁੱਤੇ ਦੇ ਬੱਚੇ (ਕਤੂਰੇ) ਤੇ ਪਿਆ, ਵਜ਼ੀਰ ਨੇ ਫੁਰਤੀ ਨਾਲ ਕਤੂਰੇ ਨੂੰ ਚੁੱਕਿਆ ਅਤੇ ਰਾਜੇ ਦੇ ਉੱਪਰ ਸੁੱਟ ਦਿੱਤਾ, ਜਿਸ ਨਾਲ ਰਾਜਾ ਇਕਦਮ ਤਰਾਹ ਗਿਆ, ਉਸ ਦਾ ਹਥਿਆਰ ਹੱਥੋਂ ਛੁੱਟ ਗਿਆ, ਤੇ ਵਜ਼ੀਰ ਨੇ ਇੱਕਦਮ ਮੌਕਾ ਸੰਭਾਲਿਆ ਤੇ ਰਾਜੇ ਦਾ ਕੀਮਤੀ ਹਥਿਆਰ ਆਪਣੇ ਕਾਬੂ ਵਿਚ ਕਰ ਲਿਆ, ਇਹ ਵੇਖ ਕੇ ਰਾਜਾ ਕਹਿਣ ਲੱਗਾ ਇਹ ਤੂੰ ਚੰਗੀ ਨਹੀਂ ਕੀਤੀ…..
ਇਸ ਤੇ ਵਜ਼ੀਰ ਕਹਿਣ ਲੱਗਾ ਰਾਜਾ ਜੀ ਗੁਸਤਾਖੀ ਮੁਆਫ਼ ਮੈਂ ਇੰਨੀ ਜੁਰਅਤ ਕਿਵੇਂ ਕਰ ਸਕਦਾ ਹਾਂ, ਮੈਂ ਪਹਿਲਾਂ ਵੀ ਇਹੀ ਕਿਹਾ ਸੀ ਤੇ ਹੁਣ ਵੀ ਇਹੀ ਕਹਿ ਰਿਹਾ ਹਾਂ ਜੋ ਕਿ ਮੈਂ ਸਿੱਧ ਕਰ ਦਿੱਤਾ ਕਿ ਹਥਿਆਰ ਓਹੀ ਜਿਹੜਾ ਵਕਤ ਤੇ ਕੰਮ ਆਵੇ, ਇਸ ਵਕਤ ਇਹ ਕਤੂਰਾ ਮੇਰੇ ਲਈ ਹਥਿਆਰ ਬਣ ਗਿਆ ਤੇ ਮੈਂ ਉਸ ਨੂੰ ਚੁੱਕ ਕੇ ਤੁਹਾਡੇ ਤੇ ਸੁੱਟਿਆ ਤੇ ਮੈਂ ਆਪਣਾ ਬਚਾਅ ਕਰ ਲਿਆ.
ਬਜ਼ੁਰਗਾਂ ਤੋਂ ਸੁਣੀਆਂ ਕਹਾਣੀਆਂ ਵਿਚੋਂ.
ਜਸਵਿੰਦਰ ਸਿੰਘ
19.6.2022
Access our app on your mobile device for a better experience!