ਪਿਆਰੇ ਚਕਿੱਤਸਕ ਸਾਥੀਓ!
ਜੋ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ, ਕੌੜੀਆਂ, ਕਸੈਲੀਆਂ ਤਾਂ ਜ਼ਰੂਰ ਹਨ ਪਰ ਸੱਚਾਈ ਸੋਲਾਂ ਆਨੇ ਸੱਚ ਹਨ।
ਇਹ ਸੱਚ ਹੈ ਕਿ ਉਨੀ ਸੌ ਛਿਆਸੀ ਤੋਂ ਪਹਿਲਾਂ ਚਕਿੱਤਸਕ (ਐਲੋਪੈਥਿਕ, ਆਯੁਰਵੈਦਿਕ ਜਾਂ ਹੋਮਿਓਪੈਥਿਕ) ਬਹੁਤ ਘੱਟ ਮਰੀਜ਼ਾਂ ਨੂੰ ਟੈੱਸਟ ਕਰਵਾਉਣ ਲਈ ਆਖਿਆ ਕਰਦੇ ਸਨ। ਜੇ ਮਰੀਜ਼ ਗਰੀਬੀ ਜਾਂ ਲਾਚਾਰੀ ਕਾਰਨ ਲਿਖੇ ਟੈੱਸਟ ਨਹੀਂ ਵੀ ਕਰਵਾਇਆ ਕਰਦਾ ਸੀ ਤਾਂ ਵੀ ਉਸ ਦਾ ਇਲਾਜ ਚਕਿੱਤਸਕ ਆਪਣੀ ਬੁੱਧੀ ਤੇ ਅਕਲ ਨਾਲ ਬਹੁਤ ਵਾਰ ਸਹੀ ਕਰ ਗੁਜ਼ਰਦਾ ਸੀ।
ਫਿਰ ਉਹ ਭਿਆਨਕ ਦੌਰ ਆਇਆ ਉਨੀ ਸੌ ਛਿਆਸੀ ਦਾ ਜਦੋਂ ਭਾਰਤ ਵਿੱਚ ਉਪਭੋਗਤਾ ਸੁਰੱਖਿਆ ਕਾਨੂੰਨ ਲਿਆਂਦਾ ਗਿਆ, ਕਾਨੂੰਨ ਦਾ ਵਿਰੋਧ ਹੋਇਆ, ਪਰ ਵਿਰੋਧ ਦੇ ਬਾਵਜੂਦ ਇਹ ਲਾਗੂ ਕਰ ਦਿੱਤਾ ਗਿਆ। ਬੱਸ ਫੇਰ ਕੀ ਸੀ ਇਸ ਕਾਨੂੰਨ ਦੇ ਨਾਂ ਤੇ ਇਲਾਜ ਕਰਨ ਵਾਲਿਆਂ ਹਰ ਪ੍ਰਕਾਰ ਦੇ ਟੈੱਸਟ ਲਿਖਣੇ ਸ਼ੁਰੂ ਕਰ ਦਿੱਤੇ। ਸੋਚਿਆ ਜਾਵੇ ਤਾਂ ਕਾਨੂੰਨ ਘਾੜਿਆਂ ਨੁਕਸਾਨ ਕਿਸ ਦਾ ਕੀਤਾ – ਆਮ ਜਨਤਾ ਦਾ, ਮਰੀਜ਼ ਦਾ, ਭਾਵੇਂ ਗਰੀਬ ਤੇ ਭਾਵੇਂ ਅਮੀਰ।
ਚਕਿੱਤਸਕ ਕਲਾਸ ਨੂੰ ਇਹ ਤਰੀਕਾ ਮਿਲ ਗਿਆ ਕਿ ਹਰ ਮਰੀਜ਼ ਦੇ ਟੈੱਸਟ, ਐਕਸ-ਰੇ, ਸਕੈਨਿੰਗ, ਐਮ ਆਰ ਆਈ, ਈ ਈ ਜੀ ਆਦਿ ਕੁੱਝ ਨਾ ਕੁੱਝ ਕਰਵਾਉਣ ਲਈ ਕਹਿਣਾ ਹੀ ਕਹਿਣਾ।
ਖ਼ੂਨ, ਪਿਸ਼ਾਬ ਦੇ ਟੈੱਸਟ ਤਾਂ ਹੁਣ ਆਮ ਜਹੇ ਚਕਿੱਤਸਕ ਹੀ ਲਿਖਿਆ ਕਰਦੇ ਹਨ। ਸਵਾਲ ਖੜਾ ਹੋ ਗਿਆ ਕਿ ਚਕਿੱਤਸਕਾਂ ਨੂੰ ਕੀ ਹੋ ਗਿਆ? ਪੜ੍ਹਾਈ ਅੱਗੇ ਨਾਲੋਂ ਜ਼ਿਆਦਾ ਅਤੇ ਸਮਝ ਕਿਉਂ ਘਟ ਗਈ? ਪਹਿਲਾਂ ਡਾਕਟਰ ਗੱਲ ਸੁਣ ਕੇ ਤਫਤੀਸ਼ ਕਰ ਦਿੰਦੇ ਸਨ ਕਿ ਬਿਮਾਰੀ ਕੀ ਹੈ, ਵੈਦ ਨਬਜ਼ ਤੇ ਹੱਥ ਧਰ ਕੇ ਕਹਿ ਦਿੰਦਾ ਹੁੰਦਾ ਸੀ, ‘ਵਾਈ ਹੋ ਗਈ “, ਹੋਮਿਓਪੈਥੀ ਵਾਲੇ ਗੱਲ ਸੁਣ ਕੇ ਦਵਾਈ ਦੇ ਦਿੰਦੇ ਸੀ ਤੇ ਮਰੀਜ਼ ਸਾਰਿਆਂ ਚਕਿੱਤਸਕਾਂ ਦੇ ਹੱਸਦੇ ਜਾਂਦੇ ਸਨ। ਹੁਣ ਚਕਿੱਤਸਕਾਂ ਨੂੰ ਹੀ ਹਾਸਾ ਆਉਂਦਾ ਕਿਉਂਕਿ ਕੁੱਝ ਚਕਿੱਤਸਕਾਂ ਨੂੰ ਇਸ “ਚੋਰ-ਮੋਰੀ” ਨੇ ਵਾਧੂ ਆਮਦਨੀ ਦਾ ਸਾਧਨ ਪ੍ਰਦਾਨ ਕਰ...
ਦਿੱਤਾ ਹੈ, ਬਹਾਨਾ ਇਹ ਕਿ ਜੇ ਮਰੀਜ਼ ਠੀਕ ਨਾ ਹੋਵੇ ਜਾਂ ਕੋਈ ਅਨਹੋਣੀ ਵਾਪਰ ਜਾਵੇ ਤਾਂ ਡਾਕਟਰਾਂ ਤੇ ਕੇਸ ਕਰ ਦਿੱਤਾ ਜਾਂਦਾ ਹੈ ਕਿ ਬਿਮਾਰੀ ਹੋਰ ਸੀ ਇਲਾਜ ਹੋਰ, ਮਰੀਜ਼ ਦਾ ਨੁਕਸਾਨ ਡਾਕਟਰ ਦੀ ਅਣਗਹਿਲੀ ਕਾਰਨ ਹੋਇਆ।
ਮੁਆਫ਼ੀ ਚਾਹਾਂਗਾ ਕਿ ਇਸ “ਸੌਖੀ ਆਮਦਨ” ਦੀ ਦੌੜ ਵਿੱਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਇਸ ਦਾ ਇੱਕ ਕਾਰਨ ਹੈ ਉਹ ਲਾਲਚ ਜਿਸ ਦਾ ਨਾਂ “ਇੰਨਸੈਂਟਿਵ” ਰੱਖਿਆ ਗਿਆ ਹੈ। “ਤੁਸੀਂ ਸਾਡੇ ਹਸਪਤਾਲ ਮਰੀਜ਼ ਭੇਜੋ, ਅਸੀਂ ਉਸ ਦੇ ਕੁੱਲ ਬਿੱਲ ਦਾ 40-50% ਤੁਹਾਨੂੰ (ਚਕਿੱਤਸਕ) ਹਿੱਸਾ ਇੰਨਸੈਂਟਿਵ ਦਿਆਂਗੇ ” – ਇਹ ਉਨ੍ਹਾਂ ਏਜੈਂਟਾਂ ਦੀ ਆਮ ਭਾਸ਼ਾ ਹੈ ਸੋ ਚਕਿੱਤਸਕਾਂ ਕੋਲ ਜਾ ਕੇ ਉਨ੍ਹਾਂ ਨੂੰ ਲਾਲਚ ਦਿੰਦੇ ਹਨ। ਇਸ ਕੰਮ ਵਿੱਚ ਵੱਡੀਆਂ ਛੋਟੀਆਂ ਲੈਬੋਰਟਰੀਆਂ ਵਾਲੇ, ਦਵਾਈਆਂ ਵੇਚਣ ਵਾਲੇ ਵੀ ਪਿੱਛੇ ਨਹੀਂ ਰਹੇ।
ਇੱਥੇ ਮੁਆਫ਼ੀ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਕਈ ਡਾਕਟਰਾਂ ਦੀ ਆਮਦਨ ਦਾ ਵੱਡਾ ਪ੍ਰਤੀਸ਼ਤ ਉਪਰੋਕਤ ਇੰਨਸੈਂਟਿਵ ਹੀ ਹੈ।
ਤੁਸੀਂ ਮੇਰਾ ਵਿਚਾਰ ਪੁੱਛਣਾ ਚਾਹੋਗੇ, ਮੈਂ ਇੰਨਸੈਂਟਿਵ ਲੈਣ ਨੂੰ ਹੱਕ-ਹਲਾਲ ਦੀ ਕਮਾਈ ਨਹੀਂ ਸਮਝਦਾ। ਇਸ ਉੱਪਰ ਮੇਰਾ ਕੋਈ ਹੱਕ ਇਸ ਲਈ ਨਹੀਂ ਹੈ ਕਿਉਂਕਿ ਮੈਂ ਮਰੀਜ਼ਾਂ ਤੋਂ ਆਪਣੀ ਬਣਦੀ ਫ਼ੀਸ ਲੈਂਦਾ ਹਾਂ। ਵੈਸੇ ਵੀ ਮੇਰੇ ਸਾਥੀ ਡਾਕਟਰ ਦੋਸਤ ਮੇਰੇ ਇਸ ਵਤੀਰੇ ਤੋਂ ਦੁਖੀ ਹਨ ਕਿ ਇਹ ਸਾਰਾ ਭੇਦ ਮੈਂ ਹਰ ਮਰੀਜ਼ ਨਾਲ ਸਾਂਝਾ ਕਰ ਦਿੰਦਾ ਹਾਂ ਕਿ ਫਲਾਂ ਲੈਬ ਵਾਲਾ, ਜਾਂ ਹਸਪਤਾਲ ਕੁੱਝ ਖ਼ਾਸ ਪ੍ਰਤੀਸ਼ਤ ਘੱਟ ਚਾਰਜ ਕਰੇਗਾ। ਇਹ ਮੇਰਾ ਨਿੱਜੀ ਫੈਸਲਾ ਹੈ। ਇਸ ਲਈ ਇਸ ਝਾਂਸੇ ਦਾ ਸ਼ਿਕਾਰ ਕਿੰਨੇ ਪ੍ਰਤੀਸ਼ਤ ਹੈ, ਇਸ ਦਾ ਕੋਈ ਆਂਕੜਾ ਨਹੀਂ, ਸਿਰਫ਼ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨ ਦੀ ਲੋੜ ਹੈ।
ਡਾਕਟਰ ਸਤੀਸ਼ ਕੁਮਾਰ ਰਾਣਾ, ਕਪੂਰਥਲਾ, ਪੰਜਾਬ, ਭਾਰਤ। ਮੋਬਾਇਲ ਨੰਬਰ 9872498427.
Access our app on your mobile device for a better experience!
malkeet
tuhadi saoch nu salaam hai g