ਨਿੰਦਰ ਘੁਗਿਆਣਵੀ
***
ਸਾਲ 2011 ਦੀਆਂ ਗਰਮੀਆਂ ਵਿੱਚ ਮੈਂ ਆਸਟਰੇਲੀਆ ਗਿਆ ਸੀ ਤੇ ਚਹੁੰ ਕੁ ਮਹੀਨੀਂ ਘਰ ਪਰਤਿਆ ਸੀ। ਪਿਤਾ ਨੇ ਹਾਸੇ-ਹਾਸੇ ਆਖਿਆ, “ਵੇਖ ਉਏ, ਤੇਰੀ ਮਾਂ ਤੇਰੇ ਬਾਹਰ ਜਾਣ ਕਰਕੇ ਸੁੱਕੇ ਤੀਲੇ ਵਾਂਗੂੰ ਹੋਈ ਪਈ ਐ…ਅਖੇ ਮੁੰਡਾ ਪਤਾ ਨੀ ਕਦੋਂ ਆਊ, ਤੇ ਤੂੰ ਘੁੰਮ-ਫਿਰ ਕੇ ਆ ਗਿਆ ਐਂ ਗੋਰਿਆਂ ਦੇ ਮੁਲਕ ‘ਚੋਂ…ਗੋਰਾ-ਗੋਰਾ ਜਿਹਾ ਨਿੱਕਲ ਕੇ…।” ਸਾਰੇ ਹੱਸਣ ਲੱਗੇ। ਮਾਂ ਵਾਕਿਆ ਹੀ ਸੁੱਕ ਕੇ ਤੀਲਾ ਜਿਹੀ ਹੋਈ ਪਈ ਸੀ, ਮੈਂ ਝਟ ਆਪਣੇ ਕਮਰੇ ਵਿੱਚ ਜਾ ਸੀਸਾ ਦੇਖਿਆ, ਮੈਂ ਸੱਚੀਓਂ ਹੀ ਗੋਰਾ-ਗੋਰਾ ਨਿੱਕਲ ਆਇਆ ਸਾਂ। ਸੀਸਾ ਦੇਖਣ ਬਾਅਦ ਮੈਂ ਸੋਚਣ ਲੱਗਿਆ ਕਿ ਮੈਂ ਤਾਂ ਕੁਝ ਮਹੀਨਿਆਂ ਲਈ ਹੀ ਪਰਦੇਸ ਗਿਆ ਸਾਂ, ਤੇ ਵਤਨ ਨੂੰ ਮੁੜ ਵੀ ਆਇਆ ਹਾਂ, ਤੇ ਜਿਹੜੀਆਂ ਮਾਵਾਂ ਦੇ ਪੁੱਤ ਸਦਾ-ਸਦਾ ਲਈ ਪਰਦੇਸੀ ਹੋ ਗਏ ਨੇ, ਕਦੇ ਪਰਤੇ ਹੀ ਨਹੀਂ ਵਤਨ ਆਪਣੇ, ਉਹਨਾਂ ਮਾਵਾਂ ਦਾ ਕੀ ਹਾਲ ਹੁੰਦਾ ਹੋਊ? ਖੈਰ! ਕੁਝ ਚਿਰ ਰੁਕ ਕੇ ਪਿਤਾ ਨੇ ਦੱਸਿਆ, “ਮੇਰੇ ਸੱਜੇ ਮੋਢੇ ਵਿੱਚ ਕਦੇ-ਕਦੇ ਪੀੜ ਜਿਹੀ ਉਠਦੀ ਰਹਿੰਦੀ ਐ, ਗੋਲੀ ਖਾਣ ਨਾਲ ਹਟ ਜਾਂਦੀ ਐ, ਆਹ ਇੱਕ ਪੱਤਾ ਜਿਹਾ ਮੰਗਵਾਉਨੈ ਹੁੰਨੈ,ਏਹਦੇ ‘ਚੋਂ ਗੋਲੀ ਖਾ ਛੱਡੀਦੀ ਐ।” ਮੈਂ ਗੋਲੀ ਵਾਲਾ ਪੱਤਾ ਦੇਖਿਆ, ਐਕਲੋਪੈਰਾ ਕੰਪਨੀ ਦਾ ਸੀ, ਤੇ ਇਸਦਾ ਅਸਾਲਟ ਐਕਲੋਫਿਨੈਕ ਤੇ ਪੈਰਾਸੀਟਾਮੋਲ ਸੀ, ਜਿੰਨਾ ਚਿਰ ਖਾਂਦੇ ਰਹੋਗੇ,ਓਨਾ ਚਿਰ ਦਰਦ ਤੋਂ ਕੁਝ ਘੰਟੇ ਰਾਹਤ ਰਹੇਗੀ।
ਸੋ, ਉਹ ਇਵੇਂ ਕਰਦੇ ਆ ਰਹੇ ਸਨ। ਗੋਲੀ ਖਾ ਕੇ ਵੇਲਾ ਟਪਾਉਂਦੇ ਰਹੇ। ਉਹਨਾਂ ਦੇ ਮੋਢੇ ਦੀ ਦਰਦ ਵਧਦੀ ਗਈ। ਮੈਂ ਕਿਸੇ ਡਾਕਟਰ ਕੋਲ ਲਿਜਾਣ ਨੂੰ ਕਹਿਣਾ ਤਾਂ ਅੱਗੋਂ ਆਖਦੇ, “ਮੈਨੂੰ ਕੁਝ ਨੀ ਹੋਇਆ, ਮੈਂ ਥੋਡੇ ਸਭ ਤੋਂ ਤਕੜਾ ਐਂ, ਇਹੋ-ਜੀਆਂ ਪੀੜਾਂ-ਪੂੜਾਂ ਨੂੰ ਕੀ ਜਾਣਦੈਂ…ਮੈਂ ਯਾਰ।”
ਛੇ ਫੁੱਟ ਇੱਕ ਇੰਚ ਕੱਦ ਸੀ ਤੇ ਪੂਰੇ ਹੱਟੇ-ਕੱਟੇ ਸਨ। ਸਾਰੀ ਉਮਰ ਉਨਾ ਕਹੀ ਚਲਾਈ ਸੀ ਖੇਤਾਂ ਵਿੱਚ ਤੇ ਡੂੰਘਾ ਹਲ ਵਾਹਿਆ ਸੀ। ਮੈਂ ਆਪਣੀ ਉਮਰ ਵਿੱਚ ਕਦੀ ਉਹਨਾਂ ਨੂੰ ਤਾਪ ਚੜ੍ਹਿਆ ਨਹੀਂ ਸੀ ਦੇਖਿਆ।ਉਹ ਦਸਦੇ ਹੁੰਦੇ ਸੀ ਕਿ ਜੇ ਕਦੇ ਤਾਪ ਚੜ੍ਹ ਵੀ ਜਾਣਾ ਤਾਂ ਆਪੇ ਈ ਲੱਥ ਜਾਣਾ, ਖੇਤਾਂ ‘ਚ ਨੰਗੇ ਪੈਰੀਂ ਭੱਜੇ ਫਿਰੀਦਾ ਸੀ, ਕਦੇ ਗਿੱਲੀ ਮਿੱਟੀ ‘ਤੇ ਤੁਰਨਾ ਤੇ ਕਦੇ ਕੋਸੀ ਮਿੱਟੀ ‘ਤੇ ਕਦੇ ਤੱਤੀ-ਤੱਤੀ ਰੇਤਾ ਪੈਰਾਂ ਨੂੰ ਆਪਣੇ ਸਿਰ ਕਰੀ ਰਖਦੀ ਸੀ, ਅਸੀਂ ਤਾਂ ਕਦੇ ਗੋਲੀ ਦਾ ਮੂੰਹ ਨੀ ਸੀ ਦੇਖਿਆ ਕਿ ਗੋਲੀ ਕੀ ਸ਼ੈਅ ਹੁੰਦੀ ਐ, ਗਰਮ-ਸਰਦ ਹੋਣੀ ਤਾਂ ਲੱਸੀ ‘ਚ ਲਾਲ ਮਿਰਚਾਂ ਸੁੱਟ੍ਹ ਕੇ ਪੀ ਲੈਣੀ, ਖੰਘ-ਜੁਕਾਮ ਨੇੜੇ ਨੀ ਸੀ ਖੜ੍ਹਦਾ, ਜੇ ਕਦੇ ਮੂੰਹ ‘ਚ ਛਾਲੇ ਹੋ ਜਾਣੇ ਤਾਂ ਰੋਟੀ ਪਕਾਉਣ ਵਾਲੇ ਤਵੇ ਦੇ ਪਿੱਛਿਓ ਕਾਲਖ ਉਤੇ ਉਂਗਲ ਫੇਰ ਕੇ ਛਾਲੇ ਉਤੇ ਲਾ ਲੈਣੀ ਤੇ ਸਵੇਰੇ ਨੂੰ ਛਾਲੇ ਖਤਮ!
***
ਉਹਨਾਂ ਦੇ ਮੋਢੇ ਦੀ ਦਰਦ ਦਿਨੋ-ਦਿਨ ਵਧ ਰਹੀ ਸੀ। ਹੁਣ ਉਹ ਗੋਲੀ ਤੋਂ ਟੀਕੇ ‘ਤੇ ਆ ਗਏ। ਕਦੇ-ਕਦੇ ਟੀਕਾ ਲਵਾ ਲੈਂਦੇ ਤੇ ਪੀੜ ਥੰਮ ਜਾਂਦੀ। ਵਿੱਚ-ਵਿੱਚ ਦਿਨ ਪੈਂਦੇ ਗਏ ਤੇ ਪੀੜ ਹੋਰ-ਹੋਰ ਵਧਣ ਲੱਗੀ। ਇੱਕ ਦਿਨ ਕਹਿਣ ਲੱਗੇ, “ਸਾਲ ਕੁ ਹੋ ਗਿਆ ਐ, ਮੈਂ ਖੇਤ ਰੇਹੜਾ ਜੋੜਦਾ ਸੀ, ਬਲਦ ਭਜ ਗਿਆ ਤੇ ਮੈਂ ਡਿੱਗ ਪਿਆ ਸੀ…ਏਸ (ਸੱਜੇ) ਮੋਢੇ ‘ਤੇ ਭਾਰ ਆ ਗਿਆ ਸੀ,ਏਸੇ ਕਰਕੇ ਹੁੰਦੀ ਹੋਣੀ ਐਂ ਪੀੜ,ਹੋ ਸਕਦੈ ਹੱਡੀ ਹਿੱਲ ਗਈ ਹੋਵੇ।” ਪਿਤਾ ਦੀ ਗੱਲ ਸੁਣ ਕੇ ਅਸੀਂ ਦੇਸੀ ਪੱਟੇ ਲਾਉਣ ਵਾਲੇ ਆਪਣੇ ਮਿੱਤਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ