ਨਿੰਦਰ ਘੁਗਿਆਣਵੀ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
***
ਸੰਨ 1995 ਸੀ। ਇਕ ਦਿਨ ਪਿਤਾ ਆਖਣ ਲੱਗਿਆ, “ਅਧ ਪੱਕੇ ਘਰ ਵਿਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ,ਵਿਆਹ ਸ਼ਾਦੀਆਂ ਵੀ ਕਰਨੇ ਆਂ,ਕੁੜੀ ਵੀ ਕੱਦ ਕਰਗੀ,ਕਰਜਾ ਵੀ ਲਾਹੁੰਣਾ ਐਂ,ਐਡੀ ਵੱਡੀ ਹਵੇਲੀ ਵਿਕਣੀ ਨਹੀਂ,ਪਿੰਡ ‘ ‘ਚ ਕੌਣ ਲੈਂਦਾ ਐ ਏਨੀ ਥਾਂ? ਸਸਤੀ ਕਾਹਨੂੰ ਵੇਚਣੀ ਆਂ,ਕੌਡੀਆਂ ਦੇ ਭਾਅ–ਆਪਣਾ ਘਰ ਆ ਫੇਰ ਵੀ।” ਪਿਤਾ ਦੇ ਮੱਥੇ ਦੀਆਂ ਲਕੀਰਾਂ ਗੂੜੀਆਂ ਹੋ ਗਈਆਂ ਸਨ।
ਆਖਿਰ, ਢਾਈ ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤਿੰਨ ਕਿੱਲੇ ਵੇਚ ਦਿੱਤੀ ਸ਼ਾਹ ਵਾਲੇ ਖੇਤੋਂ। ਜਿੱਦਣ ਜੱਟਾਂ ਨੂੰ ਰਜਿਸਟਰੀ ਕਰਵਾਉਣੀ ਸੀ ਮੈਂ ਨਾਲ ਗਿਆ ਸੀ ਪਿਤਾ ਦੇ। ਕਚਹਿਰੀਆਂ ਦੇ ਚਾਹ ਵਾਲੇ ਖੋਖੇ ‘ਚ ਚਾਹ ਪੀਂਦੇ ਪਿਓ ਨੇ ਅੱਖਾਂ ਭਰੀਆਂ ਤੇ ਛੇਤੀ ਹੀ ਪਰਨੇ ਨਾਲ ਪੂੰਝ ਲਈਆਂ। ਉਹ ਘਗਿਆਈ ਆਵਾਜ ‘ਚ ਬੋਲਿਆ,”ਮੇਰਾ ਕੇਹੜਾ ਜੀਆ ਕਰਦਾ ਵੇਚਣ ਨੂੰ ਕਮਲਿਓ,ਥੋਡੇ ਪਿਛੇ ਈ ਵੇਚਦਾਂ ਵਈ ਵਿਆਹ ਹੋਜੇ ਥੋਡਾ ਤਿੰਨਾ ਦਾ,ਦੋ ਤਿੰਨ ਪੱਕੇ ਕਮਰੇ ਪਾ ਲਈਏ,ਬਾਕੀ ਲੈਣਾ ਦੇਣਾ ਲਾਹ ਦੇਈਏ ਦੋਵੇਂ ਬੈਂਕਾ ਦਾ।”
ਮੇਰਾ ਵੀ ਰੋਣ ਨੂੰ ਦਿਲ ਕੀਤਾ ਪਰ ਨਾ ਰੋਇਆ ਮੈਂ ਪਿਤਾ ਸਾਹਮਣੇ। ਉਦਾਸ ਬਹੁਤ ਹੋ ਗਿਆ ਸਾਂ ਸੱਚੀਓਂ ਓਦਣ ਘਰ ਦੀ ਜੱਦੀ ਜਾਇਦਾਦ ਨਾਲ ਖਾਸਾ ‘ਮੋਹ’ ਜਿਹਾ ਜਾਗਿਆ ਸੀ।
“ਡੈਡੀ,ਫੇਰ ਆਪਾਂ ਸ਼ਾਹ ਵਾਲੇ ਖੇਤ ਤਾਂ ਨੀ ਜਾਇਆ ਕਰਦੇ ਹੁਣ”?
ਮੇਰਾ ਸੁਆਲ ਸੁਣ ਪਿਤਾ ਕੁਛ ਬੋਲਿਆ ਨਹੀਂ। ‘ਨਾਂਹ’ ਵਿਚ ਸਿਰ ਫੇਰਿਆ ਸੀ ਉਸਨੇ।
ਵਸੀਕਾ ਨਵੀਸ ਦਾ ਮੁਨਸ਼ੀ ਸੱਦਣ ਆ ਗਿਆ, ” ਆਜਾ ਬਈ ਸੇਠਾ,ਤਸੀਲਦਾਰ ਬਹਿ ਗਿਆ ਐ ਨਿਬੇੜੀਏ ਕੰਮ ਥੁਆਡਾ।”
ਪੈਸੇ ਜੱਟਾਂ ਨੇ ਸਾਢੇ ਸੱਤ ਲੱਖ ਰੁਪੈ ਸਾਨੂੰ ਪਹਿਲਾਂ ਈ ਫੜਾ ਦਿਤੇ ਹੋਏ ਸਨ। ਪਿਤਾ ਨੇ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿਚ ਪਾਏ ਪੈਸੇ ਕੱਛ ਵਿਚ ਲੈ ਰੱਖੇ ਸਨ ਘੁੱਟ ਕੇ।
***
ਪਿੰਡ ਵਾਲੀ ਸਹਿਕਾਰੀ ਬੈਂਕ ਦਾ ਕਰਜਾ ਲਾਹੁਣਾ ਸੀ ਤੇ ਇਕ ਕੋਈ ਬੈਂਕ ਫਰੀਦਕੋਟ ਸੀ। ਲੈਂਡ ਮਾਰਗੇਜ ਬੈਂਕ ਤੋਂ ਪਿਤਾ ਨੇ ਸੱਤਰ ਹਜਾਰ ਦਾ ਕਰਜ ਚੁੱਕਿਆ ਸੀ। ( ਇਹ ਸਾਰੇ ਪੈਸੇ ਮੇਰੀ ਮਾਂ ਦੀ ਬੀਮਾਰੀ ਵਾਸਤੇ ਚੁੱਕੇ ਸਨ,ਮਾਂ ਨੂੰ ਗਾਇਨੀ ਦੀ ਵੱਡੀ ਸਮੱਸਿਆ ਆ ਗਈ ਸੀ ਤੇ ਉਹ ਮਰਦੀ ਮਰਦੀ ਬਚੀ ਸੀ)।
ਇਉਂ ਖੁੱਸਿਆ ਸਾਡਾ ਖੇਤ