ਬੰਬੂਕਾਟ ਫਿਲਮ..ਨਹਿਰ ਦੀ ਪਟੜੀ ਤੇ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜੇ ਆਉਂਦੇ ਬੀਨੂ ਢਿੱਲੋਂ ਵੱਲੋਂ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..!
ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਜਿਹਾ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ ਪਟੜੀ ਤੇ ਅੱਪੜ ਗਿਆ..!
ਸਾਈਕਲ ਦੇ ਅਗਲੇ ਡੰਡੇ ਤੇ ਤੌਲੀਆ ਬੰਨ ਕੇ ਬਿਠਾਇਆ ਆਪਣਾ ਚਾਰ ਵਰ੍ਹਿਆਂ ਦਾ ਪੁੱਤ..ਲਗਾਤਾਰ ਨਿੱਕੀਆਂ ਨਿੱਕੀਆਂ ਗੱਲਾਂ ਕਰ ਹੀ ਰਿਹਾ ਸੀ ਕੇ ਮਗਰੇ ਬੈਠੀ ਗੁਰਮੀਤ ਕੌਰ ਆਖਣ ਲੱਗੀ ਜੀ ਪਾਸੇ ਕਰ ਲਵੋ..ਪਿੱਛੋਂ ਕੋਈ ਕਾਰ ਆਉਂਦੀ ਦੀਹਂਦੀ ਏ..!
ਫੇਰ ਕੋਲੋਂ ਲੰਘੀ ਕਾਰ ਦੀ ਮੂਹਰਲੀ ਸੀਟ ਤੇ ਕੂਹਣੀ ਬਾਹਰ ਨੂੰ ਕੱਢ ਕੇ ਬੈਠਾ ਬੰਦਾ ਮੈਂ ਝੱਟ ਪਛਾਣ ਲਿਆ..!
ਕੋਈ ਹੈਰਾਨੀ ਨਾ ਹੋਈ ਕੇ ਕਾਰ ਖਲਿਆਰੀ ਕਿਓਂ ਨਾ..ਕੁਝ ਪਲਾਂ ਮਗਰੋਂ ਪਿੱਛੋਂ ਹੇਠਾਂ ਉੱਤਰ ਗਈ ਗੁਰਮੀਤ ਕੌਰ ਆਖ ਉਠੀ..ਆਹ ਤਾਂ ਆਪਣਾ ਜਗਰੂਪ ਸਿਓਂ ਲੱਗਦਾ ਸੀ..!
ਉਚਾ ਘੱਟੇ ਮਿੱਟੀ ਦਾ ਗੁਬਾਰ ਥਲੇ ਬੈਠਣ ਦੀ ਉਡੀਕ ਵਿਚ ਆਪਣਾ ਸੱਜਾ ਪੈਰ ਨਹਿਰ ਦੀ ਪਟੜੀ ਤੇ ਲਾ ਦੂਰ ਜਾਂਦੀ ਕਾਰ ਵੱਲ ਵੇਖੀ ਜਾ ਰਹੇ ਦੇ ਮਨ ਵਿਚ ਕਿੰਨਾ ਕੁਝ ਆ ਰਿਹਾ ਸੀ..!
ਫੇਰ ਘਰ ਸਾਥੋਂ ਪਹਿਲਾਂ ਅੱਪੜ ਗਏ ਪ੍ਰਾਹੁਣਿਆਂ ਦੀ ਹੁੰਦੀ ਉਚੇਚ..ਵਧੀਆ ਕਮਰਾ..ਵਧੀਆ ਬਿਸਤਰਾ..ਹਰ ਥਾਂ ਹੁੰਦੀ ਜੀ ਹਜੂਰੀ..ਅਤੇ ਹੋਰ ਵੀ ਕਿੰਨਾ ਕੁਝ!
ਫੇਰ ਅਗਲੇ ਦਿਨ ਸ਼ਗਨ ਲਾਉਣ ਜਾਣ ਲੱਗੇ ਤਾਂ ਉਸ ਦੀ ਕਾਰ ਵਿਚ ਬੈਠਣ ਨੂੰ ਜੀ ਨਾ ਕਰੇ..ਅਖੀਰ ਵੱਡੇ ਜਵਾਈ ਦਾ ਵੀ ਤਾਂ ਕੋਈ ਸਵੈ-ਮਾਣ ਹੁੰਦਾ..ਪਰ ਇਥੇ ਚੜ੍ਹਦੇ ਸੂਰਜ ਨੂੰ ਸਲਾਮਾਂ..!
ਉਹ ਸਾਰੇ ਰਾਹ ਆਪਣੇ ਮੁਰੱਬਿਆਂ,ਕਿੱਲਿਆਂ,ਡੰਗਰ ਵੱਛੇ ਘੋੜੇ ਘੋੜੀਆਂ ਅਤੇ ਖੁੱਲੀ ਵਾਹੀ ਖੇਤੀ ਦੀਆਂ ਗੱਲਾਂ ਹੀ ਕਰੀ ਗਿਆ..!
ਪਿਛਲੇ ਮਹੀਨੇ ਕਢਵਾਇਆ ਇੰਟਰਨੈਸ਼ਨਲ ਟਰੈਕਟਰ ਤੇ ਵਾਹੀ ਖੇਤੀ ਦੇ ਹੋਰ ਆਧੁਨਿਕ ਸੰਦ..ਕਾਰ ਵਿਚ ਬੈਠੇ ਸਾਰੇ ਨਿੱਕੇ ਜਵਾਈ ਦੀਆਂ ਗੱਲਾਂ ਬੜੇ ਧਿਆਨ ਨਾਲ ਕੰਨ ਲਾ ਕੇ ਸੁਣੀ ਜਾ ਰਹੇ ਸਨ..!
ਮੈਂ ਅੰਦਰੋਂ ਅੰਦਰ ਹੀ ਵਿਆਹ ਵਾਲੇ ਦਿਨ ਗੱਲ ਪਾਏ ਜਾਣ ਵਾਲੇ ਕੋਟ ਪੇਂਟ ਬਾਰੇ ਸੋਚ ਸੋਚ ਪ੍ਰੇਸ਼ਾਨ ਸਾਂ..ਕੂਹਣੀ ਲਾਗੋਂ ਰਫੂ ਹੋਈ ਸੱਜੀ ਬਾਂਹ..ਦਰਜੀ ਦੀ ਗਲਤੀ ਨਾਲ ਫੇਰ ਵੀ ਰੰਗ ਵੱਖਰਾ ਹੀ ਦਿਸਦਾ ਸੀ..!
ਫੇਰ ਵਿਆਹ...
ਵਾਲੇ ਦਿਨ ਤਿਆਰ ਹੁੰਦੇ ਨੂੰ ਕਿੰਨੇ ਸਾਰੇ ਸੁਨੇਹੇ ਆਏ..”ਬਾਈ ਜੀ ਸਾਰੇ ਉਡੀਕੀ ਜਾਂਦੀ ਏ..ਛੇਤੀ ਕਰੋ”
ਪਰ ਮੇਰੀ ਪੱਗ ਦਾ ਆਖਰੀ ਲੜ ਪੂਰਾ ਨਹੀਂ ਸੀ ਆ ਰਿਹਾ..ਕਿੰਨੀ ਵਾਰ ਖਿੱਚਵੀਂ ਪੂਣੀ ਵੀ ਕਰਵਾ ਕੇ ਵੇਖ ਲਈ..!
ਅਖੀਰ ਖਿੱਚ ਖੁੱਚ ਕੇ ਆਖਰੀ ਲੜ ਪੂਰਾ ਆਇਆ ਹੀ ਸੀ ਕੇ ਜੁੱਤੀ ਦਾ ਇੱਕ ਪੈਰ ਗਵਾਚ ਗਿਆ..ਕਿਸੇ ਨਿਆਣੇ ਨੇ ਸ਼ਾਇਦ ਸ਼ਰਾਰਤ ਨਾਲ ਹੀ ਪੇਟੀ ਹੇਠ ਅਗਾਂਹ ਧੱਕ ਦਿੱਤਾ ਸੀ..!
ਅਖੀਰ ਜਦੋਂ ਤਿਆਰ ਹੋ ਕੇ ਬਾਹਰ ਨਿੱਕਲਣ ਲੱਗਾ ਤਾਂ ਬੂਹੇ ਦੀ ਚੁਗਾਠ ਵਿਚੋਂ ਨਿੱਕਲੀ ਲੱਕੜ ਦੀ ਛਿੱਲਤਰ ਨਾਲ ਫਸ ਕੇ ਕੱਫ ਨੂੰ ਐਸੀ ਖੂੰਗੀ ਲੱਗੀ ਕੇ ਕੋਟ ਦੀ ਸੱਜੀ ਬਾਂਹ ਇੱਕ ਦਮ ਹੇਠਾਂ ਹੀ ਲਮਕ ਗਈ..!
ਸਾਰੀ ਕੀਤੀ ਕੱਤਰੀ ਖੂਹ ਵਿਚ ਪੈ ਗਈ ਲੱਗੀ..!
ਵੱਡੇ ਜਵਾਈ ਅਤੇ ਵੱਡੇ ਜੀਜੇ ਨੂੰ ਹੋਣ ਵਾਲੇ ਮਖੌਲ,ਨਿੱਕੇ ਜਵਾਈ ਵੱਲੋਂ ਕੀਤੀਆਂ ਜਾਣ ਵਾਲੀਆਂ ਟਿਚਕਰ ਟਕੋਰਾਂ ਬਾਰੇ ਸੋਚ ਮੁੜਕੇ ਛੁੱਟ ਗਏ..!
ਫੇਰ ਢੇਰੀ ਢਾਅ ਕੇ ਪਾਸੇ ਬੈਠੇ ਨੂੰ ਅਚਾਨਕ ਇੱਕ ਲਫਾਫਾ ਚੁੱਕੀ ਗੁਰਮੀਤ ਕੌਰ ਕਮਰੇ ਵਿਚ ਆਉਂਦੀ ਦਿਸ ਪਈ..!
ਅਜੇ ਆਪਣੇ ਨਾਲ ਹੋਈ ਬਾਰੇ ਦੱਸਣ ਹੀ ਲੱਗਣ ਸਾਂ ਕੇ ਲਫਾਫੇ ਵਿਚੋਂ ਆਸਮਾਨੀ ਰੰਗ ਦਾ ਨਵਾਂ ਨਕੋਰ ਕੋਟ ਪੇਂਟ ਕੱਢ ਮੈਨੂੰ ਫੜਾਉਂਦੀ ਹੋਈ ਆਖਣ ਲੱਗੀ..”ਆਹ ਪੂਰਾਣੇ ਨੂੰ ਲਾਹ ਕੇ ਛੇਤੀ ਨਾਲ ਆਹ ਪਾ ਲਵੋ..ਹੁਣ ਆਹ ਨਾ ਪੁੱਛਿਓ ਕੇ ਇਹ ਸਵਾਇਆ ਕਿਦਾਂ..ਬੱਸ ਸਮਝੋ ਸਬੱਬ ਹੀ ਬਣ ਗਿਆ..ਸ਼ਹਿਰ ਜੰਝ ਵਾਲੇ ਦਿਨ ਵਾਸਤੇ ਕੋਟ ਪੇਂਟ ਸਵਾਉਣ ਗਏ ਤੁਹਾਡੇ ਸਾਲੇ ਨੇ ਚੁੱਪ ਚੁਪੀਤੇ ਤੁਹਾਡਾ ਵੀ ਇੱਕ ਬਣਨਾ ਆਖ ਦਿੱਤਾ ਸੀ..ਦੋਹਾਂ ਦਾ ਮੇਚਾ ਜੂ ਇੱਕੋ ਜਿਹਾ ਹੋਇਆ..ਹੁਣ ਮੁੜਕੇ ਕਦੇ ਨਾ ਆਖਿਓ ਸਹੁਰੇ ਇੱਜਤ ਮਾਣ ਨੀ ਕਰਦੇ”!
ਘੜੀ ਕੂ ਮਗਰੋਂ ਆਪਣੇ ਕੋਟ ਦੀ ਗੁਰਮੀਤ ਕੌਰ ਦੇ ਕਿਨਾਰੀ ਵਾਲੇ ਫਿਰੋਜੀ ਰੰਗ ਦੇ ਸੂਟ ਨਾਲ ਹੋ ਗਈ ਸਬੱਬੀਂ ਮੈਚਿੰਗ ਵੇਖ ਰੋਣਹਾਕੇ ਜਿਹੇ ਹੋ ਗਏ ਦਾ ਬਦੋ-ਬਦੀ ਹੀ ਹਾਸਾ ਨਿੱਕਲ ਗਿਆ!
(ਫੋਟੋ ਧੰਨਵਾਦ ਸਹਿਤ..ਗੁਰਦੀਸ਼ ਸਿੰਘ ਪੰਨੂੰ)
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!