ਵੀਰ ਤਨਵੀਰ ਸਿੰਘ ਦੀ ਕਵਿਤਾ ਤੇ ਅਧਾਰਿਤ ਉਭਰੇ ਕੁਝ ਜਜਬਾਤ..
ਬਾਪ ਜੱਦੀ ਪੁਰਖੀ ਕਾਰੋਬਾਰੀ ਸੀ..ਕਾਰੋਬਾਰ ਦੀ ਇਕ ਖਾਸ ਤਕਨੀਕ ਹੋਇਆ ਕਰਦੀ..ਪਹਿਲਾਂ ਚੋਖੇ ਵਿਆਜ ਤੇ ਅਗਲੇ ਨੂੰ ਮੂੰਹ ਮੰਗਿਆ ਕਰਜਾ ਦੇ ਦਿੰਦਾ..ਫੇਰ ਜਦੋਂ ਨਾ ਮੋੜਿਆ ਜਾਂਦਾ ਤਾਂ ਕਚਹਿਰੀ ਜਾ ਕੇ ਉਸਦੀ ਜਮੀਨ ਹੀ ਲਿਖਵਾ ਲਿਆ ਕਰਦਾ!
ਇੱਕ ਦਿਨ ਮੈਨੂੰ ਵੀ ਕਚਹਿਰੀ ਨਾਲ ਲੈ ਗਿਆ..ਅਖ਼ੇ ਕਿਸੇ ਦੀ ਜਮੀਨ ਲਿਖਾਉਣੀ ਏ..ਤੂੰ ਵੀ ਨਾਲ ਚੱਲ..ਕਾਰੋਬਾਰ ਦੇ ਗੁਰ ਹੀ ਸਿੱਖੇਗਾ!
ਉਸ ਭਰੇ ਭੀਤੇ ਨੇ ਪਹਿਲੋਂ ਕਾਗਤ ਤੇ ਅੰਗੂਠਾ ਲਾਉਣ ਲਈ ਸੱਜੇ ਹੱਥ ਦੇ ਅੰਗੂਠੇ ਨਾਲ ਦਾਬ ਲਾਈ..ਪਰ ਭਾਰ ਮੇਰੇ ਦਿਲ ਤੇ ਪੈ ਗਿਆ..ਫੇਰ ਸਾਡੇ ਦੋਹਾਂ ਦੇ ਲੁਕਵੇਂ ਹੰਝੂ ਵਗ ਤੁਰੇ..ਉਹ ਕੱਖੋਂ ਹੌਲਾ ਹੋ ਗਿਆ ਸੀ ਤੇ ਮੈਂ ਜਮੀਰ ਵਿਹੂਣਾ!
ਫੇਰ ਉਸਨੇ ਆਪਣੇ ਅੰਗੂਠੇ ਤੋਂ ਕਾਲੀ ਸਿਆਹੀ ਮਿਟਾਉਣ ਲਈ ਆਪਣਾ ਲਿੱਬੜਿਆ ਹੋਇਆ ਅੰਗੂਠਾ ਕੋਲ ਹੀ ਕੰਧ ਤੇ ਰਗੜ ਦਿੱਤਾ..ਹੋ ਸਕਦਾ ਘਰਦਿਆਂ ਤੋਂ ਅਤੇ ਪਿੰਡ ਵਾਲਿਆਂ ਤੋਂ ਓਹਲਾ ਰੱਖਣਾ ਹੋਵੇ!
ਮੈਂ ਗਹੁ ਨਾਲ ਵੇਖਿਆ..ਓਥੇ ਕੰਧ ਤੇ ਅੰਗੂਠਿਆਂ ਦੇ ਹੋਰ ਵੀ ਕਿੰਨੇ ਸਾਰੇ ਨਿਸ਼ਾਨ ਪਏ ਹੋਏ ਸਨ..ਮੇਰੇ ਬਾਪ ਵਰਗੇ ਹੋਰ ਵੀ ਤੇ ਬਹੁਤ ਹੋਣੇ..ਦਿਮਾਗੀ ਵਿਓਪਾਰੀ!
ਕੰਮ ਨੇਪਰੇ ਚੜਿਆ ਤਾਂ ਮੇਰਾ ਡੈਡੀ ਗਵਾਹੀ ਦੇਣ ਨਾਲ ਲੈ ਕੇ ਆਇਆਂ ਨੂੰ ਲੈ ਕੋਲ ਠੇਕੇ ਵਿਚ ਜਾ ਵੜਿਆ..!
ਉਹ ਹਮਾਤੜ ਅੱਖਾਂ ਪੂੰਝਦਾ ਪਿੰਡ ਨੂੰ ਜਾਂਦੇ ਟਾਂਗੇ ਤੇ ਜਾ ਚੜਿਆ..ਤੇ ਮੈਂ ਓਥੇ ਹੀ ਖਲੋਤਾ ਰਹਿ ਗਿਆ..ਉਸ ਲੁੱਟੇ ਪੁੱਟੇ ਦੇ ਟਾਂਗੇ ਦਾ ਘੱਟਾ ਬਣ ਉੱਪਰ ਨੂੰ ਉੱਡਦੀ ਹੋਈ ਉਸਦੀ ਦਾਸਤਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ