More Punjabi Kahaniya  Posts
ਕਰਾਮਾਤੀ ਥੱਪੜ


ਕਹਾਣੀ ਕਰਾਮਾਤੀ ਥੱਪੜ ਗੁਰਮਲਕੀਅਤ ਸਿੰਘ ਕਾਹਲੋਂ
ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ-ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸੀ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿਚ ਉਹ ਚੰਗੇ ਨੰਬਰ ਲੈਣ ਲਗਦੇ। ਮਾਨਸਿਕ ਤੌਰ ਤੇ ਸਮੇਂ ਦੇ ਹਾਣੀ ਬਣਾਉਣ ਅਤੇ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਬਣਾਉਣ ਲਈ ਉਹ ਵਿਦਿਆਰਥੀਆਂ ਨੂੰ ਵਿਸ਼ਾ-ਮਾਹਿਰਾਂ ਦੇ ਰੂਬਰੂ ਕਰਾਉਂਦੇ ਰਹਿੰਦੇ। ਇੰਜ ਜਵਾਨੀ ਵਲ ਪੈਰ ਪੁੱਟਦੇ ਮੁੰਡੇ-ਕੁੜੀਆਂ ਜਾਣਕਾਰੀ ਪ੍ਰਤੀ ਰੁੱਚਿਤ ਹੋਣ ਲਗਦੇ। ਮਾਸਟਰ ਜੀ ਸਮਝਦੇ ਸਨ ਕਿ ਬਹੁਤੇ ਸਕੂਲਾਂ ਵਿਚ ਚੜਦੀ ਉਮਰੇ ਲੜਕੀਆਂ ਦੀਆਂ ਸਰੀਰਕ ਕਿਰਿਆਵਾਂ ਵਿਚ ਹੋਣ ਵਾਲੇ ਬਦਲਾਵਾਂ ਬਾਰੇ ਉਨ੍ਹਾਂ ਨੂੰ ਅਗਾਂਊਂ ਸਿਖਿਅਕ ਕਰਨ ਦੀ ਜਰੂਰੀ ਲੋੜ ਨੂੰ ਗੌਲਿਆ ਨਹੀਂ ਜਾਂਦਾ। ਇਸੇ ਲਈ ਉਨ੍ਹਾਂ ਇਹ ਜਿੰਮੇਵਾਰੀ ਮੈਡਮ ਪਰਮਜੀਤ ਨੂੰ ਸੌਂਪ ਦਿਤੀ ਤੇ ਰੋਜ ਦਾ ਇਕ ਪੀਰੀਅਡ ਇਸੇ ਵਾਸਤੇ ਦੇ ਦਿਤਾ ਸੀ। ਉਸ ਪੀਰੀਅਡ ਹਰ ਕੁੜੀ ਬੇਝਿੱਜਕ ਹੋਕੇ ਮਨ ਦੇ ਸਵਾਲ ਮੈਡਮ ਤੋਂ ਪੁੱਛ ਸਕਦੀ। ਕੁੜੀਆਂ ਦੀ ਝਿੱਜਕ ਲਾਹੁਣ ਲਈ ਮੈਡਮ ਉਨ੍ਹਾਂ ਦੀ ਗਲ ਇਕੱਲਿਆਂ ਸੁਣਦੇ ਤੇ ਅਪਣੱਤ ਜਿਤਾ ਕੇ ਉਨ੍ਹਾਂ ਦੇ ਮਨਾਂ ‘ਚੋਂ ਝਾਕਾ ਲਾਹ ਲੈਂਦੇ। ਮੈਡਮ ਨੂੰ ਕੁੜੀਆਂ ਦੇ ਮਨਾਂ ਵਿਚ ਨਵੀਆਂ ਗਲਾਂ ਸਿੱਖਣ ਦਾ ਜਗਿਆਸੂ ਦੀਵਾ ਬਾਲਣ ਦਾ ਢੰਗ ਵੀ ਆਉਂਦਾ ਸੀ। ਜਵਾਨ ਹੁੰਦੀਆਂ ਕੁੜੀਆਂ ਮਨਾਂ ਚ ਪੈਦਾ ਹੋਏ ਉਹ ਸਵਾਲ ਵੀ ਮੈਡਮ ਨੂੰ ਪੁੱਛਣ ਲਗ ਪੈਂਦੀਆਂ, ਜੋ ਉਨ੍ਹਾਂ ਚੋਂ ਕੁਝ ਮਾਵਾਂ ਨੂੰ ਪੁੱਛਣ ਤੋਂ ਝਿੱਜਕਦੀਆਂ ਸਨ। ਸਕੂਲ ਦੀਆਂ ਸਭ ਕੁੜੀਆਂ ਦੇ ਮਨਾਂ ‘ਚ ਮੈਡਮ ਪਰਮਜੀਤ ਨਾਲ ਅਪਣੱਤ ਵਾਲੀ ਸੋਚ ਤੇ ਸਾਂਝ ਬਣ ਜਾਂਦੀ।
ਹਰਮੀਤ ਨੇ ਦਸਵੀਂ ਉਸੇ ਸਕੂਲ ‘ਚੋਂ ਕੀਤੀ ਸੀ। ਅਗਲੀ ਪੜਾਈ ਲਈ ਉਸਨੇ ਪਿੰਡੋਂ ਦੂਰ ਸ਼ਹਿਰ ਵਾਲੇ ਕਾਲਜ ਦਾਖਲ ਹੋਣਾ ਸੀ। ਮਾਂ ਪਿਓ ਹਰਮੀਤ ਨੂੰ ਅੱਗੇ ਪੜਾਉਣਾ ਚਾਹੁੰਦੇ ਸਨ। ਪਰ ਰੋਜ ਰੋਜ ਛਪਦੀਆਂ ਤੇ ਸੁਣੀਂਦੀਆਂ ਬੁਰੀਆਂ ਖਬਰਾਂ ਉਨ੍ਹਾਂ ਨੂੰ ਦੁਚਿੱਤੀ ‘ਚ ਪਾਉਂਦੀਆਂ। ਪਰੀਤਮ ਸਿੰਘ ਡਰਦਾ ਕਿ ਕਿਸੇ ਅਣਹੋਣੀ ਨੇ ਉਸਨੂੰ ਸਮਾਜ ਵਿਚ ਮੂੰਹ ਦਿਖਾਉਣ ਜੋਗੇ ਨਹੀਂ ਛਡਣਾ। ਧੀ ਦੇ ਨਤੀਜੇ ਤੋਂ ਬਾਦ ਉਹ ਉਸਦੇ ਭਵਿੱਖ ਅਤੇ ਤੌਂਖਲਿਆਂ ਨੂੰ ਤੱਕੜੀ ਦੇ ਪੱਲਿਆਂ ਵਾਂਗ ਤੋਲਣ ਲਗ ਜਾਂਦਾ। ਹਰ ਵਾਰ ਉਸ ਮੂਹਰੇ ਧੀ ਦੇ ਚੰਗੇ ਭਵਿੱਖ ਵਾਲਾ ਪਲੜਾ ਭਾਰੀ ਹੋ ਜਾਂਦਾ।
ਉਸ ਦਿਨ ਗਰਮੀ ਸਿਖਰ ਤੇ ਸੀ। ਖੇਤਾਂ ਚੋਂ ਆਕੇ ਪਰੀਤਮ ਵਿਹੜੇ ਵਾਲੀ ਨਿੱਮ ਦੇ ਤਣੇ ਨਾਲ ਜੋੜਕੇ ਡੱਠੇ ਹੋਏ ਤਖਤਪੋਸ਼ ‘ਤੇ ਬੈਠ ਗਿਆ। ਮਹਿੰਦਰ ਕੌਰ ਪਾਣੀ ਲੈਕੇ ਆਈ ਤਾਂ ਉਸਨੇ ਜੱਗ ਗਲਾਸ ਪਾਸੇ ਰਖਵਾ ਕੇ ਉਸਨੂੰ ਬਾਹੋਂ ਫੜਕੇ ਕੋਲ ਬੈਠਾ ਲਿਆ। ਮਹਿੰਦਰ ਕੌਰ ਹੈਰਾਨ ਕਿ ਅੱਜ ਐਨਾ ਮੋਹ ਕਿਥੋਂ ਜਾਗ ਪਿਆ।
“ਕੀ ਗਲ ਮੀਤੋ ਦੇ ਡੈਡੀ, ਅੱਜ ਭੰਗ ਤੇ ਨਹੀਂ ਪਿਆ ‘ਤੀ ਕਿਸੇ ਨੇ,” ਪਤੀ ਦੀ ਰਗ ਰਗ ਤੋਂ ਵਾਕਫ ਪਤਨੀ ਦੇ ਮਨ ‘ਚੋਂ ਸਵਾਲ ਉਠਣਾ ਸੁਭਾਵਿਕ ਸੀ।
“ਨਹੀਂ ਕਰਮਾਂ ਵਾਲੀਏ, ਹਰੇ ਪੱਤਿਆਂ ਵਾਲੀ ਭੰਗ ਤਾਂ ਨਹੀਂ ਪੀਤੀ, ਪਰ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਵਾਲੀ ਭੰਗ ਆਪਣੇ ਮਨ ਵਿਚ ਜਰੂਰ ਬੀਜ ਲਈ ਏ, ਜਿਸਦਾ ਨਸ਼ਾ ਹੁਣ ਸਾਨੂੰ ਉਡਾਈ ਫਿਰਿਆ ਕਰੂ।“ ਪਰੀਤਮ ਸਹਿਜ-ਸੁਭਾਅ ਬੋਲ ਗਿਆ।
ਧੀ ਦੇ ਸੁਪਨਿਆਂ ਵਾਲੀ ਗਲ ਚੋਂ ਮਹਿੰਦਰੋ ਨੇ ਸਮਝਿਆ, ਕਿਸੇ ਚੰਗੇ ਰਿਸ਼ਤੇ ਦੀ ਦਸ ਪਈ ਹੋਊ ਮੀਤੋ ਲਈ। ਜਵਾਨ ਹੁੰਦੀਆਂ ਧੀਆਂ ਦੀਆਂ ਮਾਵਾਂ ਦੇ ਜਿਹਨ ਵਿਚ ਇੰਜ ਦੀ ਗਲ ਮੂਹਰੇ ਈ ਪਈ ਹੁੰਦੀ ਐ। ਉਹ ਪਤੀ ਦੀਆਂ ਅੱਖਾਂ ਚੋਂ ਉਸਦੀ ਗਲ ਦੀ ਰਮਜ਼ ਪੜਨ ਲਗੀ। ਪਰ ਸੂਈ ਰਿਸ਼ਤੇ ਵਾਲੀ ਗਲ ਤੋਂ ਅਗਾਂਹ ਨਹੀਂ ਸੀ ਤੁਰ ਰਹੀ। ਪਰੀਤਮ ਸਿੰਘ ਨੇ ਪਾਣੀ ਵਾਲਾ ਜੱਗ ਖਾਲੀ ਕਰਕੇ ਗਲਾਸ ਪਰੇ ਰਖਿਆ ਤੇ ਨਿੰਮ ਨਾਲ ਢੋਅ ਲਾਕੇ ਲੱਤਾਂ ਨਿਸਾਰ ਕੇ ਅਰਾਮ ਨਾਲ ਬੈਠ ਗਿਆ। ਉਹ ਹੈਰਾਨ ਵੀ ਸੀ ਕਿ ਮਹਿੰਦਰੋ ਨੇ ਅਗਲਾ ਸਵਾਲ ਅਜੇ ਪੁੱਛਿਆ ਕਿਉਂ ਨਹੀਂ। ਹਰ ਇਨਸਾਨ ਮਨ ਦੀ ਦ੍ਰਿੜਤਾ ਦੇ ਪ੍ਰਗਟਾਵੇ ਚੋਂ ਵੀ ਮਜਾ ਲੈਂਦਾ। ਉਹੀ ਲਹਿਰ ਪਰੀਤਮ ਸਿੰਘ ਦੇ ਮਨ ਵਿਚ ਗੇੜੇ ਕੱਢ ਰਹੀ ਸੀ। ਇਧਰ ਉਧਰ ਵੇਖਕੇ ਉਸਨੇ ਸੱਜੇ ਪਾਸੇ ਬੈਠੀ ਮਹਿੰਦਰੋ ਦਾ ਹੱਥ ਫੜਕੇ ਉਸਨੂੰ ਆਪਣੇ ਵਲ ਖਿਚਿਆ। ਮਹਿੰਦਰੋ ਉਸ ਵਲ ਬਹੁਤਾ ਖਿਸਕੀ ਤਾਂ ਨਾਂ, ਪਰ ਠੀਕ ਜਿਹੀ ਹੋਕੇ ਬੈਠ ਗਈ।
“ਆਪਾਂ ਮੀਤੋ ਨੂੰ ਉਦੋਂ ਤਕ ਪੜਵਾਂਗੇ, ਜਦ ਤਕ ਉਹ ਆਪ ਨਾਂਹ ਨਈ ਕਰੂਗੀ।“ ਪਰੀਤਮ ਸਿਉਂ ਦੇ ਮਨ ਦੀ ਗਲ ਜਬਾਨ ਤੇ ਆ ਗਈ।
“ਮੀਤੋ ਦੇ ਡੈਡੀ ਐਨਾ ਖਰਚਾ ਕਰਲਾਂਗੇ ਆਪਾਂ, ਹੋਰ ਚਹੁੰ ਸਾਲਾਂ ਨੂੰ ਬੱਬੀ ਨੇ ਦਸਵੀਂ ਕਰ ਲੈਣੀ ਆਂ । ਸੁੱਖ ਨਾਲ ਲਾਡੇ ਨੂੰ ਅਗਲੇ ਸਾਲ ਹਾਈ ਸਕੂਲੇ ਪਾਉਣਾ ਪੈਣਾਂ।“
ਮਹਿੰਦਰੋ ਦਿਨੋ ਦਿਨ ਵਧਦੇ ਖੇਤੀ ਖਰਚਿਆਂ ਵਲ ਵੇਖਕੇ ਪਹਿਲਾਂ ਵੀ ਪਤੀ ਨਾਲ ਇਹੋ ਜਿਹੀ ਫਿਕਰਮੰਦੀ ਜਾਹਿਰ ਕਰ ਲੈਂਦੀ ਸੀ, ਪਰ ਅੱਜ ਮੀਤੋ ਦੀ ਸ਼ਹਿਰ ਵਾਲੀ ਪੜਾਈ ਬਾਰੇ ਸੁਣਕੇ ਉਸਤੋਂ ਮਨ ਆਈ ਗਲ ਕਹਿਣੋ ਰਿਹਾ ਨਾ ਗਿਆ। ਉਂਜ ਕਦੇ ਕਦੇ ਉਸਦੇ ਮਨ ਵਿਚ ਸੁਹਣੇ ਜਿਹੇ ਦਫਤਰ ਵਿਚਲੀ ਵੱਡੀ ਸਾਰੀ ਕੁਰਸੀ ਉਤੇ ਬੈਠੀ ਆਪਣੀ ਧੀ ਦਾ ਅਕਸ ਵੀ ਉਭਰਦਾ ਸੀ। ਮਹਿੰਦਰੋ ਦੀਆਂ ਅੱਖਾਂ ਮੂਹਰੇ ਉਹ ਕੁਰਸੀ ਵੀ ਆਈ, ਜਿਸਤੇ ਬੈਠੇ ਮੋਟੇ ਢਿੱਡ ਵਾਲੇ ਬਿਜਲੀ ਬੋਰਡ ਦੇ ਐਸਡੀਓ ਨੇ ਉਸਦੇ ਬਾਪ ਦੇ ਖਾਲੀ ਹੱਥਾਂ ਵਲ ਕੈੜਾ-ਕੈੜਾ ਝਾਕਦਿਆਂ ਟਿਊਬਵੈਲ ਮੋਟਰ ਵੱਡੀ ਕਰਨ ਦੀ ਮਨਜੂਰੀ ਵਾਲੀ ਫਾਈਲ ਵਗਾਹ ਮਾਰੀ ਸੀ। ਉਧਰ ਪਰੀਤਮ ਸਿਉਂ ਅੱਜ ਪਤਨੀ ਨੂੰ ਸਾਰਾ ਕੁਝ ਦਸਣ ਦੇ ਰੌਂਅ ਵਿਚ ਸੀ। ਇਸਤੋਂ ਪਹਿਲਾਂ ਕਿ ਉਹ ਅਗਲਾ ਸਵਾਲ ਕਰਦੀ, ਉਹ ਦਸਣ ਲਗਾ,
“ਅੱਜ ਮੀਤੋ ਦੀ ਸਕੂਲ ਵਾਲੀ ਮੈਡਮ ਦਾ ਫੋਨ ਆਇਆ ਸੀ। ਉਸਨੇ ਮੇਰੇ ਉਹ ਸਾਰੇ ਭੁਲੇਖੇ ਦੂਰ ਕਰਤੇ, ਜੋ ਅਸੀਂ ਕੁੜੀਆਂ ਬਾਰੇ ਸੁਣਦੇ ਰਹਿਨੇ ਆਂ। ਉਹਦਾ ਸਾਡੀ ਧੀ ਉਤੇ ਐਡਾ ਵੱਡਾ ਭਰੋਸਾ ਸੁਣਕੇ ਮੇਰੀਆਂ ਤਾਂ ਅੱਖਾਂ ਈ ਅੱਜ ਖੁਲੀਆਂ। ਸੱਚ ਕਹਿਨਾਂ, ਮੈਡਮ ਦੀਆਂ ਗਲਾਂ ਸੁਣਕੇ ਮੈਨੂੰ ਆਪਣੀ ਅਕਲ ਉਤੇ ਗੁੱਸਾ ਆਇਆ ਸੀ। ਚਾਰ ਸਾਲ ਪੜਾਉਣ ਵਾਲੀ ਮੈਡਮ ਨੂੰ ਸਾਡੀ ਮੀਤੋ ਉਤੇ ਐਨਾ ਭਰੋਸਾ ਆ, ਪਰ ਆਪਾਂ ਮਾਂ-ਪਿਉ ਹੋਕੇ ਵੀ ਡਰੀ ਜਾਂਦੇ ਸੀ। ਮੈਂ ਕਲ ਪਰਸੋਂ ਆੜਤੀ ਕੋਲ ਜਾਂਊਂਗਾ ਤੇ ਮੀਤੋ ਨੂੰ ਸਕੂਟਰੀ ਲੈ ਦਿਆਂਗੇ। ਮੈਡਮ ਕਹਿੰਦੀ ਸੀ ਕਿ ਅਗਲੇ ਸੋਮਵਾਰ ਨੂੰ ਕਾਲਜਾਂ ਦੇ ਦਾਖਲੇ ਖੁੱਲ ਜਾਣੇ ਆਂ। “
ਪਰੀਤਮ ਨੇ ਸਾਰੀ ਵਿਉਂਤਬੰਦੀ ਪਤਨੀ ਨਾਲ ਸਾਂਝੀ ਕਰ ਲਈ ਤਾਂ ਕਿ ਕੁੜੀ ਦੀ ਮਾਂ ਦੇ ਮਨ ਵਿਚ ਕੋਈ ਤੌਂਖਲਾ ਨਾ ਰਹਿ ਜਾਏ। ਨਿੰਮ ਦੀ ਸੰਘਣੀ ਛਾਂ ਹੇਠ ਬੈਠਕੇ ਬੱਚਿਆਂ ਦੇ ਭਵਿੱਖ ਦੀ ਵਿਉਂਤਬੰਦੀ ਕਰਦਿਆਂ ਦੋਹਾਂ ਨੂੰ ਪਤਾ ਈ ਨਾ ਲਗਾ ਕਿ ਢਲਦੇ ਪ੍ਰਛਾਵੇਂ ਕਿੰਨੇ ਲੰਮੇ ਹੋ ਗਏ ਹੋਏ ਸੀ।
“ਲੈ, ਜੈ ਖਾਣਾ ਮੇਰਾ ਚੇਤਾ ਵੀ ਨਾ … , ਨਿਆਣੇ ਸਕੂਲੋਂ ਮੁੜਨ ਵਾਲੇ ਆ ਤੇ ਮੈਂ ਹਜੇ ਫੁਲਕੇ ਲਾਹੁਣੇ ਆਂ ?“ ਮਹਿੰਦਰੋ ਕਾਹਲੀ ਵਿਚ ਉੱਠੀ ਤੇ ਚੁੱਲ੍ਹੇ ਦੀ ਮੱਠੀ ਅੱਗ ਪੱਕ ਰਹੀ ਕੱਦੂ ਪਾਕੇ ਬਣਾਈ ਛੋਲਿਆਂ ਦੀ ਦਾਲ ਦੇ ਪਤੀਲੇ ਤੋਂ ਢੱਕਣ ਲਾਹਕੇ ਵੇਖਿਆ। ਉਸਨੇ ਗੈਸ ਬਾਲਕੇ ਤਵਾ ਰਖਿਆ ਤੇ ਰੋਟੀਆਂ ਲਾਹੁਣ ਲਗ ਪਈ। ਉਸਤੋਂ ਪਹਿਲਾਂ ਉਹ ਅੰਦਰ ਜਾਕੇ ਵੇਖ ਆਈ ਸੀ ਕਿ ਮੀਤੋ ਸੁੱਤੀ ਪਈ ਸੀ। ਕੋਲ ਪਏ ਮੇਜ ਉਤੇ ਪੱਖਾ ਚਲ ਰਿਹਾ ਸੀ। ਮੰਜੇ ਦੀ ਇੱਕ ਨੁੱਕਰੇ ਖੁੱਲੀ ਕਿਤਾਬ ਮੂਧੀ ਵੱਜੀ ਹੋਈ ਸੀ।
“ਲੈ ਮੇਰੀ ਲਾਡੋ ਭੁੱਖਣਭਾਣੀ ਸੌਂ ਗੀ। ਮੈਨੂੰ ਵਾਜ ਈ ਮਾਰ ਲੈਂਦੀ ?” ਤੇ ਉਹ ਆਪਣੇ ਆਪ ਨੂੰ ਹੋਰ ਕਿੰਨਾ ਕੁਝ ਕਹਿ ਗਈ।
ਥਾਲ ਵਿਚ ਰੋਟੀ ਪ੍ਰੋਸਕੇ ਉਹ ਪਤੀ ਲਈ ਛਾਵੇਂ ਲੈ ਗਈ। ਦਾਲ ਵਾਲੇ ਕੌਲੇ ‘ਚ ਵਾਹਵਾ ਸਾਰਾ ਮੱਖਣ ਤਰਦਾ ਹੋਣ ਤੇ ਪਰੀਤਮ ਸਿਉਂ ਨੇ ਇਕ ਦੋ ਟਕੋਰਾਂ ਕਰਕੇ ਆਪਣਾ ਜੀਅ ਰਾਜੀ ਕਰ ਲਿਆ ਤੇ ਉਹ ‘ਛੱਡੋ ਜੀ, ਐਸ ਵੇਲੇ ਕਿਹੋ ਜੀਆਂ ਗਲਾਂ ਕਰਦੇ ਓ,’ ਕਹਿਕੇ ਪਾਣੀ ਦਾ ਜੱਗ ਲੈਣ ਚਲੇ ਗਈ। ਤਦੇ ਹਵੇਲੀ ਦਾ ਦਰਵਾਜਾ ਖੁੱਲਿਆ। ਬੱਬੀ ਤੇ ਲਾਡਾ ਅੰਦਰ ਲੰਘੇ। ਮੁੰਡੇ ਨੇ ਰੁਮਾਲ ਨਾਲ ਪਸੀਨਾ ਪੂੰਝ ਪੂੰਝ ਕੇ ਗਲਾਂ ਲਾਲ ਕੀਤੀਆਂ ਹੋਈਆਂ ਸੀ।
ਅਗਲੇ ਦੋ-ਤਿੰਨ ਦਿਨ ਮਹਿੰਦਰੋ ਧੀ ਦੀਆਂ ਕਾਲਜ ਤਿਆਰੀਆਂ ‘ਚ ਰੁੱਝੀ ਰਹੀ। ਹਰਮੀਤ ਨੂੰ ਕਾਲਜ ਜਾਣ ਦੇ ਚਾਅ ਦੇ ਨਾਲ ਨਾਲ ਇਹ ਵੀ ਚੰਗਾ ਲਗ ਰਿਹਾ ਸੀ ਕਿ ਉਥੇ ਵਰਦੀ ਵਾਲਾ ਟੰਟਾ ਮੁੱਕ ਜਾਂਣਾ। ਨਿੱਕੀ ਹੁੰਦੀ ਤੋਂ ਈ ਉਸਨੂੰ ਹੋਰਾਂ ਤੋਂ ਵੱਖਰਾ ਤੇ ਮਨ-ਪਸੰਦ ਪਹਿਰਾਵਾ ਚੰਗਾ ਲਗਦਾ ਸੀ। ਰਿਸ਼ਤੇਦਾਰੀ ਜਾਂ ਵਿਆਹ-ਸ਼ਾਦੀ ਜਾਣ ਲਗਿਆਂ, ਉਹ ਮਾਂ ਨਾਲ ਜਿੱਦ ਪੁਗਾ ਲੈਂਦੀ ਸੀ। ਮਹਿੰਦਰੋ ਉਸਨੂੰ, ਖਾਈਏ ਮਨ ਭਾਉਂਦਾ ਤੇ ਪਾਈਏ ਜੱਗ ਭਾਉਂਦਾ, ਵਾਲੀ ਕਹਾਵਤ ਕਈ ਵਾਰ ਸੁਣਾ ਚੁੱਕੀ ਸੀ।
ਦਾਖਲੇ ਖੁੱਲਦਿਆਂ ਈ ਪਿਉ-ਧੀ ਕਾਲਜ ਗਏ ਤੇ ਰਸਮੀ ਫਾਰਮ ਭਰਕੇ ਫੀਸ ਜਮਾਂ ਕਰਵਾ ਦਿਤੀ। ਫਾਰਮ ਉਤੇ ਦਾਖਲੇ ਲਈ ਦਸਤਖਤ ਕਰਾਉਣ ਗਏ ਪਰੀਤਮ ਸਿੰਘ ਨੇ ਪ੍ਰਿੰਸੀਪਲ ਮੈਡਮ ਦੇ ਸੁਭਾਅ ਤੋਂ ਭਾਂਪ ਲਿਆ ਕਿ ਉਥੇ ਅਨੁਸਾਸ਼ਨ ਵਿਚ ਕੋਈ ਢਿੱਲ ਨਹੀਂ ਰਹਿੰਦੀ ਹੋਵੇਗੀ। ਸ਼ਹਿਰੋਂ ਮੁੜਦੇ ਹੋਏ ਉਹ ਸਕੂਟਰੀ ਖਰੀਦ ਲਿਆਏ। ਪਰੀਤਮ ਸਿੰਘ ਨੇ ਸਟਾਰਟ, ਰੇਸ ਤੇ ਬਰੇਕ ਵਾਲੇ ਨੁਕਤੇ ਸਮਝੇ ਤੇ ਘਰ ਤਕ ਆਉਂਦਿਆਂ ਉਸਦੇ ਝਾਕੇ ਲੱਥ ਗਏ। ਦੋ ਦਿਨਾਂ ਵਿਚ ਉਸਨੇ ਹਰਮੀਤ ਦੇ ਹੱਥ ਸਿੱਧੇ ਕਰਵਾ ਦਿਤੇ। ਇਸ ਨਾਲ ਧੀ ਦੇ ਆਉਣ-ਜਾਣ ਦਾ ਫਿਕਰ ਮੁੱਕ ਗਿਆ।
ਹਰ ਕਲਾਸ ਵਿਚ ਹਰਮੀਤ ਚੰਗੇ ਨੰਬਰ ਲੈਂਕੇ ਪਾਸ ਹੁੰਦੀ। ਉਹ ਕਾਲਜ ਦੀਆਂ ਹੋਰ ਗਤੀਵਿਧੀਆਂ ਵਿਚ ਹਿੱਸੇਦਾਰ ਬਣਦੀ। ਸਾਲ-ਦਰ-ਸਾਲ ਉਨ੍ਹਾਂ ਦੇ ਘਰ ਦੀ ਬੈਠਕ ਵਾਲੀ ਪ੍ਰਛੱਤੀ ਉਤੇ ਟਰਾਫੀਆਂ ਦੀ ਗਿਣਤੀ ਵਧਦੀ ਗਈ। ਪਰੀਤਮ ਸਿੰਘ ਪਿੰਡ ਚ ਸਿਰ ਉੱਚਾ ਕਰਕੇ ਤੁਰਨ ਲਗ ਪਿਆ। ਪੰਜ ਸਾਲ ਕਦੋਂ ਲੰਘ ਗਏ ਉਨ੍ਹਾਂ ਨੂੰ ਪਤਾ ਈ ਨਾ ਲਗਾ। ਕਾਲਜ ਚੋਂ ਫਸਟ ਆਉਣ ਕਰਕੇ ਕਾਲਾ ਗਾਉਨ ਅਤੇ ਸਿਰ ਉਤੇ ਹੈਟ ਪਾਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੱਥੋਂ ਡਿਗਰੀ ਲੈਂਦੀ ਹਰਮੀਤ ਦੀ ਫੋਟੋ ਅਗਲੇ ਦਿਨ ਅਖਬਾਰਾਂ ਵਿਚ ਛਪੀ। ਚਾਅ ਵਿਚ ਖੀਵੇ ਹੋਏ ਮਾਪਿਆਂ ਦੇ ਪੈਰ ਭੁੰਜੇ ਨਹੀਂ ਸੀ ਲਗ ਰਹੇ।
ਗਰੈਜੂਏਸ਼ਨ ਤੋਂ ਬਾਦ ਹਰਮੀਤ ਨੇ ਇਕ ਸਾਲ ਬ੍ਰੇਕ ਲਾਕੇ ਅੱਗਲੇ ਕਦਮ ਦਾ ਫੈਸਲਾ ਲਿਆ ਸੀ। ਉਹ ਕੁਝ ਅਜਿਹਾ ਕਰਨ ਬਾਰੇ ਸੋਚਣ ਲਗੀ, ਜਿਸ ਨਾਲ ਉਸਦੇ ਬਾਪ ਉਤੇ ਬਹੁਤਾ ਵਿੱਤੀ ਬੋਝ ਨਾ ਪਵੇ। ਪਰ ਉਸਦੀ ਅਖਬਾਰ ਵਿਚ ਛਪੀ ਫੋਟੋ ਤੋਂ ਬਾਦ ਉਸਦੇ ਰਿਸ਼ਤੇ ਦੀ ਗਲ ਹੋਣ ਲਗ ਪਈ । ਹਰ ਤੀਜੇ ਦਿਨ ਕੋਈ ਚੰਗੇ ਘਰ ਦੇ ਮੁੰਡੇ ਵਾਲਿਆਂ ਦਾ ਸੱਦਾ ਲੈਕੇ ਆ ਜਾਂਦਾ। ਇਕ ਦਿਨ ਮਹਿੰਦਰੋ ਤੇ ਪਰੀਤਮ ਸਿੰਘ ਨੇ ਮੀਤੋ ਨੂੰ ਕੋਲ ਬਹਾਕੇ ਉਸਦਾ ਮਨ ਟੋਹਿਆ।
ਹਰਮੀਤ ਨੇ ਆਪਣਾ ਮਨ ਮਾਪਿਆਂ ਮੂਹਰੇ ਫਰੋਲ ਦਿਤਾ, “ਜਿਹੜਾ ਮੁੰਡਾ ਤੁਹਾਡੀ ਪਸੰਦ ਹੋਵੇ, ਉਸਤੋਂ ਇਹ ਵਾਅਦਾ ਲੈ ਲਿਓ ਕਿ ਵਿਆਹ ਤੋਂ ਬਾਦ ਉਹ ਅਤੇ ਉਸਦੇ ਮਾਪੇ ਮੇਰੀ ਪੜਾਈ ਕਰਨ ਵਿਚ ਅੜਿੱਕੇ ਨਾ ਡਾਹੁਣ।“ ਹਰਮੀਤ ਦੀ ਹਾਂ ਤੋਂ ਬਾਦ ਰਿਸ਼ਤੇ ਦੀ ਪੁੱਛ ਦੱਸ ਵਧਣ ਲਗ ਪਈ।
ਇੱਕ ਦਿਨ ਹਰਮੀਤ ਦੀ ਮਾਸੀ ਆਪਣੀ ਨਣਦ ਨੂੰ ਲੈਕੇ ਆ ਗਈ। ਮਾਸੀ ਪਹਿਲਾਂ ਤਾਂ ਨਣਦ ਦੇ ਪਰਿਵਾਰ ਦੀਆਂ ਸਿੱਫਤਾਂ ਦੇ ਪੁੱਲ ਬੰਨਦੀ ਰਹੀ ਤੇ ਆਖਰ ਅਸਲੀ ਗਲ ਤੇ ਆ ਗਈ।
“ਬੀਬੀ ਤਾਂ ਮੀਤੋ ਦੇ ਰਿਸ਼ਤੇ ਲਈ ਪਿਛਲੇ ਸਾਲ ਦੀ ਮੇਰੇ ਪਿੱਛੇ ਪਈ ਹੋਈ ਸੀ। ਕਲ ਇਸਨੇ, ਕਿਤੋਂ ਸੁਣਿਆ ਤੁਸੀਂ ਮੁੰਡਾ ਲੱਭ ਰਹੇ ਓ ਤੇ ਸ਼ਾਮੀਂ ਸਾਡੇ ਕੋਲ ਆਗੀ। ਇਸਦੇ ਪ੍ਰਾਹੁਣੇ (ਪਤੀ) ਨੂੰ ਪਤਾ ਤੇ ਹੈਗਾ ਕਿ ਤੁਸੀਂ ਕਿਹੜਾ ਮੇਰੀ ਗਲ ਮੋੜ ਦਿਓਗੇ। ਨਾਲੇ ਭਾਈ ਰਿਸ਼ਤੇਦਾਰੀ ਵਿਚ ਕੋਈ ਉਹਲਾ ਵੀ ਤੇ ਨਹੀਂ ਨਾ ਹੁੰਦਾ।“ ਜੁਗਿੰਦਰੋ ਨੇ ਇਕੋ ਸਾਹੇ ਮੰਗ ਕਰਦੇ ਹੋਏ, ਨਾਲ ਦੀ ਨਾਲ ਮਾਪਿਆਂ ਦੇ ਮੂੰਹੋ ਹਾਂ ਵਾਲਾ ਫਤਵਾ, ਆਪੇ ਈ ਜਾਰੀ ਕਰ ਲਿਆ।
ਭਾਬੀ ਵਲੋਂ ਭੂਮਿਕਾ ਬੰਨ ਦਿਤੇ ਜਾਣ ਤੋਂ ਬਾਦ ਨਣਦ ਨੇ ਚੁੱਪ ਤੋੜੀ।
“ਭਾਜੀ ਤੁਹਾਨੂੰ ਪਤਾ ਈ ਆ ਸਾਡੇ ਧੀ ਨਈ ਹੈਗੀ, ਬਸ ਇਹਨੂੰ ਮੇਰੀ ਧੀ ਬਣਾਕੇ ਝੋਲੀ ਪਾ ਦਿਓ। ਮੀਤੋ ਨੂੰ ਕਦੇ ਮਸੂਸ ਨਈਂ ਹੋਣ ਦਿਆਂਗੇ ਕਿ ਉਹ ਸਹੁਰੀਂ ਬੈਠੀ ਆ ਕਿ ਪੇਕੀਂ। “ ਤੇ ਨਾਲ ਈ ਉਸਨੇ ਆਪਣੇ ਮੁੰਡੇ ਦੀ ਉਮਰ, ਪੜਾਈ, ਕੱਦ-ਕਾਠ ਤੇ ਹੋਰ ਲਟਰ-ਪਟਰ ਦਸਦਿਆਂ, ਪਰਸ ਚੋਂ ਕਿਤਾਬ ਦੇ ਸਾਈਜ ਦੀਆਂ ਚਾਰ ਪੰਜ ਫੋਟੋ ਕੱਢ ਕੇ ਮੇਜ ਤੇ ਰੱਖਤੀਆਂ।
ਪਰੀਤਮ ਸਿੰਘ ਤੇ ਮਹਿੰਦਰੋ ਨੇ ਸੋਚਣ ਲਈ ਥੋੜਾ ਟਾਈਮ ਮੰਗੇ ਜਾਣ ਤੇ ਮਾਸੀ ਨੇ, “ਚਲ ਰਾਤ ਤਕ ਕਰ ਲਿਓ, ਜਿਸ ਨਾਲ ਸਲਾਹ ਕਰਨੀ ਆ ਤੇ ਸਵੇਰੇ ਜਾਕੇ ਮੁੰਡਾ ਵੇਖ ਆਇਓ।“ ਵਾਲਾ ਹੁਕਮ ਚਾੜਦਿਆਂ ਦਸ ਦਿਤਾ ਕਿ ਉਹ ਰਾਤ ਰਹਿਣਗੀਆਂ।
ਲਿਹਾਜਦਾਰੀ ਸੁਭਾਅ ਵਾਲੇ ਪਰੀਤਮ ਸਿੰਉਂ ਨੇ ਵੱਡੀ ਸਾਲੀ ਦਾ ਮਾਣ ਰਖਣ ਬਾਰੇ ਸੋਚਕੇ ਅਗਲੇ ਦਿਨ ਮੁੰਡੇ ਤੇ ਝਾਤੀ ਮਾਰਨ ਦੀ ਹਾਂ ਕਰ ਦਿਤੀ। ਅੱਧੀ-ਪਚੱਧੀ ਹਾਂ ਕਰਵਾ ਕੇ ਉਨ੍ਹਾਂ ਰਾਤ ਦਾ ਪ੍ਰੋਗਰਾਮ ਰੱਦ ਕੀਤਾ ਤੇ ਟੈਕਸੀ ਮੰਗਵਾ ਕੇ ਵਾਪਸੀ ਕਰ ਲਈ। ਅਸਲ ਵਿਚ ਨਣਦ ਨੇ ਵੇਖਾ ਵਿਖਾਈ ਤੋਂ ਪਹਿਲਾਂ ਘਰ ਨੂੰ ਸੰਵਾਰਨਾ ਸੀ।
ਰਾਤ ਨੂੰ ਦੋਹਾਂ ਜੀਆਂ ਨੇ ਫਿਰ ਧੀ ਦਾ ਮਨ ਟੋਹਿਆ ਤੇ ਅਗਲੇ ਦਿਨ ਮਿਥੇ ਸਮੇਂ ਉਹ ਹਮੀਰੇ ਪਹੁੰਚ ਗਏ। ਦੋਹੇਂ ਜੀਅ ਇਹ ਤਾਂ ਸੋਚਕੇ ਆਏ ਸੀ ਕਿ ਜੇ ਕੋਈ ਵੱਡੀ ਖਰਾਬੀ ਨਾ ਹੋਈ ਤਾਂ ਪਿਛਾਂਹ ਨਈਂ ਹਟਿਆ ਜਾਣਾ। ਹਰਮੀਤ ਦੀ ਵੇਖਾ ਵਿਖਾਈ ਬਾਰੇ ਮੁੰਡੇ (ਕੁਲਵਿੰਦਰ) ਨੇ ਇਹ ਕਹਿਕੇ ਤਸੱਲੀ ਕਰਵਾਤੀ ਕਿ ਉਸਨੇ ਹਰਮੀਤ ਨੂੰ ਗਿੱਧਾ ਮੁਕਾਬਲੇ ਵਿਚ ਵੇਖਿਆ ਹੋਇਆ।ਅਸਲ ਵਿਚ ਗਿੱਧੇ ਵਾਲੀ ਸਕੀਮ ਜੁਗਿੰਦਰੋਂ ਦੀ ਸੀ। ਰਿਸ਼ਤੇ ਦੀ ਪੱਕ-ਠੱਕ ਕਰਕੇ ਵਧਾਈਆਂ ਲੈਂਦੇ ਹੋਏ ਘਰ ਆਏ ਤੇ ਮੀਤੋ ਨੂੰ ਸਾਰਾ ਕੁਝ ਦੱਸ ਦਿਤਾ।
ਕੁਝ ਦਿਨਾਂ ਬਾਦ ਜੁਗਿੰਦਰੋ ਆਈ ਤੇ ਮੁੰਡੇ ਵਾਲਿਆਂ ਦੀਆਂ ਸਿਫਤਾਂ ਦੇ ਢੇਰ ਲਾਉਂਦਿਆਂ ਵਿਆਹ ਮੌਕੇ ਉਨ੍ਹਾਂ ਦਾ ਨੱਕ ਰੱਖਣਾ ਮਨਾਉਣ ਲਗੀ। ਮਿਲਣੀਆਂ ਕਿੰਨੀਆਂ ਤੇ ਕੀ-ਕੀ ਪਾਉਣਾ, ਕਾਰ ਕਿਹੜੀ ਦਿਉਗੇ, ਬਰਾਤ ਦੀ ਸੇਵਾ ਤੇ ਹੋਰ ਲੱਟੜ-ਪੱਟੜ ਗਿਣਾਉਣ ਲਗ ਪਈ। 16 ਲੱਖ ਤੋਂ ਕੁਝ ਹੇਠਾਂ ਆਕੇ ਉਹ 10 ਲੱਖ ਵਾਲੀ ਕਾਰ ਉਤੇ ਤਾਂ ਅੜ ਈ ਗਈ। ਕਾਰਾਂ ਦੀਆਂ ਕੀਮਤਾਂ ਤੇ ਮਾਡਲ ਉਹ ਲਿਖਵਾ ਕੇ ਲਿਆਈ ਸੀ। ਵਿਆਹ ਵਿਚ ਦੇਣ-ਲੈਣ ਤਾਂ ਪਰੀਤਮ ਸਿੰਘ ਨੇ ਪਹਿਲਾਂ ਸੋਚੇ ਹੋਏ ਸੀ, ਰਹਿੰਦੇ ਉਸਦੀ ਸਾਲੀ ਪੱਕੇ ਕਰ ਗਈ। ਪਰ ਸਾਲੀ ਤੋਂ ਵਿਆਹ ਆਉਂਦੀ ਹਾੜੀ ਸਾਂਭਣ ਤੋਂ ਬਾਦ ਕਰਨ ਦੀ ਹਾਂ ਉਸ ਕਰਵਾ ਲਈ। ਕੁਲਵਿੰਦਰ ਨੇ ਮਾਮੀ ਨੂੰ ਪੱਕਿਆਂ ਕੀਤਾ ਸੀ ਕਿ ਹਰਮੀਤ ਦਾ ਨੰਬਰ ਲੈਕੇ ਆਵੇ ਤੇ ਪਰ ਜੁਗਿੰਦਰੋ ਨੇ ਲਗਦੇ ਹੱਥ ਭੈਣ ਤੇ ਜੀਜੇ ਤੋਂ ਦੋਹਾਂ ਦੀ ਗਲਬਾਤ ਦੀ ਹਾਂਮੀ ਭਰਵਾ ਲਈ।
ਭੈਣ-ਭਣੌਈਏ ਤੋਂ ਸ਼ਰਤਾਂ ਮੰਨਵਾਕੇ ਜੁਗਿੰਦਰੋ ਨੇ ਆਪਣੇ ਘਰ ਜਾਣ ਤੋਂ ਪਹਿਲਾਂ ਨਣਦ ਦੇ ਪਿੰਡ ਜਾਣ ਵਾਲੀ ਬੱਸ ਫੜੀ। ਨਣਦ ਉਤੇ ਆਪਣੇ ਮਾਣ-ਤਾਣ ਦਾ ਸਿੱਕਾ ਜਮਾਉਣ ਦਾ ਮੌਕਾ ਉਹ ਖੁੰਝਾਉਣਾ ਨਹੀਂ ਸੀ ਚਾਹੁੰਦੀ। ਮੀਤੋ ਦਾ ਨੰਬਰ ਆਪਣੇ ਫੋਨ ਵਿਚ ਸੇਵ ਕਰਦਿਆਂ ਕਿੰਦੇ (ਕੁਲਵਿੰਦਰ) ਨੇ ਗਰੇਟ-ਮਾਮੀ ਵਾਲੀ ਰੱਟ ਲਾਈ ਰਖੀ। ਕਿੰਦੇ ਲਈ ਤਾਂ ਮਾਮੀ ਖਜਾਨਾ ਲੱਭ ਲਿਆਈ ਸੀ। ਨਣਦ ਤੋਂ ਮੂੰਹ ਮਿੱਠਾ ਕਰਵਾ ਕੇ ਜੁਗਿੰਦਰੋ ਨੇ ਆਪਣੇ ਘਰ ਜਾਣ ਦੀ ਤਿਆਰੀ ਕੀਤੀ। ਮੀਤੋ ਦਾ ਫੋਨ ਨੰਬਰ ਮਿਲਣ ਤੋਂ ਬਾਦ ਕਿੰਦੇ ਲਈ ਸਬਰ ਔਖਾ ਹੋਇਆ ਪਿਆ ਸੀ। ਮਾਮੀ ਨੂੰ ਬੱਸ ਚੜਾਉਣ ਦੀ ਥਾਂ ਉਹ ਸਕੂਟਰ ਤੇ ਛੱਡਣ ਚਲ ਪਿਆ। ਨਾਨਕੇ ਪਿੰਡ ਦੀ ਫਿਰਨੀ ਤੇ ਲਾਹ ਕੇ ਉਹ ਵਾਪਸ ਪਰਤ ਆਇਆ। ਜੱਕੋ-ਤੱਕੀ ਕਰਦਿਆਂ ਕਿੰਨੀ ਵਾਰ ਉਸਨੇ ਮੀਤੋ ਦਾ ਨੰਬਰ ਕਢਿਆ, ਪਰ ਕਾਲ ਉਤੇ ਉਂਗਲ ਮਾਰਨ ਤੋਂ ਝੱਕ ਜਾਂਦਾ। ਆਖਰ ਬੇਸਬਰਾ ਹੋਕੇ ਲਾਈਨ ਮੀਤੋ ਨਾਲ ਜੋੜ ਲਈ। ਟਰੀਂ-ਟਰੀਂ ਸੁਣਕੇ ਮੀਤੋ ਅਨਜਾਣ ਨੰਬਰ ਨੂੰ ਰਿਜੈਕਟ ਕਰਨ ਈ ਲਗੀ ਸੀ, ਤਾਂ ਖਿਆਲ ਆ ਗਿਆ, ਉਸਦਾ ਮੰਗੇਤਰ ਨਾ ਹੋਵੇ। ਉਸਨੇ ਅਸੈਪਟ ਉਤੇ ਠੂੰਗਾ ਮਾਰ ਦਿਤਾ। ਮੀਤੋ ਹੈਲੋ ਕਹਿਣ ਈ ਲਗੀ ਸੀ ਕਿ ਕਿੰਦਾ ਬੋਲ ਪਿਆ,
“ਜੀ ਮੈਂ ਹਰਮੀਤ ਨਾਲ ਗਲ ਕਰ ਸਕਦਾਂ ?’’
“ਹਾਂਜੀ, ਮੈਂ ਹਰਮੀਤ ਹੀ ਆਂ, ਆਪਣੇ ਬਾਰੇ ਦਸੋ,’’
“ਹਰਮੀਤ ਜੀ, ਮੈਂ ਕੁਲਵਿੰਦਰ ਬੋਲ ਰਿਹਾਂ ਹਮੀਰੇ ਤੋਂ, ਮਾਮੀ ਜੀ ਤੁਹਾਡਾ ਨੰਬਰ ਦੇ ਗਏ ਸੀ, ਉਨ੍ਹਾਂ ਈ ਫੋਨ ਕਰਨ ਲਈ ਕਿਹਾ ਸੀ।‘’ ਕਿੰਦੇ ਨੇ ਆਪਣੀ ਕਾਹਲ ਦਾ ਠੀਕਰਾ ਮਾਮੀ ਸਿਰ ਭੰਨ ਦਿਤਾ।
ਇਸ ਤੋਂ ਪਹਿਲਾਂ ਕਿ ਹਰਮੀਤ ਕੋਈ ਗਲ ਕਰਦੀ, ਕਿੰਦਾ ਹੀ ਬੋਲ ਪਿਆ, “ਅੱਜ-ਕਲ ਕੀ ਕਰਦੇ ਹੁੰਦੇ ਓ ਤੁਸੀਂ, ਕਿੰਵੇ ਦਿਨ ਲੰਘਦੇ ਨੇ।‘’ ਪਹਿਲੀ ਵਾਰ ਕਿਸੇ ਮਰਦ ਨਾਲ ਗਲ ਤੋਂ ਹਰਮੀਤ ਝਾਕਾ ਲਗ ਰਿਹਾ ਸੀ, ਫਿਰ ਵੀ ਉਹ ਕਿੰਦੇ ਦੇ ਸਵਾਲਾਂ ਦੇ ਸੰਕੋਚਵੇਂ ਜਵਾਬ ਦੇਈ ਗਈ।
ਸ਼ੁਰੂ ਹੋਇਆ ਫੋਨ ਗਲਬਾਤ ਦਾ ਸਿਲਸਿਲਾ ਦਿਨ ਵਿਚ ਚਾਰ-ਪੰਜ ਵਾਰ ਤਕ ਪਹੁੰਚ ਗਿਆ। ਗਲਬਾਤ ਵਿਚ ਹਰਮੀਤ ਕਿੰਦੇ ਨਾਲ ਖੁੱਲਦੀ ਗਈ। ਰਿਸ਼ਤਾ ਪੱਕਾ ਹੋਏ ਨੂੰ ਮਹੀਨਾ ਕੁ ਲੰਘਿਆ ਸੀ ਕਿ ਕਿੰਦੇ ਨੇ ਹਰਮੀਤ ਨੂੰ ਕਿਤੇ ਮਿਲਣ ਦਾ ਸੱਦਾ ਦੇ ਦਿਤਾ। ਕੁਝ ਦਿਨ ਤਾਂ ਹਰਮੀਤ ਟਾਲਦੀ ਰਹੀ, ਪਰ ਕਿੰਦੇ ਵਲੋਂ ਖਹਿੜੇ ਪੈਣ ਤੇ ਉਸਨੇ ਸਮਾਜ ਤੋਂ ਬਚਣ ਬਾਰੇ ਕਹਿਕੇ ਹਾਂ ਕਰ ਦਿਤੀ। ਹਰਮੀਤ ਦੀ ਹਾਂ ਅਤੇ ਪਰਦੇ ਵਾਲੀ ਗਲ ਸੁਣਕੇ ਕਿੰਦਾ ਖਿੜ ਗਿਆ। ਉਸਨੇ ਸ਼ਹਿਰ ਦੇ ਵੱਡੇ ਡਾਕਘਰ ਨੇੜਲੇ ਚੌਕ ਕੋਲ ਪਹੁੰਚਣ ਦੀ ਤਰੀਕ ਤੇ ਸਮਾਂ ਦਸਕੇ ਸੌਖੀ ਪਹਿਚਾਣ ਲਈ ਆਪਣਾ ਪਹਿਰਾਵਾ ਦਸ ਦਿਤਾ।
ਹਰਮੀਤ ਨੇ ਕਿੰਦੇ ਦੀ ਮੰਗ ਅਤੇ ਆਪਣੇ ਮੂੰਹੋ ਸਹਿਜਤਾ ਨਾਲ ਕਹਿ ਹੋਈ ਹਾਂ ਬਾਰੇ ਆਪਣੀ ਮੰਮੀ ਨੂੰ ਦਸਿਆ। ਬੱਚਿਆਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਦੇ ਹੋਏ ਮਹਿੰਦਰੋ ਨੇ ਹਾਮੀ ਭਰ ਦਿਤੀ ਤੇ ਹਰਮੀਤ ਮਿਥੇ ਸਮੇਂ ਤੇ ਡਾਕਘਰ ਕੋਲ ਪਹੁੰਚ ਗਈ। ਹਰਮੀਤ ਨੇ ਕਿੰਦੇ ਦੀ ਵੇਖੀ ਹੋਈ ਫੋਟੋ ਅਤੇ ਉਸ ਵਲੋਂ ਦਸੀ ਪਹਿਚਾਣ ਨੂੰ ਪਾਸੇ ਰਖਕੇ ਉਸਦੇ ਨੰਬਰ ਤੇ ਡਾਇਲ ਕੀਤਾ। ਕੰਨ ਨੂੰ ਲਾਏ ਫੋਨ ਤੇ ਗਲ ਕਰ ਰਿਹਾ ਕਿੰਦਾ ਉਸ ਵਲ ਆ ਰਿਹਾ ਸੀ। ਹਰਮੀਤ ਨੇ ਬੋਲਾਂ ਵਿਚ ਕਿਸੇ ਆਪਣੇ ਲਈ ਦਿਤੇ ਜਾਣ ਵਾਲਾ ਸਤਿਕਾਰ ਭਰਦਿਆਂ ਸਤਿ ਸ਼੍ਰੀ ਅਕਾਲ ਕਹਿੰਦਿਆਂ ਸਿਰ ਨਿਵਾਇਆ। ਕਿੰਦੇ ਨੇ ਏਕਾਂਤ ਬੈਠਕੇ ਗਲਾਂ ਕਰਨ ਬਾਰੇ ਕਹਿੰਦਿਆਂ ਹਰਮੀਤ ਨੂੰ ਸਕੂਟਰ ਪਿੱਛੇ ਬੈਠਾ ਲਿਆ। ਸ਼ਹਿਰ ਦੇ ਮਸ਼ਹੂਰ ਹੋਟਲ ਦੇ ਫੈਮਿਲੀ ਹਾਲ ਵਿਚ ਉਨ੍ਹਾਂ ਲੰਚ ਕੀਤਾ ਤੇ ਇਕੱਲੇ ਬੈਠਣ ਬਾਰੇ...

ਕਹਿਕੇ ਕਿੰਦਾ ਉਸਨੂੰ ਕਮਰੇ ਵਿਚ ਲੈ ਗਿਆ।
ਸੋਫੇ ਤੇ ਬੈਠਿਆਂ ਦੋਵੇਂ ਭਵਿੱਖ ਦੀਆਂ ਯੋਜਨਾਵਾਂ ਉਲੀਕਦੇ ਰਹੇ। ਗਲਾਂ ਕਰਦਿਆਂ ਹਰਮੀਤ ਦਾ ਝਿੱਜਕ ਲਹਿੰਦੀ ਗਈ। ਉਸਨੇ ਵਿਆਹ ਤੋਂ ਬਾਦ ਪੜਾਈ ਜਾਰੀ ਰਖਣ ਵਾਲੀ ਆਪਣੀ ਸ਼ਰਤ ਕਿੰਦੇ ਨੂੰ ਯਾਦ ਕਰਾਈ, ਜਿਸਦਾ ਉਸਨੇ ਤਸੱਲੀ ਵਾਲਾ ਜਵਾਬ ਨਾ ਦਿਤਾ। ਕਿੰਦੇ ਦੀਆਂ ਗਲਾਂ ਤੇ ਹਰਕਤਾਂ ਤੋਂ ਹਰਮੀਤ ਨੂੰ ਅਣਹੋਣੀ ਦੇ ਝਾਉਲੇ ਪੈਣ ਲਗੇ। ਜਿੰਨਾ ਕੁ ਉਹ ਆਪਣੇ ਆਪ ਨੂੰ ਪਰੇ ਖਿਸਕਾਉਂਦੀ, ਕਿੰਦਾ ਹੋਰ ਨੇੜੇ ਹੋ ਜਾਂਦਾ। ਹਰਮੀਤ ਨੂੰ ਸਕੂਲ ਵੇਲੇ ਮੈਡਮ ਪਰਮਜੀਤ ਦੀਆਂ ਸਿਖਿਆਵਾਂ, ਨਸੀਹਤਾਂ ਤੇ ਚਿਤਾਵਨੀਆਂ ਚੇਤੇ ਆਈਆਂ ਤੇ ਇੰਜ ਦੇ ਮੌਕੇ ਨਾ ਸੰਭਾਲੇ ਜਾਣ ਦੇ ਨਤੀਜਿਆਂ ਦਾ ਕਿਆਸ ਹੋਣ ਲਗਾ। ਉਸਨੇ ਸਭਿਅਕ ਜਿਹੇ ਸ਼ਬਦਾਂ ਵਿਚ ਕਿੰਦੇ ਨੂੰ ਆਪਾ ਸੰਭਾਲਣ ਲਈ ਕਿਹਾ। ਆਖਰ, ਹੁਣ ਚਲੀਏ, ਕਹਿਕੇ ਉਹ ਖੜੀ ਹੋਈ ਹੀ ਸੀ ਕਿ ਕਿੰਦਾ ਆਪਣੀ ਅਸਲੀ ਔਕਾਤ ਤੇ ਆ ਗਿਆ। ਹਰਮੀਤ ਨੇ ਉਸਦੀਆਂ ਅੱਖਾਂ ਚੋਂ ਸ਼ੈਤਾਨ ਭਾਂਪ ਲਿਆ। ਜਿੰਵੇ ਹੀ ਕਿੰਦੇ ਦੇ ਹੱਥ ਅਗਲੀ ਹਰਕਤ ਲਈ ਉਸ ਵਲ ਵਧੇ, ਕਿੰਦੇ ਦੀ ਗੱਲ ਤੇ ਵੱਜੇ ਕਰਾਰੇ ਥੱਪੜ ਨੇ ਉਸਦੀ ਸੁਰਤ ਭੁਲਾ ਦਿਤੀ। ਆਪਣੇ ਆਪ ਵਿਚ ਆਉਣ ਤੇ ਕਿੰਦੇ ਨੇ ਖਿੜਕੀ ਦੇ ਸ਼ੀਸ਼ੇ ਚੋਂ ਵੇਖਿਆ, ਤੇਜ ਕਦਮ ਪੁੱਟਦੀ ਹੋਈ ਹਰਮੀਤ ਮੇਨ ਸੜਕੇ ਚੜ ਚੁੱਕੀ ਸੀ। ਬਾਥਰੂਮ ਜਾਕੇ ਉਸਨੇ ਸ਼ੀਸ਼ੇ ਚੋਂ ਆਪਣੇ ਚਿਹਰੇ ਤੇ ਨਜਰ ਮਾਰੀ, ਖੱਬੀ ਗਲ ਉਤੇ ਪਏ ਹਰਮੀਤ ਦੀਆਂ ਉਂਗਲਾਂ ਦੇ ਨਿਸ਼ਾਨ ਵੇਖਕੇ ਉਸਨੂੰ ਗਰਕ ਜਾਣ ਵਰਗਾ ਅਹਿਸਾਸ ਹੋਇਆ। ਮਰਦਾਵੀਂ-ਗੈਰਤ ਉਸਦਾ ਮੂੰਹ ਚਿੜਾ ਰਹੀ ਸੀ।ਉਸਨੂੰ ਪਤਾ ਈ ਨਾ ਲਗਾ ਕਦ ਉਸਨੇ ਸ਼ੀਸ਼ੇ ਉੱਤੇ ਥੁੱਕ ਦਿਤਾ। ਠੱਕ ਕਰਕੇ ਬੰਦ ਕੀਤੇ ਬਾਥਰੂਮ ਦੇ ਦਰਵਾਜੇ ਦਾ ਖੜਕਾ ਸੁਣਕੇ ਬਹਿਰੇ ਨੇ ਆ ਬੈਲ ਵਜਾਈ। ਗੱਲ ਉਤੇ ਰੁਮਾਲ ਫੇਰਦੇ ਹੋਏ ਉਸਨੇ ਦਰਵਾਜਾ ਖੋਲਿਆ। ਬਹਿਰੇ ਨੂੰ ਠੀਕ ਹਾਂ ਕਹਿਕੇ ਪ੍ਰੇਸ਼ਾਨ ਨਾ ਕਰਨ ਲਈ ਕਿਹਾ।
ਮੰਗੇਤਰ ਨੂੰ ਮਿਲਕੇ ਆਈ ਧੀ ਨੂੰ ਵੇਖਦਿਆਂ ਈ ਮਹਿੰਦਰੋ ਦਾ ਮੱਥਾ ਠਣਕਿਆ। ਕੀ ਹੋਇਆ ਪੁੱਛਣ ਲਈ ਉਸਦਾ ਗਲਾ ਸਾਥ ਨਹੀਂ ਸੀ ਦੇ ਰਿਹਾ। ਉਸਦਾ ਮਨ ਸਵਾਲਾਂ ਵਿਚ ਉਲਝ ਗਿਆ। ਇਕ ਗਲ ਸੋਚਦਿਆਂ ਕਿਸੇ ਨਤੀਜੇ ਤੇ ਨਾ ਪਹੁੰਚਦੀ ਕਿ ਹੋਰ ਸਵਾਲ ਪੈਦਾ ਹੋਣ ਲਗਦੇ। ਉਸਦੇ ਗਲ ਲਗੀ ਹਰਮੀਤ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਬਿਨਾਂ ਕੋਈ ਸਵਾਲ ਕੀਤੇ ਮਹਿੰਦਰੋ ਉਸਨੂੰ ਕਲਾਵੇ ਵਿਚ ਭਰਕੇ ਅੰਦਰ ਲੈ ਗਈ। ਬੱਬੀ ਪਿੱਛੇ ਪਿੱਛੇ ਪਾਣੀ ਦਾ ਗਲਾਸ ਲਈ ਫਿਰੇ। ਸੋਫੇ ਤੇ ਬੈਠਕੇ ਵੀ ਹਰਮੀਤ ਦੀ ਪਕੜ ਢਿੱਲੀ ਨਹੀ ਸੀ ਹੋ ਰਹੀ। ਮਹਿੰਦਰੋ ਨੇ ਬੱਬੀ ਹੱਥੋਂ ਪਾਣੀ ਵਾਲਾ ਗਲਾਸ ਫੜਕੇ ਮੀਤੋ ਦੇ ਮੂੰਹ ਲਾਇਆ। ਪਾਣੀ ਪੀਕੇ ਉਹ ਆਪਣੇ ਆਪ ਵਿਚ ਆਉਣ ਲਗੀ ਤੇ ਮੰਮੀ ਤੋਂ ਕੁਝ ਵੀ ਲੁਕੋ ਨਾ ਰੱਖਿਆ। ਵਿਹੜੇ ਚੋਂ ਟਰੈਕਟਰ ਬੰਦ ਹੋਣ ਦਾ ਖੜਕਾ ਆਇਆ। ਮਹਿੰਦਰੋ ਬਾਹਰ ਗਈ ਤੇ ਠਰ੍ਹੰਮੇ ਜਿਹੇ ਨਾਲ ਪਰੀਤਮ ਸਿੰਉਂ ਨੂੰ ਮਾਜਰੇ ਤੋਂ ਜਾਣੂੰ ਕਰਵਾ ਦਿਤਾ। ਗੁੱਸੇ ਤੇ ਕਾਬੂ ਪਾਕੇ ਤੇ ਠਰੰਮੇ ਵਿਚ ਆਕੇ ਉਸਨੇ ਸਾਲੀ ਨੂੰ ਫੋਨ ਲਾਇਆ। ਮੂਹਰਿਓਂ ਪੁੱਛੀ ਸੁੱਖ-ਸਾਂਦ ਦਾ ਜਵਾਬ ਦੇਣ ਦੀ ਥਾਂ ਉਸਨੇ ਉਸੇ ਵੇਲੇ ਹਮੀਰੇ ਵਾਲਿਆਂ ਨੂੰ ਰਿਸ਼ਤੇ ਦੀ ਨਾਂਹ ਪਹੁੰਚਾ ਦੇਣ ਬਾਰੇ ਕਹਿਕੇ ਫੋਨ ਕੱਟ ਦਿਤਾ।
ਥੱਪੜ ਖਾਣ ਤੋਂ ਬਾਦ ਕਿੰਦਾ ਜ਼ਖ਼ਮੀ ਸੱਪ ਵਾਂਗ ਵਿੱਸ ਘੋਲਦਾ ਰਿਹਾ। ਉਸਨੇ ਵਿਸਕੀ ਦੇ ਕਈ ਪੈੱਗ ਆਰਡਰ ਕੀਤੇ, ਪਰ ਨਸ਼ਾ ਨਹੀਂ ਸੀ ਹੋ ਰਿਹਾ। ਵਾਰ ਵਾਰ ਪੈੱਗ ਮੰਗੇ ਜਾਣ ਤੋਂ ਵੇਟਰਾਂ ਨੂੰ ਖਤਰਾ ਹੋ ਗਿਆ, ਕਿਤੇ ਹੋਟਲ ਵਿਚ ਕੋਈ ਚੰਦ ਨਾ ਚਾੜ ਦੇਵੇ। ਵੈਸੇ ਤਾਂ ਇਹੋ ਜਿਹੀਆਂ ਗਲਾਂ ਵੇਟਰਾਂ ਲਈ ਆਮ ਸਨ। ਇਕ ਵੇਟਰ ਨੇ ਕਮਰਾ ਲੈਣ ਤੋਂ ਅੱਧੇ ਘੰਟੇ ਬਾਦ ਹਰਮੀਤ ਨੂੰ ਕਾਹਲੇ ਪੈਰੀਂ ਬਾਹਰ ਜਾਂਦਿਆਂ ਵੇਖਿਆ ਸੀ। ਉਸਨੇ ਮੈਨੇਜਰ ਨੂੰ ਦਸਿਆ ਤਾਂ ਉਸਨੂੰ ਹੋਰ ਸ਼ਰਾਬ ਤੋਂ ਮਨ੍ਹਾਂ ਕਰਕੇ ਕਮਰੇ ਦੀ ਹਰ ਗਤੀਵਿਧੀ ਤੇ ਨਜਰ ਰਖਵਾ ਦਿਤੀ। ਕਿੰਦੇ ਨੇ ਰਾਤ ਉਸਲਵੱਟੇ ਭੰਨਦਿਆਂ ਕੱਟੀ। ਸੀਨ ਚੇਤੇ ਕਰਦਿਆਂ ਈ ਉਸਨੂੰ ਹੋਰ ਥੱਪੜ ਵੱਜਦਾ ਮਹਿਸੂਸ ਹੁੰਦਾ। ਦੁਪਹਿਰੇ ਘਰ ਪਹੁੰਚਾ ਤਾਂ ਕਿਸੇ ਨੇ ਉਸਨੂੰ ਬੁਲਾਇਆ ਨਾ। ਉਸਦੀ ਮੰਮੀ ਨੇ ਕਿਥੋਂ ਆਇਆਂ ਬਾਰੇ ਨਾ ਪੁੱਛਿਆ। ਕਿੰਦੇ ਨੂੰ ਸਮਝਣ ਚ ਦੇਰ ਨਾ ਲਗੀ ਕਿ ਕਲ ਵਾਲੀ ਕਰਤੂਤ ਉਸਤੋਂ ਪਹਿਲਾਂ ਘਰ ਪਹੁੰਚ ਚੁੱਕੀ ਹੈ। ਬਿਨਾਂ ਕਪੜੇ ਬਦਲੇ ਉਹ ਬੈਡ ਤੇ ਜਾ ਡਿੱਗਾ ਤੇ ਨੀਂਦ ਨੇ ਪਕੜ ਵਿਚ ਲੈ ਲਿਆ।
ਅਗਲੀ ਸਵੇਰ ਉਠਿਆ ਤਾਂ ਉਸਦੇ ਅੰਦਰੋਂ ਮਰਦਾਵੀਂ ਹੈਂਕੜ ਗਾਇਬ ਸੀ। ਰੋਜ ਵਾਂਗ ਮਾਂ-ਪਿਉ ਚੋਂ ਕਿਸੇ ਨੇ ਉਸਨੂੰ ਉਠਾਇਆ ਨਹੀ ਸੀ। ਪਰ ਕਮਰੇ ਵਿਚ ਆਈ ਮੰਮੀ ਨੂੰ ਉਸਦਾ ਉਤਰਿਆ ਮੂੰਹ ਵੇਖਕੇ ਤਰਸ ਆ ਗਿਆ। ਆਖਰ ਮਾਂ ਸੀ। ਸ਼ਾਇਦ ਕੁਦਰਤ ਮਾਵਾਂ ਦੇ ਹਿੱਰਦੇ ਇਸੇ ਕਰਕੇ ਮੋਮ ਵਰਗੇ ਬਣਾਉਂਦੀ ਐ ਕਿ ਜਲਦੀ ਪੰਘਰ ਜਾਣ।
“ਕਿੰਦੇ ਤੂੰ ਠੀਕ ਵੀ ਹੈਂ, ਮੂੰਹ ਹੱਥ ਧੋਕੇ ਰਸੋਈ ‘ਚ ਆਜਾ, ਰਾਤੀਂ ਭੁੱਖਾ ਈ ਸੌਂ ਗਿਆ ਸੈਂ। ਮੈਂ ਤੇਰੇ ਲਈ ਗੋਭੀ ਵਾਲੇ ਪਰੌਂਠੇ ਲਾਹੁੰਨੀ ਆਂ।“ ਪੇਕਿਆਂ ਦਾ ਉਲਾਂਭਾ ਪਾਸੇ ਕਰਕੇ ਉਸਦੀ ਮਮਤਾ ਉੱਭਰ ਆਈ। ਸਵੇਰ ਦਾ ਖੇਤਾਂ ਨੂੰ ਗਿਆ ਕਿੰਦੇ ਦਾ ਬਾਪੂ ਦੇਰ ਰਾਤ ਘਰ ਮੁੜਿਆ। ਮੁੰਡੇ ਦੀ ਕਰਤੂਤ ਕਾਰਣ ਰਿਸ਼ਤਾ ਟੁੱਟਣ ਤੇ ਲੋਕ-ਨਮੋਸ਼ੀ ਡਰੋਂ ਰਾਤੀਂ ਭੜਕਿਆ ਉਸਦਾ ਗੁੱਸਾ ਢੈਲਾ ਹੋ ਗਿਆ ਹੋਇਆ ਸੀ। ਦਿਨ ਦੇ ਕੰਮ ਦਾ ਥਕੇਵਾਂ ਵੀ ਸੀ। ਬਿਨਾਂ ਕੋਈ ਗਲ ਕੀਤੇ ਰੋਟੀ ਖਾਕੇ ਉਹ ਪੈ ਗਿਆ। ਲੱਤਾਂ ਘੁੱਟਣ ਦੇ ਬਹਾਨੇ ਰਾਜੋ ਉਸਦਾ ਰਹਿੰਦਾ ਗੁੱਸਾ ਵੀ ਸ਼ਾਂਤ ਕਰਕੇ ਉੱਠੀ।
ਕਿੰਦਾ ਕਈ ਦਿਨ ਘਰੋਂ ਬਾਹਰ ਨਾ ਗਿਆ। ਰਖਣੇ ਚੋਂ ਨਸ਼ੇ ਵਾਲੀਆਂ ਪੁੜੀਆਂ ਘਟਦੀਆਂ ਵੇਖ ਉਸਨੇ ਮਿਕਦਾਰ ਘਟਾ ਲਈ। ਪੁੜੀਆਂ ਦੀ ਘਟਦੀ ਗਿਣਤੀ ਦੇ ਨਾਲ ਨਾਲ ਕਿੰਦਾ ਲਲਕ ਉਤੇ ਕਾਬੂ ਪਾਉਣ ਲਗਾ। ਆਖਰੀ ਪੁੜੀ ਦੇ ਉਸਨੇ ਚਾਰ ਹਿੱਸੇ ਕਰ ਲਏ। ਪੰਜਵੇਂ ਦਿਨ ਲਗੀ ਤੋੜ ਨੇ ਉਸਨੂੰ ਤੰਗ ਤਾਂ ਕੀਤਾ, ਪਰ ਮਨ ਤਕੜਾ ਕਰਕੇ ਉਸਨੇ ਜਰ ਲਿਆ। ਉਹ ਹਰ ਘੰਟੇ ਮਾਂ ਤੋਂ ਖਾਣ ਲਈ ਕੁਝ ਮੰਗਣ ਲਗ ਪਿਆ। ਮਾਪਿਆਂ ਨੂੰ ਪੁੱਤ ਦੇ ਨਸ਼ੇੜੀ ਹੋਣ ਦਾ ਪਤਾ ਕੁਝ ਮਹੀਨੇ ਪਹਿਲਾਂ ਹੀ ਲਗਾ ਸੀ, ਤਾਂ ਈ ਉਹ ਵਿਆਹ ਦੀ ਕਾਹਲੀ ਕਰਨ ਲਗੇ ਸੀ। ਘਰ ਰਹਿੰਦੇ ਮੁੰਡੇ ਨੂੰ ਆਪਣੇ ਆਪ ਵਿਚ ਆਉਂਦੇ ਵੇਖਕੇ ਰਾਜੋ ਦਾ ਮਨ ਸ਼ਾਹਦੀ ਭਰਨ ਲਗਾ ਕਿ ਮੋੜਾ ਪੈ ਗਿਐ। ਉਸਦੇ ਹੱਥ ਰੱਬ ਦੇ ਸ਼ੁਕਰਾਨੇ ਵਿਚ ਜੁੜਨ ਲਗ ਪਏ। ਉਸਨੇ ਕਿੰਨਾ ਸਾਰਾ ਡਰਾਈ-ਫਰੂਟ ਦੇਸੀ ਘਿਉ ਵਿਚ ਭੁੰਨਕੇ ਕਿੰਦੇ ਲਈ ਪਿੰਨੀਆਂ ਬਣਾਈਆਂ। ਖਾਣ ਲਈ ਕੁਝ ਮੰਗਣ ਤੇ ਉਹ ਪਿੰਨੀਆਂ ਵਾਲਾ ਡੱਬਾ ਮੂਹਰੇ ਕਰ ਦਿੰਦੀ।
ਕਿੰਦੇ ਦੇ ਘਰ ਰਹਿਣ ਵਾਲੇ ਦਿਨ ਤੋਂ ਬਾਦ ਰਾਜੋ ਨੇ ਵੇਖਿਆ ਕਿ ਉਹ ਅਲਮਾਰੀ ਵਿਚ ਪਈਆਂ ਕਿਤਾਬਾਂ ਦੀ ਝਾੜ ਪੂੰਝ ਕਰਕੇ ਪੜਨ ਲਗ ਪਿਆ ਸੀ। ਰਾਤ ਨੂੰ ਦੇਰ ਤਕ ਉਸਦੇ ਹੱਥ ਕਿਤਾਬ ਹੁੰਦੀ। ਰਾਜੋ ਨੂੰ ਉਸਦੇ ਸੁਭਾਅ ਤੇ ਆਦਤਾਂ ਵਿਚ ਬਦਲਾਅ ਆਉਂਦਾ ਮਹਿਸੂਸ ਹੋਣ ਲਗਾ। ਪੁੱਤ ਦੀ ਹਰ ਹਰਕਤ ਉਹ ਰਾਤ ਨੂੰ ਘਰ ਆਏ ਪਤੀ ਨਾਲ ਸਾਂਝੀ ਕਰਦੀ। ਘੰਟਾ ਦੋ ਘੰਟਾ ਕਹਿਕੇ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿਣ ਵਾਲਾ ਕਿੰਦਾ ਦੋਸਤਾਂ ਤੋਂ ਟਾਲਾ ਵੱਟਣ ਲਗ ਪਿਆ ਸੀ। ਕਿਸੇ ਦਾ ਫੋਨ ਆਉਂਦਾ, ਨੰਬਰ ਵੇਖਕੇ ਜਾਂ ਤਾਂ ਉਹ ਚੁੱਕਦਾ ਈ ਨਾ ਤੇ ਜਾਂ ਕਿਤੇ ਬਾਹਰ ਹੋਣ ਦਾ ਝੂਠ ਬੋਲ ਦੇਂਦਾ। ਰਾਜੋ ਉਸਨੂੰ ਗਲੀਂ ਲਾਉਣ ਲਗ ਪਈ ਤਾਂ ਕਿੰਦੇ ਨੇ ਹੋਟਲ ਵਾਲੀ ਕਰਤੂਤ ਸੱਚੋ ਸੱਚ ਦਸ ਦਿਤੀ। ਉਸਨੇ ਮਾਂ ਕੋਲ ਆਪਣਾ ਮਨ ਫਰੋਲਦਿਆਂ ਇਹ ਵੀ ਦਸ ਦਿਤਾ ਕਿ ਆਪਣੇ ਆਪ ਨੂੰ ਹਰਮੀਤ ਦੇ ਲਾਇਕ ਬਣਾਕੇ ਉਸਤੋਂ ਗਲਤੀ ਮਾਫ਼ ਕਰਾਏਗਾ ਤੇ ਫਿਰ ਆਪ ਜਾਕੇ ਉਸਦੇ ਮਾਪਿਆਂ ਤੋਂ ਮਾਫੀ ਮੰਗਕੇ ਉਨ੍ਹਾਂ ਨੂੰ ਆਪਣੇ ਸੁਧਰ ਜਾਣ ਦਾ ਭਰੋਸਾ ਦੇਕੇ ਝੋਲੀ-ਅੱਡ ਹਰਮੀਤ ਦਾ ਹੱਥ ਮੰਗੇਗਾ।
ਝੋਲੀ ਅੱਡਣ ਵਾਲੀ ਗਲ ਨੇ ਰਾਜੋ ਅੰਦਰਲੀ ਹਉਂ ਨੇ ਸਿਰ ਜਰੂਰ ਚੁੱਕਿਆ, ਪਰ ਮੂੰਹੋਂ ਕੁਝ ਨਾ ਬੋਲੀ। ਦੋ ਕੁ ਮਹੀਨੇ ਲੰਘੇ ਤਾਂ ਕਿੰਦਾ ਖੇਤਾਂ ਵਲ ਜਾਕੇ ਕੰਮਾਂ ਵਿਚ ਹੱਥ ਵੰਡਾਉਣ ਲਗ ਪਿਆ। ਉਹ ਅੱਜ ਹੋਰ, ਕਲ ਹੋਰ ਹੁੰਦਾ ਗਿਆ। ਇਕ ਦਿਨ ਉਸਨੇ ਹਰਮੀਤ ਨੂੰ ਫੋਨ ਲਾਏ, ਪਰ ਮੂਹਰਿਓਂ ਕਿਸੇ ਨੇ ਚੁੱਕੇ ਨਾ। ਉਸਨੇ ਆਪਣੇ ਆਪ ਨੂੰ ਸਵਾਲ ਕੀਤਾ, “ਜਦ ਸਾਡਾ ਕੋਈ ਵਾਸਤਾ ਈ ਨਹੀਂ ਰਿਹਾ ਤਾਂ ਉਹ ਗਲ ਕਿਉਂ ਕਰੂਗੀ ?” ਉਸਨੇ ਦੋ ਰਾਤਾਂ ਜਾਗਦਿਆਂ ਲੰਘਾ ਦਿਤੀਆਂ। ਹਰਮੀਤ ਉਸਦੀ ਰੂਹ ਵਿਚ ਰਵ ਚੁੱਕੀ ਸੀ। ਉਸਨੇ ਹਰਮੀਤ ਦੇ ਮਨ ਚੋਂ ਆਪਣੇ ਪ੍ਰਤੀ ਨਫਰਤ ਧੋਣ ਦਾ ਨਿਸ਼ਚਾ ਕਰ ਲਿਆ। ਕਿਤਾਬਾਂ ਚੋਂ ਉਹ ਉਨ੍ਹਾਂ ਲੋਕਾਂ ਦੀਆਂ ਉਦਾਹਰਣਾਂ ਪੜ ਚੁੱਕਾ ਸੀ, ਜਿੰਨਾਂ ਨੇ ਅਣਥੱਕ ਹੋਕੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਸੀ। ਉਹ ਆਪਣੇ ਆਪ ਨੂੰ ਉਨ੍ਹਾਂ ਸਫਲ ਲੋਕਾਂ ਮੂਹਰੇ ਖੜਾਕੇ ਆਪਣੇ ਮਨ ਨੂੰ ਸਵਾਲ ਕਰਨ ਲਗ ਪਿਆ।
“ਜੇ ਉਹ ਆਪਣੇ ਇਰਾਦਿਆਂ ਵਿਚ ਸਫਲ ਹੋ ਗੇ ਸੀ ਤਾਂ ਮੈਂ ਉਨ੍ਹਾਂ ਤੋਂ ਕਿਧਰੋਂ ਘੱਟ ਆਂ ?’’ ਆਪਣੇ ਆਪ ਨੂੰ ਕੀਤੇ ਸਵਾਲ ਉਤੇ ਉਸਦਾ ਮਨ ਆਪੇ ਈ ਸਫਲਤਾ ਦੀ ਗਵਾਹੀ ਭਰਨ ਲਗਦਾ ਤੇ ਉਹ ਹੋਰ ਤਕੜਾ ਹੋ ਗਿਆ ਮਹਿਸੂਸ ਕਰਨ ਲਗ ਜਾਂਦਾ।
ਰਿਸ਼ਤਾ ਟੁੱਟਣ ਤੋਂ ਬਾਦ ਤਿੰਨਾਂ ਰਿਸ਼ਤੇਦਾਰਾਂ ਨੇ ਇਕ ਦੂਜੇ ਤੋਂ ਚੁੱਪ ਵੱਟ ਲਈ ਸੀ। ਤਿੰਨ ਚਾਰ ਮਹੀਨੇ ਲੰਘੇ ਹੋਣਗੇ। ਕਿੰਦੇ ਨੇ ਮਾਂ-ਬਾਪ ਨੂੰ ਉਸਦੇ ਨਾਲ ਚਲਣ ਲਈ ਮਨਾ ਲਿਆ। ਮਾਪਿਆਂ ਨੂੰ ਝਾਕਾ ਤਾਂ ਲਗ ਰਿਹਾ ਸੀ, ਪਰ ਪੁੱਤਰ ਵਿਚ ਆਏ ਬਦਲਾਅ ਮੂਹਰੇ ਆਕੜਾਂ ਫਿੱਕੀਆਂ ਪੈਂ ਗਈਆਂ। ਉਨ੍ਹਾਂ ਨੂੰ ਮੀਤੋ ਦੇਵੀ ਜਾਪਣ ਲਗਦੀ, ਜਿਸਦੀ ਜੁਅਰਤ ਨੇ ਕਿੰਦੇ ਨੂੰ ਧੁਰ ਅੰਦਰ ਤਕ ਬਦਲ ਦਿਤਾ ਸੀ। ਕਿੰਦੇ ਨੇ ਬਾਪੂ ਨੂੰ ਉਸੇ ਮਾਡਲ ਵਾਲੀ ਕਾਰ ਲੈਣ ਲਈ ਮਨਾ ਲਿਆ ਸੀ, ਜਿਸਦੀ ਮੰਗ ਉਨ੍ਹਾਂ ਹਰਮੀਤ ਦੇ ਮਾਪਿਆਂ ਤੋਂ ਕੀਤੀ ਸੀ। ਕਾਰ ਦੀ ਕੀਮਤ ਚੋਂ ਘਟਦੀ ਰਕਮ ਦੇ ਕਰਜੇ ਦਾ ਪ੍ਰਬੰਧ ਕਿੰਦੇ ਨੇ ਬੈਂਕ ਵਿਚ ਲਗੇ ਆਪਣੇ ਆੜੀ ਰਾਹੀਂ ਕਰ ਲਿਆ ਸੀ। ਸ਼ਾਮ ਤਕ ਨਵੀਂ ਕਾਰ ਉਨ੍ਹਾਂ ਦੇ ਘਰ ਖੜੀ ਸੀ।
ਦੋ ਦਿਨ ਬਾਦ ਬਿਨਾਂ ਕਿਸੇ ਨੂੰ ਦਸੇ ਉਨ੍ਹਾਂ ਦੀ ਕਾਰ ਨੂਰਦੀ ਪਿੰਡ ਦਾ ਫਾਸਲਾ ਘਟਾ ਰਹੀ ਸੀ। ਕਿੰਦਾ ਸਹਿਜ ਜਿਹਾ ਹੋਕੇ ਕਾਰ ਚਲਾ ਰਿਹਾ ਸੀ। ਉਸਦੇ ਮਨ ਵਿਚ ਹਰਮੀਤ ਅਤੇ ਉਸਦੇ ਮਾਪਿਆਂ ਤੋਂ ਫੈਸਲਾ ਬਦਲਵਾ ਸਕਣ ਦੀ ਉਦੇੜ-ਬੁਣ ਚਲੀ ਜਾ ਰਹੀ ਸੀ। ਭਾਂਵੇ ਉਹ ਭਰੋਸੇ ਚ ਸੀ, ਪਰ ਕਦੇ ਕਦੇ ਡਰ ਸਿਰ ਚੁੱਕ ਲੈਂਦਾ ‘ਜੇ ਨਿਰਾਸ਼ ਮੁੜਨਾ ਪਿਆ ਤਾਂ ਕਿਤੇ ਮੇਰਾ ਮਨ ਸਚਾਈ ਦੀ ਜਿੱਤ ਵਾਲੇ ਵਿਸ਼ਵਾਸ਼ ਤੋਂ ਕਿਤੇ ਥਿੜਕ ਨਾ ਜਾਏ?‘
ਕਣਕਾਂ ਪੱਕੀਆਂ ਹੋਈਆਂ ਸੀ, ਪਰ ਵਾਢੀ ਅਜੇ ਭਖੀ ਨਹੀਂ ਸੀ। ਕੰਬਾਈਨ ਵਾਲਿਆਂ ਦੀ ਪਰੀਤਮ ਸਿੰਘ ਨਾਲ ਸਾਂਝ ਹੋਣ ਕਰਕੇ ਉਸ ਪਿੰਡ ਦੀ ਪਹਿਲ ਉਹ ਉਸੇ ਤੋਂ ਕਰਦੇ ਸੀ। ਕੰਬਾਈਨ ਵਾਲਾ ਭੱਟੀ ਉਸ ਦਿਨ ਇਹੀ ਦਸਣ ਆਇਆ ਸੀ ਕਿ ਉਹ ਤਿੰਨ ਦਿਨ ਬਾਦ ਉਸ ਪਿੰਡ ਪਹੁੰਚ ਜਾਣਗੇ। ਭੱਟੀ ਨੂੰ ਹੋਰਨਾਂ ਨਾਲ ਮਿਲਾਕੇ ਪਰੀਤਮ ਹਵੇਲੀ ਵੜਿਆ ਈ ਸੀ ਕਿ ਪਿੱਛੇ ਨਵੀਂ ਨਕੋਰ ਕਾਰ ਆ ਰੁਕੀ। ਕਿੰਦੇ ਨੇ ਮਾਪਿਆਂ ਨੂੰ ਲਾਹਿਆ ਤੇ ਆਪ ਕਾਰ ਨੂੰ ਮੋੜਕੇ ਲਾਉਣ ਲਗਾ। ਉਸਦਾ ਧਿਆਨ ਮਾਂ-ਪਿਉ ਨਾਲ ਹੁੰਦਾ ਵਿਹਾਰ ਵੀ ਨੋਟ ਕਰ ਰਿਹਾ ਸੀ। ਕਾਰ ਪਾਰਕ ਕਰਕੇ ਉਹ ਪਰੀਤਮ ਸਿੰਘ ਦੇ ਗੋਡੇ ਹੱਥ ਲਾਉਣ ਲਈ ਝੁਕਿਆ ਤਾਂ ਦੋਵੇਂ ਹੱਥਾਂ ਦੀ ਪਕੜ ਚੋਂ ਮਹਿਸੂਸ ਹੋਏ ਨਿੱਘ ਨੇ ਉਸਦਾ ਹੌਸਲਾ ਵਧਾ ਦਿਤਾ। ਰਾਜੋ ਨੂੰ ਵੀ ਮਹਿੰਦਰੋ ਦੀ ਜੱਫੀ ਚੋਂ ਬੇਗਾਨਗੀ ਮਹਿਸੂਸ ਨਾ ਹੋਈ। ਪ੍ਰਾਹੁਣਿਆਂ ਨੂੰ ਬੈਠਕ ਵਿਚ ਬਹਾਕੇ ਮਹਿੰਦਰੋ ਰਸੋਈ ਵਲ ਜਾਣ ਲਗੀ ਤਾਂ ਰਾਜੋ ਨੇ ਉਸਦੇ ਹੱਥ ਫੜਕੇ ਕੋਲ ਬਹਾ ਲਿਆ। ਅਸਲ ਵਿਚ ਰਾਜੋ ਹੋਰੀਂ ਆਪਣਾ ਮਾੜਾ ਪ੍ਰਭਾਵ ਧੋ ਕੇ ਹੀ ਗਲ ਤੋਰਨ ਦੀ ਵਿਉਂਤਬੰਦੀ ਕਰਕੇ ਆਏ ਸਨ।
ਅਸੀਂ ਤਾਂ ਜੀ ਅੱਜ ਤੁਹਾਡੇ ਤੋਂ ਮੁਆਫੀ ਮੰਗਣ ਆਏ ਆਂ, ਮੁੰਡੇ ਤੋਂ ਜਾਣੇ-ਅਨਜਾਣੇ ਜੋ ਗਲਤੀ ਹੋਈ, ਉਸ ਲਈ ਅਸੀਂ ਤਿੰਨੇ ਬੜੇ ਸ਼ਰਮਸਾਰ ਆਂ। ਪਰ ਭਾਅ ਜੀ, ਸੱਚ ਦਸਾਂ ਕਈ ਵਾਰ ਉਹ ਡਾਹਢਾ ਕੌਤਕ ਵਿਖਾਉਂਦਾ ਆ। ਅੱਜ ਮੈਂ ਤੁਹਾਨੂੰ ਉਹ ਸੱਚ ਵੀ ਦਸਾਂਗੀ, ਜੋ ਰਿਸ਼ਤੇ ਵੇਲੇ ਮੇਰੀ ਮਮਤਾ ਨੇ ਜਬਾਨ ਤੇ ਨਹੀਂ ਸੀ ਆਉਣ ਦਿਤਾ।
ਰਾਜੋ ਨੇ ਜਾਣੇ-ਅਣਜਾਣੇ ਕਹਿਕੇ ਮਮਤਾ ਨੂੰ ਝੂਠੀ ਪੈਣ ਤੋਂ ਬਚਾਅ ਲਿਆ ਸੀ ਤੇ ਆਪਣੇ ਆਪ ਨੂੰ ਕੁੜੀ ਵਾਲਿਆਂ ਮੂਹਰੇ ਤਰਸ ਦੇ ਪਾਤਰ ਵੀ ਬਣਾ ਲਿਆ। ਇਸਤੋਂ ਪਹਿਲਾਂ ਕਿ ਕੋਈ ਹੋਰ ਗਲ ਕਰਕੇ ਉਸਦੀ ਲੜੀ ਤੋੜਦਾ, ਰਾਜੋ ਨੇ ਅੱਗੇ ਗਲ ਤੋਰੀ।
“ਇਹ ਕਾਲਜ ਪਾਸ ਕਰਕੇ ਹਟਿਆ ਈ ਸੀ ਕਿ ਨਸ਼ੇੜੀ ਯਾਰ ਬੇਲੀਆਂ ਤੇ ਢਹੇ ਚੜ ਗਿਆ। ਸਾਨੂੰ ਵੀ ਦੋ-ਤਿੰਨ ਮਹੀਨੇ ਬਾਦ ਪਤਾ ਲਗਾ ਸੀ। ਅਸੀਂ ਸਿਰ ਦੀਆਂ ਠੀਕਰੀਆਂ ਭੰਨ ਲਈਆਂ, ਪਰ ਇਸਤੇ ਅਸਰ ਨਾ ਹੋਇਆ। ਤੁਹਾਡੇ ਵਰਗੇ ਸੱਜਣ ਨੇ ਕਿਹਾ ਵਿਆਹ ਕਰਦਿਓ, ਆਪੇ ਸੁਧਰ ਜਾਊਗਾ। ਇਸੇ ਕਰਕੇ ਅਸੀਂ ਭਾਬੀ ਜੁਗਿੰਦਰੋ ਦਾ ਤਰਲਾ ਮਾਰਿਆਂ ਸੀ। ਅਸੀਂ ਆਪਣੇ ਆਪ ਨੂੰ ਵੱਡਭਾਗੇ ਸਮਝਦੇ ਆਂ, ਕੁੜੀ ਦੀ ਇਕ ਚਪੇੜ ਨੇ ਮੁੰਡੇ ਦੀ ਆਦਤ ਤਾਂ ਕੀ ਇਸਦਾ ਖੂਨ ਬਦਲਕੇ ਰਖਤਾ। ਭਾਅ ਜੀ ਸੱਚ ਦਸਦੀ ਆਂ, ਯਕੀਨ ਨਈਂ ਆਉਂਦਾ, ਇਹ ਉਹੀ ਕਿੰਦਰ ਆ।“ ਰਾਜੋ ਗਲਾਂ ਦੇ ਨਾਲ ਨਾਲ ਸੁਣਨ ਵਾਲਿਆਂ ਉਤੇ ਪੈਂਦਾ ਪ੍ਰਭਾਵ ਵੀ ਨੋਟ ਕਰੀ ਜਾ ਰਹੀ ਸੀ। ਆਖਰ ਦੋਹਾਂ ਨੇ ਮੰਗਵੇਂ ਅੰਦਾਜ ਵਿਚ ਰਿਸ਼ਤੇ ਨੂੰ ਬਣੇ ਰਹਿਣ ਦਾ ਤਰਲਾ ਮਾਰਕੇ ਆਪਣੇ ਆਪ ਨੂੰ ਤਰਸ ਦੇ ਪਾਤਰ ਬਣਾ ਲਿਆ।
ਤਦੇ ਹਰਮੀਤ ਚਾਹ ਲੈ ਆਈ। ਰਾਜੋ ਉੱਠੀ ਤੇ ਕੁੜੀ ਨੂੰ ਬਾਹਾਂ ਵਿਚ ਘੁੱਟਦਿਆਂ ਮੋਹ ਜਿਤਾਉਂਦੇ ਹੋਏ ਭਾਵੁਕਤਾ ਦੇ ਹੜ੍ਹ ਵਿਚ ਰੋੜ ਲਿਆ। ਮਹਿੰਦਰੋ ਚਾਹ ਦੇ ਨਾਲ ਨਿੱਕ ਸੁੱਕ ਵਰਤਾਉਣ ਲਗ ਪਈ। ਮਹੌਲ ਬੜਾ ਸੁਖਾਵਾਂ ਹੋਕੇ ਅਪਣੱਤ ਨਾਲ ਭਰ ਗਿਆ। ਕਿੰਦਾ ਹਰਮੀਤ ਮੂਹਰੇ ਨੀਵੀਂ ਪਾਈ ਬੈਠਾ ਸੀ। ਹਰਮੀਤ ਹੈਰਾਨ ਸੀ ਕਿ ਇਸਦੀ ਉਸ ਦਿਨ ਵਾਲੀ ਹੈਵਾਨੀਅਤ ਕਿਧਰ ਗਈ। ਸਾਂਵੇ ਜਿਹੇ ਮਹੌਲ ਵਿਚ ਹੋਰ ਗਲਾਂ ਵੀ ਹੁੰਦੀਆਂ ਰਹੀਆਂ। ਰਾਜੋ ਨੇ ਦਾਜ ਅਤੇ ਨੱਕ ਰਹਿਣ ਵਾਲੀਆਂ ਗਲਾਂ ਨੂੰ ਪਾਸੇ ਸੁੱਟਦਿਆਂ ਕੁੜੀ ਨੂੰ ਤਿੰਨ ਕਪੜਿਆਂ ਵਿਚ ਤੋਰਨ ਦੀ ਮੰਗ ਕਰਦਿਆਂ ਝੋਲੀ ਅੱਡਣ ਵਾਂਗ ਚੁੰਨੀ ਦੇ ਦੋਹੇਂ ਪੱਲੇ ਫੜ ਲਏ। ਮਹਿੰਦਰੋ ਨੇ ਸ਼ਰਮਿੰਦਗੀ ਦਾ ਅਹਿਸਾਸ ਕਰਦਿਆਂ ਰਾਜੋ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਲਏ। ਪੱਥਰ ਪੰਘਰਾ ਦੇਣ ਵਰਗੇ ਭਾਵੁਕ ਮਹੌਲ ਵਿਚ ਪਰੀਤਮ ਸਿੰਘ ਨੇ ਮਹਿੰਦਰੋ ਦਾ ਇਸ਼ਾਰਾ ਸਮਝਿਆ ਤੇ ਫਿਰ ਧੀ ਦੀਆਂ ਅੱਖਾਂ ਚੋਂ ਹਾਂ ਦੀ ਝਲਕ ਵੇਖਕੇ ਕਿੰਦੇ ਦੇ ਬਾਪ ਨੂੰ ਜੱਫੀ ਵਿਚ ਲੈ ਲਿਆ। ਦੋਹਾਂ ਮਾਵਾਂ ਨੇ ਇਕ ਦੂਜੀ ਨੂੰ ਵਧਾਈ ਦਿੰਦਿਆਂ ਵੱਖੀ ਨਾਲ ਘੁੱਟ ਲਿਆ। ਟੁੱਟੀ ਟਾਹਣੀ ਫਿਰ ਰਹੀ ਹੋਕੇ ਲਹਿ ਲਹਿ ਕਰਨ ਲਗ ਪਈ। ਕਿੰਦੇ ਨੂੰ ਪਤਾ ਨਹੀਂ ਸੀ ਲਗ ਰਿਹਾ ਕਿ ਉਹ ਪਹਿਲਾਂ ਰੱਬ ਦਾ ਸ਼ੁਕਰਾਨਾ ਕਰੇ ਜਾਂ ਹਰਮੀਤ ਦੇ ਹੱਥ ਫੜਕੇ ਆਪਣੇ ਮੱਥੇ ਤੇ ਲਾਏ।
ਸੁਖਾਵੇਂ ਮਹੌਲ ਵਿਚ ਵਿਆਹ ਦੇ ਪ੍ਰੋਗਰਾਮ ਤੈਅ ਹੋਣ ਲਗ ਪਏ। ਪਰ ਪਹਿਲਾਂ ਤੋਂ ਵਖਰੇਵਾਂ ਕਿ ਕੋਈ ਵਿਚੋਲਾ ਨਹੀਂ ਸੀ। ਸਾਰਾ ਕੁਝ ਆਹਮੋ-ਸਾਹਮਣੇ ਵਿਚਾਰਿਆ ਜਾ ਰਿਹਾ ਸੀ। ਪਿਛਲੀ ਵਾਰ ਵਿਚੋਲਣ ਰਾਹੀਂ ਮੰਗਾਂ ਰਖਣ ਵਾਲਿਆਂ ਦੇ ਸਿਰ ਨਾਂਹ ਵਿਚ ਹਿੱਲ ਰਹੇ ਸਨ। ਸਮਾਜਿਕ ਨੱਕ ਵਾਲੀ ਹੋਂਦ ਗਾਇਬ ਸੀ। ਵਾਰ ਵਾਰ ਰਾਜੋ ਦੀ ਸੂਈ ਚੁੰਨੀ ਚੜਾਉਣ ਵਾਲੀ ਗਲ ਤੇ ਅਟਕ ਜਾਂਦੀ। ਆਖਰ ਥੋੜੀ ਜਿਹੀ ਬਰਾਤ ਅਤੇ ਦਹੇਜ-ਮੁਕਤ ਰਸਮ ਉਤੇ ਸਹਿਮਤੀ ਪ੍ਰਗਟਾ ਕੇ ਆਉਂਦੇ ਅਗਲੇ ਐਤਵਾਰ ਦਾ ਦਿਨ ਪੱਕਾ ਹੋ ਗਿਆ।
ਮੁੰਡੇ ਦੇ ਟੁੱਟੇ ਰਿਸ਼ਤੇ ਨੂੰ ਗੰਢ ਮਾਰਕੇ ਖੁਸ਼ੀ ਵਿਚ ਖੀਵੇ ਹੋਏ ਮਾਪਿਆਂ ਦੀ ਪੂਰੀ ਸੁਰਤ ਉਦੋਂ ਪਰਤੀ, ਜਦ ਕਿੰਦਾ ਨਾਨਕਿਆਂ ਦਾ ਦਰ ਖੁਲਵਾਉਣ ਲਈ ਹੌਰਨ ਮਾਰੀ ਜਾ ਰਿਹਾ ਸੀ। ਉਂਜ ਵੀ ਮੁੰਡੇ ਦੇ ਵਿਆਹ ਦਾ ਪਹਿਲਾਂ ਨਿਉਤਾ ਨਾਨਕਿਆਂ ਨੂੰ ਦੇਣਾ ਬਣਦਾ ਸੀ। ਵਧਾਈਆਂ ਦੇ ਨਾਲ ਨਾਲ ਨਣਦ-ਭਾਬੀ ਤੇ ਸਾਲੇ ਜੀਜੇ ਦੀਆਂ ਜੱਫੀਆਂ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਕਿੰਦਾ ਪਿੱਛੇ ਖੜਾ ਦ੍ਰਿਸ਼ ਵੇਖਕੇ ਮਾਣ ਨਾਲ ਚੌੜਾ ਹੋਈ ਜਾ ਰਿਹਾ ਸੀ। ਆਪਣੀ ਗਲਤੀ ਕਾਰਣ ਰਿਸ਼ਤਿਆਂ ਚ ਆਈ ਖਟਾਸ ਨੂੰ ਮਿਠਾਸ ਵਿਚ ਬਦਲਣਾ ਮਾਣ ਵਾਲੀ ਗਲ ਸੀ। ਕਿੰਦੇ ਵਲ ਟੀਰੀ ਅੱਖ ਝਾਕਣ ਵਾਲੇ ਮਾਮਾ-ਮਾਮੀ ਨੂੰ ਉਸ ਉਤੇ ਫਖਰ ਹੋਣ ਲਗਾ। ਉਹ ਨਾਨਕ-ਸ਼ੱਕ ਬਾਰੇ ਗਲ ਛੇੜਨ ਈ ਲਗੇ ਸੀ ਕਿ ਰਾਜੋ ਨੇ ਗਲ ਖੋਲ ਦਿਤੀ ਕਿ ਉਨ੍ਹਾਂ ਨੂੰ ਚੀਜਾਂ ਦੀ ਥਾਂ ਸਿਰਫ ਤੇ ਸਿਰਫ ਪਿਆਰ ਤੇ ਅਸੀਸਾਂ ਦੀ ਲੋੜ ਹੈ।
ਵਿਆਹ ਵਾਲੇ ਦਿਨ ਦੋਹਾਂ ਪਰਵਾਰਾਂ ਦੇ ਚਾਵਾਂ ਦੀ ਝਲਕ ਉਨ੍ਹਾਂ ਦੇ ਚਿਹਰਿਆਂ ਤੋਂ ਡੁੱਲ ਡੁੱਲ ਪੈ ਰਹੀ ਸੀ। ਸੁਹਿਰਦ ਰਿਸ਼ਤੇਦਾਰਾਂ ਤੋਂ ਵੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਪਰ ਕੁਝ ਬਰਾਤੀਆਂ ਦੇ ਮਨਾਂ ਵਿਚਲੀ ਮੁੰਦਰੀ-ਝਾਕ ਦਾ ਪ੍ਰਗਟਾਵਾ ਉਨ੍ਹਾਂ ਦੇ ਉਤਰੇ ਚਿਹਰੇ ਦਰਸਾਉਂਦੇ ਸਨ । ਸਮਾਜ ਦੇ ਲੰਮੇ ਨੱਕਾਂ ਨੂੰ ਚੁਣੌਤੀ ਦੇਣ ਵਾਲੇ ਵਿਆਹ ਦੀ ਲੋਕ-ਚਰਚਾ ਹੋਣੀ ਕੁਦਰਤੀ ਸੀ। ਕਿਸੇ ਚੰਗਾ ਤੇ ਕਿਸੇ ਮਾੜਾ ਕਹਿਕੇ ਮਨ ਹੌਲੇ ਕਰ ਲਏ।
ਸਹੁਰੇ ਘਰ ਪੈਰ ਪਾਕੇ ਹਰਮੀਤ ਨੂੰ ਉਹ ਆਪਣਾ ਲਗਣ ਲਗ ਪਿਆ। ਕਿੰਦੇ ਦੇ ਵਰਤਾਅ ਕਾਰਣ ਦਿਨ-ਬਦਿਨ ਉਸਦੀ ਅਪਣੱਤ ਵਧਦੀ ਗਈ। ਹੋਟਲ ਵਾਲੀ ਗਲ ਯਾਦ ਕਰਕੇ ਉਹ ਥੱਪੜ ਵਾਲੇ ਹੌਸਲੇ ਲਈ ਮੈਡਮ ਪਰਮਜੀਤ ਦੇ ਸਾਹਮਣੇ ਜਾ ਖੜੋਂਦੀ। ਕਿੰਦੇ ਦਾ ਬਦਲਾਅ ਚਿਤਵਦਿਆਂ ਉਸਦੇ ਕੰਨੀਂ ਮਾਸਟਰ ਮਨਜੀਤ ਸਿੰਘ ਦੇ ਸ਼ਬਦ ਗੂੰਜਣ ਲਗ ਜਾਂਦੇ। ਉਹ ਕਿਹਾ ਕਰਦੇ ਸੀ,
“ਘਟਨਾ ਤੇ ਅੱਖਰ ਰੱਬ ਤੋਂ ਵੱਡੀ ਕਰਾਮਾਤ ਕਰ ਜਾਂਦੇ ਨੇ। ਬੰਦੇ ਦੇ ਮਨ ਵਿਚ ਚੰਗਾਈ ਦੀ ਚਿਣਗ ਬਾਲ ਦੇਂਦੀਆਂ ਨੇ ਘਟਨਾਵਾਂ ਤੇ ਉਂਗਲੀ ਫੜਕੇ ਤੋਰ ਲੈਂਦੀ ਹੈ ਮਨ ਵਿਚ ਘਰ ਕਰ ਗਈ ਸ਼ਬਦਾਂ ਵਿਚ ਲਿਪਟੀ ਉਦਾਹਰਣ।“
ਕੁਝ ਪੜਦੇ ਹੋਏ ਥੱਪੜ ਸ਼ਬਦ ਉਤੇ ਆਕੇ ਕਿੰਦੇ ਦੇ ਮਨ ਚ ਅਤੀਤ ਜਾਗ ਆਉਂਦਾ। ਉਸਨੂੰ ਇਹ ਸ਼ਬਦ ਚੰਗਾ ਲਗਣ ਲਗ ਜਾਂਦਾ। ਜਿੰਦਗੀ ਦੇ ਉਤਰਾਅ-ਚੜਾਅ ਚਿਤਵਦਿਆਂ ਉਸਨੂੰ ਉਹ ਥੱਪੜ ਕਰਾਮਾਤੀ ਲਗਦਾ, ਜਿਸਦੇ ਇੱਕੋ ਧੱਕੇ ਨਾਲ ਉਸਨੇ ਨਰਕ ਤੋਂ ਸਵਰਗ ਤਕ ਦਾ ਸਫਰ ਤੈਅ ਕਰ ਲਿਆ ਸੀ। ਸੰਪਰਕ +16044427676 Date 27-04-2022

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)