ਕਹਾਣੀ ਕਰਾਮਾਤੀ ਥੱਪੜ ਗੁਰਮਲਕੀਅਤ ਸਿੰਘ ਕਾਹਲੋਂ
ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ-ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸੀ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿਚ ਉਹ ਚੰਗੇ ਨੰਬਰ ਲੈਣ ਲਗਦੇ। ਮਾਨਸਿਕ ਤੌਰ ਤੇ ਸਮੇਂ ਦੇ ਹਾਣੀ ਬਣਾਉਣ ਅਤੇ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਬਣਾਉਣ ਲਈ ਉਹ ਵਿਦਿਆਰਥੀਆਂ ਨੂੰ ਵਿਸ਼ਾ-ਮਾਹਿਰਾਂ ਦੇ ਰੂਬਰੂ ਕਰਾਉਂਦੇ ਰਹਿੰਦੇ। ਇੰਜ ਜਵਾਨੀ ਵਲ ਪੈਰ ਪੁੱਟਦੇ ਮੁੰਡੇ-ਕੁੜੀਆਂ ਜਾਣਕਾਰੀ ਪ੍ਰਤੀ ਰੁੱਚਿਤ ਹੋਣ ਲਗਦੇ। ਮਾਸਟਰ ਜੀ ਸਮਝਦੇ ਸਨ ਕਿ ਬਹੁਤੇ ਸਕੂਲਾਂ ਵਿਚ ਚੜਦੀ ਉਮਰੇ ਲੜਕੀਆਂ ਦੀਆਂ ਸਰੀਰਕ ਕਿਰਿਆਵਾਂ ਵਿਚ ਹੋਣ ਵਾਲੇ ਬਦਲਾਵਾਂ ਬਾਰੇ ਉਨ੍ਹਾਂ ਨੂੰ ਅਗਾਂਊਂ ਸਿਖਿਅਕ ਕਰਨ ਦੀ ਜਰੂਰੀ ਲੋੜ ਨੂੰ ਗੌਲਿਆ ਨਹੀਂ ਜਾਂਦਾ। ਇਸੇ ਲਈ ਉਨ੍ਹਾਂ ਇਹ ਜਿੰਮੇਵਾਰੀ ਮੈਡਮ ਪਰਮਜੀਤ ਨੂੰ ਸੌਂਪ ਦਿਤੀ ਤੇ ਰੋਜ ਦਾ ਇਕ ਪੀਰੀਅਡ ਇਸੇ ਵਾਸਤੇ ਦੇ ਦਿਤਾ ਸੀ। ਉਸ ਪੀਰੀਅਡ ਹਰ ਕੁੜੀ ਬੇਝਿੱਜਕ ਹੋਕੇ ਮਨ ਦੇ ਸਵਾਲ ਮੈਡਮ ਤੋਂ ਪੁੱਛ ਸਕਦੀ। ਕੁੜੀਆਂ ਦੀ ਝਿੱਜਕ ਲਾਹੁਣ ਲਈ ਮੈਡਮ ਉਨ੍ਹਾਂ ਦੀ ਗਲ ਇਕੱਲਿਆਂ ਸੁਣਦੇ ਤੇ ਅਪਣੱਤ ਜਿਤਾ ਕੇ ਉਨ੍ਹਾਂ ਦੇ ਮਨਾਂ ‘ਚੋਂ ਝਾਕਾ ਲਾਹ ਲੈਂਦੇ। ਮੈਡਮ ਨੂੰ ਕੁੜੀਆਂ ਦੇ ਮਨਾਂ ਵਿਚ ਨਵੀਆਂ ਗਲਾਂ ਸਿੱਖਣ ਦਾ ਜਗਿਆਸੂ ਦੀਵਾ ਬਾਲਣ ਦਾ ਢੰਗ ਵੀ ਆਉਂਦਾ ਸੀ। ਜਵਾਨ ਹੁੰਦੀਆਂ ਕੁੜੀਆਂ ਮਨਾਂ ਚ ਪੈਦਾ ਹੋਏ ਉਹ ਸਵਾਲ ਵੀ ਮੈਡਮ ਨੂੰ ਪੁੱਛਣ ਲਗ ਪੈਂਦੀਆਂ, ਜੋ ਉਨ੍ਹਾਂ ਚੋਂ ਕੁਝ ਮਾਵਾਂ ਨੂੰ ਪੁੱਛਣ ਤੋਂ ਝਿੱਜਕਦੀਆਂ ਸਨ। ਸਕੂਲ ਦੀਆਂ ਸਭ ਕੁੜੀਆਂ ਦੇ ਮਨਾਂ ‘ਚ ਮੈਡਮ ਪਰਮਜੀਤ ਨਾਲ ਅਪਣੱਤ ਵਾਲੀ ਸੋਚ ਤੇ ਸਾਂਝ ਬਣ ਜਾਂਦੀ।
ਹਰਮੀਤ ਨੇ ਦਸਵੀਂ ਉਸੇ ਸਕੂਲ ‘ਚੋਂ ਕੀਤੀ ਸੀ। ਅਗਲੀ ਪੜਾਈ ਲਈ ਉਸਨੇ ਪਿੰਡੋਂ ਦੂਰ ਸ਼ਹਿਰ ਵਾਲੇ ਕਾਲਜ ਦਾਖਲ ਹੋਣਾ ਸੀ। ਮਾਂ ਪਿਓ ਹਰਮੀਤ ਨੂੰ ਅੱਗੇ ਪੜਾਉਣਾ ਚਾਹੁੰਦੇ ਸਨ। ਪਰ ਰੋਜ ਰੋਜ ਛਪਦੀਆਂ ਤੇ ਸੁਣੀਂਦੀਆਂ ਬੁਰੀਆਂ ਖਬਰਾਂ ਉਨ੍ਹਾਂ ਨੂੰ ਦੁਚਿੱਤੀ ‘ਚ ਪਾਉਂਦੀਆਂ। ਪਰੀਤਮ ਸਿੰਘ ਡਰਦਾ ਕਿ ਕਿਸੇ ਅਣਹੋਣੀ ਨੇ ਉਸਨੂੰ ਸਮਾਜ ਵਿਚ ਮੂੰਹ ਦਿਖਾਉਣ ਜੋਗੇ ਨਹੀਂ ਛਡਣਾ। ਧੀ ਦੇ ਨਤੀਜੇ ਤੋਂ ਬਾਦ ਉਹ ਉਸਦੇ ਭਵਿੱਖ ਅਤੇ ਤੌਂਖਲਿਆਂ ਨੂੰ ਤੱਕੜੀ ਦੇ ਪੱਲਿਆਂ ਵਾਂਗ ਤੋਲਣ ਲਗ ਜਾਂਦਾ। ਹਰ ਵਾਰ ਉਸ ਮੂਹਰੇ ਧੀ ਦੇ ਚੰਗੇ ਭਵਿੱਖ ਵਾਲਾ ਪਲੜਾ ਭਾਰੀ ਹੋ ਜਾਂਦਾ।
ਉਸ ਦਿਨ ਗਰਮੀ ਸਿਖਰ ਤੇ ਸੀ। ਖੇਤਾਂ ਚੋਂ ਆਕੇ ਪਰੀਤਮ ਵਿਹੜੇ ਵਾਲੀ ਨਿੱਮ ਦੇ ਤਣੇ ਨਾਲ ਜੋੜਕੇ ਡੱਠੇ ਹੋਏ ਤਖਤਪੋਸ਼ ‘ਤੇ ਬੈਠ ਗਿਆ। ਮਹਿੰਦਰ ਕੌਰ ਪਾਣੀ ਲੈਕੇ ਆਈ ਤਾਂ ਉਸਨੇ ਜੱਗ ਗਲਾਸ ਪਾਸੇ ਰਖਵਾ ਕੇ ਉਸਨੂੰ ਬਾਹੋਂ ਫੜਕੇ ਕੋਲ ਬੈਠਾ ਲਿਆ। ਮਹਿੰਦਰ ਕੌਰ ਹੈਰਾਨ ਕਿ ਅੱਜ ਐਨਾ ਮੋਹ ਕਿਥੋਂ ਜਾਗ ਪਿਆ।
“ਕੀ ਗਲ ਮੀਤੋ ਦੇ ਡੈਡੀ, ਅੱਜ ਭੰਗ ਤੇ ਨਹੀਂ ਪਿਆ ‘ਤੀ ਕਿਸੇ ਨੇ,” ਪਤੀ ਦੀ ਰਗ ਰਗ ਤੋਂ ਵਾਕਫ ਪਤਨੀ ਦੇ ਮਨ ‘ਚੋਂ ਸਵਾਲ ਉਠਣਾ ਸੁਭਾਵਿਕ ਸੀ।
“ਨਹੀਂ ਕਰਮਾਂ ਵਾਲੀਏ, ਹਰੇ ਪੱਤਿਆਂ ਵਾਲੀ ਭੰਗ ਤਾਂ ਨਹੀਂ ਪੀਤੀ, ਪਰ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਵਾਲੀ ਭੰਗ ਆਪਣੇ ਮਨ ਵਿਚ ਜਰੂਰ ਬੀਜ ਲਈ ਏ, ਜਿਸਦਾ ਨਸ਼ਾ ਹੁਣ ਸਾਨੂੰ ਉਡਾਈ ਫਿਰਿਆ ਕਰੂ।“ ਪਰੀਤਮ ਸਹਿਜ-ਸੁਭਾਅ ਬੋਲ ਗਿਆ।
ਧੀ ਦੇ ਸੁਪਨਿਆਂ ਵਾਲੀ ਗਲ ਚੋਂ ਮਹਿੰਦਰੋ ਨੇ ਸਮਝਿਆ, ਕਿਸੇ ਚੰਗੇ ਰਿਸ਼ਤੇ ਦੀ ਦਸ ਪਈ ਹੋਊ ਮੀਤੋ ਲਈ। ਜਵਾਨ ਹੁੰਦੀਆਂ ਧੀਆਂ ਦੀਆਂ ਮਾਵਾਂ ਦੇ ਜਿਹਨ ਵਿਚ ਇੰਜ ਦੀ ਗਲ ਮੂਹਰੇ ਈ ਪਈ ਹੁੰਦੀ ਐ। ਉਹ ਪਤੀ ਦੀਆਂ ਅੱਖਾਂ ਚੋਂ ਉਸਦੀ ਗਲ ਦੀ ਰਮਜ਼ ਪੜਨ ਲਗੀ। ਪਰ ਸੂਈ ਰਿਸ਼ਤੇ ਵਾਲੀ ਗਲ ਤੋਂ ਅਗਾਂਹ ਨਹੀਂ ਸੀ ਤੁਰ ਰਹੀ। ਪਰੀਤਮ ਸਿੰਘ ਨੇ ਪਾਣੀ ਵਾਲਾ ਜੱਗ ਖਾਲੀ ਕਰਕੇ ਗਲਾਸ ਪਰੇ ਰਖਿਆ ਤੇ ਨਿੰਮ ਨਾਲ ਢੋਅ ਲਾਕੇ ਲੱਤਾਂ ਨਿਸਾਰ ਕੇ ਅਰਾਮ ਨਾਲ ਬੈਠ ਗਿਆ। ਉਹ ਹੈਰਾਨ ਵੀ ਸੀ ਕਿ ਮਹਿੰਦਰੋ ਨੇ ਅਗਲਾ ਸਵਾਲ ਅਜੇ ਪੁੱਛਿਆ ਕਿਉਂ ਨਹੀਂ। ਹਰ ਇਨਸਾਨ ਮਨ ਦੀ ਦ੍ਰਿੜਤਾ ਦੇ ਪ੍ਰਗਟਾਵੇ ਚੋਂ ਵੀ ਮਜਾ ਲੈਂਦਾ। ਉਹੀ ਲਹਿਰ ਪਰੀਤਮ ਸਿੰਘ ਦੇ ਮਨ ਵਿਚ ਗੇੜੇ ਕੱਢ ਰਹੀ ਸੀ। ਇਧਰ ਉਧਰ ਵੇਖਕੇ ਉਸਨੇ ਸੱਜੇ ਪਾਸੇ ਬੈਠੀ ਮਹਿੰਦਰੋ ਦਾ ਹੱਥ ਫੜਕੇ ਉਸਨੂੰ ਆਪਣੇ ਵਲ ਖਿਚਿਆ। ਮਹਿੰਦਰੋ ਉਸ ਵਲ ਬਹੁਤਾ ਖਿਸਕੀ ਤਾਂ ਨਾਂ, ਪਰ ਠੀਕ ਜਿਹੀ ਹੋਕੇ ਬੈਠ ਗਈ।
“ਆਪਾਂ ਮੀਤੋ ਨੂੰ ਉਦੋਂ ਤਕ ਪੜਵਾਂਗੇ, ਜਦ ਤਕ ਉਹ ਆਪ ਨਾਂਹ ਨਈ ਕਰੂਗੀ।“ ਪਰੀਤਮ ਸਿਉਂ ਦੇ ਮਨ ਦੀ ਗਲ ਜਬਾਨ ਤੇ ਆ ਗਈ।
“ਮੀਤੋ ਦੇ ਡੈਡੀ ਐਨਾ ਖਰਚਾ ਕਰਲਾਂਗੇ ਆਪਾਂ, ਹੋਰ ਚਹੁੰ ਸਾਲਾਂ ਨੂੰ ਬੱਬੀ ਨੇ ਦਸਵੀਂ ਕਰ ਲੈਣੀ ਆਂ । ਸੁੱਖ ਨਾਲ ਲਾਡੇ ਨੂੰ ਅਗਲੇ ਸਾਲ ਹਾਈ ਸਕੂਲੇ ਪਾਉਣਾ ਪੈਣਾਂ।“
ਮਹਿੰਦਰੋ ਦਿਨੋ ਦਿਨ ਵਧਦੇ ਖੇਤੀ ਖਰਚਿਆਂ ਵਲ ਵੇਖਕੇ ਪਹਿਲਾਂ ਵੀ ਪਤੀ ਨਾਲ ਇਹੋ ਜਿਹੀ ਫਿਕਰਮੰਦੀ ਜਾਹਿਰ ਕਰ ਲੈਂਦੀ ਸੀ, ਪਰ ਅੱਜ ਮੀਤੋ ਦੀ ਸ਼ਹਿਰ ਵਾਲੀ ਪੜਾਈ ਬਾਰੇ ਸੁਣਕੇ ਉਸਤੋਂ ਮਨ ਆਈ ਗਲ ਕਹਿਣੋ ਰਿਹਾ ਨਾ ਗਿਆ। ਉਂਜ ਕਦੇ ਕਦੇ ਉਸਦੇ ਮਨ ਵਿਚ ਸੁਹਣੇ ਜਿਹੇ ਦਫਤਰ ਵਿਚਲੀ ਵੱਡੀ ਸਾਰੀ ਕੁਰਸੀ ਉਤੇ ਬੈਠੀ ਆਪਣੀ ਧੀ ਦਾ ਅਕਸ ਵੀ ਉਭਰਦਾ ਸੀ। ਮਹਿੰਦਰੋ ਦੀਆਂ ਅੱਖਾਂ ਮੂਹਰੇ ਉਹ ਕੁਰਸੀ ਵੀ ਆਈ, ਜਿਸਤੇ ਬੈਠੇ ਮੋਟੇ ਢਿੱਡ ਵਾਲੇ ਬਿਜਲੀ ਬੋਰਡ ਦੇ ਐਸਡੀਓ ਨੇ ਉਸਦੇ ਬਾਪ ਦੇ ਖਾਲੀ ਹੱਥਾਂ ਵਲ ਕੈੜਾ-ਕੈੜਾ ਝਾਕਦਿਆਂ ਟਿਊਬਵੈਲ ਮੋਟਰ ਵੱਡੀ ਕਰਨ ਦੀ ਮਨਜੂਰੀ ਵਾਲੀ ਫਾਈਲ ਵਗਾਹ ਮਾਰੀ ਸੀ। ਉਧਰ ਪਰੀਤਮ ਸਿਉਂ ਅੱਜ ਪਤਨੀ ਨੂੰ ਸਾਰਾ ਕੁਝ ਦਸਣ ਦੇ ਰੌਂਅ ਵਿਚ ਸੀ। ਇਸਤੋਂ ਪਹਿਲਾਂ ਕਿ ਉਹ ਅਗਲਾ ਸਵਾਲ ਕਰਦੀ, ਉਹ ਦਸਣ ਲਗਾ,
“ਅੱਜ ਮੀਤੋ ਦੀ ਸਕੂਲ ਵਾਲੀ ਮੈਡਮ ਦਾ ਫੋਨ ਆਇਆ ਸੀ। ਉਸਨੇ ਮੇਰੇ ਉਹ ਸਾਰੇ ਭੁਲੇਖੇ ਦੂਰ ਕਰਤੇ, ਜੋ ਅਸੀਂ ਕੁੜੀਆਂ ਬਾਰੇ ਸੁਣਦੇ ਰਹਿਨੇ ਆਂ। ਉਹਦਾ ਸਾਡੀ ਧੀ ਉਤੇ ਐਡਾ ਵੱਡਾ ਭਰੋਸਾ ਸੁਣਕੇ ਮੇਰੀਆਂ ਤਾਂ ਅੱਖਾਂ ਈ ਅੱਜ ਖੁਲੀਆਂ। ਸੱਚ ਕਹਿਨਾਂ, ਮੈਡਮ ਦੀਆਂ ਗਲਾਂ ਸੁਣਕੇ ਮੈਨੂੰ ਆਪਣੀ ਅਕਲ ਉਤੇ ਗੁੱਸਾ ਆਇਆ ਸੀ। ਚਾਰ ਸਾਲ ਪੜਾਉਣ ਵਾਲੀ ਮੈਡਮ ਨੂੰ ਸਾਡੀ ਮੀਤੋ ਉਤੇ ਐਨਾ ਭਰੋਸਾ ਆ, ਪਰ ਆਪਾਂ ਮਾਂ-ਪਿਉ ਹੋਕੇ ਵੀ ਡਰੀ ਜਾਂਦੇ ਸੀ। ਮੈਂ ਕਲ ਪਰਸੋਂ ਆੜਤੀ ਕੋਲ ਜਾਂਊਂਗਾ ਤੇ ਮੀਤੋ ਨੂੰ ਸਕੂਟਰੀ ਲੈ ਦਿਆਂਗੇ। ਮੈਡਮ ਕਹਿੰਦੀ ਸੀ ਕਿ ਅਗਲੇ ਸੋਮਵਾਰ ਨੂੰ ਕਾਲਜਾਂ ਦੇ ਦਾਖਲੇ ਖੁੱਲ ਜਾਣੇ ਆਂ। “
ਪਰੀਤਮ ਨੇ ਸਾਰੀ ਵਿਉਂਤਬੰਦੀ ਪਤਨੀ ਨਾਲ ਸਾਂਝੀ ਕਰ ਲਈ ਤਾਂ ਕਿ ਕੁੜੀ ਦੀ ਮਾਂ ਦੇ ਮਨ ਵਿਚ ਕੋਈ ਤੌਂਖਲਾ ਨਾ ਰਹਿ ਜਾਏ। ਨਿੰਮ ਦੀ ਸੰਘਣੀ ਛਾਂ ਹੇਠ ਬੈਠਕੇ ਬੱਚਿਆਂ ਦੇ ਭਵਿੱਖ ਦੀ ਵਿਉਂਤਬੰਦੀ ਕਰਦਿਆਂ ਦੋਹਾਂ ਨੂੰ ਪਤਾ ਈ ਨਾ ਲਗਾ ਕਿ ਢਲਦੇ ਪ੍ਰਛਾਵੇਂ ਕਿੰਨੇ ਲੰਮੇ ਹੋ ਗਏ ਹੋਏ ਸੀ।
“ਲੈ, ਜੈ ਖਾਣਾ ਮੇਰਾ ਚੇਤਾ ਵੀ ਨਾ … , ਨਿਆਣੇ ਸਕੂਲੋਂ ਮੁੜਨ ਵਾਲੇ ਆ ਤੇ ਮੈਂ ਹਜੇ ਫੁਲਕੇ ਲਾਹੁਣੇ ਆਂ ?“ ਮਹਿੰਦਰੋ ਕਾਹਲੀ ਵਿਚ ਉੱਠੀ ਤੇ ਚੁੱਲ੍ਹੇ ਦੀ ਮੱਠੀ ਅੱਗ ਪੱਕ ਰਹੀ ਕੱਦੂ ਪਾਕੇ ਬਣਾਈ ਛੋਲਿਆਂ ਦੀ ਦਾਲ ਦੇ ਪਤੀਲੇ ਤੋਂ ਢੱਕਣ ਲਾਹਕੇ ਵੇਖਿਆ। ਉਸਨੇ ਗੈਸ ਬਾਲਕੇ ਤਵਾ ਰਖਿਆ ਤੇ ਰੋਟੀਆਂ ਲਾਹੁਣ ਲਗ ਪਈ। ਉਸਤੋਂ ਪਹਿਲਾਂ ਉਹ ਅੰਦਰ ਜਾਕੇ ਵੇਖ ਆਈ ਸੀ ਕਿ ਮੀਤੋ ਸੁੱਤੀ ਪਈ ਸੀ। ਕੋਲ ਪਏ ਮੇਜ ਉਤੇ ਪੱਖਾ ਚਲ ਰਿਹਾ ਸੀ। ਮੰਜੇ ਦੀ ਇੱਕ ਨੁੱਕਰੇ ਖੁੱਲੀ ਕਿਤਾਬ ਮੂਧੀ ਵੱਜੀ ਹੋਈ ਸੀ।
“ਲੈ ਮੇਰੀ ਲਾਡੋ ਭੁੱਖਣਭਾਣੀ ਸੌਂ ਗੀ। ਮੈਨੂੰ ਵਾਜ ਈ ਮਾਰ ਲੈਂਦੀ ?” ਤੇ ਉਹ ਆਪਣੇ ਆਪ ਨੂੰ ਹੋਰ ਕਿੰਨਾ ਕੁਝ ਕਹਿ ਗਈ।
ਥਾਲ ਵਿਚ ਰੋਟੀ ਪ੍ਰੋਸਕੇ ਉਹ ਪਤੀ ਲਈ ਛਾਵੇਂ ਲੈ ਗਈ। ਦਾਲ ਵਾਲੇ ਕੌਲੇ ‘ਚ ਵਾਹਵਾ ਸਾਰਾ ਮੱਖਣ ਤਰਦਾ ਹੋਣ ਤੇ ਪਰੀਤਮ ਸਿਉਂ ਨੇ ਇਕ ਦੋ ਟਕੋਰਾਂ ਕਰਕੇ ਆਪਣਾ ਜੀਅ ਰਾਜੀ ਕਰ ਲਿਆ ਤੇ ਉਹ ‘ਛੱਡੋ ਜੀ, ਐਸ ਵੇਲੇ ਕਿਹੋ ਜੀਆਂ ਗਲਾਂ ਕਰਦੇ ਓ,’ ਕਹਿਕੇ ਪਾਣੀ ਦਾ ਜੱਗ ਲੈਣ ਚਲੇ ਗਈ। ਤਦੇ ਹਵੇਲੀ ਦਾ ਦਰਵਾਜਾ ਖੁੱਲਿਆ। ਬੱਬੀ ਤੇ ਲਾਡਾ ਅੰਦਰ ਲੰਘੇ। ਮੁੰਡੇ ਨੇ ਰੁਮਾਲ ਨਾਲ ਪਸੀਨਾ ਪੂੰਝ ਪੂੰਝ ਕੇ ਗਲਾਂ ਲਾਲ ਕੀਤੀਆਂ ਹੋਈਆਂ ਸੀ।
ਅਗਲੇ ਦੋ-ਤਿੰਨ ਦਿਨ ਮਹਿੰਦਰੋ ਧੀ ਦੀਆਂ ਕਾਲਜ ਤਿਆਰੀਆਂ ‘ਚ ਰੁੱਝੀ ਰਹੀ। ਹਰਮੀਤ ਨੂੰ ਕਾਲਜ ਜਾਣ ਦੇ ਚਾਅ ਦੇ ਨਾਲ ਨਾਲ ਇਹ ਵੀ ਚੰਗਾ ਲਗ ਰਿਹਾ ਸੀ ਕਿ ਉਥੇ ਵਰਦੀ ਵਾਲਾ ਟੰਟਾ ਮੁੱਕ ਜਾਂਣਾ। ਨਿੱਕੀ ਹੁੰਦੀ ਤੋਂ ਈ ਉਸਨੂੰ ਹੋਰਾਂ ਤੋਂ ਵੱਖਰਾ ਤੇ ਮਨ-ਪਸੰਦ ਪਹਿਰਾਵਾ ਚੰਗਾ ਲਗਦਾ ਸੀ। ਰਿਸ਼ਤੇਦਾਰੀ ਜਾਂ ਵਿਆਹ-ਸ਼ਾਦੀ ਜਾਣ ਲਗਿਆਂ, ਉਹ ਮਾਂ ਨਾਲ ਜਿੱਦ ਪੁਗਾ ਲੈਂਦੀ ਸੀ। ਮਹਿੰਦਰੋ ਉਸਨੂੰ, ਖਾਈਏ ਮਨ ਭਾਉਂਦਾ ਤੇ ਪਾਈਏ ਜੱਗ ਭਾਉਂਦਾ, ਵਾਲੀ ਕਹਾਵਤ ਕਈ ਵਾਰ ਸੁਣਾ ਚੁੱਕੀ ਸੀ।
ਦਾਖਲੇ ਖੁੱਲਦਿਆਂ ਈ ਪਿਉ-ਧੀ ਕਾਲਜ ਗਏ ਤੇ ਰਸਮੀ ਫਾਰਮ ਭਰਕੇ ਫੀਸ ਜਮਾਂ ਕਰਵਾ ਦਿਤੀ। ਫਾਰਮ ਉਤੇ ਦਾਖਲੇ ਲਈ ਦਸਤਖਤ ਕਰਾਉਣ ਗਏ ਪਰੀਤਮ ਸਿੰਘ ਨੇ ਪ੍ਰਿੰਸੀਪਲ ਮੈਡਮ ਦੇ ਸੁਭਾਅ ਤੋਂ ਭਾਂਪ ਲਿਆ ਕਿ ਉਥੇ ਅਨੁਸਾਸ਼ਨ ਵਿਚ ਕੋਈ ਢਿੱਲ ਨਹੀਂ ਰਹਿੰਦੀ ਹੋਵੇਗੀ। ਸ਼ਹਿਰੋਂ ਮੁੜਦੇ ਹੋਏ ਉਹ ਸਕੂਟਰੀ ਖਰੀਦ ਲਿਆਏ। ਪਰੀਤਮ ਸਿੰਘ ਨੇ ਸਟਾਰਟ, ਰੇਸ ਤੇ ਬਰੇਕ ਵਾਲੇ ਨੁਕਤੇ ਸਮਝੇ ਤੇ ਘਰ ਤਕ ਆਉਂਦਿਆਂ ਉਸਦੇ ਝਾਕੇ ਲੱਥ ਗਏ। ਦੋ ਦਿਨਾਂ ਵਿਚ ਉਸਨੇ ਹਰਮੀਤ ਦੇ ਹੱਥ ਸਿੱਧੇ ਕਰਵਾ ਦਿਤੇ। ਇਸ ਨਾਲ ਧੀ ਦੇ ਆਉਣ-ਜਾਣ ਦਾ ਫਿਕਰ ਮੁੱਕ ਗਿਆ।
ਹਰ ਕਲਾਸ ਵਿਚ ਹਰਮੀਤ ਚੰਗੇ ਨੰਬਰ ਲੈਂਕੇ ਪਾਸ ਹੁੰਦੀ। ਉਹ ਕਾਲਜ ਦੀਆਂ ਹੋਰ ਗਤੀਵਿਧੀਆਂ ਵਿਚ ਹਿੱਸੇਦਾਰ ਬਣਦੀ। ਸਾਲ-ਦਰ-ਸਾਲ ਉਨ੍ਹਾਂ ਦੇ ਘਰ ਦੀ ਬੈਠਕ ਵਾਲੀ ਪ੍ਰਛੱਤੀ ਉਤੇ ਟਰਾਫੀਆਂ ਦੀ ਗਿਣਤੀ ਵਧਦੀ ਗਈ। ਪਰੀਤਮ ਸਿੰਘ ਪਿੰਡ ਚ ਸਿਰ ਉੱਚਾ ਕਰਕੇ ਤੁਰਨ ਲਗ ਪਿਆ। ਪੰਜ ਸਾਲ ਕਦੋਂ ਲੰਘ ਗਏ ਉਨ੍ਹਾਂ ਨੂੰ ਪਤਾ ਈ ਨਾ ਲਗਾ। ਕਾਲਜ ਚੋਂ ਫਸਟ ਆਉਣ ਕਰਕੇ ਕਾਲਾ ਗਾਉਨ ਅਤੇ ਸਿਰ ਉਤੇ ਹੈਟ ਪਾਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੱਥੋਂ ਡਿਗਰੀ ਲੈਂਦੀ ਹਰਮੀਤ ਦੀ ਫੋਟੋ ਅਗਲੇ ਦਿਨ ਅਖਬਾਰਾਂ ਵਿਚ ਛਪੀ। ਚਾਅ ਵਿਚ ਖੀਵੇ ਹੋਏ ਮਾਪਿਆਂ ਦੇ ਪੈਰ ਭੁੰਜੇ ਨਹੀਂ ਸੀ ਲਗ ਰਹੇ।
ਗਰੈਜੂਏਸ਼ਨ ਤੋਂ ਬਾਦ ਹਰਮੀਤ ਨੇ ਇਕ ਸਾਲ ਬ੍ਰੇਕ ਲਾਕੇ ਅੱਗਲੇ ਕਦਮ ਦਾ ਫੈਸਲਾ ਲਿਆ ਸੀ। ਉਹ ਕੁਝ ਅਜਿਹਾ ਕਰਨ ਬਾਰੇ ਸੋਚਣ ਲਗੀ, ਜਿਸ ਨਾਲ ਉਸਦੇ ਬਾਪ ਉਤੇ ਬਹੁਤਾ ਵਿੱਤੀ ਬੋਝ ਨਾ ਪਵੇ। ਪਰ ਉਸਦੀ ਅਖਬਾਰ ਵਿਚ ਛਪੀ ਫੋਟੋ ਤੋਂ ਬਾਦ ਉਸਦੇ ਰਿਸ਼ਤੇ ਦੀ ਗਲ ਹੋਣ ਲਗ ਪਈ । ਹਰ ਤੀਜੇ ਦਿਨ ਕੋਈ ਚੰਗੇ ਘਰ ਦੇ ਮੁੰਡੇ ਵਾਲਿਆਂ ਦਾ ਸੱਦਾ ਲੈਕੇ ਆ ਜਾਂਦਾ। ਇਕ ਦਿਨ ਮਹਿੰਦਰੋ ਤੇ ਪਰੀਤਮ ਸਿੰਘ ਨੇ ਮੀਤੋ ਨੂੰ ਕੋਲ ਬਹਾਕੇ ਉਸਦਾ ਮਨ ਟੋਹਿਆ।
ਹਰਮੀਤ ਨੇ ਆਪਣਾ ਮਨ ਮਾਪਿਆਂ ਮੂਹਰੇ ਫਰੋਲ ਦਿਤਾ, “ਜਿਹੜਾ ਮੁੰਡਾ ਤੁਹਾਡੀ ਪਸੰਦ ਹੋਵੇ, ਉਸਤੋਂ ਇਹ ਵਾਅਦਾ ਲੈ ਲਿਓ ਕਿ ਵਿਆਹ ਤੋਂ ਬਾਦ ਉਹ ਅਤੇ ਉਸਦੇ ਮਾਪੇ ਮੇਰੀ ਪੜਾਈ ਕਰਨ ਵਿਚ ਅੜਿੱਕੇ ਨਾ ਡਾਹੁਣ।“ ਹਰਮੀਤ ਦੀ ਹਾਂ ਤੋਂ ਬਾਦ ਰਿਸ਼ਤੇ ਦੀ ਪੁੱਛ ਦੱਸ ਵਧਣ ਲਗ ਪਈ।
ਇੱਕ ਦਿਨ ਹਰਮੀਤ ਦੀ ਮਾਸੀ ਆਪਣੀ ਨਣਦ ਨੂੰ ਲੈਕੇ ਆ ਗਈ। ਮਾਸੀ ਪਹਿਲਾਂ ਤਾਂ ਨਣਦ ਦੇ ਪਰਿਵਾਰ ਦੀਆਂ ਸਿੱਫਤਾਂ ਦੇ ਪੁੱਲ ਬੰਨਦੀ ਰਹੀ ਤੇ ਆਖਰ ਅਸਲੀ ਗਲ ਤੇ ਆ ਗਈ।
“ਬੀਬੀ ਤਾਂ ਮੀਤੋ ਦੇ ਰਿਸ਼ਤੇ ਲਈ ਪਿਛਲੇ ਸਾਲ ਦੀ ਮੇਰੇ ਪਿੱਛੇ ਪਈ ਹੋਈ ਸੀ। ਕਲ ਇਸਨੇ, ਕਿਤੋਂ ਸੁਣਿਆ ਤੁਸੀਂ ਮੁੰਡਾ ਲੱਭ ਰਹੇ ਓ ਤੇ ਸ਼ਾਮੀਂ ਸਾਡੇ ਕੋਲ ਆਗੀ। ਇਸਦੇ ਪ੍ਰਾਹੁਣੇ (ਪਤੀ) ਨੂੰ ਪਤਾ ਤੇ ਹੈਗਾ ਕਿ ਤੁਸੀਂ ਕਿਹੜਾ ਮੇਰੀ ਗਲ ਮੋੜ ਦਿਓਗੇ। ਨਾਲੇ ਭਾਈ ਰਿਸ਼ਤੇਦਾਰੀ ਵਿਚ ਕੋਈ ਉਹਲਾ ਵੀ ਤੇ ਨਹੀਂ ਨਾ ਹੁੰਦਾ।“ ਜੁਗਿੰਦਰੋ ਨੇ ਇਕੋ ਸਾਹੇ ਮੰਗ ਕਰਦੇ ਹੋਏ, ਨਾਲ ਦੀ ਨਾਲ ਮਾਪਿਆਂ ਦੇ ਮੂੰਹੋ ਹਾਂ ਵਾਲਾ ਫਤਵਾ, ਆਪੇ ਈ ਜਾਰੀ ਕਰ ਲਿਆ।
ਭਾਬੀ ਵਲੋਂ ਭੂਮਿਕਾ ਬੰਨ ਦਿਤੇ ਜਾਣ ਤੋਂ ਬਾਦ ਨਣਦ ਨੇ ਚੁੱਪ ਤੋੜੀ।
“ਭਾਜੀ ਤੁਹਾਨੂੰ ਪਤਾ ਈ ਆ ਸਾਡੇ ਧੀ ਨਈ ਹੈਗੀ, ਬਸ ਇਹਨੂੰ ਮੇਰੀ ਧੀ ਬਣਾਕੇ ਝੋਲੀ ਪਾ ਦਿਓ। ਮੀਤੋ ਨੂੰ ਕਦੇ ਮਸੂਸ ਨਈਂ ਹੋਣ ਦਿਆਂਗੇ ਕਿ ਉਹ ਸਹੁਰੀਂ ਬੈਠੀ ਆ ਕਿ ਪੇਕੀਂ। “ ਤੇ ਨਾਲ ਈ ਉਸਨੇ ਆਪਣੇ ਮੁੰਡੇ ਦੀ ਉਮਰ, ਪੜਾਈ, ਕੱਦ-ਕਾਠ ਤੇ ਹੋਰ ਲਟਰ-ਪਟਰ ਦਸਦਿਆਂ, ਪਰਸ ਚੋਂ ਕਿਤਾਬ ਦੇ ਸਾਈਜ ਦੀਆਂ ਚਾਰ ਪੰਜ ਫੋਟੋ ਕੱਢ ਕੇ ਮੇਜ ਤੇ ਰੱਖਤੀਆਂ।
ਪਰੀਤਮ ਸਿੰਘ ਤੇ ਮਹਿੰਦਰੋ ਨੇ ਸੋਚਣ ਲਈ ਥੋੜਾ ਟਾਈਮ ਮੰਗੇ ਜਾਣ ਤੇ ਮਾਸੀ ਨੇ, “ਚਲ ਰਾਤ ਤਕ ਕਰ ਲਿਓ, ਜਿਸ ਨਾਲ ਸਲਾਹ ਕਰਨੀ ਆ ਤੇ ਸਵੇਰੇ ਜਾਕੇ ਮੁੰਡਾ ਵੇਖ ਆਇਓ।“ ਵਾਲਾ ਹੁਕਮ ਚਾੜਦਿਆਂ ਦਸ ਦਿਤਾ ਕਿ ਉਹ ਰਾਤ ਰਹਿਣਗੀਆਂ।
ਲਿਹਾਜਦਾਰੀ ਸੁਭਾਅ ਵਾਲੇ ਪਰੀਤਮ ਸਿੰਉਂ ਨੇ ਵੱਡੀ ਸਾਲੀ ਦਾ ਮਾਣ ਰਖਣ ਬਾਰੇ ਸੋਚਕੇ ਅਗਲੇ ਦਿਨ ਮੁੰਡੇ ਤੇ ਝਾਤੀ ਮਾਰਨ ਦੀ ਹਾਂ ਕਰ ਦਿਤੀ। ਅੱਧੀ-ਪਚੱਧੀ ਹਾਂ ਕਰਵਾ ਕੇ ਉਨ੍ਹਾਂ ਰਾਤ ਦਾ ਪ੍ਰੋਗਰਾਮ ਰੱਦ ਕੀਤਾ ਤੇ ਟੈਕਸੀ ਮੰਗਵਾ ਕੇ ਵਾਪਸੀ ਕਰ ਲਈ। ਅਸਲ ਵਿਚ ਨਣਦ ਨੇ ਵੇਖਾ ਵਿਖਾਈ ਤੋਂ ਪਹਿਲਾਂ ਘਰ ਨੂੰ ਸੰਵਾਰਨਾ ਸੀ।
ਰਾਤ ਨੂੰ ਦੋਹਾਂ ਜੀਆਂ ਨੇ ਫਿਰ ਧੀ ਦਾ ਮਨ ਟੋਹਿਆ ਤੇ ਅਗਲੇ ਦਿਨ ਮਿਥੇ ਸਮੇਂ ਉਹ ਹਮੀਰੇ ਪਹੁੰਚ ਗਏ। ਦੋਹੇਂ ਜੀਅ ਇਹ ਤਾਂ ਸੋਚਕੇ ਆਏ ਸੀ ਕਿ ਜੇ ਕੋਈ ਵੱਡੀ ਖਰਾਬੀ ਨਾ ਹੋਈ ਤਾਂ ਪਿਛਾਂਹ ਨਈਂ ਹਟਿਆ ਜਾਣਾ। ਹਰਮੀਤ ਦੀ ਵੇਖਾ ਵਿਖਾਈ ਬਾਰੇ ਮੁੰਡੇ (ਕੁਲਵਿੰਦਰ) ਨੇ ਇਹ ਕਹਿਕੇ ਤਸੱਲੀ ਕਰਵਾਤੀ ਕਿ ਉਸਨੇ ਹਰਮੀਤ ਨੂੰ ਗਿੱਧਾ ਮੁਕਾਬਲੇ ਵਿਚ ਵੇਖਿਆ ਹੋਇਆ।ਅਸਲ ਵਿਚ ਗਿੱਧੇ ਵਾਲੀ ਸਕੀਮ ਜੁਗਿੰਦਰੋਂ ਦੀ ਸੀ। ਰਿਸ਼ਤੇ ਦੀ ਪੱਕ-ਠੱਕ ਕਰਕੇ ਵਧਾਈਆਂ ਲੈਂਦੇ ਹੋਏ ਘਰ ਆਏ ਤੇ ਮੀਤੋ ਨੂੰ ਸਾਰਾ ਕੁਝ ਦੱਸ ਦਿਤਾ।
ਕੁਝ ਦਿਨਾਂ ਬਾਦ ਜੁਗਿੰਦਰੋ ਆਈ ਤੇ ਮੁੰਡੇ ਵਾਲਿਆਂ ਦੀਆਂ ਸਿਫਤਾਂ ਦੇ ਢੇਰ ਲਾਉਂਦਿਆਂ ਵਿਆਹ ਮੌਕੇ ਉਨ੍ਹਾਂ ਦਾ ਨੱਕ ਰੱਖਣਾ ਮਨਾਉਣ ਲਗੀ। ਮਿਲਣੀਆਂ ਕਿੰਨੀਆਂ ਤੇ ਕੀ-ਕੀ ਪਾਉਣਾ, ਕਾਰ ਕਿਹੜੀ ਦਿਉਗੇ, ਬਰਾਤ ਦੀ ਸੇਵਾ ਤੇ ਹੋਰ ਲੱਟੜ-ਪੱਟੜ ਗਿਣਾਉਣ ਲਗ ਪਈ। 16 ਲੱਖ ਤੋਂ ਕੁਝ ਹੇਠਾਂ ਆਕੇ ਉਹ 10 ਲੱਖ ਵਾਲੀ ਕਾਰ ਉਤੇ ਤਾਂ ਅੜ ਈ ਗਈ। ਕਾਰਾਂ ਦੀਆਂ ਕੀਮਤਾਂ ਤੇ ਮਾਡਲ ਉਹ ਲਿਖਵਾ ਕੇ ਲਿਆਈ ਸੀ। ਵਿਆਹ ਵਿਚ ਦੇਣ-ਲੈਣ ਤਾਂ ਪਰੀਤਮ ਸਿੰਘ ਨੇ ਪਹਿਲਾਂ ਸੋਚੇ ਹੋਏ ਸੀ, ਰਹਿੰਦੇ ਉਸਦੀ ਸਾਲੀ ਪੱਕੇ ਕਰ ਗਈ। ਪਰ ਸਾਲੀ ਤੋਂ ਵਿਆਹ ਆਉਂਦੀ ਹਾੜੀ ਸਾਂਭਣ ਤੋਂ ਬਾਦ ਕਰਨ ਦੀ ਹਾਂ ਉਸ ਕਰਵਾ ਲਈ। ਕੁਲਵਿੰਦਰ ਨੇ ਮਾਮੀ ਨੂੰ ਪੱਕਿਆਂ ਕੀਤਾ ਸੀ ਕਿ ਹਰਮੀਤ ਦਾ ਨੰਬਰ ਲੈਕੇ ਆਵੇ ਤੇ ਪਰ ਜੁਗਿੰਦਰੋ ਨੇ ਲਗਦੇ ਹੱਥ ਭੈਣ ਤੇ ਜੀਜੇ ਤੋਂ ਦੋਹਾਂ ਦੀ ਗਲਬਾਤ ਦੀ ਹਾਂਮੀ ਭਰਵਾ ਲਈ।
ਭੈਣ-ਭਣੌਈਏ ਤੋਂ ਸ਼ਰਤਾਂ ਮੰਨਵਾਕੇ ਜੁਗਿੰਦਰੋ ਨੇ ਆਪਣੇ ਘਰ ਜਾਣ ਤੋਂ ਪਹਿਲਾਂ ਨਣਦ ਦੇ ਪਿੰਡ ਜਾਣ ਵਾਲੀ ਬੱਸ ਫੜੀ। ਨਣਦ ਉਤੇ ਆਪਣੇ ਮਾਣ-ਤਾਣ ਦਾ ਸਿੱਕਾ ਜਮਾਉਣ ਦਾ ਮੌਕਾ ਉਹ ਖੁੰਝਾਉਣਾ ਨਹੀਂ ਸੀ ਚਾਹੁੰਦੀ। ਮੀਤੋ ਦਾ ਨੰਬਰ ਆਪਣੇ ਫੋਨ ਵਿਚ ਸੇਵ ਕਰਦਿਆਂ ਕਿੰਦੇ (ਕੁਲਵਿੰਦਰ) ਨੇ ਗਰੇਟ-ਮਾਮੀ ਵਾਲੀ ਰੱਟ ਲਾਈ ਰਖੀ। ਕਿੰਦੇ ਲਈ ਤਾਂ ਮਾਮੀ ਖਜਾਨਾ ਲੱਭ ਲਿਆਈ ਸੀ। ਨਣਦ ਤੋਂ ਮੂੰਹ ਮਿੱਠਾ ਕਰਵਾ ਕੇ ਜੁਗਿੰਦਰੋ ਨੇ ਆਪਣੇ ਘਰ ਜਾਣ ਦੀ ਤਿਆਰੀ ਕੀਤੀ। ਮੀਤੋ ਦਾ ਫੋਨ ਨੰਬਰ ਮਿਲਣ ਤੋਂ ਬਾਦ ਕਿੰਦੇ ਲਈ ਸਬਰ ਔਖਾ ਹੋਇਆ ਪਿਆ ਸੀ। ਮਾਮੀ ਨੂੰ ਬੱਸ ਚੜਾਉਣ ਦੀ ਥਾਂ ਉਹ ਸਕੂਟਰ ਤੇ ਛੱਡਣ ਚਲ ਪਿਆ। ਨਾਨਕੇ ਪਿੰਡ ਦੀ ਫਿਰਨੀ ਤੇ ਲਾਹ ਕੇ ਉਹ ਵਾਪਸ ਪਰਤ ਆਇਆ। ਜੱਕੋ-ਤੱਕੀ ਕਰਦਿਆਂ ਕਿੰਨੀ ਵਾਰ ਉਸਨੇ ਮੀਤੋ ਦਾ ਨੰਬਰ ਕਢਿਆ, ਪਰ ਕਾਲ ਉਤੇ ਉਂਗਲ ਮਾਰਨ ਤੋਂ ਝੱਕ ਜਾਂਦਾ। ਆਖਰ ਬੇਸਬਰਾ ਹੋਕੇ ਲਾਈਨ ਮੀਤੋ ਨਾਲ ਜੋੜ ਲਈ। ਟਰੀਂ-ਟਰੀਂ ਸੁਣਕੇ ਮੀਤੋ ਅਨਜਾਣ ਨੰਬਰ ਨੂੰ ਰਿਜੈਕਟ ਕਰਨ ਈ ਲਗੀ ਸੀ, ਤਾਂ ਖਿਆਲ ਆ ਗਿਆ, ਉਸਦਾ ਮੰਗੇਤਰ ਨਾ ਹੋਵੇ। ਉਸਨੇ ਅਸੈਪਟ ਉਤੇ ਠੂੰਗਾ ਮਾਰ ਦਿਤਾ। ਮੀਤੋ ਹੈਲੋ ਕਹਿਣ ਈ ਲਗੀ ਸੀ ਕਿ ਕਿੰਦਾ ਬੋਲ ਪਿਆ,
“ਜੀ ਮੈਂ ਹਰਮੀਤ ਨਾਲ ਗਲ ਕਰ ਸਕਦਾਂ ?’’
“ਹਾਂਜੀ, ਮੈਂ ਹਰਮੀਤ ਹੀ ਆਂ, ਆਪਣੇ ਬਾਰੇ ਦਸੋ,’’
“ਹਰਮੀਤ ਜੀ, ਮੈਂ ਕੁਲਵਿੰਦਰ ਬੋਲ ਰਿਹਾਂ ਹਮੀਰੇ ਤੋਂ, ਮਾਮੀ ਜੀ ਤੁਹਾਡਾ ਨੰਬਰ ਦੇ ਗਏ ਸੀ, ਉਨ੍ਹਾਂ ਈ ਫੋਨ ਕਰਨ ਲਈ ਕਿਹਾ ਸੀ।‘’ ਕਿੰਦੇ ਨੇ ਆਪਣੀ ਕਾਹਲ ਦਾ ਠੀਕਰਾ ਮਾਮੀ ਸਿਰ ਭੰਨ ਦਿਤਾ।
ਇਸ ਤੋਂ ਪਹਿਲਾਂ ਕਿ ਹਰਮੀਤ ਕੋਈ ਗਲ ਕਰਦੀ, ਕਿੰਦਾ ਹੀ ਬੋਲ ਪਿਆ, “ਅੱਜ-ਕਲ ਕੀ ਕਰਦੇ ਹੁੰਦੇ ਓ ਤੁਸੀਂ, ਕਿੰਵੇ ਦਿਨ ਲੰਘਦੇ ਨੇ।‘’ ਪਹਿਲੀ ਵਾਰ ਕਿਸੇ ਮਰਦ ਨਾਲ ਗਲ ਤੋਂ ਹਰਮੀਤ ਝਾਕਾ ਲਗ ਰਿਹਾ ਸੀ, ਫਿਰ ਵੀ ਉਹ ਕਿੰਦੇ ਦੇ ਸਵਾਲਾਂ ਦੇ ਸੰਕੋਚਵੇਂ ਜਵਾਬ ਦੇਈ ਗਈ।
ਸ਼ੁਰੂ ਹੋਇਆ ਫੋਨ ਗਲਬਾਤ ਦਾ ਸਿਲਸਿਲਾ ਦਿਨ ਵਿਚ ਚਾਰ-ਪੰਜ ਵਾਰ ਤਕ ਪਹੁੰਚ ਗਿਆ। ਗਲਬਾਤ ਵਿਚ ਹਰਮੀਤ ਕਿੰਦੇ ਨਾਲ ਖੁੱਲਦੀ ਗਈ। ਰਿਸ਼ਤਾ ਪੱਕਾ ਹੋਏ ਨੂੰ ਮਹੀਨਾ ਕੁ ਲੰਘਿਆ ਸੀ ਕਿ ਕਿੰਦੇ ਨੇ ਹਰਮੀਤ ਨੂੰ ਕਿਤੇ ਮਿਲਣ ਦਾ ਸੱਦਾ ਦੇ ਦਿਤਾ। ਕੁਝ ਦਿਨ ਤਾਂ ਹਰਮੀਤ ਟਾਲਦੀ ਰਹੀ, ਪਰ ਕਿੰਦੇ ਵਲੋਂ ਖਹਿੜੇ ਪੈਣ ਤੇ ਉਸਨੇ ਸਮਾਜ ਤੋਂ ਬਚਣ ਬਾਰੇ ਕਹਿਕੇ ਹਾਂ ਕਰ ਦਿਤੀ। ਹਰਮੀਤ ਦੀ ਹਾਂ ਅਤੇ ਪਰਦੇ ਵਾਲੀ ਗਲ ਸੁਣਕੇ ਕਿੰਦਾ ਖਿੜ ਗਿਆ। ਉਸਨੇ ਸ਼ਹਿਰ ਦੇ ਵੱਡੇ ਡਾਕਘਰ ਨੇੜਲੇ ਚੌਕ ਕੋਲ ਪਹੁੰਚਣ ਦੀ ਤਰੀਕ ਤੇ ਸਮਾਂ ਦਸਕੇ ਸੌਖੀ ਪਹਿਚਾਣ ਲਈ ਆਪਣਾ ਪਹਿਰਾਵਾ ਦਸ ਦਿਤਾ।
ਹਰਮੀਤ ਨੇ ਕਿੰਦੇ ਦੀ ਮੰਗ ਅਤੇ ਆਪਣੇ ਮੂੰਹੋ ਸਹਿਜਤਾ ਨਾਲ ਕਹਿ ਹੋਈ ਹਾਂ ਬਾਰੇ ਆਪਣੀ ਮੰਮੀ ਨੂੰ ਦਸਿਆ। ਬੱਚਿਆਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਦੇ ਹੋਏ ਮਹਿੰਦਰੋ ਨੇ ਹਾਮੀ ਭਰ ਦਿਤੀ ਤੇ ਹਰਮੀਤ ਮਿਥੇ ਸਮੇਂ ਤੇ ਡਾਕਘਰ ਕੋਲ ਪਹੁੰਚ ਗਈ। ਹਰਮੀਤ ਨੇ ਕਿੰਦੇ ਦੀ ਵੇਖੀ ਹੋਈ ਫੋਟੋ ਅਤੇ ਉਸ ਵਲੋਂ ਦਸੀ ਪਹਿਚਾਣ ਨੂੰ ਪਾਸੇ ਰਖਕੇ ਉਸਦੇ ਨੰਬਰ ਤੇ ਡਾਇਲ ਕੀਤਾ। ਕੰਨ ਨੂੰ ਲਾਏ ਫੋਨ ਤੇ ਗਲ ਕਰ ਰਿਹਾ ਕਿੰਦਾ ਉਸ ਵਲ ਆ ਰਿਹਾ ਸੀ। ਹਰਮੀਤ ਨੇ ਬੋਲਾਂ ਵਿਚ ਕਿਸੇ ਆਪਣੇ ਲਈ ਦਿਤੇ ਜਾਣ ਵਾਲਾ ਸਤਿਕਾਰ ਭਰਦਿਆਂ ਸਤਿ ਸ਼੍ਰੀ ਅਕਾਲ ਕਹਿੰਦਿਆਂ ਸਿਰ ਨਿਵਾਇਆ। ਕਿੰਦੇ ਨੇ ਏਕਾਂਤ ਬੈਠਕੇ ਗਲਾਂ ਕਰਨ ਬਾਰੇ ਕਹਿੰਦਿਆਂ ਹਰਮੀਤ ਨੂੰ ਸਕੂਟਰ ਪਿੱਛੇ ਬੈਠਾ ਲਿਆ। ਸ਼ਹਿਰ ਦੇ ਮਸ਼ਹੂਰ ਹੋਟਲ ਦੇ ਫੈਮਿਲੀ ਹਾਲ ਵਿਚ ਉਨ੍ਹਾਂ ਲੰਚ ਕੀਤਾ ਤੇ ਇਕੱਲੇ ਬੈਠਣ ਬਾਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ