ਵੱਡੀ ਭੈਣ ਜੀ ਨੂੰ ਵੇਖਣ ਆਏ ਉਹ ਚਾਹ ਫੜਾਉਣ ਗਈ ਨੂੰ ਮੈਨੂੰ ਹੀ ਪਸੰਦ ਬੈਠੇ..ਕੋਲ ਹੀ ਬਣ ਫੱਬ ਕੇ ਬੈਠੀ ਵੱਡੀ ਭੈਣ ਜੀ ਚੁੱਪ ਜਿਹੀ ਹੋ ਗਈ..ਭਾਪਾ ਜੀ ਸਵਾਲੀਆਂ ਨਜਰਾਂ ਨਾਲ ਮਾਂ ਵੱਲ ਵੇਖਣ ਲੱਗੇ..ਮਾਂ ਮੇਰੇ ਵੱਲ ਵੇਖਦੀ ਹੋਈ ਆਖਣ ਲੱਗੀ ਚਲੋ ਕਿਸੇ ਇੱਕ ਦਾ ਹੀ ਸਹੀ..ਹੋਇਆ ਤੇ ਹੈ..ਵੱਡੀ ਹੋਵੇ ਜਾਂ ਛੋਟੀ..ਕੀ ਫਰਕ ਪੈਂਦਾ!
ਪਰ ਮੈਥੋਂ ਨਾ ਰਿਹਾ ਗਿਆ..ਮੂੰਹ ਤੇ ਆਖ ਦਿੱਤਾ..ਰਾਹੋਂ ਭਟਕ ਜਾਂਦੇ ਲੋਕ ਮੈਨੂੰ ਪਸੰਦ ਨਹੀਂ..ਅੱਜ ਵੱਡੀ ਨੂੰ ਵੇਖਣ ਆਏ ਨਿੱਕੀ ਵੇਖ ਭਟਕ ਗਏ ਓ..ਕੱਲ ਨੂੰ ਮੈਥੋਂ ਬੇਹਤਰ ਵੇਖ ਮੇਰਾ ਕੀ ਹਸ਼ਰ ਕਰੋਗੇ..ਕੌਣ ਜਾਣਦਾ..ਤੁਹਾਨੂੰ ਤਾਂ...
ਸਿਰਫ ਮੇਰੀ ਵੱਡੀ ਭੈਣ ਹੀ ਪਸੰਦ ਨਹੀਂ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਨਕਾਰਦੀ ਹਾਂ..ਸਿਰੇ ਤੋਂ..!
ਅੱਧੀ ਚਾਹ ਕੱਪਾਂ ਵਿਚ ਹੀ ਛੱਡ ਨੱਸ ਗਏ ਪਰ ਭੈਣ ਜੀ ਦੇ ਚੇਹਰੇ ਤੋਂ ਘੜੀ ਕੂ ਪਹਿਲਾਂ ਹੀ ਚੋਰੀ ਹੋ ਗਿਆ ਹਾਸੇ ਨਾਮ ਦਾ ਇੱਕ ਅੱਤ ਕੀਮਤੀ ਗਹਿਣਾ ਕੋਈ ਉਂਝ ਦਾ ਉਂਝ ਹੀ ਵਾਪਿਸ ਮੋੜ ਗਿਆ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!