ਹਰ ਇਨਸਾਨ ਦਾ ਵਜੂਦ ਉਸ ਦੇ ਸੱਭਿਆਚਾਰ ਜਾਂ ਵਿਰਸੇ ਕਰ ਕੇ ਜਾਣਿਆ ਜਾਂਦਾ ਹੈ ਅਤੇ ਸੱਭਿਆਚਾਰ ਉਦੋਂ ਤੱਕ ਜਿਉਂਦਾ ਰਹਿ ਸਕਦਾ ਹੈ ਜਦੋਂ ਤੱਕ ਉਸ ਦੀ ਮਾਤ ਭਾਸ਼ਾ ਜਿਉਂਦੀ ਹੈ । ਜਿਸ ਇਨਸਾਨ ਨੇ ਆਪਣੀ ਮਾਤ ਭਾਸ਼ਾ ਗਵਾ ਲਈ ਸਮਝੋ ਆਪਣਾ ਵਜੂਦ ਹੀ ਗਵਾ ਲਿਆ । ਪਰ ਅਫਸੋਸ ! ਸਾਡੀ ਨਵੀਂ ਪੀੜੀ ਬੜੀ ਤੇਜੀ ਨਾਲ ਆਪਣਾ ਆਪ ਗਵਾ ਕੇ ਦੂਜਿਆਂ ਦੇ ਸਭਿਆਚਾਰ ਦੇ ਸਹਾਰੇ ਜਿਉਣ ਦੀ ਕੋਸ਼ਿਸ ਕਰ ਰਹੀ ਹੈ ।
ਇਕ ਇਹੋ ਜਿਹੀ ਘਟਨਾ ਮੇਰੀ ਅਸਲ ਜਿੰਦਗੀ ਵਿਚ ਘਟੀ ਜਦੋਂ ਮੈਨੂੰ ਆਪਣੇ ਇਕ ਖਾਸ ਦੋਸਤ ਨਾਲ ਉਸ ਦੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦਾ ਮੌਕਾ ਮਿਲਿਆ । ਮੈਂ ਇਸ ਘਰ ਵਿਚ ਦੂਜੀ ਵਾਰ ਆਇਆ ਸੀ । ਇਹ ਇਕ ਪੰਜਾਬੀ ਪਰਿਵਾਰ ਸੀ । ਜਦੋਂ ਅਸੀਂ ਘਰ ਪਹੁੰਚੇ ਤਾਂ ਘਰ ਵਿੱਚ ਉਸ ਦੀ ਭਰਜਾਈ ਤੇ ਉਸ ਦੀ ਛੇ-ਸੱਤ ਸਾਲ ਦੀ ਬੇਟੀ ਹੀ ਸੀ । ਅਸੀਂ ਚਾਹ-ਪਾਣੀ ਪੀ ਕੇ ਗੱਲਾਂ ਬਾਤਾਂ ਕਰਣ ਲੱਗ ਪਏ ਕਿ ਇੰਨੇ ਨੂੰ ਉਹਨਾਂ ਦੀ ਉਹ ਛੋਟੀ ਬੱਚੀ ਸਾਡੇ ਕੋਲ ਆ ਕੇ ਬੈਠ ਗਈ । ਪਹਿਲੀ ਵਾਰ ਜੱਦ ਮੈਂ ਆਇਆ ਸੀ ਉਸ ਵੇਲੇ ਇਹ ਬੱਚੀ ਮੈਨੂੰ ਨਹੀਂ ਸੀ ਦਿਖੀ, ਸ਼ਇਦ ਉਸ ਵੇਲੇ ਉਹ ਸਕੂਲ ਗਈ ਹੋਈ ਸੀ ।
ਮੈਂ ਉਸ ਨੂੰ ਪੁੱਛਿਆ “ਬੇਟਾ ਜੀ ਤੁਹਾਡਾ ਨਾਮ ਕੀ ਏ?” ਕਿਹੜੇ ਸਕੂਲ ਵਿੱਚ ਪੜਦੇ ਹੋ ।“ ਇਸ ਤੋਂ ਪਹਿਲਾਂ ਕਿ ਉਹ ਬੱਚੀ ਮੇਰੇ ਸਵਾਲਾਂ ਦਾ ਜਵਾਬ ਦੇਵੇ, ਉਸ ਦੀ ਮਾਂ ਨੇ ਇਕਦਮ ਉਸ ਬੱਚੀ ਨੂੰ ਕਿਹਾ। “ਬਤਾਓ ਬੇਟਾ ! ਵੱਟ ਇਜ਼ ਯੂਰ ਨੇਮ, ਐਂਡ ਇਨ ਵਿੱਚ ਸਕੂਲ ਡੂ ਯੂ ਰੀਡ?” ਨਾਲ ਹੀ ਮੇਰੇ ਵੱਲ ਵੇਖ ਕੇ ਕਹਿਣ ਲੱਗੇ ਕਿ ਇਸ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਇੰਗਲਿਸ਼ ਜਾਂ ਫੇਰ ਹਿੰਦੀ ਹੀ ਸਮਝਦੀ ਏ ।“ ਬਤਾਓ ਬੇਟਾ, ਅੰਕਲ ਕੋ ਜਵਾਬ ਦੋ । ਵੋ ਕੁਛ ਪੂਛ ਰਹੇਂ ਹੈ ਆਪਸੇ ।“ਬੱਚੀ ਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ“ ਮਾਈ ਨੇਮ ਇਸ ਏਂਜਲ ਐਂਡ ਆਈ ਰੀਡ ਇਨ …….ਸਕੂਲ ।“
“ਤੁਸੀਂ ਇਸ ਦੇ ਨਾਲ ਪੰਜਾਬੀ ‘ਚ ਗੱਲ ਨਹੀਂ ਕਰਦੇ ? ”ਮੈਂ ਪੁੱਛਿਆ ।
ਕਰਦੇ ਹਾਂ ਪਰ ਇਸ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਸਕੂਲ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਹੈ ਕਿ ਉੱਥੇ ਵੀ ਸਾਰੇ ਬੱਚੇ ਹਿੰਦੀ ਜਾਂ ਫੇਰ ਇੰਗਲਿਸ਼ ਵਿੱਚ ਹੀ ਗੱਲ ਕਰਦੇ ਹਨ ।
“ਅਗਰ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਬੱਚੀ ਨਾਲ ਪੰਜਾਬੀ ਵਿੱਚ ਗੱਲ ਕਰ ਸਕਦਾ ਹਾਂ?” ਮੈਂ ਪੁੱਛਿਆ ।
“ਹਾਂ ਹਾਂ ਸ਼ਊਰ!“
“ਬੇਟਾ ਕੀ ਤੁਸੀਂ ਚਾਕਲੇਟ ਖਾਓਗੇ ?” ਮੈਂ ਉਸ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਅਗੋਂ ਹਾਂ ਵਿਚ ਆਪਣਾ ਸਿਰ ਹਿਲਾਇਆ । ਮੈਂ ਆਪਣੇ ਬੈਗ ਵਿਚੋਂ ਇਕ ਚਾਕਲੇਟ ਕੱਢ ਕੇ ਉਸ ਬੱਚੀ ਨੂੰ ਦਿੱਤੀ ਜੋ ਅਕਸਰ ਮੈਂ ਆਪਣੇ ਬੈਗ ਵਿਚ ਰੱਖਦਾ ਹੁੰਦਾ ਸੀ ।
“ਅੱਛਾ ਬੇਟਾ ਮੈਨੂੰ ਇਹ ਦੱਸੋ, ਤੁਹਾਡਾ ਪੂਰਾ ਨਾਮ ਕੀ ਏ ?“
“ਏਂਜਲ। “ ਮੈਂ ਦੁਬਾਰਾ ਪੁੱਛਣ ਲਗਿਆ ਸੀ ਕਿ ਭਾਬੀ ਜੀ ਨੇ ਵਿੱਚੇ ਹੀ ਟੋਕਦਿਆਂ ਕਿਹਾ ਕਿ ਇਸ ਦਾ ਪੂਰਾ ਨਾਮ ਏਂਜਲ ਹੀ ਏ ।
“ਓਕੇ !“
“ਤੁਸੀਂ ਕਿਹੜੀ ਕਲਾਸ ਵਿੱਚ ਪੜਦੇ ਹੋ ?“ ਮੈਂ ਬੱਚੀ ਨੂੰ ਅਗਲਾ ਸਵਾਲ ਪੁੱਛਿਆ ।
“ਥਰਡ ਸੀ“
“ਓਕੇ ! ਤੁਹਾਨੂੰ ਸਭ ਤੋਂ ਅੱਛੇ ਟੀਚਰ ਕਿਹੜੇ ਲਗਦੇ ਨੇ ?”
“ਰੇਣੁ ਮੈਮ“
“ਵੈਰੀ ਗੁਡ ! ਪਰ ਰੇਣੁ ਮੈਮ ਹੀ ਕਿਉਂ ।“
“ਕਿਉਂਕਿ ਵੋ ਹਮੇ...
ਕਬੀ ਬੀ ਨਹੀਂ ਡਾਂਟਤੇ, ਓਰ, ਓਰ ਵੋ ਹਮੇ ਰੋਜ ਵੈਰੀ ਗੁਡ ਬੀ ਦੇਤੇ ਹੈਂ।“
“ਓਕੇ ਬੇਟਾ । ਬੜੇ ਅੱਛੇ ਬੱਚੇ ਹੋ ਤੁਸੀਂ ਤਾਂ ।“
“ਥੈਂਕ ਯੂ ਅੰਕਲ।“
“ਅੱਛਾ, ਮੈਂ ਤੁਹਾਨੂੰ ਇਕ ਚਾਕਲਿਟ ਹੋਰ ਦੇਵਾਂਗਾ ਅਗਰ ਤੁਸੀਂ ਮੇਰੇ ਨਾਲ ਪੰਜਾਬੀ ਵਿਚ ਗੱਲ ਕਰੋਗੇ ਤਾਂ, ਠੀਕ ਐ ।“ ਉਸਨੇ ਫਿਰ ਹਾਂ ਵਿਚ ਸਿਰ ਹਿਲਾਇਆ ।
“ਅੱਛਾ ਦੱਸੋ ਕਿ ਤੁਹਨੂੰ ਮੰਮਾਂ ਜਿਆਦਾ ਅੱਛੇ ਲਗਦੇ ਨੇ ਜਾਂ ਪਾਪਾ ?”
”ਪਾਪਾ” ਉਸਨੇ ਇਕਦਮ ਜਵਾਬ ਦਿੱਤਾ ।
”ਉਹ ਕਿਉਂ ?” ਮੈਂ ਹੈਰਾਨੀ ਨਾਲ ਪੁੱਛਿਆ ।
”ਕਿਉਂਕਿ ਉਹ ਮੈਨੂੰ ਗਿਫਟਸ ਲੈ ਕੇ ਦਿੰਦੇ ਨੇ, …… ਓਰ…ਓਰ…ਓਰ ਉਹ ਮੈਨੂੰ ਕਦੀ……ਵੀ ਨਹੀਂ ਡਾਂਟਦੇ…… ?” ਉਸਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ ।
”ਮਤਲਬ ਮੰਮਾਂ ਡਾਂਟਦੇ ਨੇ ?” ਮੈਂ ਮਜਾਕ ਵਿਚ ਪੁੱਛਿਆ, ਤਾਂ ਉਸਨੇ ਨਾਂਹ ਵਿਚ ਆਪਣਾਂ ਸਿਰ ਹਿਲਾ ਕੇ ਮਾਹੌਲ ਹਾਸੋ-ਹੀਣਾ ਬਣਾ ਦਿੱਤਾ ।
ਭਾਬੀ ਜੀ ਵੀ ਸਮਝ ਗਏ ਸੀ ਕਿ ਮੈਂ ਇਹ ਸਭ ਕਿਊ ਪੁੱਛ ਰਿਹਾ ਸੀ ।, ਕਿਉਂਕਿ ਉਹ ਖੁਦ ਹੀ ਨਹੀਂ ਸਨ ਚਾਹੁੰਦੇ ਕਿ ਉਹਨਾਂ ਦਾ ਬੱਚਾ ਇੰਗਲਿਸ਼ ਨੂੰ ਛੱਡ ਕੇ ਪੰਜਾਬੀ ਬੋਲੇ ।
”ਬੱਚੇ ਨੂੰ ਸਭ ਤੋਂ ਪਹਿਲੀ ਬੋਲ਼ੀ ਆਪਣੀ ਮਾਂ ਕੋਲੋਂ ਹੀ ਸਿੱਖਣ ਨੂੰ ਮਿਲਦੀ ਹੈ । ਜਿਸ ਨੂੰ ਉਹ ਬੱਚਾ ਕਦੇ ਨੀ ਭੁੱਲ ਸਕਦਾ ।ਇਸ ਲਈ ਉਸਨੂੰ ਮਾਂ ਬੋਲ਼ੀ ਜਾਂ ਮਾਤ ਭਾਸ਼ਾ ਕਿਹਾ ਜਾਂਦਾ ਹੈ । ਇਨਸਾਨ ਬੇਸ਼ਕ ਹੋਰ ਜਿੰਨੀਆਂ ਮਰਜੀ ਭਾਸ਼ਾਵਾਂ ਸਿੱਖ ਜਾਵੇ ਪਰ ਆਪਣੀ ਮਾਂ ਬੋਲ਼ੀ ਨੂੰ ਕਦੇ ਨੀ ਭੁਲ ਸਕਦਾ, ਚਾਹ ਕੇ ਵੀ ਨੀ । ਪਰ ਮਾਫ਼ ਕਰਨਾ ਭਾਬੀ ਜੀ, ਅਗਰ ਅਸੀ ਆਪਣੇ ਬੱਚੇ ਨੂੰ ਆਪਣੇ ਵਿਹੜੇ ਵਿੱਚੋਂ ਕੱਢ ਕੇ ਬੇਗਾਨੇ ਵਿਹੜੇ ਵਿਚ ਸੁੱਟਣ ਦੀ ਕਸਮ ਖਾ ਲਈ ਏ, ਅਗਰ ਸਾਨੂੰ ਲਗਦਾ ਹੈ ਕਿ ਪੰਜਾਬੀ ਬੋਲਣ ਨਾਲ ਸਾਡਾ ਸਟੈਂਡਰਡ ਖਰਾਬ ਹੁੰਦਾ ਹੈ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਇਸ ਮਾਂ ਬੋਲ਼ੀ ਦੇ ਕਾਤਿਲ਼ ਅਸੀਂ ਖੁਦ ਹੋਵਾਂਗੇ । ਇਥੋਂ ਤੱਕ ਕਿ ਅਸੀਂ ਬਚਿਆਂ ਦੇ ਨਾਮ ਨਾਲ ਸਿੰਘ ਜਾਂ ਕੌਰ ਲਾਉਣ ਤੋਂ ਵੀ ਕਤਰਾਉਣ ਲੱਗ ਪਏ ਹਾਂ । ਇਸ ਤੋਂ ਵੱਡੀ ਤ੍ਰਾਸਦੀ ਕਿ ਹੋਵੇਗੀ ਸਾਡੇ ਲਈ ।“
ਉਥੋਂ ਆਉਣ ਤੋਂ ਬਾਅਦ ਮੈਂ ਕਈ ਦਿਨ ਸੋਚਦਾ ਰਿਹਾ ਕਿ ਇਹ ਕੇਵਲ ਇਸੇ ਘਰ ਦੀ ਕਹਾਣੀ ਨਹੀਂ ਹੈ । ਜੇ ਹਰ ਘਰ ਵਿੱਚ ਮਾਂ-ਬਾਪ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਸ਼ੋਂਕ-ਸ਼ੋਂਕ ਵਿੱਚ ਪੰਜਾਬੀ ਮਾਂ ਬੋਲ਼ੀ ਤੋਂ ਬੇਮੁੱਖ ਰੱਖਣ ਲੱਗ ਪਏ ਤਾਂ ਆਉਣ ਵਾਲੇ ਕੁੱਝ ਸਾਲਾਂ ਵਿੱਚ ਤਾਂ ਇਹ ਬੋਲ਼ੀ ਸੱਚਮੁਚ ਸਿਰਫ ਇਕ ਇਤਿਹਾਸ ਮਾਤਰ ਹੀ ਬਣ ਕੇ ਰਹਿ ਜਾਵੇਗੀ ਜਿਵੇਂ ਹੋਰ ਪ੍ਰਾਚੀਨ ਭਾਸ਼ਾਵਾਂ ਬਣ ਗਈਆਂ ਹਨ । ਇਸ ਬੋਲ਼ੀ ਨੂੰ ਬਾਹਰੋਂ ਕੋਈ ਖਤਰਾ ਨਹੀਂ ਸਗੋਂ ਆਪਣੀਆਂ ਤੋਂ ਹੀ ਹੈ । ਚੋਰ ਬਾਹਰ ਨੀ ਸਗੋਂ ਘਰ ਵਿੱਚ ਹੀ ਹੈ ਇਸ ਲਈ ਸਾਨੂੰ ਇਨ੍ਹਾਂ ਕੁ ਸੁਚੇਤ ਹੋਣ ਦੀ ਲੋੜ ਹੈ ਕਿ ਜੇਕਰ ਬੱਚੇ ਦੇ ਸਕੂਲ ਵਿੱਚ ਪੰਜਾਬੀ ਭਾਸ਼ਾ ਘੱਟ ਬੋਲ਼ੀ ਜਾਂਦੀ ਹੈ ਜਾਂਨਹੀਂ ਬੋਲ਼ੀ ਜਾਂਦੀ ਤਾਂ ਘੱਟ-ਤੋਂ-ਘੱਟ ਅਸੀਂ ਤਾਂ ਉਸਦੇ ਨਾਲ ਪੰਜਾਬੀ ਵਿੱਚ ਗੱਲ ਕਰੀਏ । ਤਾਂ ਜੋ ਸਾਡਾ ਵਿਰਸਾ ਤੇ ਮਾਂ ਬੋਲ਼ੀ ਪੰਜਾਬੀ ਦੋਵੇਂ ਸਦੀਆਂ ਤੱਕ ਜਿਓਂਦੇ ਰਹਿਣ।
ਜਗਦੀਪ ਸਿੰਘ
Access our app on your mobile device for a better experience!