ਮੱਘਰ ਸਿਉਂ ਨੇ ਡੇਅਰੀ ਚ ਦੁੱਧ ਪਾ ਘਰ ਮੁੜਦੇ ਨੇ ਬੂਹਾ ਟੱਪਿਆ ਈ ਅੱਗੇ ਨਲਕੇ ਤੇ ਬਾਲਟੀਆਂ ਧੋਂਦੀ ਉਸਦੀ ਧੀ ਉਤਸੁਕਤਾ ਨਾਲ ਬੋਲੀ,’ਭਾਪਾ,ਚਾਚੇ ਹੋਰਾਂ ਦਾ ਫੈਮਿਲੀ ਗਰੁੱਪ ਚ ਸੰਦੇਸ਼ ਆਇਆ ਕੇ ਉਹ ਅਗਲੇ ਐਤਵਾਰ ਪਰਿਵਾਰ ਸਣੇ ਆ ਰਹੇ ….’!
ਉਹ ਹਾਲੇ ਆਪਣੇ ਪ੍ਰਦੇਸ਼ੀ ਚਾਚੇ ਦੇ ਮੁੜ ਵਤਨੀ ਆਉਣ ਦੀ ਖੁਸਖਬਰ ਦੇ ਹੀ ਰਹੀ ਸੀ ਕੇ ਫੈਮਿਲੀ ਗਰੁੱਪ ਚ ਉਸਦੀ ਬੰਬੇ ਰਹਿੰਦੀ ਭੂਆ ਨੇ ਵੀ ਹਫਤੇ ਭਰ ਲਈ ਪਿੰਡ ਆਉਣ ਦਾ ਸੰਦੇਸ਼ ਕਰ ਦਿੱਤਾ।
ਉਸਦੇ ਪਿੱਛੇ ਲੱਗ ਲਾਗੇ ਸ਼ਹਿਰ ਰਹਿੰਦੇ ਦੂਸਰੇ ਚਾਚੇ ਨੇ ਵੀ ਅਗਲੇ ਹਫਤੇ ਘਰ ਆਉਣ ਦੀ ਯੋਜਨਾ ਦੱਸੀ।
ਮੱਘਰ ਸਿਉਂ ਦੀ ਧੀ ਨੂੰ ਦਾਦਕੇ ਇਕੱਠੇ ਹੋਣ ਦਾ ਚਾਅ ਚੜ੍ਹ ਗਿਆ। ਉਹ ਉਤਸੁਕਤਾ ਨਾਲ ਫੈਮਿਲੀ ਗਰੁੱਪ ਚ ਆਏ ਸਾਰੇ ਸੰਦੇਸ਼ ਆਪਣੇ ਮਾਪਿਆਂ ਨੂੰ ਸੁਣਾਉਣ ਲੱਗੀ।ਉਸਦੇ ਚੇਹਰੇ ਤੇ ਜਿੰਨਾ ਖੁਸ਼ੀ ਦਾ ਜਲੌ ਸੀ ਉਸਦੇ ਮਾਪਿਆਂ ਦੇ ਮੱਥੇ ਤਿਉੜੀਆਂ ਪੈ ਗਈਆਂ।
ਮਾਪਿਆਂ ਦੇ ਪ੍ਰੇਸ਼ਾਨ ਹੋਣ ਦਾ ਕਾਰਨ ਉਸ ਦੇ ਸਮਝੋ ਬਾਹਰ ਸੀ। ਫਿਰ ਵੀ ਝਿੜਕ ਪੈ ਜਾਣ ਦੇ ਡਰੋਂ ਉਹ ਮਾਪਿਆਂ ਨੂੰ ਇਕੱਲੇ ਛੱਡ ਬਾਹਰਲੇ ਘਰ ਕੰਮ ਕਰਨ ਚਲੇ ਗਈ।
ਇਕੱਲੇ ਬੈਠਿਆਂ ਮੱਘਰ ਸਿਉਂ ਤੇ ਉਸਦੀ ਪਤਨੀ ਚ ਗੱਲਾਂ ਛਿੜ ਪਈਆਂ।
‘ਆਪਣੀ ਕੁੜੀ ਤਾਂ ਭੋਲੀ ਆ।ਮੈਨੂੰ ਪਤਾ ਉਹ ਸਾਰੇ ਆ ਕਿਉਂ ਰਹੇ …’ ਮੱਘਰ ਦੀ ਪਤਨੀ ਮਨਜੀਤ ਨੇ ਖਿਝ ਕੇ ਕਿਹਾ।
‘ ਕਿਉਂ ‘…ਮੱਘਰ ਨੇ ਪੁੱਛਿਆ।
‘ਅਗਲੇ ਦੋ ਹਫਤਿਆਂ ਤੱਕ ਸੌਣ ਦੀ ਸੰਗਰਾਂਦ ਆ ਮਤਲਬ ਆਪਣੀ ਬੇਬੇ ਦੀ ਪਹਿਲੀ ਵਰਸੀ।ਉਹਦੇ ਸਸਕਾਰ ਤੇ ਤਾਂ ਬੰਬੇ ਵਾਲੀ ਤੇ ਬਾਹਰਲੇ ਪਹੁੰਚੇ ਨਾ।ਹੁਣ ਵਰਸੀ ਮਨਾ ਕੇ ਖੇਖਨ ਕਰਨਗੇ …ਮੇਰੇ ਤੋਂ ਲਿਖ ਕੇ ਲੈਲਾ …’ਮਨਜੀਤ ਨੇ ਅੱਖਾਂ ਉਤਾਹ ਨੂੰ ਚੜਾਉਂਦਿਆਂ ਕਿਹਾ।
” ਹਾਂ..ਮੈਨੂੰ ਵੀ ਐਵੇਂ ਈ ਲੱਗਦਾ।ਆਪਾਂ ਵੀ ਫਿਰ ਉਹਨਾਂ ਤੋਂ ਅੱਗੇ ਆਂ। ਮੈਂ ਗੁਰੁਦਵਾਰੇ ਦੇ ਭਾਈਏ ਨਾਲ ਗੱਲ ਕਰ ਹਾਲ ਚ ਬੇਬੇ ਦੇ ਨਾ ਦੇ ਪੱਖੇ ਲਗਵਾ ਦਿੰਨਾ ਤੇ ਨਾਲੇ ਪਾਰਕ ਚ ਮੇਜ਼ ਲਗਵਾ ਕੇ ਉਹਨਾਂ ਤੇ ਬੇਬੇ ਦਾ ਨਾ ਤੇ ਆਪਣਾ ਨਾ ਲਿਖਵਾ ਦਿੰਨਾ ਕੇ ਮੇਰੇ ਦੁਆਰਾ ਸੇਵਾ ਕਰਾਈ ਗਈ।ਸਾਰੇ ਜਣੇ ਗੁਰੂਘਰ ਤਾਂ ਜਾਣਗੇ ਈ।ਸਭ ਨੂੰ ਦਿਖ ਜਾਊ ਕੇ ਮਾਈ ਦੀ ਯਾਦ ਚ ਆਪਾਂ ਕੀ ਕੀਤਾ ..ਆਪਣੇ ਨੰਬਰ ਬਣਨਗੇ ਉਹ ਅਲੱਗ।ਸਾਰੇ ਪਿੰਡ ਚ ਸ਼ੋਭਾ ਵਧੂ ਉਹ ਵੱਖ …’।
ਮੱਘਰ ਸਿਉਂ ਦੇ ਵਿਚਾਰ ਚ ਮਨਜੀਤ ਨੇ ਹਾਂ ਮਿਲਾਈ ਤੇ ਉਹ ਨਾਸ਼ਤਾ ਕਰ ਤੁਰੰਤ ਡੇਅਰੀ ਵਾਲੇ ਤੋਂ ਪੈਸੇ ਫੜ੍ਹ ਆਪਣੇ ਕੰਮ ਲੱਗ ਗਿਆ।
ਸਵਰਗਵਾਸੀ ਮਾਈ ਦੇ ਬਾਹਰਲੇ ਪੁੱਤ ਨੇ ਉਸਦੇ ਨਾਮ ਤੇ ਗੁਰੂਘਰ ਸੋਨੇ ਦੇ ਪੱਤਰ ਦਾਨ ਕਰਨ ਲਈ ਮਾਇਆ ਜੋੜ ਲਈ ਸੀ।
ਬੰਬੇਉ ਮਾਈ ਦੀ ਧੀ ਨੇ ਗੁਰੂਘਰ ਦੀ ਪਾਰਕ ਚ ਮਾਈ ਦਾ ਬੁੱਤ ਲਗਾਉਣ ਲਈ ਤਿਆਰ ਕਰਵਾ ਲਿਆ
ਤੇ ਲਾਗਲੇ ਪਿੰਡ ਰਹਿੰਦਾ ਉਸਦਾ ਪੁੱਤ ਹਾਲੇ ਵੀ ਸ਼ਸੋਪੰਜ ਚ ਸੀ ਕੇ ਮੈਂ ਕੀ ਅਜਿਹਾ ਕਰਾਂ ਕੇ ਮੇਰੀ ਸਸਤੇ ਚ ਹੀ ਸ਼ੋਭਾ ਵੱਧ ਜਾਵੇ।
ਕਰਦੇ-ਕਰਾਉਂਦਿਆਂ ਦੋ ਹਫਤੇ ਬੀਤ ਗਏ।ਉਹ ਘੜੀ ਆ ਹੀ ਗਈ ਜਿਸਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।ਮਾਈ ਦੇ ਬਰਸੀ ਤੇ ਗੁਰੂ ਘਰ ਪਾਠ ਰਖਵਾਇਆ ਗਿਆ।ਸਭ ਨੇ ਆਪਣੀ ਔਕਾਤ ਮੁਤਾਬਕ ਇੱਕ ਦੂਜੇ ਤੋਂ ਵੱਧ ਕੇ ਦਾਨ ਪੁੰਨ ਦਾ ਦਿਖਾਵਾ ਕੀਤਾ ਪਰ ਲਾਗਲੇ ਪਿੰਡ ਰਹਿੰਦੇ ਮਾਈ ਦੇ ਮੁੰਡੇ ਨੇ ਕੋਈ ਦਾਨ ਨਾ ਕੀਤਾ, ਬਸ , ਹਾਜ਼ਰੀ ਭਰੀ।
ਉਹ ਸਭ ਦੀਆ ਅੱਖਾਂ ਚ ਰੜਕ ਰਿਹਾ ਸੀ ਕੇ ਤੂੰ ਕੋਈ ਦਾਨ ਕਿਉਂ ਨਾ ਕੀਤਾ।
ਸਭ ਸਮਝਣ ਦੇ ਬਾਵਜੂਦ ਉਹ ਚੁੱਪ ਰਿਹਾ।ਉਸਨੂੰ ਆਪਣੇ ਭਰਾਵਾਂ ਤੇ ਭੈਣ ਨੂੰ ਮਿਲਣ ਦਾ ਇੰਨਾ ਚਾਅ ਸੀ ਕੇ ਉਹ ਉਨ੍ਹਾਂ ਦਾ ਨਫਰਤ ਭਰਿਆ ਵਿਵਹਾਰ ਆਸਾਨੀ ਨਾਲ ਨਜ਼ਰਅੰਦਾਜ ਕਰ ਗਿਆ।
ਸ਼ਾਮਾਂ ਨੂੰ ਮਾਈ ਦੇ ਵਰਸੀ ਦੇ ਪ੍ਰੋਗਰਾਮ ਤੋਂ ਜਦੋਂ ਸਭ ਵੇਹਲੇ ਹੋਏ ਤਾਂ ਪਿੰਡ ਤਾਂ ਡਾਕੀਆ ਘਰ ਆਇਆ।
‘ਕਿਓਂ ਭਾਈ ਘਰੀਂ ਉ ਸਾਰੇ …ਉਸਨੇ ਆਉਂਦਿਆਂ ਹੀ ਪੁੱਛਿਆ।
‘ਹਾਂ ਚਾਚਾ,ਘਰ ਈ ਆ।ਦੇਖ ਮਾਈ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਘਰ ਰੌਣਕ ਲੱਗੀ …ਮੱਘਰ ਸਿਉਂ ਨੇ ਉੱਤਲੇ ਜਿਹੇ ਮਨੋ ਕਿਹਾ।’
‘ਵਾਹਿਗੁਰੂ ਸੁਖ ਰੱਖੇ।ਕਦੇ ਇਹਨਾਂ ਰੌਣਕਾਂ ਦੇ ਰੰਗ ਫਿੱਕੇ ਨਾ ਪੈਣ …ਕਹਿੰਦਾ ਡਾਕੀਆ ਮੰਜਾ ਡਾਹ ਬੈਠ ਗਿਆ ਤੇ ਉਸਨੇ ਮੱਘਰ ਸਿਉਂ ਸਣੇ ਉਸਦੇ ਸਾਰੇ ਪਰਿਵਾਰ ਨੂੰ ਇਕੱਠੇ ਹੋ ਬੈਠਣ ਦੀ ਗੱਲ ਕਹੀ।
ਡਾਕੀਏ ਦੀ ਗੱਲ ਮੰਨ ਸਭ ਉਸਦੇ ਆਲੇ-ਦੁਆਲੇ ਹੋ ਬੈਠ ਗਏ।
‘ਦੇਖੋ ਭਾਈ ਜਦੋਂ ਥੋਡੀ ਬੀਬੀ ਵਾਹਵਾ ਈ ਬਿਮਾਰ ਸੀ ਮੈਂ ਉਸਦਾ ਪਤਾ ਲੈਣ ਗਿਆ ਸਾਂ,ਉਸਨੇ ਭਾਵੁਕ ਹੋ ਕੁਝ ਗੱਲਾਂ ਲਿਖਵਾਈਆ ਸਨ ਤੇ ਮੇਰੇ...
ਤੋਂ ਵਾਅਦਾ ਲਿਆ ਸੀ ਕੇ ਮੈਂ ਤੁਹਾਨੂੰ ਉਦੋਂ ਪੜ੍ਹ ਕੇ ਸੁਣਾਵਾਂ ਜਦੋਂ ਤੁਸੀਂ ਸਾਰੇ ਇਕੱਠੇ ਹੋਵੋ।ਅੱਜ ਉਸਦੀ ਵਰਸੀ ਤੇ ਤੁਸੀਂ ਸਭ ਇਕੱਠੇ ਹੋਏ ਹੋ ਤਾਂ ਮੈਂ ਸੋਚਿਆ ਕੇ ਮੈਂ ਆਪਣੀ ਜਿੰਮੇਵਾਰੀ ਨਿਭਾ ਕੇ ਇਸਤੋਂ ਮੁਅੱਤਲ ਹੋਵਾਂ।ਸਭ ਧਿਆਨ ਨਾਲ ਸੁਣਨਾ ਉਸਨੇ ਕੀ ਲਿਖਵਾਇਆ ਸੀ :
ਮੈਂ ਆਪਣੇ ਤਨੋ-ਮਨੋ ਤੁਹਾਨੂੰ ਪਾਲ ਚੰਗੇ ਇਨਸਾਨ ਬਣਾਉਣ ਦਾ ਯਤਨ ਕੀਤਾ ਸੀ।ਜੇ ਮੇਰੇ ਤੋਂ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ।ਕੁਝ ਕੁ ਗੱਲਾਂ ਨੇ ਜੋ ਮਰਨ ਤੋਂ ਪਹਿਲਾਂ ਡਾਕੀਏ ਬਾਬੂ ਤੋਂ ਲਿਖਵਾ ਰਹੀ ਆਂ ਸ਼ਾਇਦ ਤੁਹਾਡੇ ਕੰਮ ਆ ਸਕਣ।
ਤੁਸੀਂ ਸਾਰੇ ਹੁਣ ਪੰਜਾਹਾਂ ਨੂੰ ਟੱਪ ਚੱਲੇ ਉ।ਆਪਣੇ ਲਈ ਆਪਣੇ ਘਰ ਚ ਇੱਕ ਕਮਰਾ ਜਰੂਰ ਛੱਤ ਲੈਣਾ ਜਿਸ ਚ ਪੱਖਾ,ਹੀਟਰ,ਖਾਣ-ਪੀਣ ਤੇ ਟੱਟੀ-ਮੂਤ ਕਰਨ ਦਾ ਪ੍ਰਬੰਧ ਹੋਵੇ।ਇੰਨੇ ਕੁ ਪੈਸੇ ਜੋੜ ਲੈਣਾ ਕੇ ਕਿਸੇ ਨੂੰ ਤੁਹਾਡੇ ਪਾਸੇ ਥੱਲਣ ਲਈ ਕੰਮ ਤੇ ਰੱਖ ਸਕੋਂ।ਮੁਫ਼ਤ ਚ ਤਾਂ ਕੋਈ ਜੂੰ ਵੀ ਨਹੀਂ ਮਾਰਦਾ।ਔਲਾਦ ਮੁਸ਼ਕ ਮਾਰਦਾ ਕਹਿ ਆਪਣੇ ਬਣਾਏ ਘਰ ਦੀ ਮਾਲਿਕ ਬਣ ਉਸੇ ਘਰੋਂ ਬਾਹਰ ਕੱਢ ਦਿੰਦੀ ਜਿਵੇਂ ਤੁਸੀਂ ਮੇਰੀ ਮੰਜੀ ਬਾਹਰਲੇ ਘਰ ਪਸ਼ੂਆਂ ਲਗੇ ਡਾਹ ਦਿੱਤੀ ਸੀ
ਇਸ ਗੱਲ ਦੀ ਵੀ ਪ੍ਰਵਾਹ ਨਾ ਕੀਤੀ ਕੇ ਜੇ ਕਿਤੇ ਕੋਈ ਪਸ਼ੂ ਖੁੱਲ ਕੇ ਮੇਰੇ ਉੱਪਰ ਚੜ੍ਹ ਗਿਆ ਤਾਂ ਮੈਨੂੰ ਤਾਂ ਮਿੱਧ ਹੀ ਦੇਵੇਗਾ।ਉਹ ਤਾਂ ਭਲਾ ਹੋਵੇ ਮੇਰੇ ਸਭ ਤੋਂ ਛੋਟੇ ਪੁੱਤ-ਨੂੰਹ ਦਾ ਜਿੰਨ੍ਹਾ ਨੂੰ ਮੇਰੇ ਤੇ ਤਰਸ ਆ ਗਿਆ। ਉਹ ਮੇਰੀ ਮੰਜੀ ਚੁੱਕ ਆਪਣੇ ਘਰ ਲੈ ਗਏ ਤੇ ਆਖਰੀ ਦਮ ਤਕ ਮੇਰੇ ਟੱਟੀ-ਪਿਸ਼ਾਬ ਦੇ ਪੋਤੜੇ ਸਾਫ ਕਰ ਮੇਰੀ ਸੇਵਾ ਕਰਦੇ ਰਹੇ।ਮੈਂ ਕੋਈ ਪੁੰਨ ਕੀਤਾ ਹੋਣਾ ਜੋ ਇੱਕ ਔਲਾਦ ਮੈਨੂੰ ਸਾਂਭ ਗਈ।ਮੈਨੂੰ ਤੁਹਾਡਾ ਸਭ ਦਾ ਬੜਾ ਫਿਕਰ ਆ।ਤੁਸੀਂ ਆਪਣੀ ਔਲਾਦ ਨੂੰ ਚੀਜ਼ਾਂ ਨੂੰ ਨਹੀਂ ਇਨਸਾਨਾ ਨੂੰ ਪਿਆਰ ਕਰਨਾ ਸੁਣਾਉਣਾ ਤਾਂ ਕੇ ਉਹ ਜਿਉਂਦੇ ਜੀਅ ਤੁਹਾਡੀ ਸੰਭਾਲ ਕਰਨ ਨਾ ਕੇ ਤੁਹਾਡੇ ਮਰ ਜਾਣ ਤੇ ਯਾਦ ਚ ਨਿਸ਼ਾਨੀਆਂ ਲਗਵਾਉਂਦੇ ਫਿਰਨ।
ਮੈਂ ਬਹੁਤ ਬਹਾਦਰ-ਜ਼ਿੰਦਾਦਿਲ ਔਰਤ ਸਾਂ।ਜਵਾਨੀ ਚ ਰੰਡੀ ਹੋ ਗਈ ਸਾਂ।ਫਿਰ ਵੀ ਮੈਂ ਕਦੇ ਨਾ ਹਾਰੀ ਪਰ ਹਾਂ ਤੁਹਾਡੇ ਔਲਾਦ ਦੇ ਹੱਥੋਂ ਮਾਂ ਬਣ ਕੇ ਜਰੂਰ ਹਾਰ ਗਈ ਹਾਂ।
ਮੈਨੂੰ ਨਹੀਂ ਪਤਾ ਮੈਂ ਤੁਹਾਡੇ ਦਿਲ ਤੇ ਰਾਜ ਕਰ ਪਾਈ ਜਾਂ ਨਹੀਂ ਪਰ ਹਾਂ ਮੇਰਾ ਦਿਲ ਸਾਰਾ ਦਿਨ ਤੁਹਾਡੇ ਬਾਰੇ ਈ ਸੋਚਦਾ ਰਹਿੰਦਾ ਸੀ ਤੇ ਤੁਹਾਡੀ ਖੈਰ ਮੰਗਦਾ ਸੀ।
ਤੁਸੀਂ ਮੇਰੀ ਵਰਸੀ ਨਾ ਮਨਾਉਣਾ ਬਸ ਆਪਣੀ ਔਲਾਦ ਨੂੰ ਇਹ ਸਬਕ ਸਿਖਾਉਣਾ ਕੇ ਮਾਂ ਦਾ ਇੱਕ ਦਿਨ ਨਹੀਂ ਹੁੰਦਾ ਜਿਸ ਦਿਨ ਉਸਦੀ ਪ੍ਰਵਾਹ ਕੀਤੀ ਜਾਂਦੀ ਬਲਕਿ ਸਾਲ ਦੀ ਹਰ ਤਾਰੀਖ,ਹਰ ਦਿਨ ਤੇ ਹਰ ਪਲ ਮਾਂ ਲਈ ਹੋਣੀ ਚਾਹੀਦੀ ਹੈ।ਭਲੇਉ ਕੀ ਮਾਂ ਦਾ ਵੀ ਕੋਈ ਦਿਨ ਹੁੰਦਾ ? ਹਾਂ ਮਾਂ ਤੋਂ ਬਿਨਾ ਕੋਈ ਦਿਨ ਨਹੀਂ ਹੁੰਦਾ।
ਜੇ ਦੁਨੀਆ ਦੀਆਂ ਸਭ ਮਾਵਾਂ ਇੱਕ ਜੁੱਟ ਹੋ ਜਾਣ ਤਾਂ ਕਦੇ ਕੋਈ ਲੜਾਈ ਨਾ ਹੋਵੇ।ਇਹ ਗੱਲ ਨੂੰਹਾਂ ਨੂੰ ਸਮਝਾਉਣ ਲਈ ਕਹਿ ਰਹੀ ਹਾਂ ਕੇ ਅੱਗੇ ਤੁਹਾਡੀਆਂ ਵੀ ਨੂੰਹਾਂ ਆਉਣੀਆਂ।ਸਮਝ ਕੇ ਵਿਚਰਨਾ।
ਕੋਈ ਵੀ ਬੋਲੀ, ਭਾਸ਼ਾ ਮਾਂ ਦੇ ਪਿਆਰ ਦੀ ਸ਼ਕਤੀ,ਸੁੰਦਰਤਾ ਅਤੇ ਸੂਰਬੀਰਤਾ ਨੂੰ ਬਿਆਨ ਨਹੀਂ ਕਰ ਸਕਦੀ।
ਤੁਸੀਂ ਭਾਵੇਂ ਮੇਰੇ ਬੁਢਾਪੇ ਚ ਮੈਨੂੰ ਵਿਸਾਰ ਦਿੱਤਾ ਪਰ ਮੈਂ ਫਿਰ ਵੀ ਤੁਹਾਨੂੰ ਸਭ ਨੂੰ ਪਿਆਰ ਕਰਦੀ ਹਾਂ।ਮੇਰੇ ਤੇ ਬੀਤ ਰਹੀ ਆ ਨਾ ਇਸ ਲਈ ਕਹਿ ਰਹੀ ਹਾਂ ਬੁਢਾਪਾ ਸੰਭਾਲਣਾ ਬਹੁਤ ਕਠਿਨ ਹੈ।ਆਪਣੇ ਬੁਢਾਪੇ ਦੀ ਤਿਆਰੀ ਕਰ ਲਵੋ ਤੇ ਆਪਣੀ ਔਲਾਦ ਨੂੰ ਆਪਣੇ ਨੇੜੇ ਇੰਨਾ ਕੁ ਰੱਖਣਾ ਕੇ ਤੁਹਾਨੂੰ ਘਰੋਂ ਕੱਢਣ ਵੇਲੇ ਉਹਨਾਂ ਦੇ ਹੱਥ ਕੰਬ ਜਾਣ।
ਮੈਨੂੰ ਪਤਾ ਤੁਹਾਡਾ,ਤੁਸੀਂ ਸ਼ੋਸ਼ੇਵਾਜੀ-ਦਿਖਾਵਿਆਂ ਨਾਲ ਜਿਉਂਣ ਵਾਲੇ ਲੋਕ ਓ।ਮੇਰੇ ਮਰਨ ਤੇ ਵਰਸੀਆਂ ਮਨਾ ਖਰਚੇ ਨਾ ਕਰਨਾ।ਉਹਨਾਂ ਦਾ ਕੋਈ ਫਾਇਦਾ ਨਹੀਂ ਜਦ ਤੁਸੀਂ ਜਿਉਂਦੇ ਜੀਅ ਮੇਰੀ ਸੰਭਾਲ ਨਾ ਕਰ ਸਕੇ …
ਤੁਹਾਡੀ ਮਾਂ
ਸ਼ਲਿੰਦਰ !!
ਸਲਿੰਦਰਾ ਮਾਈ ਦੀ ਚਿੱਠੀ ਪੜ੍ਹ ਡਾਕੀਏ ਬਾਬੂ ਦਾ ਗਲਾ ਭਰ ਆਇਆ।ਉਹ ਤੁਰੰਤ ਉੱਠ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਸਾਰੇ ਪਰਿਵਾਰ ਦੀਆਂ ਅੱਖਾਂ ਮਾਈ ਦੇ ਲਿਖਵਾਏ ਪੱਤਰ ਚ ਗੱਡੀਆਂ ਗਈਆਂ।
ਸਲਿੰਦਰੋ ਦੇ ਇੱਕ ਪੁੱਤ ਤੇ ਨੂੰਹ ਜਿੰਨਾ ਨੇ ਉਸਦਾ ਬੁਢਾਪਾ ਸੰਭਾਲਿਆ ਸੀ ਤੋਂ ਬਿਨਾ ਸਭ ਆਪਣੀਆਂ ਕਰਤੂਤਾਂ ਤੇ ਸ਼ਰਮਿੰਦਾ ਜੋ ਹੋ ਗਏ ਸਨ।
—- ਜੱਸੀ ਧਾਲੀਵਾਲ