ਮੁੰਡੇ ਵਾਲਿਆਂ ਨੇ ਦੇਖਣ ਆਉਣਾ ਸੀ ਤੇ ਚੰਨੀ ਲਈ ਇਹ ਛੇਵਾਂ ਮੁੰਡਾ ਸੀ ਜੋ ਉਸਨੂੰ ਦੇਖਣ ਆ ਰਿਹਾ ਸੀ । ਉਸ ਲਈ ਇੰਝ ਬਹੁਤ ਔਖਾ ਸੀ ਵਾਰ ਵਾਰ ਸਜ ਕੇ ਜਾਣਾ ਤੇ ਫਿਰ ਅੱਗੋਂ ਨਾਂਹ ਸੁਣਨੀ ।ਹੁਣ ਤੇ ਵਿਆਹ ਵਾਲਾ ਚਾਅ ਵੀ ਲੱਥ ਗਿਆ ਸੀ ।
ਮੁੰਡੇ ਵਾਲੇ ਆ ਗਏ । ਚਾਹ ਪਾਣੀ ਪੀ ਲੈਣ ਦੇਣ ਦੀ ਗੱਲ ਚੱਲੀ । ਗੱਲ ਉੱਕੀ ਪੁੱਕੀ 25 ਲੱਖ ਦੇ ਨਿੱਬੜੀ । ਵਿਆਹ ਦਾ ਸਾਰਾ ਖਰਚਾ ਕੱਢ ਕੇ ਬਾਕੀ ਪੈਸੇ ਝੋਲੀ ਪਾਉਣ ਦੀ ਗੱਲ ਵਿਚੋਲੇ ਨੇ ਚੰਨੀ ਦੇ ਪਿਉ ਕੋਲ ਠੋਕਰ ਦਿੱਤੀ ।
ਚੰਨੀ ਨੂੰ ਬੁਲਾਇਆ ਗਿਆ ਤੇ ਹਮੇਸ਼ਾ ਦੀ ਤਰ੍ਹਾ ਚੰਨੀ ਨੂੰ ਅੰਦਰੋਂ ਅੰਦਰ ਘਬਰਾਹਟ ਹੋਣ ਲੱਗੀ ਪਰ ਆਪਣੇ ਆਪ ਨੂੰ ਸੰਭਾਲਦਿਆਂ ਉਹ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਸੋਫ਼ੇ ਤੇ ਬੈਠੇ ਆਵਦੇ ਭਰਾ ਕੋਲ ਜਾ ਕੇ ਬੈਠ ਗਈ । ਨਾਲਦੇ ਸੋਫ਼ੇ ਤੇ ਬੈਠੀ ਮੁੰਡੇ ਦੀ ਮਾਂ ਨੇ ਚੰਨੀ ਨਾਲ ਰਸਮੀ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਚੋ ਗੱਲ ਏਹ ਵੀ ਕੀਤੀ ਕਿ ਬੇਟਾ ਐਮ ਏ ਕਾਹਤੋਂ ਵਿੱਚ ਛੱਡ ਦਿੱਤੀ । ਚੰਨੀ ਨੇ ਰੋਣਹਾਕਾ ਮੂੰਹ ਬਣਾ ਲਿਆ ਪਰ ਨਾਲ ਬੈਠੇ ਉਸਦੇ ਭਰਾ ਨੇ ਉਸਦਾ ਹੱਥ ਘੁੱਟ ਕੇ ਫੜ੍ਹ ਲਿਆ ਤੇ ਅੱਖਾਂ ਭਰ ਆਵਦਾ ਸਿਰ ਹਿਲਾਇਆ ਜਿਵੇਂ ਕਹਿ ਰਿਹਾ ਹੋਵੇ ਕਿ ਨਾ ਰੋਣਾ ਨੀ । ਅੱਗੇ ਗੱਲ ਹੋਣ ਲੱਗੀ ਕਿ ਬੇਟਾ ਤੁਹਾਡੇ ਅੱਖਾਂ ਦੇ ਘੇਰੇ ਕਾਲੇ ਕਾਹਤੋ ਨੇ , ਕੋਈ ਮੈਡੀਸਨ ਨਹੀਂ ਲਈ । ਚੰਨੀ ਦੀ ਭੁੱਬ ਨਿਕਲ ਗਈ ਤੇ ਉਹ ਉੱਚੀ ਉੱਚੀ ਰੋਣ ਲੱਗ ਗਈ । ਸਾਰੇ ਹੈਰਾਨ ਹੋਏ । ਮੁੰਡੇ ਦੀ ਮਾਂ ਨੇ ਵਿਚੋਲਣ ਦੇ ਕੰਨ ਚ ਘੁਸਰ ਮੁਸਰ ਕੀਤੀ , “ਕੁੜੀ ਤਾਂ ਟੈਨਸ਼ਨ ਚ ਲੱਗਦੀ ਆ, ਲੱਗਦਾ ਘਰਦੇ ਧੱਕਾ ਕਰ ਰਹੇ ਆ ਵਿਆਹ ਨੂੰ ਜਾਂ ਫਿਰ ਕੁੜੀ ਨੂੰ ਕੋਈ ਕਸਰ ਕੁਸਰ ਹੁੰਦੀ ਹੋਊ । ਚੱਲੀਏ ਆਪਾਂ ਇੱਥੋੰ ..” ਵਿਚੋਲਣ ਗੱਲ ਅਣਸੁਣੀ ਜੇਹੀ ਕਰ ਕਹਿੰਦੀ ਕਿ ਕੋਈ ਨਾ ਦੋ ਮਿੰਟ ਹੋਰ ਬੈਠੇ ਭੈਣਜੀ । ਐਨੇ ਨੂੰ ਮੁੰਡੇ ਦੇ ਪਿਉ ਨੇ ਕਿਹਾ ਕਿ ਚਲੋ ਮੁੰਡਾ ਕੁੜੀ ਮਿਲ ਲੈਣ ਇਕੱਲੇ .. ਕੋਈ ਗੱਲਬਾਤ ਪੁੱਛਣੀ ਹੋਵੇ ਉਹਨਾਂ ਨੇ ਤਾਂ ।
ਮੁੰਡਾ ਉੱਠ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਚ ਚਲਾ ਗਿਆ । ਉੱਥੇ ਚੁਬਾਰੇ ਚ ਬੈੱਡ ਤੇ ਲਾਲ ਰੰਗ ਦੀ ਡਾਇਰੀ ਪਈ ਸੀ ਤੇ ਮੁੰਡੇ ਨੇ ਯੱਕਾਤੱਕੀ ਚ ਡਾਇਰੀ ਖੋਲੀ ਤੇ ਅੱਜ ਦੀ ਤਾਰੀਕ ਤੇ ਚੰਨੀ ਨੇ ਆਵਦੀ ਮਾਂ ਨੂੰ ਛੋਟਾ ਜੇਹਾ ਖ਼ਤ ਲਿਖਿਆ ਸੀ ,
“ਮਾਂ ਅੱਜ ਫਿਰ ਛੇਵੀਂ ਵਾਰ ਕੋਈ ਮੁੰਡਾ ਦੇਖਣ ਆ ਰਿਹਾ । ਮੈਨੂੰ ਪਤਾ ਉਹਨੇ ਮੈਨੂੰ ਦੇਖ ਕੇ ਨਾਂਹ ਹੀ ਕਰ ਦੇਣੀ ਆ ਪਰ ਫਿਰ ਵੀ ਮੈਂ ਤੇਰਾ ਸਵਾ ਕੇ ਦਿੱਤਾ ਨਵਾਂ ਸੂਟ ਪਾਇਆ । ਪਤਾ ਮਾਂ ਤੇਰੇ ਜਾਣ ਤੋਂ ਬਾਅਦ ਘਰਦੇ ਕਾਹਲੇ...
ਆ ਮੈਨੂੰ ਤੋਰਨ ਲਈ । ਓਹ ਵੀ ਤਾਂ ਸਹੀ ਆ , ਧੀਆਂ ਨੂੰ ਕਿੰਨਾ ਟਾਈਮ ਘਰ ਰੱਖ ਸਕਦਾ ਕੋਈ ? ਮਾਂ ਏਹ ਦੁੱਖ ਨੀ ਕਿ ਮੈਂ ਵਿਆਹੀ ਜਾਣਾ । ਦੁੱਖ ਏਹ ਆ ਕਿ ਤੇਰੀ ਥਾਂ ਕੌਣ ਭਰੂਗਾ । ਤੂੰ ਜਦੋਂ ਦੀ ਰੱਬ ਕੋਲ ਗਈ ਏ , ਮੇਰੀਆਂ ਅੱਖਾਂ ਸੌਂ ਕੇ ਵੀ ਨਹੀਂ ਸੌਂਦੀਆਂ । ਮਾਂ ਮੈਂ ਡਿਪ੍ਰੈਸ਼ਨ ਚ ਹਾਂ ਅਤੇ ਮੁੰਡੇ ਵਾਲੇ ਏਹ ਕਹਿ ਨਾ ਕਰ ਦਿੰਦੇ ਆ ਕਿ ਕੁੜੀ ਵਿਆਹ ਨੂੰ ਰਾਜ਼ੀ ਨਹੀਂ ਲੱਗਦੀ । ਕੀ ਦੱਸਾਂ ਮੇਰੇ ਵੀ ਚਾਅ … ਚੰਗਾ ਮਾਂ ਮੁੰਡੇ ਵਾਲੇ ਆ ਗਏ ਫੇਰ ਦੱਸੂਗੀ ਕੀ ਹੋਇਆ ..”
ਡਾਇਰੀ ਪੜ੍ਹਦਿਆਂ ਮੁੰਡੇ ਦੇ ਅੱਖਾਂ ਚ ਅੱਥਰੂ ਸੀ ਤੇ ਮੁੰਡੇ ਨੇ ਆਵਦੀ ਜੇਬ ਚੋ ਪੈੱਨ ਕੱਢ ਲਿਖ ਦਿੱਤਾ , “ਪੈਰੀਂ ਪੈਨ੍ਹਾ ਮਾਂ , ਮੈਂ ਤੁਹਾਡਾ ਜੁਆਈ ਤੇ ਤੁਹਾਡੀ ਕੁੜੀ ਮੈਨੂੰ ਪਿਆਰੀ ਲੱਗੀ ..ਤੁਸੀਂ ਹੁਣ ਉਸਦੀ ਫ਼ਿਕਰ ਨਾ ਕਰਨਾ ..ਮੈਂ ਹੈਗਾ ਉਹਨੂੰ ਸੰਭਾਲ ਲਵਾਂਗਾ..” ਮੁੰਡੇ ਨੇ ਐਨਾ ਲਿਖ ਕੇ ਡਾਇਰੀ ਬੰਦ ਕਰ ਦਿੱਤੀ ਤੇ ਨੀਚੇ ਆ ਗਿਆ ।
ਚੰਨੀ ਠੀਕ ਹੋ ਕੇ ਹਾਲੇ ਪਾਣੀ ਪੀ ਕੇ ਉੱਪਰ ਜਾਣ ਲਈ ਸੋਫ਼ੇ ਤੋਂ ਉੱਠਣ ਲੱਗੀ ਸੀ ਕਿ ਮੁੰਡਾ ਉੱਥੇ ਆਇਆ । ਚੰਨੀ ਦੇ ਸਾਹ ਤੇਜ਼ ਹੋ ਗਏ ਤੇ ਆਵਦੇ ਪਿਉ ਦੇ ਮੂੰਹ ਵੱਲ ਦੇਖਣ ਲੱਗੀ ਕਿ ਇਸ ਵਾਰ ਫੇਰ ਨਾਂਹ ਸੁਣ ਕੇ ਬਾਪੂ ਦਾ ਚਿਹਰਾ ਫੇਰ ਨਾ ਮੁਰਝਾ ਜਾਵੇ ।
ਮੁੰਡਾ ਆਵਦੀ ਮਾਂ ਕੋਲ ਆ ਕੇ ਕਹਿੰਦਾ, “ਦਿਨ ਤਰੀਕ ਵੇਖ ਲੋ , ਕੁੜੀ ਪਸੰਦ ਆ ਮੈਨੂੰ .. ਕਹਿੰਦੇ ਆ ਤਾਂ ਅੱਜ ਹੀ ਚੁੰਨੀ ਚੜਾਵਾ ਕਰ ਲੈਨੇ ਆ ..” ਮਾਂ ਦਾ ਮੂੰਹ ਉੱਡ ਗਿਆ ਕਿ ਐਨੀਆਂ ਸੋਹਣੀਆਂ ਕੁੜੀਆਂ ਦੇਖ ਕੇ ਹਾਂ ਨਾ ਕਰਨ ਵਾਲਾ ਇਸ ਕੁੜੀ ਲਈ ਕਿਵੇਂ ਮੰਨ ਗਿਆ । ਸਾਰੇ ਕਹਿਣ ਲੱਗਗੇ ਕਿ ਅੱਜ ਨੀ ਸੁੱਖੀ ਸਾਂਦੀ ਵਿਆਹ ਕਰਕੇ ਤੋਰਾਂਗੇ ਕੁੜੀ ।
ਮੁੰਡਾ ਵਿਚੋਲੇ ਨੂੰ ਪਾਸੇ ਕਰਕੇ ਕਹਿੰਦਾ ਕਿ ਵਿਆਹ ਦਾ ਖਰਚਾ ਅੱਧੋ ਅੱਧ ਕਰਾਂਗੇ ..ਕਹਿ ਦੇਣਾ ਕੁੜੀ ਦੇ ਪਿਉ ਨੂੰ । ਮੁੰਡੇ ਦੀ ਮਾਂ ਨੇ ਉਲਝੀ ਜੇਹੀ ਨੇ ਚੰਨੀ ਦੇ ਖੰਬਣੀ ਬੰਨ੍ਹ ਕੇ ਮੂੰਹ ਮਿੱਠਾ ਕਰਾ ਦਿੱਤਾ । ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ । ਚੰਨੀ ਬਹੁਤ ਖੁਸ਼ ਹੋਈ ਤੇ ਅੱਖਾਂ ਚ ਪਾਣੀ ਭਰ ਆਵਦੇ ਭਰਾ ਨੂੰ ਘੁੱਟ ਕੇ ਮਿਲੀ ।
ਇਹ ਕਮਾਲ ਉਸ ਖ਼ਤ ਦਾ ਸੀ ਜੋ ਉਹਨੇ ਆਵਦੀ ਮਾਂ ਨੂੰ ਪਾਇਆ ਸੀ ਤੇ ਕਿਸੇ ਹੋਰ ਨੂੰ ਮਿਲ ਗਿਆ ਸੀ ਜੋ ਉਸਦੀ ਮਾਂ ਦੀ ਖਾਲੀ ਥਾਂ ਭਰਨ ਰਾਹ ਚੋ ਮੁੜ ਆਇਆ ਸੀ ।
ਬਰਾੜ ਜੱਸੀ
Access our app on your mobile device for a better experience!
malkeet
boht sohni story👌👌👍
Harpreet sandhu
bhutttt sohniiii❤❤❤❤
Seema Goyal
This is a beautiful, beautiful story. lt reads like a fable.👰👰🤗🤗
Jugnu
Bahut pyari story ,parmatama har ik naujwaan da dil eho jiha kar deve