ਪ੍ਰਦੇਸ – ਇੱਕ ਸੁੰਦਰ ਜਾਪਦਾ ਸ਼ਬਦ! ਸਭ ਦੀਆਂ ਸਧਰਾਂ, ਸਭ ਦੇ ਚਾਵਾਂ ਦਾ ਪੂਰਕ ਜਾਪਦਾ ਸ਼ਬਦ – ਪ੍ਰਦੇਸ!
ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸੁਪਨਾ ਲੈਣ ਨਾਲ, ਸੁਪਨਾ… ਸੁੰਦਰ ਭਵਿੱਖ ਦਾ, ਸੁਪਨਾ… ਸੁੰਦਰ ਜ਼ਿੰਦਗੀ ਦਾ, ਸੁਪਨਾ ਪਰਿਵਾਰ ਦੀ ਖੁਸ਼ਹਾਲੀ ਦਾ, ਸੁਪਨਾ ਸੁੰਦਰ ਜੀਵਨ ਸਾਥੀ ਦਾ! ਹੋ ਸਕਦਾ ਹੈ ਕਿ ਬੰਦ ਅੱਖਾਂ ਨਾਲ ਲਏ ਸੁਪਨੇ ਪੂਰੇ ਨਾ ਹੋ ਸਕਣ ਪਰ ਖੁੱਲੀਆਂ ਅੱਖਾਂ ਨਾਲ ਲਏ ਸੁਪਨੇ ਪੂਰੇ ਹੋ ਸਕਦੇ ਨੇ, ਇਹ ਯਕੀਨਨ ਕਿਹਾ ਜਾ ਸਕਦਾ ਹੈ। ਸੁਪਨੇ ਲੈਣਾ ਗੁਨਾਹ ਨਹੀਂ ਹੈ, ਪਰ ਕੀ ਇਹ ਜਰੂਰੀ ਹੈ ਕਿ ਸਭ ਦੇ ਸੁਪਨੇ ਪੂਰੇ ਹੋਣ। ਜਿੱਥੇ ਬਹੁਤ ਸਾਰੇ ਲੋਕੀਂ ਚਾਅ ਨਾਲ਼ ਪ੍ਰਦੇਸੀਂ ਆਉਂਦੇ ਨੇ, ਬਹੁਤ ਸਾਰੇ ਮਜ਼ਬੂਰੀਆਂ ਦੇ ਮਾਰੇ ਵੀ ਜਹਾਜ਼ ਦੇ ਹੂਟੇ ਦਾ ਨਿੱਘ ਮਾਨਣਾ ਚਾਹੁੰਦੇ ਨੇ। ਮਜ਼ਬੂਰੀਆਂ ਕਿਸੇ ਵੀ ਕਿਸਮ ਦੀਆਂ ਹੋ ਸਕਦੀਆਂ ਨੇ, ਬੇਰੋਜ਼ਗਾਰੀ, ਘਟਦੀਆਂ ਜ਼ਮੀਨਾਂ, ਪਰਿਵਾਰ ਦਾ ਸੁੱਖ ਆਰਾਮ।
ਹਰ ਨੌਜਵਾਨ ਚਾਹੁੰਦਾ ਹੈ ਕਿ ਉਹ ਆਪਣੇ ਬਾਪੂ ਦੀ ਮਿਹਨਤ ਦਾ ਸਿਲਾ ਦੇਵੇ। ਬਹੁਤ ਸਾਰੇ ਨੌਜਵਾਨ ਅਜਿਹੇ ਵੀ ਨੇ, ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ, ਆਪਣੇ ਤੇ ਸਿਰਫ਼ ਆਪਣੇ ਸੁੱਖ ਆਰਾਮ ਦੀ ਸੋਚਦੇ ਨੇ। ਝੂਠੀਆਂ ਯਾਰੀਆਂ ਮਗਰ ਲੱਗ ਆਪਣੀਆਂ ਕੀਮਤੀ ਜਵਾਨੀਆਂ ਨੂੰ ਗੋਲੀਆਂ, ਟੀਕਿਆਂ, ਵੱਖ ਵੱਖ ਕਿਸਮ ਦੇ ਪਾਊਡਰਾਂ ਬਦਲੇ ਰੋਲ ਦਿੰਦੇ ਨੇ। ਬਾਪ ਦੀ ਗਾੜ੍ਹੇ ਖੂਨ ਪਸੀਨੇ ਦੀ ਕੀਤੀ ਕਮਾਈ ਨੂੰ ਡਾਂਗਾਂ ਦੇ ਗਜ਼ ਦੇ ਕੇ ਮਿਣਦੇ ਨੇ। ਪਤਾ ਨਹੀਂ ਕਿਉਂ ਅਜਿਹੇ ਨੌਜਵਾਨਾਂ ਨੂੰ ਬਾਪੂ ਰਾਤ ਨੂੰ ਵੱਟਾਂ ‘ਤੇ ਸੱਪ ਮਿੱਧਦਾ ਨਜ਼ਰ ਨਹੀਂ ਆਉਂਦਾ? ਪਤਾ ਨਹੀਂ ਕਿਉਂ ਅਜਿਹੇ ਨੌਜਵਾਨਾਂ ਨੂੰ ਬਾਪੂ ਸਾਰੀ ਰਾਤ ਪਾਣੀ ਲਾ ਕੇ, ਦਿਨੇ ਢੂਈ ਦੀ ਪੀੜ ਤੋਂ ਗੋਲੀਆਂ ਖਾ ਕੇ ਸੁੱਤਾ ਨਜ਼ਰੀਂ ਨਹੀਂ ਆਉਂਦਾ? ਪਤਾ ਨਹੀਂ ਕਿਉਂ ਉਹਨਾਂ ਨੂੰ ਬਾਪੂ ਦਾ ਅੰਗੂਠਾ, ਸ਼ਾਹੂਕਾਰ ਦੀ ਵਹੀ ‘ਤੇ ਲੱਗਿਆ ਨਜ਼ਰ ਨਹੀਂ ਆਉਂਦਾ? ਇਹ ਵੀ ਨਹੀਂ ਪਤਾ ਉਹਨਾਂ ਨੂੰ ਮਾਂ ਦੇ ਸਿਰ ਵਿਚ ਚਾਂਦੀ ਦੀਆਂ ਵਧਦੀਆਂ ਤਾਰਾਂ ਵੀ ਕਿਉਂ ਨਜ਼ਰੀਂ ਨਹੀਂ ਪੈਂਦੀਆਂ? ਮੈਨੂੰ ਬਹੁਤ ਸਾਰੇ ਨੌਜਵਾਨਾਂ ਦੀਆਂ ਛੋਟੀਆਂ ਭੈਣਾਂ ਦਾ ਕੱਦ ਸਰੂ ਵਰਗਾ ਹੁੰਦਾ ਪਤਾ ਨਹੀਂ ਕਿਉਂ ਦਿਸੀ ਜਾ ਰਿਹਾ ਹੈ? ਆਲੇ-ਦੁਆਲੇ ਰਹਿੰਦੀਆਂ ਉਹਨਾਂ ਮੁਟਿਆਰ ਹੁੰਦੀਆਂ ਕੁੜੀਆਂ ਦੀਆਂ ਅੱਖਾਂ ‘ਚ ਸਧਰਾਂ, ਚਾਅ, ਮਲ੍ਹਾਰ ਜਵਾਨ ਹੁੰਦੇ ਦਿਸਦੇ ਨੇ। ਜੇਕਰ ਉਹਨਾਂ ਦਾ ਬਚਪਨ ਦੂਰ ਜਾ ਰਿਹਾ ਹੈ ਤਾਂ ਉਹਨਾਂ ਦਾ ਕੀ ਕਸੂਰ? ਇਹ ਤਾਂ ਸਮੇਂ ਦੀ ਚਾਲ ਹੈ। ਪਰ ਬਹੁਤ ਸਾਰੇ ਨੌਜਵਾਨਾਂ ਨੂੰ ਉਹ ਮਾਸੂਮ ਬੇਜ਼ੁਬਾਨ ਜਿੰਦਾਂ ਵੀ ਨਹੀਂ ਦਿਖਾਈ ਨਹੀਂ ਦਿੰਦੀਆਂ। ਜਿਹਨਾਂ ਨੂੰ ਦਿਸਦੀਆਂ ਨੇ ਉਹ ਕਮਰਕੱਸਾ ਕਰ ਲੈਂਦੇ ਨੇ, ਆਪਣੀ ਮਿਹਨਤ ਦੇ ਬਲ ‘ਤੇ ਜ਼ਿੰਦਗੀ ਦੀ, ਪਰਿਵਾਰ ਦੀ ਹਰ ਔਕੜ, ਹਰ ਸ਼ੈਅ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਲਈ।
ਪ੍ਰਦੇਸਾਂ ਵਿਚ ਪ੍ਰਵਾਸ ਕਰਨਾ ਆਸਾਨ ਨਹੀਂ ਹੈ। ਜਿਹਨਾਂ ਕੋਲ ਚੰਗੀਆਂ ਪੈਲੀਆਂ (ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ ਹਨ) ਚੰਗੇ ਬਿਜ਼ਨਿਸ ਹਨ, ਫੈਕਟਰੀਆਂ ਹਨ, ਜਿਹਨਾਂ ਨੂੰ ਉਚ-ਤਬਕੇ ‘ਚ ਰੱਖ ਸਕਦੇ ਹਾਂ, ਉਹ ਪ੍ਰਦੇਸਾਂ ਵਿਚ ਸਿਰਫ਼ ਘੁੰਮਣ ਫਿਰਨ, ਇੰਨਜੌਏ ਕਰਨ ਲਈ ਆਉਂਦੇ ਹਨ। ਬਾਕੀ ਬਚਿਆ ਮਧਿਅਮ ਵਰਗ, ਜਿਹਨਾਂ ਕੋਲ ਬਹੁਤ ਜ਼ਿਆਦਾ ਪੈਲੀਆਂ ਨਹੀਂ ਹੁੰਦੀਆਂ, ਫੈਕਟਰੀਆਂ ਨੂੰ ਸਿਰਫ਼ ਗੇਟ ਤੋਂ ਬਾਹਰੋਂ ਹੀ ਦੇਖ ਸਕਦੇ ਨੇ, ਜਿਹਨਾਂ ਦੇ ਬਾਪ ਮਾੜੀਆਂ ਮੋਟੀਆਂ ਦੁਕਾਨਦਾਰੀਆਂ ਕਰਦੇ ਨੇ। ਅਜਿਹੇ ਵਰਗ ਦੇ ਨੌਜਵਾਨਾਂ ਦੇ ਸੁਪਨੇ ਬਹੁਤ ਉਚੇ ਹੁੰਦੇ ਹਨ, ਜਦਕਿ ਸਾਧਨ ਬਹੁਤ ਘੱਟ। ਅਜਿਹੇ ਨੌਜਵਾਨ ਹੀ ਤਾਰੇ ਤੋੜਨ ਦੇ ਸੁਪਨੇ ਤੱਕਦੇ ਹਨ। ਹਾਲਾਂਕਿ ਉਹਨਾਂ ਦੀਆਂ ਫਸਲਾਂ ਨੂੰ ਹੀ ਅਮਰੀਕਨ ਸੁੰਡੀਆਂ ਪੈਂਦੀਆਂ ਨੇ, ਉਹਨਾਂ ਦੇ ਟਰੈਕਟਰਾਂ ਨੂੰ ਹੀ ਰਿਪੇਅਰਾਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਉਹਨਾਂ ਦੀਆਂ ਮੱਝਾਂ ਹੀ ਕੱਟੇ ਬਾਹਲੇ ਦਿੰਦੀਆਂ ਨੇ ਤੇ ਉਹਨਾਂ ਦੇ ਵੱਡੇ ਬਾਈਆਂ ਨੂੰ ਹੀ ਸਪਰੇ ਕਰਦਿਆਂ, ਦਵਾਈਆਂ ਚੜ੍ਹਦੀਆਂ ਨੇ। ਹਾੜ੍ਹੀ ਸੌਣੀ ਅਜਿਹੇ ਮਧਿਅਮ ਵਰਗ ਦੇ ਨੌਜਵਾਨਾਂ ਦੇ ਘਰਾਂ ‘ਚ ਹੀ ਬੈਂਕਾਂ ਵਾਲਿਆਂ ਦੀਆਂ ਚਿੱਠੀਆਂ ਆਉਂਦੀਆਂ ਨੇ। ਅਜਿਹੇ ਨੌਜਵਾਨਾਂ ਦੇ ਸਮੇਂ ਤੋਂ ਪਹਿਲਾਂ ਬੁੜ੍ਹੇ ਹੁੰਦੇ ਜਾਂਦੇ ਬਾਪੂ ਹੀ, ਫਸਲ ਦੇ ਜਵਾਨ ਹੋਣ ਤੋਂ ਲੈ ਕੇ ਫਸਲ ਮੰਡੀ ‘ਚ ਸਿੱਟਣ ਤੱਕ, ਉਸਤੋਂ ਬਾਅਦ ਤੁਲਨ ਤੱਕ ਤੇ ਅੰਤ ਫਸਲ ਦਾ ਹਿਸਾਬ ਕਰਨ ਤੱਕ, ਚਿੱਟੇ ਸਿਰਾਣੇ ਦੀ ਢੋ ਲਾ ਕੇ ਬੈਠੇ ਸ਼ਾਹੂਕਾਰ ਦੇ ਸਾਹਮਣੇ ਹੱਥ ਜੋੜ ਕੇ ਬੈਠਣ ਲਈ ਮਜ਼ਬੂਰ ਹੁੰਦੇ ਹਨ। ਚਿੱਟੀਆਂ ਗੱਦੀਆਂ ‘ਤੇ ਬੈਠੇ ਤੇ ਚਿੱਟੇ ਸਿਰਾਣਿਆਂ ਨਾਲ ਢੋ ਲਾਈ ਬੈਠੇ ਸ਼ਾਹੂਕਾਰ, ਜਿਹਨਾਂ ਚੋਂ ਬਹੁਤ ਸਾਰੇ ਜੋਕਾਂ ਬਣ ਕੇ ਮਜ਼ਬੂਰ ਕਿਰਤੀਆਂ ਦਾ ਖੂਨ ਚੂਸਦੇ ਨੇ, ਤੁਪਕਾ ਤੁਪਕਾ ਕਰਕੇ। ਉਹਨਾਂ ਦੀਆਂ ਹੱਟੀਆਂ ‘ਤੇ ਲੱਗੀਆਂ ਧੂਪਾਂ ਦੀ ਮਨਮੋਹਕ ਖੁਸ਼ਬੋ ਵਿਚ ਉਹਨਾਂ ਢਿੱਡਲ ਜੋਕਾਂ ਦੇ ਗੰਦੇ ਪੱਦਾਂ ਦਾ ਮੁਸ਼ਕ ਵੀ ਸੁੰਘਣ ਲਈ ਮਜ਼ਬੂਰ ਹੁੰਦਾ ਹੈ, ਮਿਹਨਤਕਸ਼ ਕਿਰਤੀ।
ਉਹ ਮਿਹਨਤਕਸ਼ ਕਿਰਤੀ, ਜਿਸਦੇ ਪਸੀਨੇ ‘ਚੋਂ ਸਭ ਨੂੰ ਮੁਸ਼ਕ ਆਉਂਦਾ ਹੈ। ਮਿਹਨਤ ਦਾ ਮੁਸ਼ਕ, ਮਿਹਨਤ ਦੇ ਪਸੀਨੇ ਦਾ ਮਨ ਨੂੰ ਮੋਹ ਲੈਣ ਵਾਲਾ ਮੁਸ਼ਕ। ਜਿਸਨੂੰ ਇਹ ਪਸੀਨਾ ਨਹੀਂ ਆਉਂਦਾ, ਉਹ ਇਸਦੀ ਖੁਸ਼ਬੋ ਦਾ ਆਨੰਦ ਸੱਤ ਜਨਮਾਂ ਤੱਕ ਵੀ ਨਹੀਂ ਮਹਿਸੂਸ ਕਰ ਸਕਦਾ। ਉਸ ਮਿਹਨਤਕਸ਼ ਬਾਪ ਦਾ ਪੁੱਤਰ ਜੇਕਰ ਪ੍ਰਦੇਸੀਂ ਪੁੱਜ ਜਾਵੇ ਤਾਂ ਅਰਦਾਸਾਂ ਕਰਦਾ ਹੈ, ਬਹੁਤ ਸਾਰੀਆਂ ਕਮਾਈਆਂ ਕਰਨ ਦੀਆਂ, ਹਾਲਾਂ ਕਿ ਉਹ ਆਇਆ ਹੁੰਦਾ ਹੈ ਸਟੂਡੈਂਟ ਬਣ ਕੇ। ਪ੍ਰਦੇਸੀਂ ਪੁੱਜ ਕੇ ਉਚੀਆਂ ਉਚੀਆਂ ਬਿਲਡਿੰਗਾਂ ਦੇਖ ਕੇ ਉਸਦਾ ਮਨ ਉਚੀਆਂ ਉਡਾਨਾਂ ਭਰਦਾ ਹੈ, ਬਿਨਾਂ ਇਹ ਜਾਣੇ ਕਿ ਇਹ ਸਭ ਬੇਗਾਨੀਆਂ ਹਨ।
ਕੁਝ ਕੁ ਦਿਨ ਯਾਰਾਂ ਦੋਸਤਾਂ ਕੋਲ ਗੁਜ਼ਾਰ ਕੇ, ਜ਼ਿੰਦਗੀ ਦੀ ਹਕੀਕਤ ਨਾਲ ਵਾਹ ਪੈਂਦਾ ਹੈ। ਜਿਸਨੇ ਕਦੀ ਪਾਣੀ ਦਾ ਗਿਲਾਸ ਚੁੱਕ ਕੇ ਨਹੀਂ ਪੀਤਾ ਹੁੰਦਾ, ਰੋਟੀ ਵੀ ਛੋਟੀ ਭੈਣ ਟੈਲੀਵਿਜ਼ਨ ਦੇ ਸਾਹਮਣੇ ਬੈਠੇ ਨੂੰ ਪਰੋਸ ਕੇ ਦਿੰਦੀ ਹੈ, ਪ੍ਰਦੇਸਾਂ ‘ਚ ਆ ਕੇ ਉਸ ਨੂੰ ਰੋਟੀਆਂ ਖੁਦ ਲਾਹੁਣੀਆਂ ਪੈਂਦੀਆਂ ਹਨ। ਵੀਂਗੀਆਂ ਰੋਟੀਆਂ, ਟੇਢੀਆਂ ਰੋਟੀਆਂ, ਕਦੀ ਕੱਚੀਆਂ ਤੇ ਕਦੀ ਸੜੀਆਂ ਰੋਟੀਆਂ। ਪਰ ਉਹ ਖਾਂਦੈ, ਉਹ ਕੱਚੀਆਂ ਤੇ ਸੜੀਆਂ ਰੋਟੀਆਂ ਵੀ ਖਾਂਦਾ ਹੈ। ਕਾਲਜਾਂ ਦੀਆਂ ਫੀਸਾਂ ਲਾਹੁਣ ਲਈ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਹੈ। ਤੜਕੇ ਸਦੇਹਾਂ ਕੰਮ ‘ਤੇ ਜਾਣ ਲਈ ਰੋਟੀ ਕਿਹੜਾ ਮਾਂ ਨੇ ਪਕਾ ਕੇ ਦੇਣੀ ਹੁੰਦੀ ਹੈ, ਆਪ ਹੀ ਲਾਹੁਣੀਆਂ ਹੁੰਦੀਆਂ ਹਨ। ਅਜੇ ਨੀਂਦ ਵੀ ਪੂਰੀ ਨਹੀਂ ਹੋਈ ਹੁੰਦੀ, ਕਿ ਦੋ ਸਾਲਾਂ ਲਈ ਕੌਂਟਰੈਕਟ ‘ਤੇ ਲਏ ਮੋਬਾਇਲ ਦਾ ਅਲਾਰਮ ਵੱਜ ਪੈਂਦਾ ਹੈ ਤੇ ਫਿਰ ਉਠਣਾ ਹੀ ਪੈਂਦਾ ਹੈ। ਨਾ ਉਠਣ ਦੀ ਜ਼ਿੱਦ ਵੀ ਕਰੇ ਤਾਂ ਕਿਸ ਕੋਲ? ਨਾਲ ਦੇ ਵੀ ਤਾਂ ਸਭ ਸੰਘਰਸ਼ ਦੇ ਦੌਰ ‘ਚੋਂ ਨਿੱਕਲ ਰਹੇ ਹੁੰਦੇ ਹਨ। ਤੜਕੇ ਉਠਕੇ ਗੈਸ ਬਾਲ ਕੇ ਨਾਲ ਦੀ ਨਾਲ ਤਵਾ ਰੱਖ, ਦੰਦਾਂ ‘ਤੇ ਬੁਰਸ਼ ਕਰਨਾ ਪੈਂਦਾ ਹੈ। ਕਾਹਲੀ ‘ਚ ਕਦੀ ਕਦੀ ਰੋਟੀਆਂ ਲਾਹੁਣ ਲੱਗਿਆਂ ਹੱਥ ਵੀ ਤਵੇ ਨੂੰ ਲੱਗ ਜਾਂਦਾ ਹੈ ਤੇ ਸੜ ਜਾਂਦਾ ਹੈ। ਕੀ ਹੁੰਦਾ ਹੈ ਮੁੜ, ਜੋ ਦਰਦ ਉਹ ਦਿਲ ਮਹਿਸੂਸ ਕਰ ਸਕਦਾ ਹੈ, ਸ਼ਾਇਦ ਕੋਈ ਵੀ ਨਾ ਕਰ ਸਕੇ ।
ਕੋਈ ਵੀ ਪ੍ਰਦੇਸੀਂ ਕਿਉਂ ਆਉਂਦਾ ਹੈ? ਉਹ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦਾ ਹੈ, ਪੈਸੇ ਕਮਾਉਣ ਲਈ ਆਉਂਦਾ ਹੈ। ਬਹੁਤ ਸਾਰੇ ਖੁਸ਼ਕਿਸਮਤ ਵੀ ਹੁੰਦੇ ਹਨ, ਜੋ ਕਿ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ, ਆਉਂਦਿਆਂ ਹੀ ਚੰਗੀ ਜੌਬ, ਚੰਗੇ ਡਾਲਰ ਜਾਂ ਪੌਡ ਜਾਂ ਯੂਰੋ। ਉਹਨਾਂ ਲਈ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲ ਉਹੀ ਹੁੰਦੇ ਹਨ ਜੋ ਉਹ ਗੁਜ਼ਾਰ ਰਹੇ ਹੁੰਦੇ ਹਨ। ਚੰਗੇ ਕੈਰੀਅਰ ਵੱਲ ਉਹਨਾਂ ਦੀਆਂ ਮੁਹਾਰਾਂ ਆਪ ਮੁਹਾਰੇ ਮੁੜ ਜਾਂਦੀਆਂ ਹਨ। ਡਾਲਰਾਂ ਤੇ ਪੌਡਾਂ ਦੀ ਚਮਕ, ਪਿੰਡ, ਘਰ, ਵਤਨ ਜਾਂ ਮਾਪਿਆਂ ਦੀ ਯਾਦ ਨੂੰ ਕੁਝ ਸਮੇਂ ਲਈ ਮੱਧਮ ਕਰ ਦਿੰਦੀ ਹੈ। ਪਰ ਇਹਨਾਂ ਖੁਸ਼ਕਿਸਮਤ ਲੋਕਾਂ ਤੋਂ ਵੀ ਜ਼ਿਆਦਾ ਲੋਕ ਇਤਨੇ ਖੁਸ਼ਕਿਸਮਤ ਨਹੀਂ ਹੁੰਦੇ। ਪ੍ਰਦੇਸ ਚਾਹੇ ਕੋਈ ਵੀ ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇੰਗਲੈਂਡ ਜਾਂ ਯੂਰਪ ਦਾ ਕੋਈ ਹੋਰ ਦੇਸ਼, ਮਿਹਨਤਕਸ਼ਾਂ ਲਈ ਸਭ ਬਰਾਬਰ ਹੁੰਦੇ ਹਨ। ਜਿਹਨਾਂ ਦੀ ਬੇੜੀ ਪਾਰ ਲੱਗ ਗਈ ਉਹ ਤਾਂ ਬਹੁਤ ਖੁਸ਼ਨਸੀਬ ਹੁੰਦੇ ਨੇ ਪਰ ਜਿਹਨਾਂ ਦੀ ਬੇੜੀ ਹਾਲਾਤਾਂ ਦੀਆਂ ਘੁੰਮਣਘੇਰੀਆਂ ‘ਚ ਫਸ ਗਈ, ਉਹਨਾਂ ਲਈ ਸਮੱਸਿਆ ਪੈਦਾ ਹੋ ਜਾਂਦੀ ਹੈ।
ਬਹੁਤ ਸਾਰੇ ਪ੍ਰਦੇਸੀ ਉਹ ਵੀ ਹੁੰਦੇ ਹਨ, ਜਿਹੜੇ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪ੍ਰਦੇਸਾਂ ‘ਚ ਜਾਣ ਦਾ ਯਤਨ ਕਰਦੇ ਹਨ। ਉਹਨਾਂ ਦੀਆਂ ਕਹਾਣੀਆਂ ਲੂੰ ਕੰਡੇ ਖੜੇ ਕਰ ਦਿੰਦੀਆਂ ਹਨ। ਮਾਲਟਾ ਕਾਂਡ ਤਾਂ ਸਭ ਨੂੰ ਯਾਦ ਹੀ ਹੋਏਗਾ। ਬਹੁਤ ਸਾਰੇ ਦੁਨੀਆਂ ਤੋਂ ਤੁਰ ਜਾਂਦੇ ਹਨ, ਬਹੁਤ ਸਾਰੇ ਲਾਪਤਾ ਹੋ ਜਾਂਦੇ ਹਨ। ਘਰ ਦਿਆਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੇ ਜਿਗਰ ਦਾ ਟੁਕੜਾ ਦੁਨੀਆ ‘ਚ ਕਿਤੇ ਚੋਗਾ ਚੁਗ ਵੀ ਰਿਹਾ ਹੈ ਜਾਂ ਨਹੀਂ? ਪ੍ਰਦੇਸੀਆਂ ਦੀ ਕਹਾਣੀ ਚਾਹੇ ਅੱਜ ਦੀ ਹੋਵੇ ਜਾਂ ਦਹਾਕੇ ਪਹਿਲਾਂ ਦੀ, ਆਸਟ੍ਰੇਲੀਆ ਦੀ ਹੋਵੇ ਜਾਂ ਯੂਰਪ ਦੀ, ਬਹੁਤਾ ਫ਼ਰਕ ਨਹੀਂ ਹੁੰਦਾ। ਇਤਨੀ ਗੱਲ ਤਾਂ ਜ਼ਰੂਰ ਹੈ ਕਿ ਅਸੀਂ ਜੋ ਲੋਕ ਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ਆਏ ਹਾਂ, ਇਕ ਸੁਨਹਿਰੇ ਭਵਿੱਖ ਦੀ ਆਸ ‘ਚ, ਸ਼ਿੱਪਾਂ ਜਾਂ ਕਿਸ਼ਤੀਆਂ ਰਾਹੀਂ ਪ੍ਰਦੇਸੀਂ ਜਾਣ ਵਾਲਿਆਂ ਨਾਲੋਂ ਬਹੁਤ ਚੰਗੇ ਹਾਂ। ਘੱਟੋ ਘੱਟ ਅਸੀਂ ਖੁੱਲੀ ਫਿਜ਼ਾ ‘ਚ ਸਾਹ ਤਾਂ ਲੈ ਸਕਦੇ ਹਾਂ। ਖੁੱਲੇ ਘੁੰਮ ਫਿਰ ਤਾਂ ਸਕਦੇ ਹਾਂ, ਇੱਕ ਸੁਨਿਹਰੇ ਭਵਿੱਖ ਦੀ ਆਸ ਤਾਂ ਹੈ ਪਰ ਸ਼ਾਇਦ ਸਾਡੇ ‘ਚੋਂ ਵੀ ਬਹੁਤ ਸਾਰੇ ਹਾਲਤਾਂ ਦੀ ਭੇਂਟ ਚੜ੍ਹ ਗਏ ਤੇ ਅੱਜ ਬਹੁਤ ਔਖਾ ਜੀਵਨ ਬਤੀਤ ਕਰ ਰਹੇ ਨੇ। ਡਰਦੇ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ