ਕਹਾਣੀ (ਮੇਰੇ ਮਾਪੇ ਘਰ ਨਹੀਂ )
ਅੱਜ ਤਾਂ ਤਕਰੀਬਨ ਸੱਤ ਵਜੇ ਹੀ ਸੀਮਾ ਘਰੋਂ ਤੁਰ ਪਈ । ਉਹਨੇ ਸਾਰੀ ਰਾਤ ਅੱਖਾਂ ‘ਚ ਕੱਢੀ … ਨੀਂਦ ਵੀ ਹੁਣ ਉਸਦੀ ਸ਼ਰੀਕ ਬਣਨ ਲੱਗੀ …ਜਿਹੜੀ ਆਉੰਦੀ ਆਉੰਦੀ ਦੂਰੋਂ ਹੀ ਅਛੋਪਲੇ ਜਿਹੇ ਪਰਤ ਜਾਂਦੀ ਤੇ ਫੇਰ ਜਦੋੰ ਉਹ ਕੰਮ ‘ਤੇ ਹੁੰਦੀ ਅੱਖਾਂ ‘ਚ ਰੜਕਣ ਤੋਂ ਬਾਜ਼ ਨਾ ਆਉਂਦੀ । ਉਹ ਰਾਤ ਰਾਤ ਭਰ ਮੰਜੇ ‘ਤੇ ਪਈ ਪਾਸੇ ਵੱਟਦੀ ਹੋਈ ਜ਼ਿੰਦਗੀ ਦੀਆਂ ਤਲਖ਼ੀਆਂ ਤੇ ਵਾਧੇ ਘਾਟਿਆਂ ਦਾ ਹਿਸਾਬ ਲਾਉਣਾ ਕਦੇ ਨਾ ਭੁੱਲਦੀ । ਸੋਚਦੀ ਰਿਸ਼ਤਿਆਂ ਦੀ ਇਸ ਖੇਡ ‘ਚ ਮੈਂ ਕੀ ਖੱਟਿਆ ਕੀ ਗਵਾਇਆ ? ਫਿਰ ਸੋਚਦੀ …ਝੱਲੀਏ! ਰਿਸ਼ਤੇ ਤਾਂ ਮੋਹ ਦੇ ਹੁੰਦੇ… ਰਿਸ਼ਤਿਆਂ ‘ਚ ਨਫ਼ਾ ਨੁਕਸਾਨ ਕਿੱਥੋੰ ਆ ਗਿਆ ? ਅੱਜ ਸਵੇਰੇ ਵੀ ਰੋਜ਼ ਦੀ ਤਰ੍ਹਾਂ ਉਹ ਤੜਕੇ ਉੱਠ ,ਚਾਹ ਬਣਾ , ਰੋਟੀ ਪਕਾ ਕੇ ਆਪਣੇ ਆਪਣੇ ਪਿਓ ਨੂੰ ਨਾਸ਼ਤਾ ਕਰਵਾ ਹੋਰ ਕੰਮਾਂ ‘ਚ ਰੁੱਝ ਗਈ।ਉਹਦੇ ਡੈਡੀ ਸਵੇਰੇ ਜਲਦੀ ਚਾਹ ਪੀਣ ਦੇ ਸ਼ੌਕੀਨ ਹਨ । ਭਾਵੇਂ ਸੀਮਾ ਦੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇਹ ਸ਼ੌਕ ਉਹਦੀ ਮਾਂ ਦੇ ਨਾਲ ਹੀ ਮਰ ਮੁੱਕ ਗਿਆ, ਜਦੋਂ ਦੀ ਉਨ੍ਹਾਂ ਦੀ ਲਾਡਲੀ ਨੂੰਹ ਉਨ੍ਹਾਂ ਨੂੰ ਚਾਹ ਦੇਣਾ ਭੁੱਲਣ ਲੱਗੀ। ਪਰ ਹੁਣ ਤਾਂ ਸਾਲ ਕੁ ਹੋ ਗਿਆ ਡੈਡੀ ਸੀਮਾ ਕੋਲ ਹੀ ਨੇ।
ਸੀਮਾ ਦਾ ਇਕਲੌਤਾ ਭਰਾ ਡੈਡੀ ਨੂੰ ਸੀਮਾ ਕੋਲ ਇਸ ਲਈ ਛੱਡ ਗਿਆ ਕਿਉਂਕਿ ਰੋਜ਼ ਰੋਜ਼ ਸ਼ਹਿਰ ਡੈਡੀ ਨੂੰ ਦਵਾਈ ਲਈ ਲੈ ਕੇ ਆਉਣਾ ਉਸਨੂੰ ਬਹੁਤ ਹੀ ਖੇਚਲ ਭਰਿਆ ਕੰਮ ਲੱਗਦਾ । ਉਹ ਆਪਣੇ ਕੰਮ ‘ਤੇ ਜਾਣ ਲਈ ਅਕਸਰ ਲੇਟ ਹੋ ਜਾਂਦਾ । ਡੈਡੀ ਹਾਈ ਸ਼ੂਗਰ ਅਤੇ ਬੀ .ਪੀ ਦੇ ਮਰੀਜ਼ ਹਨ। ਉਹਦੇ ਮੰਮੀ ਦੀ ਡੈੱਥ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਰਹਿੰਦੀ ।ਅਜਿਹੀ ਹਾਲਤ ਵਿੱਚ ਡਾਕਟਰ ਨੇ ਬਹੁਤ ਸਾਰੇ ਅਜਿਹੇ ਟੈਸਟ ਲਿਖ ਦਿੱਤੇ ਜਿਹੜੇ ਕੁਝ ਕੁ ਦਿਨਾਂ ਬਾਅਦ ਖਾਲੀ ਪੇਟ ਕਰਵਾਉਣੇ ਲਾਜ਼ਮੀ ਹਨ।ਅਜਿਹੇ ਮੌਕੇ ਭਰਜਾਈ ਦੀ ਤਾਂ ਜਿਵੇੰ ਮਨ ਦੀ ਮੁਰਾਦ ਪੂਰੀ ਹੋ ਗਈ ਹੋਵੇ। ਉਹਨੇ ਡੈਡੀ ਨੂੰ ਥੋੜ੍ਹੇ ਦਿਨਾਂ ਲਈ ਸੀਮਾ ਕੋਲ ਰਹਿਣ ਦੀ ਗੱਲ ਆਖ ਮੁੜ ਕਦੇ ਡੈਡੀ ਦੀ ਬਾਤ ਨਾ ਪੁੱਛੀ।ਹਾਂ! ਉਂਝ ਕਦੇ ਕਦਾਈ ਫੋਨ ਜ਼ਰੂਰ ਆ ਜਾਂਦਾ ਲਾਡਲੀ ਨੂੰਹ ਦਾ।
ਸੀਮਾ ਸੋਚ ਰਹੀ ਹੈ ਕਿ ਅੱਜ ਸ਼ੁੱਕਰਵਾਰ ਹੈ ਅਤੇ ਸੋਮਵਾਰ ਦੀ ਰੱਖੜੀ।ਅੱਜ ਮੈਂ ਬਿੰਦਰ ਭੈਣ ਨੂੰ ਆਖਾਂਗੀ ਮੇਰੇ ਰਹਿੰਦੇ ਪੈਸੇ ਦੇ ਦਿਓ। ਭਾਵੇਂ ਪੰਜ ਸੌ ਰੁਪਏ ਹੀ ਰਹਿੰਦੇ ਨੇ ਬਾਕੀ ਤਾਂ ਉਹ ਪਹਿਲਾਂ ਹੀ ਕਦੋਂ ਦੀ ਖਰਚ ਚੁੱਕੀ ਹੈ।ਡੈਡੀ ਜੀ ਦੀ ਦਵਾਈ ਅਤੇ ਘਰ ਦੇ ਖਰਚਿਆਂ ਕਾਰਨ ਉਸ ਦਾ ਹੱਥ ਅਕਸਰ ਤੰਗ ਹੀ ਰਹਿੰਦਾ।ਸੀਮਾ ਦਾ ਘਰਵਾਲਾ ਘਰ ‘ਚ ਪੰਜੀ ਵੀ ਖ਼ਰਚ ਕਰਕੇ ਰਾਜ਼ੀ ਨਹੀਂ ।ਉਹ ਤਾਂ ਜਿਵੇਂ ਰਾਤ ਕੱਟਣ ਲਈ ਹੀ ਘਰ ਆਉਂਦਾ। ਸਵੇਰੇ ਤੜਕੇ ਸਾਰ ਕੰਮ ‘ਤੇ ਚਲਾ ਜਾਂਦਾ। ਸ਼ਾਮ ਨੂੰ ਸ਼ਰਾਬ ਨਾਲ ਰੱਜ ਤੁੰਨ ਕੇ ਮਸਾਂ ਹੀ ਘਰ ਪਹੁੰਚਦਾ।ਘਰ ਦੀ ਕਿਸੇ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ। ਧੀ ਤੇ ਪੁੱਤ ਵੀ ਵੱਡੇ ਹੋ ਰਹੇ ਹਨ ।ਸੀਮਾ ਵਿਚਾਰੀ ਅੰਦਰੋਂ ਅੰਦਰੀ ਭੁੱਜਦੀ ਰਹਿੰਦੀ।ਬੁੱਢੇ ਪਿਓ ਸਾਹਮਣੇ ਕੀ ਨਿੱਤ ਨਿੱਤ ਦਾ ਕਲੇਸ਼ ਕਰੇ ?ਸੀਮਾ ਸੋਚਾਂ ਦੀ ਉਦੇੜ ਬੁਣ ਵਿੱਚ ਕਦੋਂ ਬਿੰਦਰ ਦੇ ਘਰ ਪਹੁੰਚੀ? ਉਸ ਨੂੰ ਪਤਾ ਹੀ ਨਾ ਲੱਗਿਆ।ਸੀਮਾ ਨੇ ਜਾਂਦੀ ਨੇ ਝਾੜੂ ਚੁੱਕ ਲਿਆ।
ਛੇਤੀ ਛੇਤੀ ਝਾੜੂ ਪੋਚੇ ਦਾ ਕੰਮ ਮੁਕਾ ਕੇ ਹੌਲੀ ਹੌਲੀ ਪੈਰ ਮਲਦੀ ਹੋਈ ਬਿੰਦਰ ਕੋਲ ਜਾ ਕੇ,” ਭੈਣ ਜੀ! ਅੱਜ ਮੈਨੂੰ ਬਾਕੀ ਪੈਸੇ ਦੇ ਦਿਓ।ਦੋ ਦਿਨ ਲਾਕ ਡਾਊਨ ਦੇ ਨੇ ਤੇ ਮੈਂ ਰੱਖੜੀਆਂ ਖਰੀਦਣੀਆਂ ਨੇ । ਭਰਾ ਦੇ ਘਰ ਜਾਣਾ।”
ਬਿੰਦਰ ਦੇ ਮੱਥੇ ਤੇ ਤਿਊੜੀਆਂ ਉੱਭਰ ਆਈਆਂ ਜਿਵੇਂ ਪਤਾ ਨਹੀਂ ਸੀਮਾ ਨੇ ਕਿਹੜਾ ਖ਼ਜ਼ਾਨਾ ਮੰਗ ਲਿਆ ਹੋਵੇ? ਉਸਨੇ ਆਪਣੀ ਮਿਹਨਤ ਹੀ ਤਾਂ ਮੰਗੀ ਸੀ।”ਕੋਈ ਗੱਲ ਨਈ… ਅਜੇ ਹੋਰ ਘਰ ਕੰਮ ਕਰ ਆ।ਮੁੜਦੀ ਹੋਈ ਲੈ ਜਾਵੇ।” ਬਿੰਦਰ ਨੇ ਕਿਹਾ।ਸੀਮਾ ਬਿਨਾਂ ਕੁਝ ਕਹੇ ਸੁਣੇ ਗੇਟ ਤੋਂ ਬਾਹਰ ਆ ਗਈ। ਹੁਣ ਉਹ ਹਰਭਜਨ ਕੌਰ ਦੇ ਘਰ ਜਾ ਰਹੀ ਸੀ।ਉਸਦੇ ਮਨ ਵਿੱਚ ਡਰ ਮੁੜ ਮੁੜ ਉਛਾਲੇ ਮਾਰ ਰਿਹਾ ਸੀ ਕਿ ਜੇਕਰ ਹਰਭਜਨ ਕੌਰ ਦੇ ਘਰੋਂ ਵੀ ਖਾਲੀ ਹੱਥ ਮੁੜਨਾ ਪਿਆ ਤਾਂ ਫੇਰ ? ਉਹ ਮਨ ਹੀ ਮਨ ਖਰਚੇ ਦਾ ਹਿਸਾਬ ਵੀ ਲਗਾ ਰਹੀ ਸੀ। ਚਾਰ ਸੌ ਰੁਪਏ ਦਾ ਬਰਫੀ ਦਾ ਡੱਬਾ ਅਤੇ ਸੱਠ ਕੁ ਰੁਪਏ ਦੀਆਂ ਰੱਖੜੀਆਂ। ਭਰਾ ਦਾ ਕੱਲ੍ਹ ਹੀ ਫੋਨ ਆਇਆ ਸੀ ।ਉਸ ਨੇ ਸਪੈਸ਼ਲ ਕਿਹਾ ਸੀ,” ਦੇਖੀਂ ਭੈਣ ! ਰਸਗੁੱਲੇ, ਗੁਲਾਬ ਜਾਮਣ ਨਾ ਲੈ ਕੇ ਆਵੀਂ । ਤੇਰੇ ਭਤੀਜੇ ਨੇ ਕਿਹਾ ਕਿ ਪਾਪਾ ਭੂਆ ਨੂੰ ਕਹੋ ਬਰਫੀ ਲੈ ਕੇ ਆਵੇ ।ਭੈਣ ਬਰਫੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ