ਭਾਵੇਂ ਦਮਨ ਹਮੇਸ਼ਾਂ ਆਪਣੇ ਮਨ ਦੀ ਮੰਨਦੀ ਪਰ ਅਜਿਹਾ ਕੋਈ ਕਦਮ ਨਾ ਚੁੱਕਦੀ ਜਿਸ ਨਾਲ ਉਸ ਨੂੰ ਜਾਂ ਉਸ ਨਾਲ ਜੁੜੇ ਹੋਏ ਰਿਸ਼ਤਿਆਂ ਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ । ਜ਼ਿੰਦਗੀ ‘ਚ ਬਹੁਤ ਭੈੜੇ ਤਜ਼ਰਬਿਆਂ ਨਾਲ ਵਾਹ ਪਿਆ ਪਰ ਫੇਰ ਵੀ ਮਨ ‘ਚ ਜੋ ਉੱਘੜ ਕੇ ਸਾਹਮਣੇ ਆਉਂਦਾ ਕਾਗਜ਼ਾਂ ਨਾਲ ਸਾਂਝਾ ਕਰਦੀ । ਜਦੋਂ ਉਸ ਦੇ ਆਰਟੀਕਲ ਵੱਖੋ ਵੱਖਰੇ ਅਖ਼ਬਾਰਾਂ ਵਿੱਚ ਨਜ਼ਰ ਆਉਣ ਲੱਗੇ , ਉਸ ਦੀ ਇੱਕ ਵੱਖਰੀ ਪਛਾਣ ਬਣਨ ਲੱਗੀ । ਹੁਣ ਉਸ ਨੂੰ ਆਪਣੇ ਪਹਿਲਾਂ ਵਾਲੇ ਸ਼ੁਭਚਿੰਤਕ ਆਪਣੇ ਵਿਰੋਧੀਆਂ ਦੇ ਪਾੜੇ ‘ਚ ਖੜ੍ਹੇ ਵਿਖਾਈ ਦਿੰਦੇ ਪਰ ਉਹ ਚੁੱਪਚਾਪ ਆਪਣੀ ਕਲਮ ਦੇ ਸਹਾਰੇ ਅੱਗੇ ਵਧ ਰਹੀ ਸੀ ।
ਕਈ ਦਿਨਾਂ ਤੋਂ ਉਹਦੇ ਪੁੱਤ ਨੇ ਜਾਨ ਖਾਧੀ ਹੋਈ ਸੀ ਨਾਨੀ ਘਰ ਜਾਣ ਦੀ , ਪਰ ਘਰ ਦੇ ਰੁਝੇੰਵਿਆਂ ਤੋੰ ਵਿਹਲ ਕਿੱਥੇ? ਇਕ ਕੰਮ ਮੁੱਕਦਾ ਤਾਂ ਦੂਜਾ ਮੂੰਹ ਵੱਲ ਵੇਖਣ ਲੱਗਦਾ। ਸਾਰਾ ਦਿਨ ਨੱਠ ਭਜਾਈ ‘ਚ ਵਕਤ ਹੱਥੋਂ ਖਿਸਕ ਜਾਂਦਾ। ਦਮਨ ਦਾ ਆਪਣਾ ਮਨ ਵੀ ਕਾਹਲ਼ਾ ਪੈਣ ਲੱਗਦਾ ਤਾਂ ਉਹ ਪੁੱਤ ਨੂੰ ਲਾਰੇ ਲਾਉਂਦੀ ਕਿ ਛੁੱਟੀਆਂ ਵਿੱਚ ਚੱਲਾਂਗੇ। ਇਸ ਵਾਰ ਜਦੋਂ ਤਿੰਨ ਛੁੱਟੀਆਂ ਇਕੱਠੀਆਂ ਆਈਆਂ ਤਾਂ ਉਹਦਾ ਪੁੱਤ ਪਹਿਲਾਂ ਵਾਂਗੂੰ ਨਾਨਕੇ ਜਾਣ ਦੀ ਅੜੀ ਫੜਕੇ ਬੈਠ ਗਿਆ ਨਾਲ ਹੀ ਆਪਣੀ ਮਾਂ ਕੋਲ ਰੋਸੇ ਕਰਨ ਲੱਗਿਆ ਕਿ ਤੁਸੀਂ ਤਾਂ ਬਹੁਤ ਝੂਠੇ ਹੋ …ਹਰ ਵਾਰ ਕਹਿ ਦਿੰਦੇ ਛੁੱਟੀਆਂ ‘ਚ ਚੱਲਾਂਗੇ… ਪਤਾ ਨ੍ਹੀਂ ਤੁਹਾਡੇ ਵਾਲੀਆਂ ਛੋਟੀਆਂ ਆਉਣੀਆਂ?
ਇਸ ਵਾਰ ਪੁੱਤ ਦੀ ਖ਼ੁਸ਼ੀ ਸਾਹਮਣੇ ਉਹ ਝੁਕ ਗਈ ਤੇ ਤੁਰ ਪਈ ਆਪਣੇ ਪੁੱਤ ਨਾਲ ਆਪਣੇ ਪੇਕੇ ਘਰ । ਪੇਕੇ ਘਰ ਪਹੁੰਚ ਚਾਹ ਪਾਣੀ ਪੀ ਆਪਣੀ ਮਾਂ ਨਾਲ ਦੁੱਖ ਸੁੱਖ ਸਾਂਝੇ ਕਰਦੀ ਰਹੀ । ਉਹੀ ਰੋਣੇ ਧੋਣੇ… ਧੀ ਦੁੱਖ ਫਰੋਲੇ ਤਾਂ ਕੀਹਦੇ ਕੋਲ ? ਮਾਂ ਤੋਂ ਵਧ ਕੇ ਕੌਣ ਸਮਝੇ ਧੀ ਨੂੰ ? ਆਪਣੇ ਪੁੱਤ ਨੂੰ ਹੱਸਦਾ ਖੇਡਦਾ ਵੇਖ ਉਸ ਦੀ ਕੁਮਲਾਈ ਰੂਹ ਵੀ ਚਾਘੀਆਂ ਪਾਉਣ ਲੱਗੀ।
ਉਹ ਆਪਣੇ ਮਨ ਦੇ ਵਲਵਲਿਆਂ ਦੀਆਂ ਕਾਗਜ਼ਾਂ ਨਾਲ ਸਾਂਝਾਂ ਪਾਉਣ ਲਈ ਕਲਮ ਚੁੱਕ ਪਿਛਲੇ ਕਮਰੇ ‘ਚ ਚੁੱਪਚਾਪ ਜਾ ਬੈਠੀ । ਸ਼ਾਮ ਵੇਲੇ ਜਦੋਂ ਉਸ ਦਾ ਪਿਓ ਤੇ ਭਰਾ ਕੰਮ ਤੋਂ ਆਏ ਤਾਂ ਉਨ੍ਹਾਂ ਨਾਲ ਆਪਣੇ ਕੁਝ ਕੁ ਪਲਾਂ ਦੀ ਸਾਂਝ ਪਾ ਦੁਬਾਰਾ ਆਪਣੀ ਕਲਮ ਨਾਲ ਗੱਲੀਂ ਪੈ ਗਈ । ਜਦੋਂ ਘਰ ਦੇ ਸਾਰੇ ਜੀਅ ਰੋਟੀ ਖਾਣ ਲੱਗੇ ਤਾਂ ਉਸ ਨੂੰ ਉਹਦੀ ਮਾਂ ਨੇ ਹਾਕ ਮਾਰੀ ਤਾਂ ਉਹਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ ,” ਹਾਲੇ ਭੁੱਖ ਨਹੀਂ, ਜਦੋਂ ਭੁੱਖ ਲੱਗੀ ਆਪੇ ਖਾ ਲਵਾਂਗੀ।” ਅਸਲ ਵਿੱਚ ਜਦੋਂ ਉਹ ਕੁਝ ਲਿਖਣ ਲੱਗਦੀ ਹੈ ਤਾਂ ਖੁਦ ਭੁੱਲ ਜਾਂਦੀ ਹੈ ਕਿ ਉਸ ਨੂੰ ਭੁੱਖ ਲੱਗੀ ਹੈ ਜਾਂ ਨਹੀਂ ? ਉਸ ਲਈ ਭੁੱਖ ਦਾ ਅਹਿਸਾਸ ਹੀ ਮਰ ਜਾਂਦਾ । ਜਦੋਂ ਮਾਂ ਨੇ ਰਸੋਈ ਦਾ ਸਾਰਾ ਕੰਮ ਕਾਰ ਨਿਬੇੜ ਦੁਬਾਰਾ ਰੋਟੀ ਬਾਰੇ ਪੁੱਛਿਆ ਤਾਂ ਮੁੜ ਉਸਦਾ ਉਹੀ ਜਵਾਬ ਸੀ ਕਿ ਹਾਲੇ ਭੁੱਖ ਨਹੀਂ ।
ਉਹ ਫ਼ੋਨ ਚਾਰਜਰ ਤੇ ਲਾ ਕੇ ਭੁੱਲ ਗਈ। ਜਦੋਂ ਚਾਰਜਰ ਤੋਂ ਫ਼ੋਨ ਲਾਹੁਣ ਦੀ ਯਾਦ ਆਈ ਤਾਂ ਉਸਨੇ ਵੇਖਿਆ ਸਕ੍ਰੀਨ ਤੇ ਮਿਸਡ ਕਾਲ ਪਰ ਹੁਣ ਸਮਾਂ ਸਾਢੇ ਕੁ ਗਿਆਰਾਂ ਵਜੇ ਦਾ ਸੀ । ਨੰਬਰ ਵੀ ਕੋਈ ਅਣਪਛਾਤਿਆ ਸੀ । ਜੇਕਰ ਨੰਬਰ ਜਾਣਿਆ ਪਛਾਣਿਆ ਹੁੰਦਾ ਤਾਂ ਬਿਨਾਂ ਕਿਸੇ ਡਰ ਭੈਅ ਮੁੜ ਫ਼ੋਨ ਕਰ ਲੈਂਦੀ ਪਰ ਹੁਣ ਕਿਸੇ ਓਪਰੇ ਨੂੰ ਅੱਧੀ ਰਾਤ ਫ਼ੋਨ ਕਰਨਾ ? ਉਸ ਦਾ ਮਨ ਜਵਾਬ ਦੇ ਗਿਆ । ਉਸਨੇ ਫ਼ੋਨ ਪਰ੍ਹਾਂ ਰੱਖ ਦਿੱਤਾ ਅਤੇ ਅੱਖਰਾਂ ‘ਚ ਪ੍ਰੋਏ ਜਜ਼ਬਾਤ ਕਹਾਣੀ ਬਣ ਉਹਦੇ ਸਾਹਮਣੇ ਖੜ੍ਹੇ ਹੋ ਗਏ । ਹੁਣ ਲਗਪਗ ਇੱਕ ਵੱਜ ਚੁੱਕਿਆ ਸੀ । ਉਹ ਕਹਾਣੀ ਨੂੰ ਵਾਰ ਵਾਰ ਪੜ੍ਹਦੀ , ਸੋਧਦੀ, ਨਵੇਂ ਸ਼ਬਦ ਭਰਤੀ ਤੇ ਕੁਝ ਗ਼ੈਰ ਜ਼ਰੂਰੀ ਸ਼ਬਦ ਨਿਖੇੜਦੀ । ਉਸ ਨੂੰ ਨੀਂਦ ਨਹੀਂ ਆ ਰਹੀ ਸੀ । ਉਸ ਨੇ ਕਹਾਣੀ ਫ਼ੋਨ ਤੇ ਹੀ ਟਾਈਪ ਕਰਨ ਬਾਰੇ ਸੋਚਿਆ। ਅੱਗੇ ਵੀ ਉਹ ਅੱਧੀ ਅੱਧੀ ਰਾਤ ਤਕ ਫ਼ੋਨ ਤੇ ਆਪਣੀਆਂ ਕਹਾਣੀਆਂ ਟਾਈਪ ਕਰਦੀ ਰਹਿੰਦੀ ਹੈ । ਅਸਲ ਵਿੱਚ ਉਸ ਨੂੰ ਬਚਪਨ ਤੋਂ ਹੀ ਆਦਤ ਹੈ ਜਦੋਂ ਤੱਕ ਉਹ ਆਪਣਾ ਕੰਮ ਪੂਰਾ ਨਹੀਂ ਕਰਦੀ ਉਸ ਨੂੰ ਨੀਂਦ ਨਹੀਂ ਆਉੰਦੀ । ਇਮਤਿਹਾਨਾਂ ਵੇਲੇ ਵੀ ਉਹ ਅੱਧੀ ਅੱਧੀ ਰਾਤ ਤਕ ਪੜ੍ਹਦੀ ਰਹਿੰਦੀ ਸੀ । ਉਹ ਵੀ ਫ਼ਰਸ਼ ਤੇ ਚਟਾਈ ਵਿਛਾ ਕੇ । ਜਦੋਂ ਮੰਮੀ ਆਖਦੇ ਕਿ ਬੈੱਡ ਤੇ ਜਾਂ ਕੁਰਸੀ ਤੇ ਬੈਠ ਕੇ ਪੜ੍ਹ ਲੈ ਇੱਕੋ ਜਵਾਬ ਹੁੰਦਾ ਸੀ ਕਿ ਫਰਸ਼ ਤੇ ਬੈਠ ਕੇ ਛੇਤੀ ਨੀਂਦ ਨਹੀਂ ਆਉਂਦੀ । ਪਰ ਹੁਣ ਹੈਰਾਨ ਸੀ ਕਿ ਬੈੱਡ ਤੇ ਪੈ ਕੇ ਵੀ ਨੀਂਦ ਛੇਤੀ ਨਹੀਂ ਆਉਂਦੀ ।
ਜਦੋਂ ਉਹ ਕਹਾਣੀ ਟਾਈਪ ਕਰ ਰਹੀ ਸੀ ਤਾਂ ਵ੍ਹੱਟਸਐਪ ਤੇ ਕਿਸੇ ਅਣਜਾਣ ਨੇ ਉਸ ਨੂੰ ਹੈਲੋ ! ਹਾਏ! ਲਿਖ ਕੇ ਮੈਸੇਜ ਕੀਤਾ ਹੋਇਆ ਸੀ । ਉਹ ਹੈਰਾਨ ਪ੍ਰੇਸ਼ਾਨ ਹੋ ਗਈ ਇਹ ਕੌਣ ਹੈ ? ਉਹ ਬਿਨਾਂ ਕੋਈ ਜਵਾਬ ਦਿੱਤਿਆਂ ਆਪਣੇ ਕੰਮ ਵਿੱਚ ਰੁੱਝੀ ਰਹੀ । ਫਿਰ ਸੋਚਣ ਲੱਗੀ ਉਹ ਕਿਹੜਾ ਹੁਣ ਸੋਲ੍ਹਵੇਂ ਠਾਰ੍ਹਵਾਂ ਸਾਲ ‘ਚ ਜੋ ਇਸ ਤਰ੍ਹਾਂ ਦੇ ਮੈਸੇਜ ਆਉਣੇ ਸਨ ? ਉਹ ਤਾਂ ਹੁਣ ਦੋ ਬੱਚਿਆਂ ਦੀ ਮਾਂ ਬਣ , ਜ਼ਿੰਦਗੀ ਦੇ ਤਜਰਬਿਆਂ ਹੇਠੋਂ ਲੰਘ ਕੇ ਉਮਰ ਦੇ ਇਸ ਮੋੜ ਤੇ ਖੜ੍ਹੀ ਹੈ ਜਿੱਥੇ ਔਰਤ ਆਪਣਾ ਆਪਾ ਭੁੱਲ ਕੇ ਆਪਣੇ ਸੁਪਨਿਆਂ ਨੂੰ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਪੜ੍ਹਨਾ ਸਿੱਖ ਜਾਂਦੀ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਆਪਣੀ ਰੂਹ ਵਿੱਚ ਸਾਂਭ ਕੇ ਉਨ੍ਹਾਂ ਦੀ ਪੂਰਤੀ ਲਈ ਜੱਦੋ ਜਹਿਦ ਕਰਦੀ ਹੈ। ਫੇਰ ਉਹ ਇੱਕ ਕਿਤਾਬ ਚੁੱਕ ਕੇ ਬੈਠ ਗਈ ਕਿਉਂਕਿ ਨੀਂਦ ਹਾਲੇ ਵੀ ਉਸ ਦੀਆਂ ਅੱਖਾਂ ਤੋਂ ਕੋਹਾਂ ਦੂਰ ਜਾਪ ਰਹੀ ਸੀ ।ਭਾਵੇਂ ਉਹ ਕਿਤਾਬ ਪੜ੍ਹਨ ਲੱਗੀ ਫਿਰ ਅਚਾਨਕ ਉਸ ਦਾ ਧਿਆਨ ਘੜੀ ਮੁੜੀ ਉਸ ਨੰਬਰ ਦੇ ਆਲੇ ਦੁਆਲੇ ਚੱਕਰ ਕੱਟਣ ਲੱਗਿਆ ਕਿ ਨੰਬਰ ਕਿਸ ਦਾ ਹੈ ?ਲਗਪਗ ਚਾਰ ਕੁ ਵਜੇ ਉਸ ਨੂੰ ਨੀਂਦ ਆਉਣ ਲੱਗੀ ਉਹ ਕਿਤਾਬ ਰੱਖ ਕੇ ਬੱਤੀ ਬੁਝਾ ਸੌਂ ਗਈ। ਸਵੇਰੇ ਜਲਦੀ ਜਾਗ ਨਾ ਖੁੱਲ੍ਹੀ । ਤਕਰੀਬਨ ਅੱਠ ਵਜੇ ਦਾ ਸਮਾਂ ਹੋ ਗਿਆ । ਉਹਦੀ ਮਾਂ ਨੇ ਉਸ ਨੂੰ ਨਾ ਜਗਾਇਆ ਇਹ ਸੋਚ ਕੇ ਕਿ ਰਾਤੀਂ ਬਹੁਤ ਦੇਰ ਨਾਲ ਸੁੱਤੀ।ਸ਼ਾਇਦ ਹੁਣ ਵੀ ਨਾ ਜਾਗਦੀ ਜੇ ਉਸ ਦਾ ਪੁੱਤ ਸੌਰਭ ਉਸਦੇ ਨਾਲ ਲੱਗ ਕੇ ਪੈ ਨਾ ਜਾਂਦਾ ਤੇ ਉਸ ਦੀਆਂ ਗੱਲ਼ਾਂ ਤੇ ਹੱਥ ਰੱਖ ਕੇ ਨਾ ਆਖਦਾ,” ਮੰਮੀ ਜੀ ! ਦੇਖੋ ਕਿੰਨਾ ਦਿਨ ਚੜ੍ਹ ਆਇਆ… ਅੱਗੇ ਤੁਸੀਂ ਮੈਨੂੰ ਜਗਾਉਂਦੇ ਅੱਜ ਮੈਂ ਜਗਾਉਣ ਲੱਗਿਆ।” ਪੁੱਤ ਦੀਆਂ ਗੱਲਾਂ ਸੁਣ ਉਹ ਮੁਸਕਰਾਉਂਦੀ ਹੋਈ ਉੱਠ ਬੈਠੀ ਤੇ ਥੋੜ੍ਹੀ ਦੇਰ ਇੰਜ ਹੀ ਆਪਣੇ ਪੁੱਤ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਰੁੱਝੀ ਗਈ ।
ਫਿਰ ਨਾਸ਼ਤਾ ਕਰ ਮੁੜ ਬੈਠ ਗਈ ਕਾਗਜ਼ ਕਲਮ ਨਾਲ ਸਾਂਝ ਪਾਉਣ ਲਈ ਪਰ ਫ਼ੋਨ ਦੀ ਰਿੰਗਟੋਨ ਨੇ ਉਸ ਦੀ ਸੁਰਤੀ ਭੰਗ ਕਰ ਦਿੱਤੀ। ਉਸ ਨੇ ਨੰਬਰ ਵੇਖਿਆ ਮੁੜ ਤੋਂ ਇਹ ਕੋਈ ਅਣਜਾਣ ਨੰਬਰ ਸੀ । ਉਹ ਗੱਲ ਕਰਨ ਵਾਲਾ ਪੁੱਛ ਰਿਹਾ ਸੀ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ ? ਕੌਣ ਬੋਲ ਰਹੇ ? ਉਹ ਗੱਲ ਕਰਨ ਵਾਲੇ ਨੂੰ ਪੁੱਛਣ ਲੱਗੀ ,ਫੋਨ ਤੁਸੀਂ ਕੀਤਾ ?ਕੀਹਦੇ ਨਾਲ ਗੱਲ ਕਰਨੀ ? ਪਰ ਦੂਸਰੇ ਪਾਸਿਓਂ ਉਲਟ ਉਲਟ ਪ੍ਰਸ਼ਨ ਪੁੱਛੇ ਜਾ ਰਹੇ ਸਨ । ਜਿਸ ਕਾਰਨ ਉਹ ਖਿੱਝ ਗਈ ਤੇ ਉਸ ਨੇ ਫ਼ੋਨ ਪਰ੍ਹਾਂ ਰੱਖ ਦਿੱਤਾ।ਇਸ ਤਰ੍ਹਾਂ ਅਣਜਾਣ ਨੰਬਰਾਂ ਤੋਂ ਫ਼ੋਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ । ਉਹ ਹੈਰਾਨ ਸੀ ਕਿ ਉਸ ਨਾਲ ਅਚਾਨਕ ਇਹ ਕੀ ਹੋ ਰਿਹਾ ਹੈ ? ਉਹ ਪ੍ਰੇਸ਼ਾਨ ਹੋ ਗਈ। ਵ੍ਹੱਟਸਐਪ ਤੇ ਵੀ ਤਰ੍ਹਾਂ ਤਰ੍ਹਾਂ ਦੇ ਅਸ਼ਲੀਲ ਮੈਸੇਜ ਵੇਖ ਉਸ ਦੇ ਅੰਦਰ ਭਾਂਬੜ ਮੱਚ ਗਿਆ । ਇਸ ਭਾਂਬੜ ਦੇ ਧੂੰਏਂ ਦਾ ਸੇਕ ਅੰਦਰ ਹੀ ਅੰਦਰ ਮਘਣ ਲੱਗਿਆ। ਉਹ ਆਪਣੇ ਅੰਦਰ ਅਚਾਨਕ ਵਹਿ ਤੁਰੇ ਲਾਵੇ ਨਾਲ ਖੁਦ ਨੂੰ ਰਾਖ਼ ਨਹੀਂ ਸੀ ਹੋਣ ਦੇਣਾ ਚਾਹੁੰਦੀ ,ਪਰ ਕਰੇ ਤਾਂ ਕੀ ਕਰੇ ? ਜੇਕਰ ਆਪਣੇ ਘਰਵਾਲੇ ਨਾਲ ਗੱਲ ਕਰਦੀ ਤਾਂ ਉਲਟਾ ਉਸ ਨੂੰ ਹੀ ਦੋਸ਼ੀ ਬਣਾ ਖੜ੍ਹਾ ਕਰ ਦੇਣਾ ਉਸਦੇ ਘਰਵਾਲੇ ਨੇ ਸਭ ਰਿਸ਼ਤੇਦਾਰਾਂ ਸਾਹਮਣੇ ਸ਼ਰਮਿੰਦਗੀ ਭਰੇ ਕਟਹਿਰੇ ਵਿਚ।ਉਸਨੂੰ ਪਤੈ ਉੱਥੇ ਉਸਦੀ ਕੋਈ ਸੁਣਵਾਈ ਨਹੀਂ ਹੋਣੀ। ਉਂਜ ਵੀ ਉਸ ਨੇ ਬੜੀ ਮੁਸ਼ਕਿਲ ਨਾਲ ਤਾਂ ਕਲਮ ਫੜੀ ਸੀ ਹੱਥਾਂ ‘ਚ । ਉਸ ਦਾ ਘਰਵਾਲਾ ਤਾਂ ਪਹਿਲਾਂ ਹੀ ਉਸ ਦੀ ਕਲਮ ਨੂੰ ਹਮੇਸ਼ਾਂ ਨਫ਼ਰਤ ਨਾਲ ਵੇਖਦਾ ਆ ਰਿਹਾ ਸੀ । ਜਦੋਂ ਵੀ ਉਸ ਦੀ ਕੋਈ ਕਹਾਣੀ ,ਕਵਿਤਾ ਕਿਸੇ ਅਖ਼ਬਾਰ ਵਿੱਚ ਛਪਦੀ ਤਾਂ ਉਹ ਲੁਕੋ ਲੁਕੋ ਕੇ ਰੱਖਦੀ ਸੀ ਆਪਣੇ ਘਰਵਾਲੇ ਤੋਂ ।
ਉਸਨੂੰ ਯਾਦ ਐ ਜਦੋਂ ਸ਼ੁਰੂ ਸ਼ੁਰੂ ਵਿੱਚ ਉਸਦੀ ਇੱਕ ਕਵਿਤਾ ਨੂੰ ਆਨਲਾਈਨ ਅਖ਼ਬਾਰ ਵਿੱਚ ਥਾਂ ਮਿਲੀ ਸੀ , ਉਸ ਨੇ ਸਭ ਤੋਂ ਪਹਿਲਾਂ ਆਪਣੀ ਖੁਸ਼ੀ ਆਪਣੇ ਪਤੀ ਨਾਲ ਸਾਂਝੀ ਕਰਨ ਲਈ ਚਾਈਂ ਚਾਈਂ ਆਪਣੇ ਫੋਨ ਤੇ ਆਪਣੀ ਕਵਿਤਾ ਉਸ ਨੂੰ ਵਿਖਾਈ ਸੀ। ਪਰ ਉਸ ਦੇ ਪਤੀ ਦੇ ਚਿਹਰੇ ਤੇ ਖ਼ੁਸ਼ੀ ਤਾਂ ਕੀ ਉੱਘੜਣੀ ਸੀ ਸਗੋਂ ਗੁੱਸੇ ਅਤੇ ਨਫ਼ਰਤ ਵਰਗੀਆਂ ਮਿਲਦੀਆਂ ਜੁਲਦੀਆਂ ਲਕੀਰਾਂ ਉਸ ਦੇ ਸਾਹਮਣੇ ਆ ਖੜ੍ਹੀਆਂ ਤੇ ਉਹ ਆਖਣ ਲੱਗਿਆ,” ਇਹ ਕੀ ਐ ? ਇਨ੍ਹਾਂ ਅਖ਼ਬਾਰਾਂ ਨੂੰ ਕੌਣ ਪੁੱਛਦੈ ? ਜਦੋਂ ਅਜੀਤ ,ਜਗਬਾਣੀ ਜਾਂ ਟ੍ਰਿਬਿਊਨ ਵਰਗੇ ਅਖਬਾਰਾਂ ‘ਚ ਕਹਾਣੀ ਲੱਗੀ ਫੇਰ ਗੱਲ ਕਰੀਂ। ਦਮਨ ਲਈ ਖੁਸ਼ੀ ਦੇ ਪਲ ਵੀ ਇੱਕ ਹਾਉਕਾ ਬਣਕੇ ਰਹਿ ਗਏ। ਉਹ ਹਉਕਾ ਉਸ ਨੇ ਉਸੇ ਤਰ੍ਹਾਂ ਆਪਣੇ ਮਨ ਦੀਆਂ ਤੈਹਾਂ ਵਿੱਚ ਘੁੱਟ ਲਿਆ । ਮੁੜ ਉਸ ਦੀ ਕਦੇ ਹਿੰਮਤ ਨਾ ਪਈ ਆਪਣੇ ਪਤੀ ਨੂੰ ਆਪਣੀ ਕੋਈ ਰਚਨਾ ਵਿਖਾਉਣ ਦੀ । ਫਿਰ ਇੱਕ ਦਿਨ ਉਹ ਉੱਛਲ ਪਈ , ਜਦੋਂ ਉਸ ਨੇ ਵੇਖੀ ਆਪਣੀ ਰਚਨਾ ‘ਅਜੀਤ’ ਅਖ਼ਬਾਰ ਵਿਚ।ਉਹ ਫਿਰ ਅਖ਼ਬਾਰ ਚੁੱਕ ਕੇ ਆਪਣੇ ਪਤੀ ਕੋਲ ਗਈ ਕਿ ਵੇਖੋ ਅਜੀਤ ਅਖ਼ਬਾਰ ਵਿਚ ਮੇਰੀ ਰਚਨਾ ਲੱਗੀ ਹੈ । ਪਰ ਇਸ ਵਾਰ ਪਤੀ ਦੇ ਮੂੰਹੋ ‘ਠੀਕ ਹੈ’ ਸੁਣ ਕੇ ਉਹ ਹੈਰਾਨ ਰਹਿ ਗਈ ਕਿਉਂਕਿ ਉਸ ਦੇ ਪਤੀ ਦੇ ਚਿਹਰੇ ਦੇ ਭਾਵ ਪਹਿਲਾਂ ਵਰਗੇ ਹੀ ਸਨ। ਇਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਸੀ । ਫਿਰ ਉਸ ਦੇ ਮਨ ਦੀਆਂ ਤੈਹਾਂ ਵਿੱਚ ਦੱਬਿਆ ਹਉਕਾ ਮੁੜ ਉਛਲਿਆ ਤੇ ਇਕ ਹੋਰ ਹਉਕੇ ਨੂੰ ਜਨਮ ਦੇ ਉੱਥੇ ਹੀ ਬੈਠ ਗਿਆ।ਉਹ ਤਾਂ ਬੜੀ ਉਮੀਦ ਨਾਲ ਆਈ ਸੀ ਅਖ਼ਬਾਰ ਲੈ ਕੇ ਆਪਣੇ ਘਰ ਵਾਲੇ ਕੋਲ ਇਹ ਸੋਚ ਕੇ ਕਿ ਉਹ ਖੁਸ਼ ਹੋ ਕੇ ਉਸ ਨੂੰ ਮੁਬਾਰਕਬਾਦ ਦਿੰਦਾ ਹੋਇਆ ਆਪਣੇ ਕਲਾਵੇ ਵਿਚ ਕੱਜ ਲਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ । ਉਸ ਦਾ ਘਰਵਾਲਾ ਅਖ਼ਬਾਰ ਫੜ ਹੋਰ ਖ਼ਬਰਾਂ ਤੇ ਨਜ਼ਰ ਦੌੜਾਉਣ ਲੱਗਿਆ ਤੇ ਉਸ ਦੀ ਰਚਨਾ ਵੱਲ ਤਾਂ ਉਸਨੇ ਸਰਸਰੀ ਨਜ਼ਰ ਵੀ ਨਾ ਮਾਰੀ। ਉਹ ਸਮਝ ਨਾ ਸਕੀ ਉਸ ਦਾ ਪਤੀ ਉਸ ਨਾਲ ਖੁਸ਼ ਹੈ ਜਾਂ ਨਾਰਾਜ਼ ? ਜੇ ਨਾਰਾਜ਼ ਹੈ ਤਾਂ ਇੱਕ ਵਾਰੀ ਤਾਂ ਮੂੰਹੋਂ ਕੋਈ ਲਫ਼ਜ਼ ਕੱਢੇ, ਆਪਣੀ ਨਾਰਾਜ਼ਗੀ ਦਾ ਕਾਰਨ ਸਾਂਝਾ ਕਰੇ। ਤਾਂ ਜੋ ਉਸ ਨੂੰ ਵੀ ਪਤਾ ਲੱਗੇ ਕਿ ਉਸ ਦੇ ਹੱਥਾਂ ‘ਚ ਕਲਮ ਫੜਨ ਕਾਰਨ ਉਸਦੇ ਪਤੀ ਦੇ ਮਨ ਅੰਦਰ ਕਾਲਖ ਜਿਹੀ ਕਿਉਂ ਜੰਮਣ ਲੱਗੀ ? ਕਿਉਂ ਉਸ ਦੇ ਪਤੀ ਦੇ ਮਨ ਦੀਆਂ ਕੰਧਾਂ ਤੇ ਜੰਮਦੇ ਧੁਆਂਖੇ ਦੀ ਹਵਾੜ ਉਸ ਨੂੰ ਹਰ ਵੇਲੇ ਬੇਚੈਨ ਕਰਦੀ ਰਹਿੰਦੀ ਹੈ?
ਇੱਕ ਪਾਸੇ ਪਾਠਕਾਂ ਦੇ ਮੋਹ ਦੀਆਂ ਤੰਦਾਂ ਉਸਦੀ ਰੂਹ ਨੂੰ ਕੱਜ ਰਹੀਆਂ ਸਨ ਤਾਂ ਦੂਜੇ ਪਾਸੇ ਉਸ ਵਿਰੁੱਧ ਕੋਝੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ