ਮਿੱਟੀ ਦੇ ਜਾਏ ❣❣ ਆਖਰੀ = ਭਾਗ ❣❣
ਇੰਜਣ ਤੇ ਬੋਰ ਨਾਲ ਸਬੰਧਤ ਸਾਰਾ ਸਮਾਨ ਖੇਤਾਂ ਵਿਚ ਪਹੁੰਚ ਚੁੱਕਾ ਸੀ। ਗ੍ਰੰਥੀ ਸਿਘ ਨੇ ਸਿਰਜਣਹਾਰੇ ਨੂੰ ਅਰਾਧ ,ਕਾਰਜ ਰਾਸ ਕਰਨ ਤੇ ਆਸਾਂ ਪੂਰੀਆਂ ਹੋਣ ਦਾ ਅਰਦਾਸਾ ਸੋਧ ਜੈਕਾਰਾ ਛੱਡਿਆ ਤਾਂ ਸਾਰਿਆਂ ਸਤਿ ਸ੍ਰੀ ਅਕਾਲ ਕਹਿ ਫਹਿਤ ਬੁਲਾਈ ਦਿੱਤੀ । ਧਰਤ ਨੂੰ ਤੇਲ ਚੜ੍ਹਾ ਤੇ ਗੁੜ ਨਾਲ ਮੂੰਹ ਜੂਠਾਲ ਸ਼ਗਨਾਂ ਦੀ ਰਸਮ ਨਿਭਾਈ ਗਈ। ਗੁਰੂ ਰਾਮਦਾਸ ਦੇ ਪਵਿੱਤਰ ਸਰੋਵਰ ਚੋਂ ਲਿਆਂਦਾ ਅੰਮਿ੍ਤ ਧਰਤੀ ਦੀ ਦੇਹ ਤੇ ਛਿੜਕਿਆ ਤਾਂ ਉਹ ਉਜੜ ਤੋਂ ਸੁਲਖਣੀ ਹੋ ਗਈ। ਕਹੀ ਦਾ ਟੱਪ ਲਾ ਗ੍ਰੰਥੀ ਸਿੰਘ ਨੇ ਬੋਰ ਦਾ ਕਾਰਜ ਅਰੰਭ ਕਰਵਾ ਦਿੱਤਾ । ਬਾਬਾ ਜੀ ਨੇ ਹਾਜ਼ਰ ਕਿਰਤੀਆਂ ਨੂੰ ਪ੍ਰਸ਼ਾਦ ਵੰਡਿਆ ਤਾਂ ਬਾਪੂ ਨੇ ਬਾਬਾ ਜੀ ਨੂੰ 21 ਦੰਮੜੇ ਭੇਟਾ ਦੇ ਸੀਸ ਨਵਾਇਆ।
ਜਿਸ ਭਾਗਾਂ ਵਾਲੇ ਦਿਨ ਨੂੰ ਬੇਸਬਰੀ ਨਾਲ ਉਡੀਕਿਆ , ਉਹ ਸੁਭਾਗਾ ਦਿਨ ਆਣ ਢੁੱਕਾ। ਬੇਬੇ ਨੇ ਇੰਜਣ ਤੇ ਪੰਪ ਨੂੰ ਮੌਲੀ ਬੰਨ ਸਵੰਜਣਾ ਹੋਵੇਂ ਦੀ ਮੰਗ ਮੰਗੀ। ਚਾਚੇ ਨੇ ਦੋਵੇਂ ਹੱਥ ਜੋੜ ਬਾਬਾ ਨਾਨਕ ਨੂੰ ਸਿਮਰਿਆ ਤੇ ਇੰਜਣ ਦਾ ਹੇੰਡਲ ਗੇੜ ਕਿੱਲੀ ਸੁੱਟੀ ਦਿੱਤੀ ।
ਧਰਤ ਦੀ ਗੋਦ ਚੋਂ ਅੰਮਿ੍ਤ ਵਰਗਾ ਨੀਰ ਪਾਈਪ ਚੋਂ ਫੁਆਰੇ ਬਣ ਫੁੱਟ ਪਿਆ। ਜਦੋਂ ਸਾਰੇ ਇਕ ਦੂਸਰੇ ਨੂੰ ਵਧਾਈਆਂ ਦੇ ਰਹੇ ਸਨ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਝਲਕਦਾ ਪ੍ਰਸੰਨਤਾ ਦਾ ਜਲੌਅ ਵੇਖਣ ਵਾਲਾ ਸੀ। ਇਕ ਦਰਮਿਆਨੇ ਵਾਹੀਵਾਨ ਪ੍ਰੀਵਾਰ ਦੇ ਪਲਾਂ ਨੂੰ ਬਿਆਨਣਾ ਸ਼ਬਦਾਂ ਦੇ ਵੱਸ ਨਹੀਂ।
ਸ਼ੀਤਲ ਜਲ ਨੇ ਜਦੋਂ ਖਾਲਾਂ ਚੋਂ ਹੁੰਦੇ ਹੋਏ ਖੇਤਾਂ ਨੂੰ ਸਿੰਜਿਆ ਤਾਂ ਮੁਦਤਾਂ ਦੀ ਅੌੜੀ ਬੰਜਰ ਧਰਤ ਦਾ ਤਪਦਾ ਸੀਨਾ ਠੰਡਾ-ਠਾਰ ਹੋ ਗਿਆ । ਉਹ ਇੰਜ ਮਹਿਸੂਸਦੀ ਜਿਵੇਂ ਜਰਖੇਜ਼ ਮਿੱਟੀ ਦੇ ਕਿਸੇ ਗੁਲਾਬੀ ਚੀਰੇ ਵਾਲੇ ਉਸਦਾ ਘੁੰਡ ਚੁੱਕ ਸੁੰਨੀ ਮਾਂਗ ਵਿੱਚ ਸੰਦੂਰ ਭਰ ਦਿੱਤਾ ਹੋਵੇ। ਉਹ ਹੁਣ ਸੁਹਾਗਣ ਹੋਈ ਫੁੱਲੀ ਨਹੀਂ ਸੀ ਸਮਾ ਰਹੀ। ਉਸਦੀ ਕੁੱਖ ਨੂੰ ਫਸਲਾਂ ਉੱਗਾਉਣ ਦੀ ਕਾਹਲ ਦਾ ਚਾਅ ਚੜ੍ਹ ਗਿਆ।
ਉਹ ਘਾਗ ਵਾਹੀਵਾਨ ਸਨ , ਭਾਵੇਂ ਹਲਾਤਾਂ ਦੀ ਮਾਰ ਨੇ ਉਨ੍ਹਾਂ ਨੂੰ ਕਈ ਪਾਸਿਉਂ ਡਾਹ ਲਾਈ ਪਰ ਉਹ ਸਿਰੜੀ ਤੇ ਸਿਦਕਾਂ ਦੇ ਪੱਕੇ ਨਿਕਲੇ। ਲਾਖਾ ਤੁਰ ਗਿਆ ਤੇ ਚੀਨਾ ਵੇਚਨਾ ਪਿਆ , ਬਲਦਾਂ ਦੀਆਂ ਦੋ ਜੋੜੀਆਂ ਚੋਂ ਇਕ ਹੀ ਮਸਾਂ ਬਚੀ। ਜੁਗਤੀਆਂ ਅੈਸੀ ਜੁਗਤ ਬਣਾਈ ਕਿ ਫੰਡਰ ਮੱਝ ਤੇ ਖੀਰੇ ਝੋਟੇ ਨੂੰ ਹਾਲੀ ਕੱਢ ਲਿਆ।
ਬਾਪੂ ਹੁਰਾਂ ਮਾਂਹ , ਮੋਠ , ਮੂੰਗੀ , ਮੱਕੀ ਤੇ ਕਮਾਦ ਬੀਜੇ। ਦੋ ਪੈਲੀਆਂ ਵਿੱਚ ਬਾਸਮਤੀ ਤੇ ਇਕ ਖੇਤ ਮਿਰਚਾਂ ਲਾਈਆਂ। ਸੌਣੀ ਭਰਵੀੰ ਹੋਈ ਤਾਂ ਹਾੜੀ ਦੀ ਬੀਜਾਈ ਹੋਰ ਵੀ ਉਦਮ ਨਾਲ ਕੀਤੀ । ਕਣਕ , ਜੌੰ , ਸਰੋੰ ਬੇਰੜੜਾ , ਛੋਲੇ , ਮਟਰ ਤੇ ਬਰਸੀਨ ਦੀਆਂ ਫਸਲਾਂ ਲਹਿ ਲਹਿ ਕਰਦੀਆਂ ਉਲਰ-ਉਲਰ ਪੈੰਦੀਆਂ। ਰਿਜਕ ਵਾਲੀਆਂ ਪੋੰਅ ਬਾਰਾਂ ਹੋਣ ਲਗ ਪਈਆਂ। ਉਹ ਜੋ ਵੀ ਬੀਜਦੇ ਧਰਤੀ ਮਾਂ , ਮਿੱਟੀ ਦੇ ਜਾਇਆਂ ਦੀਆਂ ਝੋਲੀਆਂ ਭਰੀ ਜਾਂਦੀ।
ਸਿਆਣਿਆਂ ਦੀ ਕਹਾਵਤ ਸੱਚ ਹੋਣ ਲਗੀ:-
” ਕਿਸਮਤ ਹੋਵੇ ਪੱਧਰੀ ਤਾਂ ਭੁੱਜੇ ਉੱਗਣ ਮੋਠ”
ਸਾਲਾਂ ਤੋਂ ਸਬਜ਼ੀਆਂ ਨੂੰ ਤਰਸਦੇ ਪਰਵਾਰ ਕੋਲੋਂ ਹੁਣ ਹਲਵੇ, ਟੀਂਡੇ,ਕਰੇਲੇ ,ਭਿੰਡੀਆਂ ਤੇ ਕੱਦੂ ਖਾਧਿਆਂ ਨਾ ਮੁੱਕਦੇ। ਜਿਹੜਾ ਸ਼ਰੀਕਾ ਭਾਈਚਾਰਾ ਚੀਜ਼ਾਂ ਹੁੰਦਿਆਂ -ਸੁੰਦਿਆਂ ਖਾਲੀ ਹੱਥ ਮੋੜ ਦੇੰਦਾ ਸੀ , ਬੇਬੇ ਉਨ੍ਹਾਂ ਨੂੰ ਵੀ ਛਿੱਕੂ ਭਰ-ਭਰ ਵੰਡ ਆਉੰਦੀ।
ਫਸਲਾਂ ਨਾਲ ਨੱਕੋ-ਨੱਕ ਲੱਦੇ ਗੱਡੇ ਘਰ ਆਉੰਦੇ ਤਾਂ ਗਲੀ ਗੁਆਂਢ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ। ਤਖਤਿਆਂ ਉਹਲੇ ਮੂੰਹ ਜੋੜ ਜੋੜ ਗੱਲਾਂ ਕਰ ਅੰਦਰੋਂ ਅੰਦਰੀਂ ਸਾੜਾ ਕਰਦੇ।
ਖਾਲੀ ਪਏ ਭੜੋਲੇ ਅਨਾਜ ਨਾਲ ਉੱਛਲਣ ਲਗੇ । ਕਈ ਸਾਲ ਪਾਟੇ-ਪੁਰਾਣੇ ਕਪੜਿਆਂ ਨਾਲ ਗੁਜਾਰਾ ਕਰਨ ਵਾਲੇ ਜੀਆਂ ਨੂੰ ਜਦੋਂ ਬੇਬੇ ਨੇ ਨਵੇਂ ਨਿਕੋਰ ਕਪੜੇ ਸਿਉੰ ਗਲੀ ਪੁਆਏ ਤਾਂ ਸਾਰੇ ਇਕ ਦੂਸਰੇ ਦੇ ਕਪੜਿਆਂ ਨੂੰ ਹੱਥ ਫੇਰ ਸੁਲਾਉੰਦੇ ਤੇ ਨਿਹਾਰਦੇ।
ਨਵਾਂ ਡੱਬੀਦਾਰ ਝੱਗਾ ਤੇ ਫਾਟਾਂ ਵਾਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ