ਜਦੋਂ ਖੁਸ਼ੀ ਗ਼ਮੀ ਦਾ ਅਹਿਸਾਸ ਨਾ ਹੋਵੇ ਤਾਂ,ਅੰਦਰੋਂ ਰੂਹ ਦਾ ਮਰਨਾ ਤੈਅ ਆ।ਮਾੜੋ ਵੀ ਅੱਜ ਇਸੇ ਦੌਰ ਵਿੱਚੋਂ ਗੁਜ਼ਰ ਰਹੀ ਸੀ।ਬੇਜਾਨ ਸਰੀਰ ਵਿਚ ਜਿਵੇਂ ਰੂਹ ਮਰ ਗਈ ਹੋਵੇ। ਲੀਰਾਂ ਦੀ ਗੁੱਡੀ ਵਾਂਗ।
ਉਹ ਰੋਣਾ ਚਾਹੁੰਦੀ ਸੀ ਗਲ ਲੱਗ ਕਿਸੇ ਆਪਣੇ ਦੇ, ਪਰ ਆਪਣਾ ਤਾਂ ਕੋਈ ਦਿਖਾਈ ਹੀ ਨਹੀਂ ਦੇ ਰਿਹਾ।
ਆਖ਼ਰ ਹਉਕਿਆਂ ‘ਤੇ ਅੰਦਰ ਹੀ ਪੱਥਰ ਧਰ ਦਿੱਤਾ।
ਮਾੜੋ ਉੱਡਣਾ ਚਾਹੁੰਦੀ ਸੀ ਅੰਬਰਾਂ ਚ’ ਕੂੰਜਾਂ ਦੀ ਡਾਰ ਵਾਂਗ।
ਮਾੜੋ ਵਹਿਣਾ ਚਾਹੁੰਦੀ ਸੀ, ਵਗਦੀ ਨਦੀ ਦੇ ਸੀਤਲ ਪਾਣੀ ਵਾਂਗ।
ਨਿਰਾ ਹੁਸਨ ਦਾ ਦਰਿਆ ਸੀ ਮਾੜੋ।
ਨਾਲ ਦੀਆਂ ਸਹੇਲੀਆਂ ਨਾਲ ਪਿੰਡ ਵਿੱਚ ਲੱਗਦੇ ਮੇਲੇ ‘ਤੇ ਜਾਣਾ ਤਾਂ ਰੰਗ ਬਰੰਗੀਆਂ ਚੂੜੀਆਂ ਵੇਖ ਮਾੜੋ ਦਾ ਗੋਰਾ ਰੰਗ ਹੋਰ ਲਾਲ ਸੁਰਖ ਹੋ ਜਾਂਦਾ।ਬਾਹਾਂ ਵਿੱਚ ਚੂੜੀਆਂ ਪਾ ਇੰਜ ਮਹਿਸੂਸ ਹੋਣਾ ਜਿਵੇਂ ਖੰਭ ਲੱਗ ਗਏ ਹੋਣ।ਪਰ ਅੱਜ ਬਾਹਾਂ ਵਿੱਚ ਪਾਈਆਂ ਚੂੜੀਆਂ ਦਾ ਭਾਰ ਚੱਕ ਨਹੀਂ ਸੀ ਹੋ ਰਿਹਾ।ਝੱਲਿਆਂ ਵਾਂਗ ਚੂੜੀਆਂ ਉਤਾਰ ਵਗਾਹ ਮਾਰੀਆਂ।ਮਨ ਕਾਹਲਾ ਪੈਣ ਲੱਗਿਆ ,ਤਾਂ ਆਵਾਜ਼ ਵੱਜੀ।
ਮਾੜੋ ਨ੍ਹੀਂ ਮਾੜੋ…..
ਉਹਦੇ ਹਾਸਿਆਂ ਨੇ ਵਿਹੜੇ ਵਿਚ ਚੁੱਪ ਦੀ ਤਹਿ ਨੂੰ ਤੋੜ ਦਿੱਤਾ।ਕੰਧੋਲੀ ਚ’ ਬੈਠੀ ਪਤੀਲੀ ਮਾਂਜਦੀ ਬੀਰੋ ਦਾ ਧਿਆਨ ਟੁੱਟਿਆ।ਵਿਰਲਾਂ ਥਾਣੀ ਦੇਖਿਆ ਤਾਂ ਉਹ ਵੀਹੀ ਵਾਲੇ ਬੂਹੇ ਤਕ ਅੱਪੜ ਚੁੱਕੀ ਸੀ।
ਕੁੜੇ ਮਾੜੋ, ਰੁਕ ਜਾ ਨੀ ਝੱਲੀਏ।
ਕਿੰਨੇ ਵਾਰ ਕਿਹਾ, ਨਾ ਇੰਨਾ ਹੱਸਿਆ ਕਰ। ਜ਼ਮਾਨਾ ਮਾੜਾ ਏ। ਰੁਕ ਜਾ,ਕਾਲਾ ਟਿੱਕਾ ਲਾਦਾ ਤੇਰੇ।ਖੌਰੇ ਨਜ਼ਰ ਈ ਨਾ ਲਵਾ ਲਵੇ।ਪਾਣੀ ਵਾਲੀ ਬਾਲਟੀ ਵਿੱਚ ਸਵਾਹ ਵਾਲੇ ਹੱਥ ਧੋਂਦੇ, ਇੱਕੋ ਸਾਹੇ ਬੀਰੋ ਨੇ ਕਿਹਾ।
ਮਾਂ ਜਲਦੀ ਕਰ, ਮੇਰੀਆਂ ਸਹੇਲੀਆਂ ਨੇ ਚਲੇ ਜਾਣਾ ਮੇਲੇ ‘ਤੇ।
ਕਿਤੇ ਨ੍ਹੀਂ ਜਾਂਦੀਆਂ, ਤੇਰੇ ਬਿਨਾਂ।
‘ਤੇ ਬੀਰੋ ਨੇ ਅੱਖਾਂ ਚ’ ਪਾਏ ਸੁਰਮੇ ਨੂੰ ਉਂਗਲ ਨਾਲ ਚੰਗੀ ਤਰ੍ਹਾਂ ਲਗਾ ਮਾੜੋ ਦੇ ਮੱਥੇ ‘ਤੇ ਲਾ ਦਿੱਤਾ।
ਮੇਲੇ ਤੋਂ ਮੇਰੇ ਲਈ ਮਾੜੋ ਕੀ ਲਿਆਵਾਂਗੀ?
ਮਾਂ ਉਹੀ, ਹਰੇ ਰੰਗ ਦੀਆਂ ਚੂੜੀਆਂ।
ਅੱਛਾ….ਏਨਾ ਆਖ ਮਾਵਾਂ ਧੀਆਂ ਖ਼ੂਬ ਹੱਸੀਆਂ।
ਵੀਹਾਂ ਕੁ ਸਾਲਾਂ ਦੀ ਸੀ ਬੀਰੋ, ਜਦ ਏਸ ਘਰ ਵਿੱਚ ਵਿਆਹੀ ਆਈ।
ਬੀਰੋ ਦੇ ਕੱਦ ਕਾਠ, ਨੈਣ ਨਕਸ਼ਾਂ ਦਾ ਕੋਈ ਹਾਣੀ ਨਹੀਂ ਸੀ।ਜਦ ਡੋਲੀਓਂ ਉੱਤਰੀ ਤਾਂ ਕੰਧੋਂ ਪਾਰ ਖਡ਼੍ਹੀਆਂ ਬੁੜ੍ਹੀਆਂ ਕੁੜੀਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ ।
ਰੰਗ ਰੂਪ ਵੱਲੋਂ ਤਾਂ ਠੀਕ ਹੀ ਸੀ, ਪਰ ਕੰਮ ਵੱਲੋਂ ਕਦੇ ਪੈਰ ਨਾ ਖਿੱਚਦਾ।
ਤਾਂ ਹੀ ਬੀਰੋ ਦੇ ਬਾਪੂ ਨੇ ਬਿੱਕਰ ਦੇ ਲੜ ਲਾ ਦਿੱਤਾ ਸੀ।
ਪਰ ਕਦੇ ਕਦੇ ਘਰ ਦੀ ਕੱਢੀ ਪੀ,ਬੀਰੋ ਨਾਲ ਗਾਲੀ ਗਲੋਚ ਕਰਦਾ, ਤਾਂ ਤਾਈ ਰੱਖੀ ਭੱਜ ਆਉਂਦੀ।
ਖ਼ਬਰਦਾਰ ਹੋਜੀਂ ਜੇ ਕੁੜੀ ਨੂੰ ਹੁਣ ਗਾਲ੍ਹ ਕੱਢੀ, ਵੇ ਤੂੰ ਆਵਦੇ ਵੱਲ ਵੇਖ ‘ਤੇ ਇਹਦੇ ਵੱਲ ਵੇਖ।ਕਾਹਦਾ ਮੇਲਾ ਆ।ਰੱਬ ਭਲਾ ਕਰੇ, ਜਿਨ੍ਹਾਂ ਪਾਲ ਪੋਸ ਤੇਰੇ ਵਰਗੇ ਨਸ਼ੇੜੀ ਦੇ ਲੜ ਲਾ ਤੀ ।
ਤਾਈ ਦੀ ਘੂਰ ਦਾ ਅਸਰ ਹਰ ਵਾਰੀ ਕੰਮ ਕਰ ਜਾਂਦਾ ‘ਤੇ ਰੋਟੀ ਖਾ ਬਿੱਕਰ ਸੌਂ ਜਾਂਦਾ ‘ਤੇ ਫਿਰ ਕਈ ਦਿਨ ਸੁੱਖ ਸ਼ਾਂਤੀ ਨਾਲ ਲੰਘ ਜਾਂਦੇ।
ਅਕਸਰ ਬਿੱਕਰ ਜਦ ਕੰਮ ਧੰਦੇ ਚਲਿਆ ਜਾਂਦਾ ਤਾਂ ਘਰ ਇਕੱਲੀ ਬੀਰੋ ਨੂੰ ਵੇਖ ਤਾਈ ਰੱਖੀ ਆ ਜਾਂਦੀ।
ਕੁੜੇ ਹੁਣ ਤਾਂ ਨ੍ਹੀਂ ਕੁਝ ਬੋਲਦਾ….
ਨਹੀਂ ਤਾਈ ਜੀ ‘ਤੇ ਆਖ ਬੀਰੋ ਨੇ ਰੱਖੀ ਦੇ ਪੈਰੀਂ ਚੁੰਨੀ ਧਰ ਮੱਥਾ ਟੇਕਦੇ ਹੱਥ ਫੜ ਮੰਜੇ ‘ਤੇ ਬਿਠਾ ਲੈਣਾ।
ਲੈ ਤੈਨੂੰ ਦੱਸਦੀ ਆਂ ਕੁੜੇ ਕੇਰਾਂ ਦੀ, ਪੱਲੇ ਬੰਨ੍ਹ ਲਈ।
ਕੇਰਾਂ ਭਾਈ ਤੇਰਾ ਤਾਇਆ ਤਾਂ ਗਿਆ ਸੀ ਸ਼ਹਿਰ ਨੂੰ ‘ਤੇ ਮੇਰਾ ਨਿੱਕਾ ਦਿਓਰ ਕੌਲੇ ਚ’ ਪਿਆ ਘਰ ਦਾ ਘਿਓ ‘ਤੇ ਸ਼ੱਕਰ ਸਾਰਾ ਹੀ ਖਾ ਗਿਆ।
‘ਤੇ ਮੈਂ ਕਮਲੀ ਕਹਿ ਬੈਠੀ, ਵੇ ਥੋਡ਼੍ਹਾ ਖਾ ਲੈਂਦਾ ਕੋਈ ਪਰਾਹੁਣਾ ਹੀ ਆ ਜਾਂਦਾ।
ਫਿਰ ਕੀ ਹੋਇਆ ਤਾਈ, ਬੀਰੋ ਤਾਈ ਦੇ ਹੋਰ ਨੇੜੇ ਹੋ ਗਈ।
ਹੋਣਾ ਕੀ ਸੀ ਧੀਏ, ਗੱਲ ਤੇਰੇ ਤਾਏ ਦੇ ਕੰਨੀਂ ਅੱਪੜ ਗਈ।
ਆ ਗਿਆ ਆਥਣੇ ਦਾਰੂ ਨਾਲ ਰੱਜ ਕੇ,ਮੈਂ ਥਾਲੀ ਚ’ ਰੋਟੀ ਪਾ ਫੜਾਈ ਤਾਂ ਥਾਲੀ ਸਣੇ ਰੋਟੀਆਂ ਵਗਾਹ ਮਾਰੀਆਂ।ਮੇਰੇ ਪੁੱਛਦੇ ਪੁੱਛਦੇ ਹੀ ਮੇਰੇ ਚਪੇੜ ਮਾਰ ਧਰੀ।ਇੱਕ ਕੰਨ ਵਿੱਚੋਂ ਵਾਲੀ ਲੈਹ ਉਹ ਗਈ।ਕੰਨ ਵੀ ਲਹੂ ਲੁਹਾਣ ਹੋ ਗਿਆ।
ਆਖੇ ਹਾਂ ਹਾਂ ਤੂੰ ਕੌਣ ਆ, ਮੇਰੇ ਭਰਾ ਨੂੰ ਖਾਣ ਪੀਣ ਤੋਂ ਟੋਕਣ ਵਾਲੀ।
ਉਸ ਰਾਤ ਤਾਂ ਮੈਂ ਭੁੱਖਣ ਭਾਣੇ ਰੋਂਦੀ ਸੌਂ ਗਈ।ਖੌਰੇ ਕੀਹਨੇ ਖ਼ਬਰ ਕਰਤੀ ਮੇਰਿਆਂ ਪੇਕਿਆਂ ਨੂੰ, ਆ ਗਿਆ ਮੇਰਾ ਬਾਪੂ ‘ਤੇ ਤਿੰਨੇ ਭਾਈ।ਬਾਹਰ ਬਣੀਆਂ ਦਲਾਨਾਂ ਵਿੱਚ ਢਾਹ ਲਿਆ ਬੱਕਰੇ ਵਾਂਗੂ।ਆਜਾ ਪ੍ਰਾਹੁਣਿਆਂ ਤੈਨੂੰ ਦੱਸਦਿਆਂ ਇਹ ਕੌਣ ਆ।ਪੰਚੈਤ ਇਕੱਠੀ ਹੋ ਗਈ। ਮਸੀਂ ਗ਼ਲਤੀ ਮਨ ਛੁੱਟਿਆ।ਜਦੋਂ ਮੈਨੂੰ ਪੁੱਛਿਆ, ਤਾਂ ਭਾਈ ਮੈਂ ਵੀ ਦੋਨੋਂ ਪਾਸੇ ਹੀ ਰੱਖਣੇ ਸੀ ‘ਤੇ ਮੈਂ ਕਹਿ ਦਿੱਤਾ ਚਪੇੜ ਤਾਂ ਮਾੜੀ ਜਿਹੀ ਮਾਰੀ ਸੀ।
ਉਹ ਵੇਲਾ ਗਿਆ ‘ਤੇ ਆ ਮੇਰੇ ਬਾਪੂ ‘ਤੇ ਭਰਾਵਾਂ ਦਾ ਸਮਝਾਇਆ ਅੱਜ ਤੱਕ ਨਹੀਂ ਕੁਸਕਿਆ।ਆਹੀ ਤੂੰ ਕਰੀਂ ਹੁਣ, ਭੇਜਦੀ ਸੁਨੇਹਾ ਪੇਕਿਆਂ ਨੂੰ।
ਕੰਮ ਤੋਂ ਆਏ ਬਿੱਕਰ ਨੂੰ ਜਦ ਬੀਰੋ ਰੋਟੀ ਫੜਾਉਂਦੀ, ਤਾਂ ਤਾਈ ਦੀ ਗੱਲ ਯਾਦ ਆ ਜਾਂਦੀ ‘ਤੇ ਮੱਲੋ ਮੱਲੀ ਹਾਸਾ ਨਿਕਲ ਜਾਂਦਾ। ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ