ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ,,,,,,
ਤਿੱਖੜ ਦੁਪਹਿਰਾ, ਕਾਂ – ਅੱਖ ਨਿੱਕਲਦੀ… ਸੜਕ ਤੇ ਵਿਰਲੇ ਟਾਵੇਂ ਲਾਂਘੇ ਟਾਪੇ ਦੇ ਵਿੱਚ ਮੈਨੂੰ ਟਰੈਕਟਰ ਦੀ ਛਤਰੀ ਹੇਠੋਂ ਦੂਰ ਸੜਕ ਤੇ ਪਰਲੇ ਪਿੰਡ ਵੱਲੋਂ ਇੱਕ ਸਾਈਕਲ ਤੇ ਇੱਕ ਜਾਣੀ ਪਛਾਣੀ ਜਿਹੀ ਪੱਗ ਆਉਂਦੀ ਦਿਸੀ। ਤੂੜੀ ਵਾਲੀ ਮਸ਼ੀਨ ਸੜਕ ਤੋਂ ਦੂਰ ਹੋਣ ਤੇ ਖੜਕਾ ਘਟਿਆ ਮੁਹੰਮਦ ਸਦੀਕ ਦਾ ਸਦਾਬਹਾਰ ਗਾਣਾ ਹਵਾ ਦੇ ਕੰਧੇੜੇ ਚੜ੍ਹ ਕੇ ਕੰਨਾਂ ਨਾਲ ਟਕਰਾਇਆ, ” ਨਹੀਉੰ ਭੁਲਣਾ… ਵਿਛੋੜਾ.. ਤੇਰਾ, ਸੱਭੇ ਦੁੱਖ ਭੁੱਲ ਜਾਣਗੇ…”
“ਸੁਣਾ ਮਸੇਰਾ, ਕਿਵੇਂ ਅੱਜ ਬੜੇ ਦਿਨਾਂ ਬਾਅਦ….?”, ਸਾਈਕਲ ਨੇੜੇ ਆਉਣ ਅਤੇ ਅੱਖਾਂ ਮਿਲਣ ਤੇ ਉਹੀ ਜਾਣਿਆ ਪਛਾਣਿਆ ਜਿਹਾ ਫਿਕਰਾ ਅੱਜ ਮੈਂ ਪਹਿਲਾਂ ਦਾਗ ਦਿੱਤਾ। ਇਹ ਫਿਕਰਾ ਕਿਸੇ ਮਨਪਸੰਦ ਪ੍ਰੋਗਰਾਮ ਦੀ ਸਿਗਨੇਚਰ-ਟਿਊਨ ਵਾਂਗੂੰ ਹਰ ਵਾਰ ਮਿਲਣ ਤੇ ਸਾਂਝਾ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਬਾਜੀ ਕਦੇ ਉਹ ਮਾਰ ਜਾਂਦਾ ਹੈ ਅਤੇ ਕਦੇ ਮੈਂ…!
ਉਹ ਉਸੇ ਅੰਦਾਜ਼ ਨਾਲ ਸੱਜੀ ਲੱਤ ਸਾਈਕਲ ਦੇ ਡੰਡੇ ਉੱਤੋਂ ਦੀ ਖੱਬੇ ਪਾਸੇ ਲਿਆ ਕੇ ਉੱਤਰਿਆ ਤਾਂ ਉੱਡੇ ਚਾਦਰੇ ਹੇਠੋਂ ਨੰਗੀਆਂ ਹੋਈਆਂ ਲੱਤਾਂ ਦੀਆਂ ਰੱਸੀਆਂ ਵਾਂਗੂੰ ਉੱਭਰੀਆਂ ਨੀਲੀਆਂ ਨਾੜਾਂ ਵਿੱਚ ਪਿਚਕੀਆਂ ਜਿਹੀਆਂ ਪਿੰਜਣੀਆਂ ਦੀਆਂ ਘੁੱਗੀਆਂ ਵਾੜ ਵਿੱਚ ਫਸੇ ਬਟੇਰਿਆਂ ਵਰਗੀਆਂ ਲੱਗੀਆਂ। ਉਹਨੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਦੀ ਹਲਕੀ ਜਿਹੀ ਹੁੱਜ ਵਾਜੇ ਦੇ ਬਟਨ ਤੇ ਮਾਰ ਕੇ ਮੁਹੰਮਦ ਸਦੀਕ ਨੂੰ ਚੁੱਪ ਕਰਵਾ ਦਿੱਤਾ।
ਇਹ ਬਾਈ, ਪਿਛਲੇ 25 – 30 ਸਾਲ ਤੋਂ ਨਾਲ ਦੇ ਪਿੰਡ ਥੇਹ ਕਲੰਦਰ ਤੋਂ ਸਬਜੀ ਵੇਚਣ ਆਉਂਦਾ ਹੈ।ਸਾਡੇ ਪਿੰਡ ਤੱਕ ਉਹ ਕਦੇ ਕਦੇ ਅੱਪੜਦਾ ਹੈ, ਨਹੀਂ ਤਾਂ ਬਹੁਤੀ ਵਾਰ ਉਸਦਾ ਸੌਦਾ ਪਿੱਛੇ ਹੀ ਨਿੱਬੜ ਜਾਂਦਾ ਹੈ। ਸਬਜੀ ਦੇ ਨਾਲ ਨਾਲ ਉਸ ਦੀ ਇਸ ਲੱਕੜ ਦੀ ਪੇਟੀ ਵਿਚ ਮਰੂੰਡਾ, ਮੁਰਮਰੇ, ਸਕਰਪਾਰੇ ਵੀ ਪਏ ਮਿਲਦੇ ਰਹੇ ਹਨ। ਇਸ ਸਭ ਤੋਂ ਜਿਆਦਾ ਹੈਂਡਲ ਉੱਤਲੀ ਲੋਹੇ ਦੀ ਟੋਕਰੀ ਵਿਚ ਛੋਟੀ ਜਿਹੀ ਬੈਟਰੀ ਨਾਲ ਰੱਖਿਆ ਸਟੀਰੀਓ ਸੜਕ ਜਾਂ ਗਲੀ ਵਿਚ ਚਮਕੀਲੇ, ਦੀਦਾਰ ਸੰਧੂ ਜਾਂ ਛਿੰਦੇ, ਸਦੀਕ ਨੂੰ ਆਪਣੇ ਨਾਲ ਤੋਰੀ ਫਿਰਦਾ ਵੇਖਿਆ ਹੈ। ਉਸ ਦੀ ਇਸ ਟੋਕਰੀ ਵਿਚ ਪਈਆਂ 8-10 ਕੈਸਟਾਂ ਪਤਾ ਨਹੀਂ ਕਦੋਂ ਚਿੱਪ ਵਿਚ ਬਦਲ ਕੇ ਟੋਕਰੀ ਨੂੰ ਮੋਕਲਾ ਕਰ ਗਈਆਂ ਪਰ ਬਾਈ ਦਾ ਸਦਾਬਹਾਰ ਅੰਦਾਜ਼ ਉਵੇਂ ਤੁਰਿਆ ਆ ਰਿਹਾ ਹੈ।
ਸਬਜੀ ਦਾ ਹੋਕਾ ਮੂੰਹ ਨਾਲ ਲਾਉਂਦਿਆਂ ਘੱਟ , ਪਰ ਉਹਦੀ ਇਸ ਟੋਕਰੀ ਵਿੱਚੋਂ ਉੱਠਦੇ ਇਹ ਬੁੱਲੇ ਉਹਦੀ ਆਮਦ ਦਾ ਵੱਧ ਅਹਿਸਾਸ ਕਰਵਾਉਂਦੇ ਰਹੇ ਹਨ। ਬਾਈ ਇੱਕ ਦਿਲਦਾਰ ਅਤੇ ਪੱਧਰ ਬੰਦਾ ਹੈ ਸੋ ਬੜੀ ਵਾਰ ਉਹਦੇ ਚੌਰਸ ਰੇੜ੍ਹੇ ਮਖੌਲ-ਟੋਟਕੇ ਕਦੇ ਕਿਸੇ ਬਖੇੜੇ ਦੀ ਵਜ੍ਹਾ ਨਹੀਂ ਬਣੇ। ਸਗੋਂ ਸਬਜੀ ਲੈ ਕੇ ਮੁੜਦੀਆਂ ਲਾਣੇਦਾਰਨੀਆਂ ਚੁੰਨੀ ਦਾ ਲੜ ਦੰਦਾਂ ਵਿਚ ਲੈ ਕੇ, ਇੱਕ ਦੂਜੀ ਵੱਲ ਖਚਰੀ ਤੱਕਣੀ ਤਕਦੀਆਂ ਸਬਜੀ ਲੈ ਕੇ ਗਲੀ ਤੋਂ ਘਰ ਵੱਲ ਮੁੜਦੀਆਂ ਰਹੀਆਂ ਹਨ।
“ਮੈਂ ਕਿਹਾ, ਟਮਾਟਰ… ਅਧਕਰ…. ਪਾਵਾਂ?,
ਨਹੀਂ ਆਖਣ ਤੇ..
” ਗਾਣਾ-ਗੂਣਾ ਸੁਣਨੈ ਤਾਂ ਦੱਸੋ ਜਨਾਬ….!! ”
ਉਸ ਦੀ ਇਸ ਪੱਧਰ ਦੀ ਖੁੱਲ੍ਹ ਵੀ ਹਾਸੇ ਠੱਠੇ ਵਿਚ ਟਾਲ਼ੀ ਜਾਂਦੀ ਰਹੀ ਹੈ।
ਸੁੱਖ-ਸਾਂਦ ਦੇ ਵਟਾਂਦਰੇ ਤੋਂ ਬਾਅਦ ਬੋਲਿਆ, “ਹਾਂ ਬਾਈ, ਆਇਆ ਤਾਂ ਮੈਂ ਅੱਜ ਐਧਰ ਬੜੇ ਚਿਰ ਤੋਂ ਈ ਆਂ…!”
ਉਸਦੇ ਬੋਲੇ ਗਏ ਵਾਕ ਦੇ ਪਿਛਲੇ ਹਿੱਸੇ ਦਾ ਫਿੱਕਾ ਜਿਹਾ ਅਹਿਸਾਸ ਕੁਝ ਵੱਖਰਾ ਹੋਣ ਦਾ ਇਸ਼ਾਰਾ ਕਰ ਗਿਆ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ