ਕਹਾਣੀ : ਨਿਆਈਆਂ ਵਾਲਾ ਖੂਹ
ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ ਗਏ ਹਨ । ਮੈਨੂੰ ਢੱਕ ਦਿੱਤਾ ਗਿਆ । ਪਰ ਹਲੇ ਵੀ ਆਸ ਪਾਸ ਖੜੇ ਰੁੱਖਾਂ ਦੀ ਛਾਂ ਹੇਠ ਹਰ ਵੇਲੇ ਕੋਈ ਨਾ ਕੋਈ ਬੈਠਾ ਹੀ ਰਹਿੰਦਾ । ਕਿੰਨੇ ਹੀ ਮੁੰਡੇ ਖੂੰਡੇ ਖੜੇ ਰਹਿੰਦੇ ਹਨ ।ਭਾਵੇਂ ਮੇਰੀ ਜਵਾਨੀ ਦੇ ਦਿਨ ਨਿੱਕਲਾ ਗਏ । ਪਰ ਅੱਜ ਵੀ ਆਪਣੀ ਅੱਖੀਂ ਤੱਕੇ ਨੌਜਵਾਨਾਂ ਆਪਣੀ ਪਾਣੀ ਚ ਧੋਤੇ ਕਿੰਨੇ ਜਵਾਨ ਜਿਸਮਾਂ ਦੇ ਦ੍ਰਿਸ਼ ਕਾਇਮ ਹਨ । ਪਰ ਤੁਸੀਂ ਸੋਚ ਰਹੇ ਹੋਵੋਗੇ । ਕਿ ਅੱਜ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਹਾਂ ।
ਇੱਕ ਗੱਲ ਬੜੇ ਚਿਰਾਂ ਚੋਂ ਮੇਰੇ ਮਨ ਚ ਅਟਕੀ ਹੋਈ ਸੀ । ਅੱਜ ਵੀ ਕੋਈ ਬਜ਼ੁਰਗ ਐਥੇ ਬੈਠੇ ਨੌਜਵਾਨਾਂ ਨੂੰ ਪਿੰਡ ਛੱਡ ਪਿੰਡੋਂ ਬਾਹਰ ਵੱਸ ਗਏ ਟੱਬਰ ਦੀ ਗੱਲ ਸੁਣਾ ਰਿਹਾ । ਪਰ ਉਹ ਕਿਉ ਚਲੇ ਗਏ । ਇੱਕ ਕੁੜੀ ਦੀ ਕਰਕੇ । ਤੇ ਜਦੋਂ ਵੀ ਮੈਨੂੰ ਉਹ ਕੁੜੀ ਦੀ ਗੱਲ ਯਾਦ ਆਉਂਦੀ ਹੈ ਤਾਂ ਉਹ ਪੂਰੀ ਕਹਾਣੀ ਮੇਰੇ ਅੱਖਾਂ ਸਾਹਵੇਂ ਘੁੰਮ ਜਾਂਦੀ ਹੈ।
ਸਾਰੀ ਕਹਾਣੀ ਤੇ ਸਾਰਾ ਕੁਝ ਮੇਰੇ ਆਸ ਪਾਸ ਮੇਰੇ ਪਾਣੀ ਤੇ ਮੇਰੀਆਂ ਅੱਖਾਂ ਸਾਹਵੇਂ ਹੀ ਘਟਿਆ ਸੀ । ਉਦੋਂ ਮੈਂ ਵੀ ਅਜੇ ਜੁਆਨ ਸੀ । ਇਸ ਪਿੰਡ ਦੀਆਂ ਨਿਆਈਆਂ ਚ ਇਕੱਲਾ ਖੂਹ ਸੀ । ਅਜੇ ਪਿੰਡ ਨਵਾਂ ਨਵਾਂ ਬੰਨਿਆ ਸੀ ।25 -30 ਘਰ ਸੀ ਕੁੱਲ । ਉਹਨਾਂ ਵਿਚੋਂ ਜਿਹੜੇ ਖੇਤੀ ਕਰਦੇ ਸੀ ਵਾਰੀ ਵਾਰੀ ਪਾਣੀ ਵਰਤ ਲੈਂਦੇ ਸੀ । ਇਹ ਕਰੀਬ 50-60 ਸਾਲ ਪੁਰਾਣੀ ਗੱਲ ਹੈ । ਹਲੇ ਉਦੋਂ ਸਾਲ ਚ ਇੱਕ ਵਾਰ ਕੋਈ ਫ਼ਸਲ ਬੀਜਦਾ ਸੀ ।
ਮੈਨੂੰ ਉਹ ਕੁੜੀ ਯਾਦ ਆਉਂਦੀ ਹੈ ।ਮੈਂ ਸੁਣਿਆ ਜਿੱਦਣ ਉਹ ਜੰਮੀ ਸੀ ਪੂਰਨਮਾਸ਼ੀ ਸੀ । ਤੇ ਉਹਦਾ ਰੰਗ ਉਸ ਚਮਕਦੇ ਚੰਨ ਤੋਂ ਵੀ ਵੱਧ ਗੋਰਾ ਸੀ । ਦੇਖਦਿਆਂ ਹੀ ਦਾਈ ਨੇ ਉਸਦਾ ਨਾਮ ਸੋਹਣੀ ਰੱਖ ਦਿੱਤਾ ਸੀ । ਤੇ ਹਰ ਕੋਈ ਉਹਨੂੰ ਸੋਹਣੀ ਹੀ ਆਖਦਾ ਸੀ । ਨਾਮ ਤੇ ਕੰਮ ਦੋਂਵੇਂ ਸੋਹਣੇ ਕਰਦੀ ਸੀ । ਹੱਥਾਂ ਪੈਰਾਂ ਦੀ ਐਡੀ ਖੁੱਲ੍ਹੀ ਕਿ ਮੇਰੇ ਪਾਣੀ ਚ ਕਣਕ ਧੋ ਆਪੇ ਟੋਕਰੀ ਭਰ ਕੇ ਚੁੱਕ ਲੈਂਦੀ ਸੀ। ਜਿਉਂ ਜਿਉਂ ਉਹ ਵੱਡੀ ਹੁੰਦੀ ਗਈ ।ਉਸਦੇ ਹੱਡਾਂ ਚ ਤਾਕਤ ਵਧਦੀ ਗਈ । ਉਸਦਾ ਆਪਣਾ ਆਪ ਜਿਵੇਂ ਕੱਪੜਿਆਂ ਤੋਂ ਬਾਹਰ ਹੁੰਦਾ ਗਿਆ । ਜਿੰਨਾਂ ਉਹ ਕੱਜਣ ਦੀ ਕੋਸ਼ਿਸ਼ ਕਰਦੀ ਓਨਾ ਹੀ ਵੱਧ ਦਿਸਦਾ । ਉਸਦੀਆਂ ਹਾਣ ਦੀਆਂ ਹੀ ਨਹੀਂ ਸਗੋਂ ਚਾਚੀਆਂ ਤਾਈਆਂ ਵੀ ਮਖੌਲ ਕਰਦੀਆਂ ਜਿਸ ਗੱਭਰੂ ਦੇ ਲੜ ਲੱਗੇਗੀ ਉਸਦੇ ਭਾਵੇਂ ਚੰਨ ਤੇ ਸੂਰਜ ਇੱਕੋ ਵੇਲੇ ਬਾਹਾਂ ਚ ਸਮਾ ਗਿਆ । ਉਹ ਇਹਨਾਂ ਗੱਲਾਂ ਤੇ ਸ਼ਰਮਾ ਜਾਂਦੀ । ਉਸਨੂੰ ਆਪਣਾ ਹੁਸਨ ਸੱਚੀ ਚੰਨ ਵਰਗਾ ਤੇ ਪਿੰਡੇ ਦਾ ਸੇਕ ਸੂਰਜ ਵਰਗਾ ਹੀ ਲਗਦਾ ਸੀ । ਬਾਹਰੋਂ ਛਾਂਤ ਤੇ ਅੰਦਰ ਕਿੰਨੇ ਹੀ ਤੂਫ਼ਾਨ । ਆਪਣੇ ਵਗਦੇ ਪਾਣੀ ਵਿੱਚ ਮੈਂ ਉਹਨੂੰ ਕਿੰਨੀ ਵਾਰ ਨਹਾਉਂਦੇ ਹੋਏ ਤੱਕਿਆ ਸੀ । ਕੱਪੜਿਆਂ ਸਣੀ ਉਹ ਨਹਾਉਂਦੀ ਤੇ ਉਸ ਮਗਰੋਂ ਜੋ ਉਸਦੇ ਹੁਸਨ ਲਾਟ ਵਾਂਗ ਚਮਕਦਾ ਤਾਂ ਮੈਨੂੰ ਇੱਕ ਰਮਤੇ ਸਾਧੂ ਕੋਲੋ ਸਣੀ ਹੀਰ ਦੀ ਖੂਬਸੂਰਤੀ ਚੇਤੇ ਆ ਜਾਂਦੀ । ਇਹ ਜਰੂਰ ਹੀਰ ਹੀ ਏ ਸਿਰਫ ਨਾਮ ਬਦਲ ਕੇ ਸੋਹਣੀ ਰੱਖ ਏਥੇ ਜਨਮ ਲਿਆ ਹੈ । ਪਰ ਇਸਦਾ ਰਾਂਝਾ ?
ਇਸਦੇ ਰਾਂਝੇ ਨੂੰ ਪਹਿਲੇ ਦਿਨ ਜਦੋਂ ਮੈਂ ਤੱਕਿਆ ਸੀ ਤਾਂ ਅਸੀਂ ਕੱਠੇ ਹੀ ਵੇਖਿਆ ਸੀ । ਉਸ ਦਿਨ ਵੀ ਇਥੇ ਹੀ ਵਗਦੇ ਖਾਲ ਚ ਕੱਪੜੇ ਧੋਂਦੀ ਪਈ ਸੀ । ਉੱਚਾ ਲੰਮਾ ਗੱਭਰੂ ਸੀ ਕੁੜਤਾ ਚਾਦਰਾ ਪਾਈ ਤੇ ਗਲ ਚ ਕੈਂਠਾ ਸੀ । ਬੜੀ ਸੋਹਣੀ ਪੋਚਵੀਂ ਪੱਗ ਬੰਨੀ ਹੋਈ ਸੀ । ਐਸੀ ਪੱਗ ਏਧਰ ਦੇ ਮੁੰਡੇ ਅਜੇ ਘੱਟ ਹੀ ਬੰਨ੍ਹਦੇ ਸੀ । ਮੋਟੀਆਂ ਅੱਖਾਂ ਤੇ ਕੁੰਡਵੀ ਮੁਚ ਤੇ ਕਣਕਵਾਨਾ ਰੰਗ ਸੀ ਉਸਦਾ । ਪਤਾ ਨਹੀਂ ਨਿਆਈਆਂ ਚ ਇੱਕ ਪਰੀ ਵਰਗੀ ਕੁੜੀ ਨੂੰ ਕਪੜੇ ਧੋਂਦੇ ਵੇਖ ਐਧਰ ਆਇਆ ਸੀ ਜਾਂ ਸੱਚੀ ਲੰਮੇ ਸਫ਼ਰ ਚ ਸੱਚੀ ਪਾਣੀ ਦੀ ਪਿਆਸ ਸੀ ।
ਉਦੋਂ ਤੱਕ ਉਹ ਕੱਪੜੇ ਧੋ ਕੇ ਕੱਪੜੇ ਬੰਨ੍ਹ ਚੁੱਕੀ ਸੀ । ਉਸ ਗੱਬਰੂ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ । ਫਿਰ ਵੀ ਉਸਦੀ ਅੱਖ ਚੋਰੀ ਚੋਰੀ ਵਾਰ ਵਾਰ ਵੇਖਣ ਦਾ ਯਤਨ ਕਰ ਰਹੀ ਸੀ ।
ਗੱਭਰੂ ਨੇ ਉਸ ਵੱਲ ਸਿੱਧਾ ਤੱਕਦੇ ਪੁੱਛਿਆ ,”ਮੈਂ ਪਾਣੀ ਪੀ ਸਕਦਾ ਹਾਂ ?”
“ਬਿਲਕੁਲ ਜੀ ,ਸਾਂਝਾ ਖੂਹ ਹੈ ਕੋਈ ਵੀ ਪੀ ਸਕਦਾ “। ਉਹ ਰੁੱਖੇ ਸੁਭਾਅ ਚ ਆਪਣੇ ਮਨ ਦੀ ਚੋਰੀ ਨੂੰ ਛੁਪਾਉਂਦੇ ਹੋਏ ਬੋਲੀ ।
ਗੱਭਰੂ ਨੂੰ ਐਨੇ ਸੋਹਣੇ ਚਿਹਰੇ ਤੋਂ ਸ਼ਾਇਦ ਐਨੇ ਰੁੱਖੇ ਜਵਾਬ ਦੀ ਆਸ ਨਹੀਂ ਸੀ ।
“ਕੀ ਤੁਹਾਡੇ ਪਿੰਡ ਚ ਸਾਰੇ ਹੀ ਐਨੇ ਰੁੱਖੇ ਸੁਭਾਅ ਦੇ ਹਨ ਕਿ ਆਏ ਮਹਿਮਾਨ ਨੂੰ ਇੰਝ ਬੋਲਦੇ ਹਨ ? ਗੱਭਰੂ ਨੇ ਫਿਰ ਤੋਂ ਪੁਛਿਆ । ਇਸ ਵਾਰ ਉਹ ਚੁੱਪ ਕਰ ਗਈ । ਉਸਦੇ ਸਵਾਲ ਦਾ ਜਵਾਬ ਦੇ ਨਾ ਸਕੀ ਸ਼ਾਇਦ ਆਪਣੇ ਆਪ ਤੇ ਜ਼ਬਤ ਨਹੀਂ ਰੱਖ ਪਾ ਰਹੀ ਸੀ । ਗੱਭਰੂ ਨੇ ਪਾਣੀ ਪੀਤਾ ਤੇ ਓਥੋਂ ਉਸ ਵੱਲ ਬਿਨਾਂ ਦੇਖੇ ਜਾਣ ਲੱਗਾ ।
ਸੋਹਣੀ ਨੇ ਜਾਂਦੇ ਨੂੰ ਰੋਕਦੇ ਕਿਹਾ ,ਆਹ ਕੱਪੜਿਆਂ ਦੀ ਪੰਡ ਸਿਰ ਤੇ ਰਖਵਾ ਦੇ ।” ਇਸਤੋਂ ਕਈ ਗੁਣਾ ਭਾਰੀ ਪੰਡ ਖੁਦ ਚੱਕ ਲੈਂਦੀ ਸੀ ।ਪਰ ਸ਼ਾਇਦ ਉਸਦੇ ਮਨ ਚ ਉਸਨੂੰ ਨਿਹਾਰ ਕੇ ਵੇਖਣ ਦੀ ਇੱਛਾ ਨੇ ਉਸ ਕੋਲੋ ਇਹ ਬੁਲਵਾ ਦਿੱਤਾ ।
ਗੱਭਰੂ ਰੁੱਕ ਗਿਆ ਉਸਨੇ ਉਸਦੀ ਕੱਪੜਿਆਂ ਦੀ ਬੱਧੀ ਪੰਡ ਨੂੰ ਹੱਥ ਲਵਾ ਕੇ ਸਿਰ ਤੇ ਰਖਵਾਉਣ ਲੱਗਾ । ਸੋਹਣੀ ਦੀ ਚੁੰਨੀ ਖਿਸਕ ਗਲ ਚ ਪੈ ਗਈ ਸੀ । ਉਹ ਚੁੰਨੀ ਵੱਲੋਂ ਬੇਧਿਆਨ ਸੀ ਜਾਂ ਜਾਣ ਬੁੱਝ ਕੇ ਪਤਾ ਨਹੀਂ । ਪਰ ਉਸ ਗੱਭਰੂ ਦੀ ਨਿਗ੍ਹਾ ਉਸਦੇ ਹੁਸਨ ਨੂੰ ਐਨਾ ਕੁ ਬੇਪਰਦ ਤੱਕਿਆ ਸੀ ਸ਼ਾਇਦ ਸੋਹਣੀ ਤੋਂ ਬਿਨਾਂ ਕਿਸੇ ਹੋਰ ਨੇ ਨਾ ਦੇਖਿਆ ਹੋਵੇ । ਉਸਦੀ ਨਿਗ੍ਹਾ ਇੱਕ ਥਾਂ ਟਿਕੀ ਨਾ ਰਹਿ ਸਕੀ । ਕੁਝ 10 ਕੁ ਸਕਿੰਟ ਚ ਇਹ ਸਭ ਉਸਦੇ ਜ਼ਿੰਦਗ਼ੀ ਦੇ ਸਭ ਤੋਂ ਰੰਗੀਨ ਪਲ ਸੀ ।
ਸੋਹਣੀ ਨੇ ਪੁੱਛਿਆ ਕਿ ਕਿਸ ਘਰ ਆਇਆ ? ਮੁੰਡਾ ਆਪਣੇ ਭੂਆ ਫੁੱਫੜ ਕੋਲ ਆਇਆ ਸੀ । ਪਹਿਲੀ ਵਾਰ ਇਸ ਪਿੰਡ ਚ ਆਇਆ ਸੀ । ਉਸਦੀ ਮਾਂ ਨੇ ਆਉਂਦੇ ਹੋਏ ਰੋਕਿਆ ਸੀ ਕਿ ਦੁਪਹਿਰ ਵੇਲੇ ਸਫ਼ਰ ਨਾ ਕਰੀਂ ਚੁੜੇਲਾਂ ਟੱਕਰ ਜਾਂਦੀਆਂ ਹਨ ਪਰ ਉਸਨੂੰ ਤਾਂ ਪਰੀ ਲੱਭ ਗਈ ਸੀ । ਉਸਦਾ ਨਾਮ ਜੁਗਿੰਦਰ ਸੀ ਸਾਰੇ ਹੀ ਜੱਗਾ ਹੀ ਕਹਿੰਦੇ ਸੀ ।
ਉਹ ਪਿੰਡ ਚ ਵੜਦੇ ਤੱਕ ਉਸਦੇ ਨਾਲ ਨਾਲ ਤੁਰਿਆ ਤੇ ਫਿਰ ਪਿੰਡ ਵੜਨੋਂ ਪਹਿਲਾਂ ਨਿਖੜ ਗਏ । ਜਿੱਥੇ ਤੱਕ ਮੇਰੀ ਨਜਰ ਜਾਂਦੀ ਸੀ ਮੈਂ ਵੇਖ ਸਕਦਾ ਸੀ ਕਿ ਉਹਨਾਂ ਦੀ ਚਾਲ ਆਮ ਨਾਲੋਂ ਧੀਮੀ ਸੀ ਜਿਵੇਂ ਕਿੰਨਾ ਹੀ ਵਕਤ ਬਿਤਾਉਣਾ ਚਾਹੁੰਦੇ ਸੀ ।
ਫਿਰ ਨਿੱਤ ਹੀ ਜਦੋਂ ਵੀ ਸੋਹਣੀ ਏਥੇ ਨੇੜੇ ਆਉਂਦੀ ਜੱਗਾ ਇੰਝ ਹੀ ਉਸ ਦੇ ਆਸ ਪਾਸ ਮੰਡਰਾਉਂਦੇ ਹੋਏ ਨਿੱਕਲ ਆਉਂਦਾ । ਉਹ ਉਸਨੂੰ ਕਿੰਨੀਆਂ ਗੱਲਾਂ ਦੱਸਦਾ ।ਸ਼ਹਿਰ ਦੀਆਂ ਆਪਣੇ ਘਰ ਦੀਆਂ ਹੋਰ ਪਿੰਡਾਂ ਦੀਆਂ ਮੇਲਿਆਂ ਦੀਆਂ ਤੇ ਆਪਣੇ ਦਿਲ ਦੀਆਂ ਵੀ ।
ਸੋਹਣੀ ਨੂੰ ਉਸਦੀਆਂ ਗੱਲਾਂ ਸੱਚੀ ਚ ਅਲੋਕਾਰ ਲਗਦੀਆਂ । ਉਹ ਕਦੇ ਆਪਣੇ ਨਾਨਕੇ ਤੇ ਮਾਸੀ ਤੋਂ ਦੂਰ ਨਹੀਂ ਗਈ ਸੀ ।ਇੱਕ ਅੱਧ ਛੋਟੇ ਸ਼ਹਿਰ ਨੂੰ ਛੱਡ ਕਿਤੇ ਨਹੀਂ ਗਈ ਸੀ ।ਉਹ ਉਸ ਕੋਲੋ ਲੁਧਿਆਣੇ ਜਲੰਧਰ ਤੇ ਅਮ੍ਰਿਤਸਰ ਬਾਰੇ ਸੁਣਦੀ ਰਹਿੰਦੀ । ਉਸਨੂੰ ਸੁਣ ਸੁਣ ਕੇ ਅਸਚਰਜ ਹੁੰਦਾ । ਫਿਰ ਜਦੋਂ ਉਹ ਆਪਣੇ ਦਿਲ ਦੀ ਗੱਲ ਆਖਦਾ ਤਾਂ ਸੋਹਣੀ ਕੋਲ ਕੋਈ ਜਵਾਬੁ ਨਾ ਹੁੰਦਾ ਇੱਕ ਚੁੱਪ ਤੋਂ ਬਿਨਾਂ ਤੇ ਇੱਕ ਟਕ ਅੱਖੀਆਂ ਵੇਖਣ ਤੋਂ ਸਿਵਾ । ਤੇ ਇੰਝ ਜੱਗੇ ਦੀਆਂ ਮੋਟੀਆਂ ਮੋਟੀਆਂ ਅੱਖਾਂ ਚ ਉਹ ਗੁਆਚ ਜਾਂਦੀ ਤੇ ਕਈ ਵਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ