ਨਵੀਂ ਰੱਖੀ ਕੰਮ ਵਾਲੀ..ਕਈ ਵੇਰ ਪੋਚਾ ਲਾਉਂਦੀ ਚੋਰੀ-ਛੁੱਪੇ ਰੋ ਰਹੀ ਹੁੰਦੀ..ਇੱਕ ਦਿਨ ਪੁੱਛ ਲਿਆ..ਦੱਸਣ ਲੱਗੀ ਘਰੇ ਕਲੇਸ਼ ਰਹਿੰਦਾ..ਨਾਲਦਾ ਸ਼ਰਾਬ ਪੀ ਕੇ ਕੁੱਟਦਾ..ਨਿਆਣਿਆਂ ਦੀ ਫੀਸ..ਘਰ ਦਾ ਕਿਰਾਇਆ..ਸੌਦਾ ਪੱਤਾ..ਹੋਰ ਵੀ ਕਿੰਨੇ ਖਰਚੇ..ਕੱਲੀ ਕਿੱਦਾਂ ਕਰਾਂ?
ਮੇਰੇ ਆਖਣ ਤੇ ਅਗਲੇ ਦਿਨ ਉਸਨੂੰ ਵੀ ਨਾਲ ਹੀ ਲੈ ਆਈ..ਵੇਖਣ ਨੂੰ ਚੰਗਾ ਭਲਾ..ਪਿਆਰ ਨਾਲ ਪੁੱਛਿਆ ਪੁੱਤਰ ਕੰਮ ਕਿਓਂ ਨਹੀਂ ਕਰਦਾ?
ਅੱਗਿਓਂ ਰੋ ਪਿਆ..ਪੁੱਛਿਆ ਰੋਂਦਾ ਕਿਓਂ ਏਂ..ਆਖਣ ਲੱਗਾ ਤੁਸੀਂ ਪੁੱਤਰ ਜੂ ਆਖਿਆ..ਏਨੀ ਇੱਜਤ ਦਿੱਤੀ ਤਾਂ ਕਰਕੇ!
ਫੇਰ ਕਿੰਨੀਆਂ ਗੱਲਾਂ ਦੱਸੀਆਂ..ਅਤੀਤ ਵਿਚ ਕੀਤੇ ਨਿੱਕੇ ਮੋਟੇ ਕਾਰੋਬਾਰ..ਧੋਖਾ ਦੇ ਗਏ ਭਾਈਵਾਲ..ਘਰੋਂ ਮੇਹਣੇ..ਬਾਹਰੋਂ ਗਾਹਲਾਂ..ਅਖੀਰ ਤੰਗ ਆ ਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ..!
ਉਹ ਗੱਲਾਂ ਕਰੀ ਗਿਆ ਤੇ ਮੈਂ ਸੁਣੀ ਗਈ..ਇੱਕ ਵੇਰ ਤੇ ਸੋਚਿਆਂ ਸਰਦਾਰ ਹੁਰਾਂ ਨੂੰ ਆਖ ਫੈਕਟਰੀ ਵਿਚ ਲਵਾ ਦਿਆਂ..ਪਰ ਫੇਰ ਸੋਚ ਆਈ ਕੇ ਪਿਛਲੇ ਨੂੰ ਵੀ ਤੇ ਲੁਵਾਇਆ ਹੀ ਸੀ..ਉਹ ਵੀ ਉਲਟਾ ਚੋਰੀ ਕਰ ਮੁੱਕਰ ਗਿਆ..ਹੁਣ ਦਿੱਤੇ ਘਰ ਵਿਚੋਂ ਨਹੀਂ ਨਿੱਕਲਦਾ..ਅਖ਼ੇ ਤਿੰਨ ਮਹੀਨੇ ਦਾ ਨੋਟਿਸ ਦਿਓ..ਤਾਂ ਨਿਕਲੂ!
ਫੇਰ ਕੁਝ ਸੋਚ ਪੁੱਛ ਲਿਆ ਜੇ ਠੇਲਾ ਬਣਵਾ ਦਿਆਂ..ਸਬਜੀ ਵੀ ਕੋਲੋਂ ਪੁਵਾ ਦਿਆਂ ਤਾਂ ਕੰਮ ਕਰ ਸਕੇਂਗਾ..?
ਪੈਰੀ ਪੈ ਗਿਆ..ਅਖ਼ੇ ਬੀਬੀ ਜੀ ਸਿਰਫ ਇੱਕ ਵੇਰ ਇਤਬਾਰ ਕਰ ਕੇ ਤਾਂ ਵੇਖੋ..!
ਅਗਲੇ ਦਿਨ ਹਜਾਰ ਦੀ ਸਬਜੀ ਪਵਾ ਦਿੱਤੀ..ਰੋਈ ਜਾਵੇ ਤੇ ਸਹੁੰਆਂ ਖਾਈ ਜਾਵੇ..ਅੱਗਿਓਂ ਬੱਸ ਏਨੀ ਗੱਲ ਹੀ ਆਖੀ..ਮੇਰਾ ਇਤਬਾਰ ਨਾ ਤੋੜੀ..!
ਅਗਲੀ ਸ਼ਾਮ ਦਿਨ ਢਲੇ ਆ ਗਿਆ ਅਖ਼ੇ ਬੀਬੀ ਜੀ ਚੌਦਾਂ ਸੌ ਦੀ ਵਿਕਰੀ ਹੋਈ ਏ..ਚਾਰ ਸੌ ਫੜਾਈ ਜਾਵੇ..ਅਖ਼ੇ ਹਜਾਰ ਕੱਲ ਦੇ ਸੌਂਦੇ ਵਾਸਤੇ ਰੱਖ ਲਏ ਨੇ..ਆਖਿਆ ਆਹ ਚਾਰ ਸੌ ਵੀ ਰੱਖ ਲੈ..ਬਸ ਮੇਰਾ ਇਤਬਾਰ ਨਾ ਤੋੜੀਂ..!
ਇਸ ਵਾਰ ਓਹ ਰੋਇਆ ਨਹੀਂ ਬੱਸ ਚੁੱਪ ਕਰ ਕੇ ਸੁਣਦਾ ਰਿਹਾ..ਸ਼ਾਇਦ ਵਿਓਪਾਰ ਦਾ ਕੋਈ ਵੱਡਾ ਗੁਰ ਹੱਥ ਲੱਗ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ