ਤਿੰਨ ਦਿਨਾਂ ਤੋਂ ਲੱਗੀ ਝੜੀ ਅੱਜ ਆਥਣੇ ਪਿਛਲੇ ਪਹਿਰ ਕੁਝ ਰੁਕੀ ਸੀ ,,,,
ਲਹਿੰਦੇ ਪਾਸਿਓਂ ਸੂਰਜ ਥੋੜਾ ਚਮਕਿਆ ,, ਚੜ੍ਹਦੇ ਵਾਲੇ ਪਾਸੇ ਬਣੀ ਬੁੱਢੀ ਮਾਈ ਦੀ ਸੱਤ ਰੰਗੀ ਪੀਂਘ ਜਿਵੇਂ ਗਾਮੂ ਦਾ ਮੂੰਹ ਚਿੜਾ ਰਹੀ ਸੀ ,,, ਗਾਮੂ ਦੀ ਹਾਲਤ ਤੇ ਹੱਸ ਰਹੀ ਸੀ , ਇੱਕ ਘੇਰਾ ਘੱਤਿਆ ਸੀ ,,, ਮੰਨੋ ਸਾਰੀ ਧਰਤੀ ਨਾਪ ਰਹੀ ਸੀ ,,,,
ਗਾਮੂ ਦਾ ਤਿੰਨ ਕੁ ਮਰਲਿਆਂ ਵਿੱਚ ਇੱਕ ਕੱਚਾ ਕੋਠਾ , ਤਿੰਨ ਸ਼ਤੀਰਾਂ ਤੇ ਚਾਰ ਖਣਾਂ ਦੀ ਸਰਕਾਨੇ ਦੀ ਛੱਤ , ਕੋਈ ਚਾਲੀ ਸਾਲ ਪੁਰਾਣਾ ,,, ਜਿਹੜਾ ਉਹਦੇ ਪਿਉ ਨੇ ਸਰਦਾਰਾਂ ਦੇ ਗੱਡੇ ਨਾਲ ਦਬੜੀਖਾਨੇ ਮੋਰਾਂ ਆਲੀ ਢਾਬ ਤੋਂ ਮਿੱਟੀ ਢੋਅ ਕੇ ,,, ਹੱਥੀਂ ਇੱਟਾਂ ਥੱਪ ਕੇ ਬੜੀ ਮੁਸ਼ੱਕਤ ਨਾਲ ਛੱਤਿਆ ਸੀ ,,, ਪਿਉ ਦੇ ਮਰਨ ਤੋਂ ਬਾਅਦ ਗਾਮੂ ਤੋਂ ਬੱਸ ਕੋਠੇ ਦੇ ਨਾਲ ਲਗਦਾ ਇੱਕ ਰਸੋਈ ਨੁਮਾ ਬਰਾਂਡਾ ਹੀ ਬਣਿਆ ,, ਉਹ ਵੀ ਸਰਦਾਰਾਂ ਦੇ ਰੋਹੀ ਵਾਲੇ ਖੇਤੋਂ ਕਿੱਕਰ ਪੱਟੀ ਸੀ ,,, ਜੀਹਦਾ ਇੱਕ ਟਾਹਣਾ ਗਾਮੂ ਮੰਗ ਲਿਆਇਆ ਸੀ ਤੇ ਉੱਤੇ ਡਰੇਨ ਤੋਂ ਵੱਢ ਕੇ ਸਰ ਕਾਹੀਂ ਪਾ ਦਿੱਤੀ ਸੀ ,,,, ਸਮੇਂ ਦੇ ਨਾਲ ਗਲੀਆਂ ਵਿੱਚ ਭਰਤ ਪੈਣ ਕਰਕੇ ਵਿਹੜਾ ਉੱਚਾ ਕਰਨਾ ਪਿਆ ਤੇ ਕੋਠੇ ਦਾ ਤਲਾ ਵੇਹੜੇ ਨਾਲੋਂ ਤਿੰਨ ਫੁੱਟ ਡੂੰਘਾ ਹੋ ਗਿਆ ਸੀ ,,, ਕਈ ਵਾਰ ਜਿਆਦਾ ਮੀਂਹ ਨਾਲ ਪਾਣੀ ਅੰਦਰ ਵੀ ਵੜ ਜਾਂਦਾ,,,, ਜੀਹਨੂੰ ਕੱਢਣ ਲਈ ਗਾਮੂ ਨੇ ਅੰਦਰਵਾਰ ਪੱਕਾ ਈ ਟੋਆ ਬਣਾਇਆ ਹੋਇਆ ਸੀ ,,, ਜਿਸ ਵਿੱਚ ਗਾਮੂ ਨੂੰ ਅੰਦਰੋਂ ਪਾਣੀ ਕੱਢਣਾ ਸੌਖਾ ਰਹਿੰਦਾ ,,,,,
ਬੱਸ ਐਨਕੀਂ ਸਰਦਾਰ ਨੂੰ ਕਹਿ ਕੇ ਆਹ ਕੱਚੇ ਆਲਾ ਕੋਹੜ ਵੀ ਕੱਢ ਦੇਣਾ ,,,,, ਗਾਮੂ ਨੇ ਗਾਰੇ ਪਾਣੀ ਨਾਲ ਲਿੱਬੜਿਆ ਝੱਗੇ ਦਾ ਅਗਲਾ ਪਾਸਾ ਨਚੋੜਦਿਆਂ ਘਰਾਆਲੀ ਪਾਰੋ ਦਾ ਮੂੜ ਬਦਲਣ ਲਈ ਇੱਕ ਝੂਠਾ ਜਿਹਾ ਦਿਲਾਸਾ ਦਿੱਤਾ ਜਾਂ ਫਿਰ ਆਪਣੇ ਅੰਦਰ ਦੱਬੀ ਚਿਰਾਂ ਦੀ ਰੀਝ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ।
ਨਾ ਤੂੰ ਸਰਦਾਰ ਨੂੰ ਕਹਿ ਕੇ ਇੱਟਾਂ ਮੰਗਾ ਲੈ ,,,, ਭਰਾ ਮੇਰਾ ਪੂਰਾ ਮਿਸਤਰੀ ਤਾਂ ਹੈਗਾ ,,,, ਤੇ ਚਾਰ ਮੁੰਡੇ ਹੋਰ ਵੀ ਲੈ ਆਊ ,,, ਹੈਂਅ ਪਾਰੋ ਜਿਵੇਂ ਹੁਣੇ ਨਿਉਂ ਪੱਟਣ ਨੂੰ ਕਾਹਲੀ ਸੀ ,,, ਉਹਨੂੰ ਸਾਹਮਣੇ ਗਵਾਂਢੀਆਂ ਨਾਲੋਂ ਆਪਣਾ ਘਰ ਉੱਚਾ ਹੁੰਦਾ ਦਿਖਾਈ ਦਿੱਤਾ ।
ਗਾਮੂ ਜਿਉਂ ਦਾ ਜੰਮਿਆ ,,, ਆਪਣੇ ਪਿਉ ਨਾਲ ਸਰਦਾਰਾਂ ਦੀ ਹਵੇਲੀ ਹੀ ਪਲਿਆ ,,,, ਪਿਉ ਵਾਂਗੂੰ ਪੱਧਰ ਗਾਮੂ ਨੇ ਸਰਦਾਰ ਤੋਂ ਲੋੜ ਤੋਂ ਵੱਧ ਕਦੇ ਪੈਸੇ ਨਹੀਂ ਮੰਗੇ ਸੀ ,,, ਬੱਸ ਜੋ ਦਾਣਾ ਫੱਕਾ ਲੋੜ ਜੋਗਰਾ ਮਿਲ ਜਾਂਦਾ ,,,, ਨਾ ਕੋਈ ਹਿਸਾਬ ਨਾ ਕਿਤਾਬ ਕਦੇ ਉਹਨੇ ਕੀਤਾ ਸੀ ਤੇ ਨਾ ਸਰਦਾਰ ਨੇ ਕਦੇ ਲੋੜ ਸਮਝੀ ,,, ਜਿਵੇਂ ਬੱਸ ਗਾਮੂ ਸਰਦਾਰ ਦਾ ਕਾਲਾ ਬਲਦ ਸੀ ,,, ਜਾਂ ਫਿਰ ਗੁਲਾਮ ਸੀ ,,,, ਕੋਈ ਅਗਲੇ ਪਿਛਲੇ ਜਨਮ ਦਾ ਦੇਣਾ ਸੀ ,,,,,
ਸਾਲਾਂ ਦੇ ਸਾਲ ਲੰਘਦੇ ਗਏ ,,, ਕ ਈ ਵਾਰ ਗਾਮੂ ਨੇ ਸਰਦਾਰ ਕੋਲ ਘਰ ਪਾਉਣ ਦਾ ਘਿਣਾ ਪਾਇਆ ਪਰ ਸਰਦਾਰ ਅਗਲੇ ਸਾਲ ਦਾ ਕਹਿ ਟਾਲ ਦਿੰਦਾ ,,,,ਕਦੇ ਸਰਦਾਰ ਦਾ ਹੱਥ ਤੰਗ ਹੁੰਦਾ ,,, ਕਦੇ ਸਰਦਾਰ ਨੇ ਜਮੀਨ ਦਾ ਸੌਦਾ ਕਰ ਲਿਆ ਹੁੰਦਾ ,,,,,
ਗਾਮੂ ਸਬਰ ਕਰਦਾ ਪਰ ਉਸਨੂੰ ਆਸ ਜਰੂਰ ਸੀ ਕਿ ਸਰਦਾਰ ਇੱਕ ਦਿਨ ਉਹਦਾ ਪੱਕਾ ਘਰ ਜਰੂਰ ਪਵਾ ਕੇ ਦੇਵੇਗਾ ,,,
ਬੋਲਦਾ ਨੀ ,,,, ਨਾ ਹੁਣ ਤਾਂ ਸੁੱਖ ਨਾਲ ਆਪਣਾ ਮੇਲੂ ਵੀ ਸਰਦਾਰ ਦਾ ਟਰੈਗਟ ਵਾਹੁੰਦਾ ਐ ਸਾਰਾ ਦਿਨ ,,, ਤੂੰ ਸਰਦਾਰ ਨੂੰ ਕਹਿ ,,,, ਆਹ ਆਪਣੇ ਗਮਾਂਢੀ ਥਾਂ ਵੇਚਦੇ ਆ ,,,,, ਮੈਂ ਗੱਲ ਕਰੀ ਸੀ ਵੀ ਅਸੀਂ ਲੈ ਲਮਾਂਗੇ ਥਾਂ ,,,,, ਪੈਸੇ ਵੀ ਦੋ ਆਰਾਂ ਚ ਲੈ ਲੈਣਗੇ ,,, ਚਲ ਖਸਮਾਂ ਨੂੰ ਖਾਵੇ ,,,, ਥਾਂ ਤਾਂ ਭੋਰਾ ਖੁੱਲ੍ਹ ਜਾਊ ,,, ਪਾਰੋ ਨੇ ਗਾਮੂ ਕੋਲ ਸਕੀਮ ਰੱਖੀ ,,,,,
ਆਹੋ ਮੈਂ ਕਰਦਾਂ ਗੱਲ ਤੜਕੇ ,,, ਨਾਲੇ ਹੁਣ ਫਸਲ ਆਈ ਵੀ ਆ ,,, ਊਂਅ ਮੈਨੂੰ ਪਤਾ ਐ ,,,, ਸਰਦਾਰ ਮੇਰਾ ਕਿਹਾ ਨੀ ਮੋੜਦਾ ,,, ਨਾਲੇ ਹੁਣ ਲਗਦੇ ਹੱਥ ਦੋ ਕਮਰੇ ਪੱਕੇ ਛੱਤ ਹੀ ਲਵਾਂਗੇ ,,, ਤੂੰ ਸਕੀਮ ਲਾ ਬੀ ਕਮਰਿਆਂ ਦਾ ਮੂੰਹ ਕਿੱਧਰ ਰੱਖਣਾ ਆ ,,,, ਆਹ ਦੱਖਣ ਆਲੇ ਪਾਸੇ ਕਹਿੰਦੇ ਮਾੜਾ ਹੁੰਦਾ ,,,, ਆਪਾਂ ਚੜ੍ਹਦੇ ਨੂੰ ਈ ਰੱਖ ਲੈਨੇ ਆਂ ? ਗਾਮੂ ਨੇ ਬਕਲਕੱਤੀ ਜੀ ਚਾਹ ਦਾ ਸੜ੍ਹਾਕਾ ਮਾਰਦਿਆਂ ਨਾਲ ਈ ਮੁੱਛਾਂ ਜੀਆਂ ਪੂਝਦਾ ਪਾਰੋ ਦੇ ਮੂੰਹ ਵੱਲ ਝਾਕਿਆ ।
ਲੈ ਐਧਰੋਂ ਚੜ੍ਹਦੀ ਧੁੱਪ ਆਊ ,,,,, ਸਾਰਾ ਦਿਨ ਧੁੱਪੇ ਮੱਚਣਾ ਸੁੱਖਿਐ ? ਆਪਾਂ ਪਹਾੜ ਵੱਲ ਰੱਖਾਂਗੇ ,,,,, ਨਾਲੇ ਸੋਹਣਾ ਲੱਗੂ ,,,,ਨਾਲੇ ਗਲੀ ਵੱਲੋਂ ਪੜਦਾ ਹੋਜੂ ।
ਚੱਲ ਫੇਰ ਕੱਲ ਨੂੰ ਲੈ ਕੇ ਵਾਖਰੂ ਦਾ ਨਾਂ ,,, ਕਰਦੇਂ ਗੱਲ ਸਰਦਾਰ ਨਾਲ ,,,,,,
ਸਰਦਾਰ ਦੇ ਸਾਹਮਣੇ ਜਾ ਗਾਮੂ ਦਾ ਹੀਆ ਈ ਨਾ ਪੈਂਦਾ ਪੁੱਛਣ ਦਾ ,,,,, ਜੇ ਕਦੇ ਗੱਲ ਤੋਰਦਾ ਵੀ ਤਾਂ ਆਪ ਈ ਅਗਲੇ ਸਾਲ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ