ਇਤਿਹਾਸਕ ਸ਼ਹਿਰ ਪੱਟੀ (ਤਰਨਤਾਰਨ)
ਕਿਸੇ ਵੀ ਸ਼ਹਿਰ ਜਾਂ ਕਸਬੇ ਦੀ ਮਹਾਨਤਾ ਉਸ ਦੇ ਇਤਿਹਾਸ ਸਦਕਾ ਹੀ ਸਾਡੇ ਮਨਾਂ ‘ਤੇ ਆਪਣੀ ਮੋਹਰ ਛਾਪ ਲਗਾ ਸਕਦੀ ਹੈ।
ਪੱਟੀ ਦਾ ਪੂਰਾ ਨਾਂ ਹੈ- ਪੱਟੀ ਹੈਬਤ ਸ਼ਾਹਦੀ।
ਕੋਈ ਪਹੁੰਚਿਆ ਹੋਇਆ ਫ਼ਕੀਰ ਸੀ ਹੈਬਤ ਸ਼ਾਹ। ਉਸ ਦਾ ਮੋਰਾਂ ਵਾਲਾ ਤਕੀਆ ਅੱਜ ਵੀ ਮੌਜੂਦ ਹੈ। ਪੱਟੀ ਤੋਂ ਇੱਕ ਕਿਲੋਮੀਟਰ ਦੇ ਫ਼ਾਸਲੇ ‘ਤੇ ਵਸੇ-ਰਸੇ ਪਿੰਡ ਆਸਲ ਲਾਗੇ ਸਾਈਂ ਹੈਬਤ ਸ਼ਾਹ ਨੇ ਆਪਣਾ ਤਕੀਆ ਬਣਾਇਆ। ਚਹੁੰ-ਕੂਟ ਉਸ ਦੀ ਬੜੀ ਮਾਨਤਾ ਸੀ।
ਪਿੰਡ ਆਸਲ ਦੀ ਇੱਕ ਹਸੀਨ ਜੱਟੀ ਨੇ ਸਾਈਂ ਦੇ ਕਦਮਾਂ ‘ਤੇ ਸਿਰ ਧਰ ਕੇ ਪਿਆਰ ਦੀ ਭਿੱਖਿਆ ਮੰਗੀ। ਸਾਈਂ ਨੇ ਉਸ ਨੂੰ ਹਿੱਕ ਨਾਲ ਲਾ ਕੇ ਰੱਬ ਤੋਂ ਦੁਆ ਮੰਗੀ। ਉਸ ਸਮੇਂ ਦੇ ਲੋਕਾਂ ਨੂੰ ਇਸ ਗੱਲ ਦੀ ਕੁਝ ਸਮਝ ਨਾ ਪਈ ਕਿ ਰੱਬ ਦਾ ਦਰਵੇਸ਼ ਇਸ ਹਸੀਨਾ ਨੂੰ ਕਿਸੇ ਬਾਬਲ ਵਾਂਗ ਅਸੀਸ ਦੇ ਰਿਹਾ ਹੈ ਜਾਂ ਉਸ ਦੇ ਮਨ ਵਿੱਚ ਇਸ਼ਕੇ ਹਕੀਕੀ ਦੀ ਥਾਂ ਇਸ਼ਕ ਮਜ਼ਾਜੀ ਨੇ ਡੇਰਾ ਚਾਅ ਲਾਇਆ। ਪਿੰਡ ਦੇ ਲੋਕਾਂ ਨੇ ਰਲ ਕੇ ਦਰਵੇਸ਼ ਨੂੰ ਮਾਰਿਆ-ਕੁੱਟਿਆ ਤੇ ਜੱਟੀ ਨੂੰ ਉਸ ਦੇ ਸਾਹਮਣੇ ਹੀ ਟੋਟੇ-ਟੋਟੇ ਕਰ ਦਿੱਤਾ।
ਸਾਈਂ ਨੇ ਸੱਤ ਦਿਨ ਨਾ ਪਾਣੀ ਪੀਤਾ, ਨਾ ਅੰਨ ਨੂੰ ਮੂੰਹ ਲਾਇਆ ਤੇ ਆਪਣੇ ਪਰਵਰਦਗਾਰ ਦਾ ਨਾਂ ਲੈ ਕੇ ਬਦ-ਦੁਆ ਦਿੱਤੀ ਕਿ ਪਿੰਡ ਆਸਲ ਤਿੰਨ ਵਾਰ ਉਜੜੇਗਾ। ਇਹ ਗੱਲ ਕਸੌਟੀ ‘ਤੇ ਸੋਨੇ ਦੀ ਲਕੀਰ ਵਾਂਗ ਸੱਚ ਸਿੱਧ ਹੋਈ। ਪਿੰਡ ਦੇ ਗ੍ਰਹਿ ਚੰਗੇ ਨਹੀਂ। ਅਸ਼ੁਭ, ਅਮੰਗਲ ਤੇ ਅਨਿਸ਼ਟ ਦੀ ਸੂਚਨਾ ਹੈ। ਭਿਰਗੂ ਜੋਤਸ਼ੀ ਠੀਕ ਕਹਿੰਦਾ ਸੀ- ‘ਪਿੰਡ ਵਿੱਚ ਇੱਲਾਂ-ਕਾਂ ਉੱਡਣਗੇ। ਪਿੰਡ ਦੇ ਮੋਹਤਬਰ ਲੋਕਾਂ ਇਹ ਫ਼ੈਸਲਾ ਕੀਤਾ ਕਿ ਆਸਲ ਦਾ ਤਾਂ ਹਮੇਸ਼ਾ ਲਈ ਫਾਤਿਆ ਪੜ੍ਹ ਦਿੱਤਾ ਜਾਵੇ ਤੇ ਮੀਲ ਕੁ ਦੀ ਵਿੱਥ ‘ਤੇ ਸਾਈਂ ਦੇ ਤਕੀਏ ਦੇ ਦੂਜੇ ਪਾਸੇ ਨਵਾਂ ਨਗਰ ਵਸਾਇਆ ਜਾਵੇ, ਜਿਸ ਦੀ ਖ਼ੈਰ ਲਈ ਉਸ ਦਾ ਨਾਂ ‘ਪੱਟੀ ਹੈਬਤ ਸ਼ਾਹ ਦੀ’ ਰੱਖਿਆ ਜਾਵੇ।
ਮਿਸਲ ਬੰਦੋਬਸਤ ਸੰਨ 1862 ਮੌਜ਼ਿਆ ਪੱਟੀ ਦੀ ਵਜ੍ਹਾ ਤੱਸਮੀਆ ਵੀ ਇਸ ਬਿਆਨ ਅਨੁਸਾਰ ਕੀਤੀ ਗਈ ਹੈ ਤੇ ਪਿੰਡ ਦਾ ਨਾਂ ‘ਪੱਟੀ ਹੈਬਤ ਸ਼ਾਹ ਦੀ’ ਲਿਖਿਆ ਮਿਲਦਾ ਹੈ। ਪੱਟੀ ਥਾਣੇ ਵਿੱਚ ਸੰਨ 1930 ਦੀ (ਕਲਮ ਨਾਲ ਲਿਖੀ) ਐਫ.ਆਈ.ਆਰ. ਦਰਜ ਕਰਦਿਆਂ ਲਿਖਿਆ ਮਿਲਦਾ ਹੈ- ‘ਅਸਲ ਕਸਬਾ ਕਾ ਨਾਮ ਪੱਟੀ ਹੈਬਤ ਸ਼ਾਹ ਦੀ, ਥਾਂ। ਮਗਰ ਬਿਗੜਤਾ-ਬਿਗੜਤਾ ਹੂਆ ‘ਪੱਟੀ’ ਹੋ ਗਿਆ। ਔਰ ਹੈਬਤ ਸ਼ਾਹ ਕੀ, ਨਾਮ ਬਲਜ੍ਹਾ ਲੰਬਾ ਹੋਨੇ ਕੇ ਜਾਤਾ ਰਹਾ। ਅੱਬ ਬੀ ਤਕੀਆ ਹੈਬਤ ਸ਼ਾਹ ਮੋਰਾਂ ਵਾਲਾ ਪੱਟੀ ਕੇ ਰਾਸਤਾ ਆਸਲ ਪਰ ਜਾਨਬ ਜਨੂਬ ਵਾਕਿਆ ਹੈ। ਇਸੀ ਕਸਬਾ ਕੇ ਅਸਲ ਮਾਲਕ ਮੁਗ਼ਲ ਥੇ। ਮਗਰ ਅਯਾਸ਼ੀ ਕੀ ਵਜ੍ਹਾ ਸੇ ਉਨਹੋਂ ਨੇ ਆਪਣੀ ਮਾਲੀ ਹਾਲਤ ਬਿਗਾੜ ਲੀ। ਇਸ ਵਕਤ ਹਿੰਦੂ ਅਹਿਸਾਬ ਬੀ ਪੱਟੀ ਮੇਂ ਮਾਲਕ ਹੈਂ। ਸ਼ਰਾਰਤ ਕੇ ਲਿਹਾਜ਼ ਸੇ ਹਿੰਦੂ ਔਰ ਮੁਸਲਮਾਨ ਏਕ ਦੂਸਰੇ ਸੇ ਕਮ ਨਹੀਂ।’
ਮੁਲਕ ਦੀ ਤਕਸੀਮ ਤੋਂ ਇੱਕ ਸਦੀ ਪਹਿਲਾਂ ਤਕ ਪੱਟੀ ਉਤੇ ਅਜਿਹੇ ਅਮੀਰਾਂ ਦਾ ਗਲਬਾ ਸੀ ਜੋ ਆਪਣੇ ਆਪ ਨੂੰ ਮੁਗ਼ਲ ਸਮਰਾਟ ਦੇ ਜਵਾਈ ਭਾਈ ਅਖਵਾਉਂਦੇ ਸਨ। ਜਿਉਂ-ਜਿਉਂ ਮੁਗ਼ਲ ਸਾਮਰਾਜ ਦਾ ਸ਼ੀਰਾਜ਼ਾ ਬਿਖਰਦਾ ਗਿਆ, ਤਿਉਂ-ਤਿਉਂ ਪੱਟੀ ਵਿਚੱ ਮਿਰਜ਼ਿਆਂ ਦੀ ਹਾਲਤ ਪਤਲੀ ਪੈਂਦੀ ਗਈ। ਮਿਰਜ਼ਾ ਸੱਯਾਉੱਲਾ ਦਾ ਜੋ ਹਸ਼ਰ ਹੋਇਆ, ਉਸ ਵਿੱਚ ਵੇਦਨਾ ਦਾ ਕੰਢਾ ਬੜਾ ਦੁਖਦਾਈ ਜਾਪਦਾ ਹੈ। ਖਾਨਦਾਨ ਦਾ ਜ਼ਵਾਲ ਇਸ ਹੱਦ ਤਕ ਪੁੱਜ ਗਿਆ ਕਿ ਮਿਰਜ਼ਾ ਸਾਹਿਬ ਦੀ ਆਲੀਸ਼ਾਨ ਕੋਠੀ ਕਸੂਰ ਨਿਵਾਸੀ ਲਾਲਾ ਬਲਾਕੀ ਸ਼ਾਹ ‘ਮਿੱਟੀ-ਪੁੱਟ’ ਕੋਲ ਗਹਿਣੇ ਰੱਖ ਦਿੱਤੀ ਗਈ। ਮਿਰਜ਼ਾ ਸਾਹਿਬ ਦੇ ਰੋਅਬ-ਦਾਬ ਤੇ ਤਕੱਬਰ ਦਾ ਇਹ ਹਾਲ ਕਿ ਰੱਸੀ ਸੜ ਗਈ, ਵਲ ਨਾ ਗਿਆ। ਬਲਾਕੀ ਸ਼ਾਹ ਦੀ ਹੱਠ-ਧਰਮੀ ਵੀ ਕਿਸੇ ਨਿਰਦਈ ਦੀ ਤਸਵੀਰ ਪੇਸ਼ ਕਰਨ ਲਈ ਮਜਬੂਰ। ਉਹ ਕੋਠੀ ਨੀਲਾਮ ਕਰਵਾਉਣ ਦਾ ਹੁਕਮ ਲੈ ਆਇਆ ਤਾਂ ਮਿਰਜ਼ਾ ਸਾਹਿਬ ਨੇ ਆਪਣੀ ਪਗੜੀ ਸ਼ਾਹ ਦੇ ਸਾਹਵੇਂ ਰੱਖ ਕੇ ਖਿਮਾ ਮੰਗੀ। ਬਲਾਕੀ ਸ਼ਾਹ ‘ਮਿੱਟੀ ਪੁੱਟ’ ਠਹਿਰਿਆ ਪੱਕਾ ਬਾਣੀਆ, ਉਹ ਇਸ ਸ਼ਰਤ ‘ਤੇ ਰਾਜ਼ੀ ਹੋਇਆ ਕਿ ਮਿਰਜ਼ਾ ਸਾਹਿਬ ਹੱਥ ਵਿੱਚ ਠੂਠਾ ਫੜ ਕੇ ਭਰੇ ਬਾਜ਼ਾਰ ਵਿੱਚੋਂ ਇੱਕ-ਇੱਕ ਪੈਸੇ ਦੀ ਭੀਖ ਮੰਗਣ ਤਾਂ ਅਸਲ ਤੇ ਵਿਆਜ ਸਭ ਕੁਝ ਮੁਆਫ! ਮਿਰਜ਼ਾ ਸਾਹਿਬ ਨੂੰ ਆਪਣੀ ਜਿੰਦ-ਖਲਾਸੀ ਲਈ ਇਹ ਸ਼ਰਤ ਪੂਰੀ ਕਰਨੀ ਪਈ।
ਇਹ ਗੱਲ ਕੋਈ ਲੁਕੀ-ਛੁਪੀ ਨਹੀਂ ਸੀ ਕਿ ਮਿਰਜ਼ਿਆਂ ਦੀ ਮਹਿਫ਼ਿਲ ਵਿੱਚ ਹਰ ਸ਼ਾਮ ਜਾਮ ਭਰਦੇ ਸਨ। ਅੱਯਾਸ਼ੀ ਦੀ ਨੁਮਾਇਸ਼ ਕਦੀ-ਕਦੀ ਅਜਿਹੀ ਮਹਿਫ਼ਿਲ ਦਾ ਰੰਗ ਧਾਰ ਲੈਂਦੀ ਜਦ ਕਈ-ਕਈ ਰਾਤਾਂ, ਖ਼ਬਰੇ ਕਿਸ-ਕਿਸ ਨਰਤਕੀ ਦਾ ਰਕਸੋ ਸਰੂਦ ਮਾਹੌਲ ਨੂੰ ਨਸ਼ਿਆ ਦਿੰਦਾ! ਭਾਵੇਂ ਪੱਟੀ ਦੇ ਖੱਤਰੀ ਮਹਾਜਨ ਸੂਰਜ ਡੁੱਬਣ ਮਗਰੋਂ ਘਰ ਦੀ ਕਿਸੇ ਸੁਆਣੀ ਜਾਂ ਕੰਜਕ ਨੂੰ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਸਨ ਦਿੰਦੇ, ਪਰ ਇਸ ਗੱਲ ‘ਤੇ ਉਨ੍ਹਾਂ ਦਾ ਪੂਰਾ ਭਰੋਸਾ ਸੀ ਕਿ ਪੱਟੀ ਦੇ ਮਿਰਜ਼ੇ ਪੱਟੀ ਦੀ ਹਰ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਦੇ ਹਨ ਤੇ ਇਸੇ ਨੂੰ ਆਪਣਾ ਦੀਨ-ਇਮਾਨ!
ਪੱਟੀ ਵਿੱਚ ਪੰਜ ਮੰਦਰ ਹਨ ਜਿਨ੍ਹਾਂ ਵਿੱਚੋਂ ਜੈਨ ਮੰਦਰ ਸਭ ਤੋਂ ਖੂਬਸੂਰਤ ਹੈ। ਜੇਕਰ ਇੱਕ ਮਨ ਹੋ ਕੇ ਜੈਨ ਮੰਦਰ ਦੀ ਕਾਰਾਗਰੀ ਵਿੱਚ ਲੀਨ ਹੋ ਜਾਉ ਤਾਂ ਉਸ ਦੇ ਆਨੰਦ ਦਾ ਵਰ, ਸੁਣੱਪ ਦਾ ਵਰ, ਤੁਹਾਡੇ ਉਤੇ ਬੇਗਿਣਤ ਧਾਰਾਂ ਨਾਲ ਏਨਾ ਵੱਸੇਗਾ ਕਿ ਤੁਸੀਂ ਦੇਖ-ਦੇਖ ਕੇ ਖੀਵੇ ਹੋ ਜਾਉਗੇ। ਮੂਰਤੀਆਂ ਵਿਚਲੀ ਮਨ-ਮੋਹਨੀ ਕੁਦਰਤ ਤੁਹਾਨੂੰ ਸੈਂਕੜੇ ਰੂਪਾਂ ਨਾਲ ਮੋਹਿਤ ਕਰੇਗੀ। ਨਵੀਂ ਦ੍ਰਿਸ਼ਟੀ ਜਗਾ ਦੇਵੇਗੀ। ਜੈਨ ਉਪਾਸਰੇ ਭਗਵਾਨ ਬੁੱਧ ਦੇ ਨਿਰਵਾਨ ਵਰਗੇ ਹਨ, ਜਿੱਥੇ ਚੰਦਰਮਾ ਨਹੀਂ ਚੜ੍ਹਦਾ, ਪਰ ਹਨੇਰਾ ਵੀ ਨਹੀਂ ਹੁੰਦਾ!
ਬੀਤੇ ਸਮੇਂ ਵਿੱਚ ਸ਼ਿਵਜੀ ਦਾ ਇੱਕ ਮੰਦਰ ਹੁੰਦਾ ਸੀ। ਵਗਦੀ ਰੋਹੀ ਦੀਆਂ ਛੱਲਾਂ ਨੇ ਉਸ ਯੁੱਗ ਵਿੱਚ ਉੱਚੇ ਥੇਹ ਦੇ ਕੰਢੇ ਨਾਲ ਆ ਕੇ ਟੱਕਰ ਖਾਧੀ। ਟਿੱਬੇ ਨਾਲ ਖਹਿ ਕੇ ਛੱਲ ਅਟਕ ਕੇ ਹੀ ਬਸ ਨਹੀਂ ਹੋਈ, ਅਚਾਨਕ ਮੰਦਰ ਦੀ ਵੱਖੀ ਵਿੱਚ ਧਸ ਗਈ। ਮੰਦਰ ਜੋ ਵਿਰਾਟ ਥੇਹ ਦੇ ਰੂਪ ਵਿੱਚ ਬਦਲ ਗਿਆ, ਮੁੜ ਤੋਂ ਸੁਰਜੀਤ ਕੀਤਾ ਜਾ ਰਿਹਾ ਹੈ।
ਵੱਡਾ ਗੁਰਦੁਆਰਾ- ‘ਭੱਠ ਸਾਹਿਬ’ ਬਿਧੀ ਚੰਦ ਦਾ ਗੁਰਦੁਆਰਾ ਅਖਵਾਉਂਦਾ ਹੈ। ਬਾਬਾ ਬਿਧੀ ਚੰਦ ਦਾ ਜਨਮ ਤਾਂ ‘ਸੁਰਸਿੰਘ’ ਦਾ ਸੀ ਪਰ ਉਸ ਦੇ ਨਾਨਕੇ ਪਿੰਡ ਸਰਹਾਲੀ ਦੇ ਸਨ। ਇੱਕ ਸੇਵਕ ਦੇ ਰੂਪ ਵਿੱਚ ਉਸ ਦਾ ਜੀਵਨ ਪੰਜਵੇਂ ਅਤੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਬਤੀਤ ਹੋਇਆ। ਸੇਵਕ ਦੀ ਸੇਵਾ ਵਿੱਚੋਂ ਹੀ ‘ਬਿਧੀ ਚੰਦ ਛੀਨਾ’ ਗੁਰੂ ਕਾ ਸੀਨਾ ਬਣ ਕੇ ਉਭਰਿਆ।
ਪੱਟੀ ਨਾਲ ਜੁੜੀ ਬੀਬੀ ਰਜਨੀ ਦੀ ਦੰਤ ਕਥਾ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ। ਉਹ ਇੱਕ ਸ਼ਾਹੂਕਾਰ ਦੀ ਪੁੱਤਰੀ ਸੀ ਪਰ ਉਸ ਦਾ ਵਿਆਹ ਕਿਸੇ ਅਭਿਸ਼ਾਪ ਕਾਰਨ ਇੱਕ ਪਿੰਗਲੇ ਨਾਲ ਕਰ ਦਿੱਤਾ ਗਿਆ। ਇਹ ਸਤਵੰਤੀ ਆਪਣੇ ਪਤੀ ਨੂੰ ਟੋਕਰੇ ਵਿੱਚ ਪਾ ਕੇ ਸਿਰ ‘ਤੇ ਚੁੱਕੀ ਦਰ-ਦਰ ਨਗਰ ਗਿਰਾਂ ਭਿਕਸ਼ਣੀ ਵਾਕਣ ਘੁੰਮਦੀ ਅੰਮ੍ਰਿਤਸਰ ਜਾ ਪੁੱਜੀ, ਜਿੱਥੇ ਇੱਕ ਨਿੱਕੇ ਜਿਹੇ ਸਰੋਵਰ ਵਿੱਚ ਨਹਾਉਣ ਸਦਕਾ ਉਸ ਦੇ ਪਤੀ ਦਾ ਕੋਹੜ ਕੱਟਿਆ ਗਿਆ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਇਸੇ ਸਰੋਵਰ ਨੂੰ ਗੁਰੂ ਅਮਰਦਾਸ ਜੀ ਨੇ ‘ਹਰਿਮੰਦਰ’ ਸਾਹਿਬ ਲਈ ਚੁਣਿਆ। ਬੀਬੀ ਰਜਨੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਪੱਟੀ ਰੇਲਵੇ ਸਟੇਸ਼ਨ...
ਦੇ ਐਨ ਸਾਹਮਣੇ ਮੌਜੂਦ ਹੈ ਜਿਸ ਦੀ ਉਸਾਰੀ ਬਿਸ਼ਨ ਸਿੰਘ ਸਮੁੰਦਰੀ (ਵਾਈਸ ਚਾਂਸਲਰ) ਦੇ ਬਜ਼ੁਰਗਾਂ ਵਿੱਚੋਂ ਬਾਬਾ ਕਹਿਰ ਸਿੰਘ ਨੇ ਕਰਵਾਈ।
ਪੱਟੀ ਦੇ ਨਜ਼ਦੀਕ ਸਰਹਾਲੀ (ਸੰਤ ਬਾਬਾ ਤਾਰਾ ਸਿੰਘ ਵਾਲੀ), ਚੋਹਲਾ ਸਾਹਿਬ ਤੇ ਗੋਇੰਦਵਾਲ ਸਿੱਖ ਧਰਮ ਦੇ ਅਜਿਹੇ ਪਵਿੱਤਰ ਅਸਥਾਨ ਹਨ ਜਿੱਥੇ ਕਈ ਗੁਰੂ ਸਾਹਿਬਾਨ ਦੇ ਚਰਨ ਪਏ। ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੇ ਪੱਟੀ ਦੇ ਐਨ ਵਿਚਕਾਰ ਤਰਨਤਾਰਨ ਦੀ ਯੋਜਨਾ ਬਣਾਈ।
ਪੱਟੀ ਦਾ ਖ਼ਮੀਰ ਰਾਜਨੀਤੀ ਤੋਂ ਹਮੇਸ਼ਾ ਦੂਰ ਰਿਹਾ ਹੈ। ਸ. ਪ੍ਰਤਾਪ ਸਿੰਘ ਕੈਰੋਂ ਦਾ ਪਿੰਡ ਮੁਸ਼ਕਲ ਨਾਲ ਇੱਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਕੈਰੋਂ ਦੇ ਭਾਗਾਂ ਵਿੱਚ ਸੀ ਜਿਸ ਨੇ ਸ. ਪ੍ਰਤਾਪ ਸਿੰਘ ਕੈਰੋਂ ਵਰਗੇ ਮੁੱਖ ਮੰਤਰੀ ਨੂੰ ਜਨਮ ਦਿੱਤਾ ਪਰ ਪੱਟੀ ਦੀ ਕਿਸਮਤ ਅੱਜ ਤਕ ਕਿਸੇ ਮੁੱਖ ਮੰਤਰੀ ਨੂੰ ਜਨਮ ਨਹੀਂ ਦਿੱਤਾ।
ਹਿੰਦੁਸਤਾਨ ਦੀ ਤਕਸੀਮ 15 ਅਗਸਤ 1947 ਨੂੰ ਹੋਈ। ਪੰਜਾਬ ਵਿੱਚ 26 ਜਨਵਰੀ 1948 ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਪੱਟੀ ਵਿੱਚ! ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਭੀਮ ਸੈਨਾ ਸੱਚਰ, ਡਾ. ਗੋਪੀ ਚੰਦ ਭਾਰਗੋ ਉਸ ਵਿਸ਼ਾਲ ਸਮਾਗਮ ਦੇ ਮੁੱਖ ਮਹਿਮਾਨ ਸਨ। ਫ਼ੌਜ ਦੀ ਬਹੁਤ ਵੱਡੀ ਟੁਕੜੀ ਨੇ ਮਾਰਚ-ਪਾਸਟ ਕਰਦਿਆਂ ਸਲਾਮੀ ਦਿੱਤੀ। ਮੁੱਖ ਮਹਿਮਾਨਾਂ ਨੇ ਹਿੰਦੀ ਵਿੱਚ (ਪੰਜਾਬੀ ਹੁੰਦਿਆਂ) ਤਕਰੀਰ ਕੀਤੀ। ਸ. ਪ੍ਰਤਾਪ ਸਿੰਘ ਕੈਰੋਂ ਨੇ (ਕੈਰੋਂ ਸ਼ਾਹੀ) ਠੇਠ ਪੰਜਾਬੀ ਵਿੱਚ ਆਪਣੇ ਦਿਲੀ ਜਜ਼ਬਾਤ ਸਾਂਝੇ ਕੀਤੇ। ਇਸ ਸਮਾਗਮ ਦਾ ਕਰਤਾ-ਧਰਤਾ ਖੁਦ ਸ. ਪ੍ਰਤਾਪ ਸਿੰਘ ਕੈਰੋਂ ਸੀ। ਸਰਦਾਰ ਕੈਰੋਂ ਪੰਜਾਬੀਆਂ ਦਾ, ਖਾਸ ਤੌਰ ‘ਤੇ ਮਾਝੇ ਦਾ ਨਾਇਕ ਬਣ ਕੇ ਉਭਰਿਆ। ਕਿਸੇ ਇਲਾਕੇ ਦੀ ਖੂਬਸੂਰਤੀ ਉਸ ਦੇ ਕੁਦਰਤੀ ਨਜ਼ਾਰਿਆਂ ਸਦਕਾ ਹੀ ਨਹੀਂ ਹੁੰਦੀ, ਸਗੋਂ ਉਸ ਦੇ ਲੋਕਾਂ ਕਰਕੇ ਵੀ ਹੁੰਦੀ ਹੈ। ਪੱਟੀ ਦਾ ਸੁਹੱਪਣ ਇੱਥੋਂ ਦੇ ਵੱਸਣ ਵਾਲੇ ਮਝੈਲ ਲੋਕਾਂ ਦੀ ਬੇ-ਸੰਕੋਚ ਸੱਜਣਤਾ ਕਾਰਨ ਵੀ ਹੈ। ਖੇਤਾਂ ਨੂੰ ਜਿਹੜੇ ਪਿਆਰ ਨਹੀਂ ਕਰਦੇ, ਸੁਹੱਪਣ ਨੂੰ ਜੋ ਪਛਾਣਦੇ ਨਹੀਂ, ਦੁਮੇਲ ਦੀ ਲਕੀਰ ਜਿਨ੍ਹਾਂ ਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਉਂਦੀ ਨਹੀਂ, ਉਨ੍ਹਾਂ ਨੂੰ ਪੱਟੀ ਕਦੀ ਫੜਾਈ ਨਹੀਂ ਦਿੰਦੀ।
ਪੱਟੀ ਮੁਗ਼ਲਾਂ ਤੋਂ ਪਹਿਲਾਂ ਪਠਾਣਾਂ ਦੀ ਸੀ। ਗੌਰੀ, ਖਿਲਜੀ, ਤੁਗ਼ਲਕ- ਅੱਡੋ-ਅੱਡ ਮੁਹੱਲੇ। ਕਾਜ਼ੀਆਂ ਦਾ ਮੁਹੱਲਾ ਸਭ ਤੋਂ ਵੱਡਾ ਹੈ। ਨਿੱਕੀਆਂ ਨਿੱਕੀਆਂ ਖਾਨਗਾਹਾਂ ਨਾਲ ਜੁੜੀ ਚੁਗੱਤਿਆਂ ਦੀ ਪੱਟੀ, ਛੇਵੀਂ-ਸੱਤਵੀਂ ਸਦੀ ਵਿੱਚ ਚੀਨ ਦਾ ਮਹਾਨ ਯਾਤਰੀ ‘ਹਿਊਨ ਸਾਂਗ’ ਗੁਜ਼ਰਦਾ ਆਪਣੇ ਸਫ਼ਰਨਾਮੇ ਵਿੱਚ ਵਿਸਥਾਰ-ਪੂਰਵਕ ਪੱਟੀ ਦਾ ਜ਼ਿਕਰ ਕਰਦਾ ਹੈ।
ਬਾਬਾ ਪੀਰਾਂ ਸਾਹਬ ਦੀ ਨੌ-ਗਜ਼ੀ ਕਬਰ ਅੰਧ-ਵਿਸ਼ਵਾਸ ਵਿੱਚ ਯਕੀਨ ਰੱਖਣ ਵਾਲਿਆਂ ਲਈ ਕਰਾਮਾਤਾਂ ਦਾ ਡੇਰਾ ਹੈ। ਮੂਲ ਰੂਪ ਵਿੱਚ ਫਾਰਸੀ ਸ਼ਬਦ- ‘ਨੌਅ-ਗਾਜ਼ੀ’ ਤੋਂ ਵਿਗੜ ਕੇ ਨੌਗਜ਼ੀ ਬਣਿਆ ਹੈ। ਜਿੱਥੇ ਅੱਜਕੱਲ੍ਹ ਕਲੀਆਂ ਵਾਲੇ ‘ਰਾਮ ਭਰੋਸੇ’ ਸੰਤਾਂ ਦਾ ਡੇਰਾ ਹੈ, ਇਸ ਖਾਨਗਾਹ ‘ਤੇ ਪੀਰ ਸਰਦਾਰ ਅਲੀ ਦਾ ਮੇਲਾ ਭਾਦੋਂ ਦੀ ਪੰਦਰਵੇਂ ਨੂੰ ਬੜੀ ਧੂਮ-ਧਾਮ ਨਾਲ ਲਗਦਾ ਹੁੰਦਾ ਸੀ। ਪੀਰ ਸਰਦਾਰ ਅਲੀ ਪਿੰਡ ਘੜਿਆਲੇ ਵਾਲੇ ਸ਼ੇਰਸ਼ਾਹ ਵਲੀ ਦਾ ਭਰਾ ਸੀ। ਭਲੇ ਸਮਿਆਂ ਵਿੱਚ ਪੰਜ-ਪੰਜ ਹਜ਼ਾਰ ਸ਼ਰਧਾਲੂ ਖਾਨਗਾਹ ‘ਤੇ ਸਿਜਦਾ ਕਰਨ ਲਈ ਪੁੱਜਦੇ। ਦੇਗਾਂ ਚੜ੍ਹਦੀਆਂ ਤੇ ਚੂਰਮੇ ਵੰਡੇ ਜਾਂਦੇ।
ਪੱਟੀ ਅਤੇ ਇਸ ਦੇ ਆਲੇ-ਦੁਆਲੇ ਹਰ ਪਰਿਵਾਰ ਇੱਕ ਧੜੇ ਵਿੱਚ ਬੱਝਾ ਹੋਇਆ ਹੈ। ਸ਼ਰਾਬ ਪੀ ਕੇ ਦੰਗਾ-ਫਸਾਦ ਜਾਂ ਕਤਲ ਕਰਨਾ ਇਨ੍ਹਾਂ ਮਝੈਲਾਂ ਦੀ ਆਦਤ ਹੈ। ਚੋਰੀ, ਯਾਰੀ, ਡਾਕਾ ਮਾਰਨਾ, ਮੁਕੱਦਮਾ ਦਿਵਾਨੀ ਜਾਂ ਫ਼ੌਜਦਾਰੀ, ਗੱਲ ਕੀ ਪੱਟੀ ਦੀ ਕਚਹਿਰੀ ਜੱਟ, ਜ਼ਿਮੀਂਦਾਰ ਨਾਲ ਖਚਾਖਚ ਭਰੀ ਰਹਿੰਦੀ ਹੈ। ਕੋਈ ਵੀ ਕਿਸੇ ਦਾ ਸੀਨਾ ਤਾਣ ਕੇ ਚੱਲਣਾ ਬਰਦਾਸ਼ਤ ਨਹੀਂ ਕਰ ਸਕਦਾ। ਹਰ ਇੱਕ ਚਿਹਰਾ ਲੁਹਾਰ ਦੀ ਘੜੀ ਖਾਲਸ ਦਾਤਰ ਵਰਗਾ ਹੈ।
ਚੰਗੜ, ਬਰੜ, ਬਾਂਗਦੀ, ਬਾਉੜੀ, ਸਾਂਸੀ ਤੇ ਬਾਜ਼ੀਗਰ ਪੱਟੀ ਦੇ ਇਤਿਹਾਸਕ ਪਾਤਰ ਹਨ। ਕਈ ਤਰ੍ਹਾਂ ਦੇ ਟੱਪਰੀਵਾਸ ਘੋੜਿਆਂ ਦੀ ਪਿੱਠ ਉਤੇ ਮੈਲ-ਕੁਚੈਲੇ ਲੀੜੇ ਲੱਦੀ, ਮੱਝਾਂ ਦੀ ਕੰਡ ‘ਤੇ ਨਿੱਕੇ-ਨਿੱਕੇ ਨਿਆਣੇ, ਤੌੜੀਆਂ, ਕੂੰਡੀਆਂ, ਟੁੱਟੀਆਂ ਲੈਂਪਾਂ ਤੇ ਮੰਜੀਆਂ ਤਕ ਚੁੱਕੀ ਪੱਟੀ ਦੇ ਪੁਰਾਤਨ ਵਿਰਸੇ ਨੂੰ ਸੁਰਜੀਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਰਾਜਸਥਾਨ ਤੋਂ ਉੱਠ ਕੇ ਆਏ ਮੋਚੀਆਂ ਦਾ ਮੁਹੱਲਾ, ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਆਬਾਦ ਹੋਇਆ ਹੈ। ਇਹ ਲੋਕ ਹੌਲੀ-ਹੌਲੀ ਆਪਣੀ ਬੋਲੀ, ਰਹਿਣੀ-ਬਹਿਣੀ ਤੇ ਪਹਿਰਾਵੇ ਤੋਂ ਮੁਕਤ ਹੋ ਰਹੇ ਹਨ ਪਰ ਇਨ੍ਹਾਂ ਦੀ ਪੰਚਾਇਤ ਅੱਜ ਵੀ ਅਲੱਗ-ਅਲੱਗ ਹੈਸੀਅਤ ਦੀ ਮਾਲਕ ਹੈ। ਬਿਰਾਦਰੀ ਦੇ ਝਗੜੇ, ਘਰਾਂ ਦਾ ਕਲੇਸ਼ ਬੁੱਢੇ ਬੋਹੜ ਦੀ ਛਾਵੇਂ ਬਹਿ ਕੇ ਨਜਿੱਠਿਆ ਜਾਂਦਾ ਹੈ। ਸ਼ਾਦੀ ਅਤੇ ਵਿਆਹ ਲਈ ਜੋੜੀਆਂ ਵੀ ਇੱਥੇ ਬਹਿ ਕੇ ਮਿਲਾਈਆਂ ਜਾਂਦੀਆਂ ਹਨ ਤੇ ਕਿਸੇ ਦੀ ਰੰਨ ਨਸਾ ਕੇ ਲੈ ਜਾਣ ਦਾ ਮਨਸੂਬਾ ਵੀ ਇਸੇ ਬੋਹੜ ਦੀ ਛਾਵੇਂ ਹੀ ਬਣਦਾ ਹੈ:
ਜੋਰੂ ਜ਼ਮੀਨ ਜ਼ੋਰ ਦੀ,
ਨਹੀਂ ਤਾਂ ਕਿਸੇ ਹੋਰ ਦੀ!
ਹਿੰਦੁਸਤਾਨ ਵਿੱਚ ਲੰਬਾਈ ਦੇ ਰੁਖ ਵੱਸੇ ਸ਼ਹਿਰਾਂ ਵਿੱਚ ਪੱਟੀ ਤੋਂ ਬਾਅਦ ਇੱਕੋ ਇੱਕ ਪਟਨੇ ਦਾ ਨਾਂ ਲਿਆ ਜਾ ਸਕਦਾ ਹੈ। ਲੰਮੀ ਲੰਝੀ ਪੱਟੀ ਦਾ ਇੱਕੋ-ਇੱਕ ਬਾਜ਼ਾਰ। ਇੱਕ ਪੁਰਾਤਨ ਕਿਲਾ ਜੋ ਪੁਲੀਸ ਸਟੇਸ਼ਨ ਵਿੱਚ ਬਦਲ ਚੁੱਕਾ ਸੀ ।ਹੁਣ ਆਜਾਦ ਹੋਇਆ ਹੈ ਇੰਨਟੈਰੋਗੇਸ਼ਨ ਸੈਂਟਰ ਤੋਂ । ਇਹ ਕਿਲਾ ‘ਸਿੰਘ ਪੁਰੀਆ’ ਮਿਸਲ ਦੇ ਬਾਨੀ ਨਵਾਬ ਕਪੂਰ ਸਿੰਘ ਦੇ ਭਤੀਜੇ ਨੇ ਬਣਵਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ਹਾਲ ਸਿੰਘ ਫੈਜ਼ਲਪੁਰੀਏ ਨੂੰ ਹਰਾ ਕੇ ਪੱਟੀ ‘ਤੇ ਕਬਜ਼ਾ ਕੀਤਾ।
ਸਾਹਿਤਕ ਪੱਖੋਂ ਪੱਟੀ ਦਾ ਵਿਰਸਾ ਆਪਣਾ ਖਾਸ ਮੁਕਾਮ ਰੱਖਦਾ ਹੈ। 1928 ਵਿੱਚ ਪੱਟੀ ਤੋਂ ਉਰਦੂ ਦਾ ਇੱਕ ਮਾਸਿਕ ਪੱਤਰ ‘ਇਮਾਨ’ ਨਿਕਲਿਆ ਕਰਦਾ ਸੀ। ਇਸ ਦੇ ਸੰਪਾਦਕ ਜਨਾਬ ਅਬਦੁਲ ਮਜੀਦ ਕੂਰੈਸ਼ੀ ਸਨ। ਕਾਜ਼ੀ ਸਾਹਿਬ ਦਾ ਕੱਦ ਛੋਟਾ, ਸਿਹਤ ਕਮਜ਼ੋਰ ਪਰ ਇਰਾਦੇ ਦੇ ਪੱਕੇ ਵਿਅਕਤੀ ਸਨ, ਜੋ ਪੱਟੀ ਨੂੰ 1946 ਵਿੱਚ ਅਲਵਿਦਾ ਕਹਿ ਕੇ ਲਾਹੌਰ ਚਲੇ ਗਏ ਤੇ ਉਥੇ ਲਾਹੌਰ ਦਫ਼ਤਰ ਵਿੱਚ ਹੀ ਬੰਗਾਲੀ ਨੌਕਰਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਪੱਟੀ ਦੇ ਸਰਕਾਰੀ ਕਾਲਜ ਦੀ ਹਾਲਤ ਕਾਫ਼ੀ ਤਰਸਯੋਗ ਹੈ। ਰਾਜਨੀਤੀ ਦੀ ਮਾਰ ਦਾ ਝੰਬਿਆ, ਦੁਸ਼ਵਾਰੀਆਂ ਦਾ ਸ਼ਿਕਾਰ ਹੈ। ਸਾਰੇ ਕਾਲਜ ਵਿੱਚ ਦੋ ਸੌ ਤੋਂ ਵੱਧ ਵਿਦਿਆਰਥੀ ਨਹੀਂ ਹਨ ਜਦਕਿ ਪੰਜ ਕਿਲੋਮੀਟਰ ਸਰਹਾਲੀ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਢਾਈ ਹਜ਼ਾਰ ਤੋਂ ਵੱਧ ਹੈ।
ਪੱਟੀ ਵਿੱਚ ਕਈ ਸਾਹਿਤਕ ਗੋਸ਼ਟੀਆਂ ਹੁੰਦੀਆਂ ਰਹੀਆਂ ਹਨ। ਅਜੋਕੇ ਪੰਜਾਬੀ ਸਾਹਿਤ ਦੀ ਉਨਤੀ ਬਾਰੇ ਪੱਟੀ ਇਲਾਕਾ ਨਿਵਾਸੀਆਂ ਦੀ ਸਦਾ ਗਹਿਰੀ ਦਿਲਚਸਪੀ ਰਹੀ ਹੈ।
ਦਿੱਲੀ ਜੋ ਏਕ ਸ਼ਹਿਰ ਥਾ
ਆਲਮ ਮੇਂ ਇੰਤਖ਼ਾਬ…
ਪੰਜਾਬੀ ਦੇ ਅਜ਼ੀਮ ਸ਼ਾਇਰ ਤੇ ਨਾਵਲ ਨਿਗਾਰ ਸੁਖਬੀਰ ਨੇ ਆਪਣੀ ਕਥਾ ਕ੍ਰਿਤੀ- ‘ਸੜਕਾਂ ਤੇ ਕਮਰੇ’ ਅਤੇ ਕਾਵਿ ਪੁਸਤਕ ‘ਅੱਖਾਂ ਵਾਲੀ ਰਾਤ’ ਵਿੱਚ ਮੁੰਬਈ ਦੇ ਨੈਣ-ਨਕਸ਼ ਉਤਾਰੇ ਹਨ। ਪੱਟੀ ਦੀ ਖਿੱਚ ਕਿਸੇ ਜਿੱਤ ਲਈ ਨਹੀਂ, ਸਗੋਂ ਹਾਰ ਲਈ ਧੂਹ ਪਾਉਂਦੀ ਰਹਿੰਦੀ ਹੈ। ਇਸੇ ਮਾਝੇ ਦੇ ਸ਼ਾਇਰ ਬੁੱਲ੍ਹੇਸ਼ਾਹ ਨੇ ਕਿਹਾ ਸੀ:
ਜਿੱਤੇ ਦਾ ਮੁੱਲ ਇਕ ਕਸੀਰਾ,
ਹਾਰੇ ਦਾ ਮੁੱਲ ਹੀਰਾ
ਜਿੱਤ-ਜਿੱਤ ਕੇ ਉਮਰ ਗੰਵਾਈ
ਹੁਣ ਤੂੰ ਹਾਰ ਫਕੀਰਾ।
ਜੇ ਬੁੱਲਿਆ ਤੂੰ ਹਾਰ ਨਾ ਮੰਨੀ,
ਤੂੰ ਬੇ ਮੁਰਸ਼ਦਾ, ਬੇ ਪੀਰਾ
sonu dasuwal
Access our app on your mobile device for a better experience!