ਰੀਨਾ ਨੂੰ ਮਾਰਨਾ… ( ਕਹਾਣੀ)
ਜਨਵਰੀ ਦਾ ਆਖੀਰ ਸੀ।
ਪ੍ਰੀ-ਬੋਰਡ ਪ੍ਰੀਖਿਆ ਸ਼ੁਰੂ ਹੋਈ ਸੀ।
ਪੇਪਰ ਵੰਡਿਆਂ ਨੂੰ ਪੰਦਰਾਂ ਕੁ ਮਿੰਟ ਹੋਏ ਸਨ। ਚਾਰੇ ਪਾਸੇ ਚੁੱਪ ਛਾਈ ਹੋਈ ਸੀ।
ਅਚਾਨਕ ਇੱਕ ਚੀਕ ਵੱਜੀ ਅਤੇ ਬੈਂਚ ਡਿੱਗਣ ਦੀ ਅਵਾਜ਼ ਆਈ। ਬੱਚਿਆਂ ਵਿੱਚ ਹਫੜਾ ਦਫੜੀ ਮੱਚ ਗਈ।
ਹਰਿੰਦਰ ਨੇ ਸਟਾਫ਼ ਰੂਮ ਵਿਚੋਂ ਬਾਹਰ ਨਿਕਲ ਕੇ ਵੇਖਿਆ। ਪ੍ਰਿੰਸੀਪਲ ਸਾਹਿਬ ਇੱਕ ਕੁੜੀ ਨੂੰ ਸਟਾਫ਼ ਰੂਮ ਵਿੱਚ ਲਿਆ ਰਹੇ ਸਨ। ਕੁੜੀ ਥੋੜ੍ਹੇ ਜਿਹੇ ਚਿਰ ਬਾਅਦ ਚੀਕ ਮਾਰਦੀ ਤੇ ਫਿਰ ਰੁਕ ਕੇ ਕਹਿੰਦੀ,
” ਮੈਂ ਰੀਨਾ ਨੂੰ ਮਾਰਨਾ……..।”
ਕੁੜੀ ਨੂੰ ਹੁਣ ਸਟਾਫ਼ ਰੂਮ ਵਿੱਚ ਕੁਰਸੀ ਤੇ ਬਿਠਾ ਲਿਆ ਗਿਆ ਸੀ। ਸਰ ਉਸਨੂੰ ਵਾਰ ਵਾਰ ਕਹਿ ਰਹੇ ਸਨ,
“ਕੋਈ ਗੱਲ ਨਹੀਂ ਬੇਟਾ,ਤੇਰੇ ਪਾਪਾ ਨੂੰ ਸੱਦ ਲਿਆ….. ਤੂੰ ਬਿਲਕੁਲ ਠੀਕ ਆਂ…..।”
ਪਰ ਕੁੜੀ ਵਾਰ ਵਾਰ ਇੱਕੋ ਹੀ ਗੱਲ ਬੋਲ ਰਹੀ ਸੀ,
“ਮੈਂ ਰੀਨਾ ਨੂੰ ਮਾਰਨਾ…।”
ਹਰਿੰਦਰ ਦਾ ਮਨ ਕਾਹਲਾ ਪੈਣ ਲੱਗ ਪਿਆ। ਉਸ ਨੇ ਆਖ ਕੇ ਕਿਹਾ ਸੀ,
“ਜਾਹ ਮਾਰ ਦੇ ਰੀਨਾ ਨੂੰ…. ਰੀਨਾ ਕੌਣ ਐਂ?”
ਇੰਚਾਰਜ ਪ੍ਰਿੰਸੀਪਲ ਤਾਂ ਜਿਵੇਂ ਪਹਿਲਾਂ ਹੀ ਜਾਣੂ ਸੀ,
” ਮੈਡਮ ਇਹਦਾ ਨਾਂ ਹੀ ਰੀਨਾ ਐ ਜੀ….”ਤੇ ਉਸਨੇ ਹਰਿੰਦਰ ਨੂੰ ਇਸ਼ਾਰਾ ਕੀਤਾ ਕੇ ਤੁਸੀਂ ਚੁੱਪ ਰਹੋ,ਇਸ ਨੂੰ ਕੋਈ ਰੂਹ ਸਭ ਕਹਿ ਰਹੀ ਹੈ।
ਅੰਗਰੇਜ਼ੀ ਦਾ ਪੇਪਰ ਸੀ ਉਸ ਦਿਨ। ਉਸ ਦੀ ਕਲਾਸ ਟੀਚਰ ਜਦੋਂ ਕਹੇ ਕਿ ਆਪਾਂ ਇਸ ਦਾ ਪੇਪਰ ਬਾਅਦ ਵਿੱਚ ਲੈ ਲਵਾਂਗੇ , ਉਦੋਂ ਹੀ ਕੁੜੀ ਚੀਕਾਂ ਮਾਰ-ਮਾਰ ਕੇ ਇਹੋ ਗੱਲ ਫਿਰ ਬੋਲਣ ਲੱਗ ਜਾਵੇ।
ਹਰਿੰਦਰ ਨੇ ਉਸ ਦੀ ਕਲਾਸ ਇੰਚਾਰਜ ਨੂੰ ਇਸ਼ਾਰਾ ਕਰਕੇ ਕਿਹਾ,
” ਨਹੀਂ ਨਹੀਂ ਮੈਡਮ ਆਪਾਂ ਨਹੀਂ ਪੇਪਰ ਲੈਣਾ, ਪੇਪਰ ਨੂੰ ਕੀ ਐ ਜੀ।” ਹੁਣ ਉਹ ਚੁੱਪ ਕਰ ਕੇ ਬੈਠ ਗਈ ਸੀ।
ਪ੍ਰਿੰਸੀਪਲ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਹੋਇਆ ਸੀ ਤੇ ਬੋਲ ਰਿਹਾ ਸੀ,”ਕਹਿ ਸਤਿਨਾਮ, ਵਾਹਿਗੁਰੂ, ਸਤਿਨਾਮ…।”
ਉਸ ਨੂੰ ਵੇਖ ਕੇ ਹਰਿੰਦਰ ਮਨ ਹੀ ਮਨ ਵਿੱਚ ਮੁਸਕਰਾ ਰਹੀ ਸੀ। ਉਸ ਨੂੰ ਉਹ ਪ੍ਰਿੰਸੀਪਲ ਘੱਟ ਅਤੇ ਭੂਤਾਂ ਕੱਢਣ ਵਾਲਾ ਬਾਬਾ ਵੱਧ ਲੱਗ ਰਿਹਾ ਸੀ। ਸਾਰੀਆਂ ਮੈਡਮਾਂ ਉੱਠ ਕੇ ਸਟਾਫ਼ ਰੂਮ ਵਿੱਚੋਂ ਉੱਠ ਕੇ ਬਾਹਰ ਜਾ ਬੈਠੀਆਂ। ਸਾਇੰਸ ਵਾਲੀ ਮੈਡਮ ਹਰਿੰਦਰ ਨੂੰ ਸਮਝਾ ਰਹੀ ਸੀ,
“ਤੂੰ ਉੱਠ ਇਥੋਂ,ਇਹੋ ਜਿਹੇ ਵੇਲੇ ਕਸਰ ਜਿਆਦਾ ਹੁੰਦੀ ਹੈ।ਮੈਡਮ ਬੰਦੇ ਦਾ ਆਉਰਾ ਹੁੰਦੈ ਨਾ, ਉਹ ਕਮਜੋਰ ਹੋ ਜਾਂਦੈ…।”
ਹਰਿੰਦਰ ਬੀਤੇ ਸਮਿਆਂ ਵਿੱਚ ਗੁਆਚ ਗਈ। ਕਾਮਰੇਡਾਂ ਦੀ ਕੁੜੀ ਸੀ ਉਹ।ਤਰਕਸ਼ੀਲਾਂ ਦਾ ਘਰ ਆਉਣ ਜਾਣ ਸੀ।
ਬਚਪਨ ਵਿੱਚ ਹੀ ਉਸ ਨੇ ‘… ਤੇ ਦੇਵ ਪੁਰਸ਼ ਹਾਰ ਗਏ’ ਅਤੇ ‘ ਦੇਵ ਦੈਂਤ ਤੇ ਰੂਹਾਂ’ ਕਿਤਾਬਾਂ ਪੜ੍ਹੀਆਂ ਸਨ।
ਹਰਿੰਦਰ ਦੇ ਸਹੁਰੇ ਬਾਬੇ ਦੀ ਚੌਂਕੀ ਭਰਦੇ ਸਨ। ਜਦੋਂ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਤਾਂ ਮਗਰੋਂ ਇਸ ਗੱਲ ਦਾ ਪਤਾ ਲੱਗਾ। ਹਰਿੰਦਰ ਦੇ ਪਾਪਾ ਨੇ ਕਿਹਾ ਸੀ,”ਉਹ ਤਾਂ ਭਾਈ ਬਾਬੇ ਦੀਆਂ ਚੌਂਕੀਆਂ ਭਰਦੇ ਐ।…ਚਲ ਵੇਖੀ ਜਾਊ ਹੁਣ… ਪਹਿਲਾਂ ਪਤਾ ਈ ਨਾ ਲੱਗਿਆ।”
ਹਰਿੰਦਰ ਦੇ ਸਹੁਰੇ ਨੇ ਵੀ ਕਿਹਾ ਸੀ,”ਵੇਖ ਲਓ ਭਾਈ, ਜੇ ਉਹ ਕਾਮਰੇਡ ਆ, ਫਿਰ ਤਾਂ ਨਈਂ ਮੰਨਣਾ ਉਹ ਨੇ ਆਪਣੇ ਬਾਬੇ ਨੂੰ…।”
ਉਹਦੇ ਵਿਆਹ ਤੋਂ ਬਾਅਦ ਇੱਕ ਵਾਰ ਉਸ ਨੂੰ ਕਈ ਦਿਨ ਬੁਖਾਰ ਚੜ੍ਹਦਾ ਰਿਹਾ। ਇੱਕ ਦਿਨ ਉਸ ਦੀ ਸੱਸ ਨੇ ਕਿਹਾ,”ਜਾਉ ਬਾਬਾ ਜੀ ਤੋਂ ਥੌਲ਼ਾ ਪੁਆ ਲਿਆਉ।” ਹਰਿੰਦਰ ਦਾ ਮਨ ਨਹੀਂ ਸੀ ਮੰਨਿਆ, ਪਰ ਉਹ ਸੱਸ ਨੂੰ ਜਵਾਬ ਨਾ ਦੇ ਸਕੀ। ਬਾਬਾ ਥੌਲਾ਼ ਕਿਵੇਂ ਪਾਉਂਦੈ , ਉਸ ਦੇ ਮਨ ਅੰਦਰ ਇਹ ਜਾਣਨ ਦੀ ਉਤਸੁਕਤਾ ਵੀ ਸੀ।
ਹਰਿੰਦਰ ਆਪਣੇ ਪਤੀ ਨਾਲ ਬਾਬੇ ਦੇ ਘਰ ਚਲੀ ਗਈ ਸੀ। ਬਾਬਾ ਗੱਦੀ ਲਾਉਣ ਦੀ ਤਿਆਰੀ ਵਿਚ ਸੀ। ਸੰਗਤ ਗੱਦੀ ਦੇ ਦੁਆਲੇ ਜੁੜੀ ਹੋਈ ਸੀ। ਲੱਡੂ ,ਪਤਾਸੇ ਪ੍ਰਸ਼ਾਦ ਲਈ ਤਿਆਰ ਸਨ। ਬਾਬੇ ਨੇ ਗੱਦੀ ਤੇ ਬੈਠਣ ਲਈ ਦੁੱਧ ਚਿੱਟਾ ਧੋਤਾ ਹੋਇਆ ਸੂਟ ਪਾਇਆ। ਪਰ ਕੁੜਤੇ ਦੇ ਹੇਠੋਂ ਕਾਲ਼ੀ ਮੈਲ਼ ਨਾਲ ਭਰੀ ਬਨੈਣ ਡੇਲੇ ਕੱਢ ਰਹੀ ਸੀ। ਬਾਬੇ ਦਾ ਸਾਰਾ ਘਰ ਥੰਦਾ-ਥੰਦਾ ਸੀ ਜਿਵੇਂ ਲੋਕਾਂ ਨੇ ਤੇਲ ਘਿਓ ਵਾਲੇ ਹੱਥ ਲਗਦੇ ਰਹਿੰਦੇ ਹੋਣ। ਬਾਬਾ ਗੱਦੀ ਤੇ ਬੈਠ ਗਿਆ। ਛੈਣੇ ਵਜਾ ਕੇ ਬਾਬੇ ਦੇ ਸਾਥੀ ਆਪਣੇ ਭਜਨ ਗਾ ਰਹੇ ਸਨ। ਬਾਬੇ ਨੇ ਇੱਕ ‘ਰੱਖ’ ਬਣਾ ਦਿੱਤੀ ਕਿ ਚਾਂਦੀ ਦੇ ਤਬੀਤ ਵਿੱਚ ਪਾ ਲਵੋ।
ਤੇ ਫੇਰ ਇਹ ਢਕਵੰਜ ਆਮ ਤੌਰ ਤੇ ਹਰ ਸੋਮਵਾਰ ਹੋਣ ਲੱਗ ਪਿਆ ਸੀ। ਅਗਲੀ ਪੁੰਨਿਆਂ ਤੇ ਸੰਗਤ ਨਾਲ ਮੱਥਾ ਟੇਕਣ ਜਾਣ ਦੀ ਸਲਾਹ ਹੋ ਗਈ।
ਹਰਿੰਦਰ ਲਈ ਇਹ ਸਭ ਕੁਝ ਨਵਾਂ ਸੀ। ਨਵਾਂ ਨਵਾਂ ਵਿਆਹ ਹੋਣ ਕਾਰਨ ਤੇ ਛੁੱਟੀਆਂ ਘੱਟ ਹੋਣ ਕਾਰਨ ਉਹ ਸੰਗਤ ਨਾਲ ਟਰੱਕ ਵਿੱਚ ਜਾਣ ਦੀ ਥਾਂ ਟੈਕਸੀ ਕਰਾ ਕੇ ਗਏ।ਸਲਾਹ ਬਣਾਈ ਸੀ ਕਿ ਸਵੇਰੇ ਘਰੋਂ ਰੋਟੀ ਨਾਲ ਲੈ ਕੇ ਜਾਵਾਂਗੇ।
ਸੋਚਾਂ ਵਿਚ ਪਈ ਹਰਿੰਦਰ ਨੂੰ ਅੱਧੀ ਰਾਤ ਤੱਕ ਨੀਂਦ ਨਾ ਆਈ। ਸਵੇਰੇ ਪੰਜ ਵਜੇ ਉੱਠ ਕੇ ਹਰਿੰਦਰ ਨੇ ਵੀਹ ਕੁ ਪਰਾਉਂਂਠੇ ਬਣਾਏ। ਘਿਉ ਜਿਵੇਂ ਉਹਦੇ ਸਿਰ ਨੂੰ ਚੜ੍ਹ ਗਿਆ ਸੀ। ਹਰਿੰਦਰ ਦੇ ਸਹੁਰੇ ਨੇ ਨਾਰੀਅਲ ਦਾ ਗੁੱਟ ਲੈ ਕੇ ਘਰ ਦੇ ਚਾਰੇ ਖੂੰਜਿਆਂ ਵਿੱਚ ਛੂਹਾਇਆ। ਫਿਰ ਸਾਰਾ ਟੱਬਰ ਇਕੱਠਾ ਕਰਕੇ ਸਭ ਦੇ ਸਿਰਾਂ ਤੋਂ ਦੀ ਸੱਤ ਵਾਰ ਵਾਰਨਾ ਕੀਤਾ। ਉਹ ਹੈਰਾਨ ਹੋਈ ਇਹ ਸਭ ਕੁੱਝ ਵੇਖ ਰਹੀ ਸੀ। ਹੁਸ਼ਿਆਰਪੁਰ ਪਹੁੰਚ ਕੇ ਉਨ੍ਹਾਂ ਨੇ ਅੰਬ ਦੇ ਆਚਾਰ ਨਾਲ ਪਰਾਉਂਠੇ ਖਾਧੇ।
ਅੱਗੋਂ ਇੱਕਦਮ ਪਹਾੜਾਂ ਦੀ ਚੜ੍ਹਾਈ ਸ਼ੁਰੂ ਹੋ ਗਈ। ਗਰਮੀ ਵੀ ਹੋ ਗਈ ਸੀ। ਹਰਿੰਦਰ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।ਉਸ ਦੀ ਸੱਸ ਨੇ ਕਿਹਾ,” ਇਹੀ ਸਬੂਤ ਹੁੰਦਾ ਹੈ ਭਾਈ,ਜੇ ਕਿਸੇ ਨੇ ਕੁਛ ਖੁਆਇਆ ਹੋਵੇ, ਉਲਟੀਆਂ ‘ਚ ਨਿਕਲਦੈ।”
ਦੁਪਹਿਰ ਢਲਦੀ ਤੱਕ ਉਹ ਟਿਕਾਣੇ ਤੇ ਪਹੁੰਚ ਗਏ। ਹਰਿੰਦਰ ਦਾ ਉਲਟੀਆਂ ਕਰ ਕਰ ਕੇ ਬੁਰਾ ਹਾਲ ਹੋਇਆ ਪਿਆ ਸੀ। ਪਹਿਲਾਂ ਉਹ ਜਾਂਦੇ ਸਾਰ ਨਹਾਉਣ ਲਈ ਗਏ। ਪਹਾੜ ਤੋਂ ਇੱਕ ਪਾਈਪ ਜਿਹਾ ਪਾ ਕੇ ਅੱਗੇ ਹੋਰ ਪਾਈਪ ਪਾਏ ਹੋਏ ਸਨ। ਲੋਕ ਵਾਲਾਂ ਨੂੰ ਖੋਲ੍ਹ ਕੇ ਖੜ੍ਹੇ ਸਨ। ਕਈ ਸਾਧ ਆਪਣੇ ਨਾਲ ਲਿਆਂਦੀ ਸੰਗਤ ਨੂੰ ਆਪ ਨਹਾ ਰਹੇ ਸਨ। ਕਈ ਜ਼ਨਾਨੀਆਂ ਚੀਕਾਂ ਮਾਰ-ਮਾਰ ਕੇ ਪਿੱਛੇ ਜਾਂਦੀਆਂ। ਉਹਨਾਂ ਦੇ ਘਰ ਦੇ ਅਤੇ ਬਾਬੇ ਉਨ੍ਹਾਂ ਨੂੰ ਫੜ ਕੇ ਪਾਣੀ ਦੇ ਥੱਲੇ ਕਰ ਰਹੇ ਸਨ। ਕਈ ਮਾਨਸਿਕ ਰੋਗੀ ਉੱਚੀ- ਉੱਚੀ ਰੌਲ਼ਾ ਪਾ ਰਹੇ ਸਨ। ਹਰਿੰਦਰ ਦੀ ਸੱਸ ਨੇ ਦੱਸਿਆ ਕਿ ਇਹਨਾਂ ਵਿਚਲੇ ਭੂਤ ਇਹਨਾਂ ਨੂੰ ਪਾਣੀ ਦੇ ਨੇੜੇ ਨਹੀਂ ਜਾਣ ਦਿੰਦੇ।
ਰਾਤ ਨੂੰ ਹਰਿੰਦਰ ਹੁਰੀਂ ਵੀ ਬਾਬੇ ਵਾਲੇ ਤੰਬੂ ਵਿੱਚ ਆ ਗਏ ਸਨ। ਹੋਲੀਆਂ ਨੂੰ ਭੀੜ ਕਰਕੇ ਸਰਾਂ ਵਿੱਚ ਥਾਂ ਨਹੀਂ ਸੀ ਮਿਲੀ। ਉਂਝ ਵੀ ਰਾਤ ਨੂੰ ਬਾਬੇ ਦੀ ਚੌਂਕੀ ਭਰਨੀ ਸੀ। ਰਾਤ ਪਈ ਤੋਂ ਰੋਟੀ ਖਾ ਕੇ ਬਾਬੇ ਦੇ ਕੀਰਤਨ ਕਰਨ ਵਾਲੇ ਤਿਆਰ ਹੋ ਚੁੱਕੇ ਸਨ। ਬਾਬਾ ਵੀ ਗੱਦੀ ਉੱਤੇ ਬਿਰਾਜਮਾਨ ਹੋ ਗਿਆ ਸੀ। ਗੁਰਬਾਣੀ ਦੀ ਕੋਈ ਤੁਕ ਨਹੀਂ ਸੀ, ਸਗੋਂ ਆਪਣੀ ਹੀ ਤੁਕਬੰਦੀ ਸੀ। ਸਾਰੇ ਤੰਬੂਆਂ ‘ਚੋਂ ਢੋਲਕੀ ਛੈਣਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਹਰਿੰਦਰ ਆਪਣੇ ਪਤੀ ਨਾਲ ਪਿੱਛੇ ਜਿਹੇ ਬੈਠ ਗਈ ਸੀ।ਗਾਉਣਾ ਸ਼ੁਰੂ ਹੋਇਆ ਹੀ ਸੀ ਕਿ ਦੋ ਜ਼ਨਾਨੀਆਂ ਉੱਠ ਕੇ ਅੱਗੇ ਆ ਗਈਆਂ। ਉਨ੍ਹਾਂ ਨੇ ਆਪਣਾ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਤੇ ਬਾਬੇ ਨੇ ਉਨ੍ਹਾਂ ਦੇ ਚਿਮਟੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਜਿੰਨਾਂ ਜੋਰ ਦੀ ਗਾਉਂਦੇ ਉਹ ਤੀਵੀਆਂ ਉਨੇ ਜ਼ੋਰ ਨਾਲ ਆਪਣਾ ਸਿਰ ਘੁੰਮਾਉਂਦੀਆਂ। ਫਿਰ ਇੱਕ ਅਮਲੀ ਜਿਹਾ ਬੰਦਾ ਉੱਠ ਕੇ ਨੱਚਣ ਲੱਗ ਪਿਆ। ਉਹ ਲੱਕ ਹਿਲਾ ਹਿਲਾ ਕੇ ਬਾਹਾਂ ਨਾਲ ਇਸ਼ਾਰੇ ਕਰਦਾ। ਹਰਿੰਦਰ ਹੈਰਾਨ ਹੋਈ ਬੈਠੀ ਸੀ। ਅੱਧੀ ਰਾਤ ਨੂੰ ਸਾਰੇ ਤੰਬੂ ਵਿਚ ਜਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ