ਰਿਸ਼ਤੇ ਨਾਤੇ, ਖੂਨ….ਸਭ ਪਾਣੀ ਹੋ ਗਿਆ ਲੱਗਦਾ !!!
ਦੋ ਕੁ ਦਿਨ ਪਹਿਲਾ ਇੰਡੀਆ ਰਹਿੰਦੀ ਛੋਟੀ ਭੈਣ ਨਾਲ ਗੱਲ ਹੋਈ, ਛੋਟੀ ਭੈਣ ਨੇ ਅੱਖੀਂ ਵੇਖੀ ਕਹਾਣੀ ਸੁਣਾਈ, ਸੁਣ ਕਾਲਜਾ ਹੀ ਧੂਹਿਆ ਗਿਆ। ਛੋਟੀ ਭੈਣ ਕਹਿੰਦੀ ਐਥੇ ਸਾਡੇ ਸਕੂਲ ਚ ਇੱਕ ਟੀਚਰ ਹੁੰਦੀ ਸੀ ਤੇ ਸਾਰੇ ਉਸਨੂੰ ਮਿਸਿਜ ਪਾਲ ਦੇ ਨਾਉਂ ਨਾਲ ਹੀ ਬੁਲਾਉਂਦੇ ਸਨ । ਮਿਸਿਜ ਪਾਲ ਨੇ ਬਹੁਤ ਲੰਮਾ ਸਮਾਂ, ਇਸ ਸਕੂਲ ਚ ਪੜਾਇਆ ਤੇ ਇਕਲੌਤਾ ਪੁੱਤ ਵੀ ਏਸੇ ਸਕੂਲ ਚ ਬਾਰਵੀਂ ਤੱਕ ਪੜਿਆ ਤੇ ਹੋਰ ਉਚੇਰੀ ਪੜ੍ਹਾਈ ਕਰ ਅਮਰੀਕਾ ਚਲਿਆ ਗਿਆ ਤੇ ਓਥੇ ਹੀ ਵਿਆਹ ਕਰਵਾ ਸੈਟਲ ਹੋ ਗਿਆ । ਮਿਸਟਰ ਪਾਲ ਆਰਮੀ ਚੋਂ ਕਰਨਲ ਰਿਟਾਇਰਡ ਹੋਏ । ਰਿਟਾਇਰਮੈਂਟ ਤੋਂ ਬਾਅਦ ਮਿਸਟਰ ਪਾਲ ਨੇ ਵੀ ਕੁਝ ਸਮਾਂ ਏਸੇ ਸਕੂਲ ਦੀ ਮੈਨੇਜਮੈਂਟ ਚ ਸੇਵਾ ਨਿਭਾਈ। ਮਿਸਿਜ ਪਾਲ ਦੀ ਰਿਟਾਇਰਮੈਂਟ ਹੋਈ ਤਾਂ ਸਕੂਲ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ ਚ ਦੋਹਾਂ ਜੀਆਂ ਨੇ ਖੁੱਲ ਕੇ ਡਾਂਸ ਕੀਤਾ, ਅੱਧਾ ਪੌਣਾ ਘੰਟਾ ਦੋਨੋਂ ਜੀਅ ਇਕੱਲੇ ਹੀ ਡਾਂਸ ਕਰਦੇ ਰਹੇ । ਸਕੂਲ ਤੋਂ ਤਿੰਨ ਕੁ ਕਿਲੋਮੀਟਰ ਦੂਰ ਛੋਟੇ ਜੇਹੇ ਕਸਬੇ ਧਰਮਪੁਰ ਚ ਪੰਜ ਕੁ ਕਨਾਲ ਥਾਂ ਲੈ ਦੋਹਾਂ ਜੀਆਂ ਨੇ ਢਾਈ ਤਿੰਨ ਕਰੋੜ ਰੁਪਿਆ ਲਾ ਬਹੁਤ ਹੀ ਸੋਹਣਾ ਘਰ ਬਣਾਇਆ ਤੇ ਜੀਵਨ ਦਾ ਆਖਰੀ ਪੜਾ ਖੁਸ਼ੀ ਖੁਸ਼ੀ ਜਿਉਣ ਲੱਗੇ । ਸਕੂਲ ਦੇ ਬੱਚਿਆਂ ਤੇ ਸਟਾਫ ਮੈਬਰਾਂ ਨੂੰ ਦੋਨੋਂ ਜੀਅ ਅਕਸਰ ਹੀ ਆਪਣੇ ਘਰ ਬੁਲਾਉਂਦੇ ਰਹਿੰਦੇ, ਸ਼ਾਇਦ ਸਕੂਲ, ਸਕੂਲ ਦਾ ਸਟਾਫ ਤੇ ਸਕੂਲ ਚ ਪੜ੍ਹਨ ਵਾਲੇ ਬੱਚੇ ਹੀ ਦੋਹਾਂ ਜੀਆਂ ਲਈ ਅਸਲ ਪਰਿਵਾਰ ਸਨ । ਕੁੱਝ ਸਮਾਂ ਪਹਿਲਾਂ ਪੁੱਤ ਨੇ ਦੋਹਾਂ ਜੀਆਂ ਨੂੰ ਅਮਰੀਕਾ ਆਪਣੇ ਕੋਲ ਬੁਲਾ ਲਿਆ ਤੇ ਇੰਡੀਆ ਵਿਚਲੀ ਮਿਸਟਰ ਤੇ ਮਿਸਿਜ ਪਾਲ ਦੇ ਨਾਉਂ ਸਾਰੀ ਜਾਇਦਾਦ ਦਾ ਮੁਖਤਿਆਰਨਾਮਾ ਲੈ ਇੰਡੀਆ ਵਿਚਲੀ ਓਹਨਾਂ ਦੇ ਨਾਉਂ ਦੀ ਤਮਾਮ ਜਾਇਦਾਦ ਚੋਰੀ ਵੇਚ ਦਿੱਤੀ ਤੇ ਬਾਅਦ ਚ ਦੋਹਾਂ ਜੀਆਂ ਨੂੰ ਟਿਕਟ ਕਰਾ ਇੰਡੀਆ ਨੂੰ ਜਹਾਜ ਚੜਾ ਦਿੱਤਾ । ਦੋਨੋਂ ਜੀਅ ਇੰਡੀਆ ਆਏ ਤਾਂ ਵੇਖਿਆ, ਉਹਨਾਂ ਕੋਲ ਇੰਡੀਆ ਚ ਤਾਂ ਸਿਰ ਛੁਪਾਉਣ ਤੱਕ ਲਈ ਕੋਈ ਛੱਤ ਨਹੀ । ਉਹਨਾਂ ਨੂੰ ਤਾਂ ਉਹਨਾਂ ਦੇ ਪੁੱਤ ਨੇ ਹੀ ਦਿਨ ਦਿਹਾੜੇ ਠੱਗ ਬੇਘਰ ਕਰ ਦਿੱਤਾ । ਇਹ ਸਦਮਾ ਨਾ ਸਹਾਰਦੇ ਹੋਏ, ਮਿਸਟਰ ਪਾਲ ਦੀ ਤਾਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਸੱਤਰਾਂ ਨੂੰ ਢੁੱਕੀ ਮਿਸਿਜ ਪਾਲ ਹੁਣ ਚੰਡੀਗੜ੍ਹ ਦੇ ਕਿਸੇ ਬੇਸਹਾਰਾ ਘਰ ਚ ਅਨਾਥ ਵਾਂਗ ਰੁਲ ਰਹੀ ਆ ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ