More Punjabi Kahaniya  Posts
ਸਹਾਏ ਦੀ ਰੂਹ


‘ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।…ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?”
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼ ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ ‘ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।’ ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ”ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?”
ਮੁਮਤਾਜ਼ ਨੇ ਪੁੱਛਿਆ, ”ਕੀ ਕਰੇਂਗਾ…?”
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ”ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!”
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ…ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ ‘ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।’
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।’ ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?…ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ…ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ…ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।…ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ”ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।”
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ…ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) ‘ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ”ਇਹ ਸਿਰਫ ਨਜ਼ਰ ਦਾ ਧੋਖਾ ਏ…ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।”
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ”ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।”
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ”ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।”
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ”ਜਦ ਤੂੰ ਕਿਹਾ ਸੀ ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ’…ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ…ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ ‘ਤੇ ਪਹੁੰਚਿਆ ਸੈਂ ਤੂੰ?”
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ”ਪਰ ਮੈਨੂੰ ਅਫ਼ਸੋਸ ਏ!”
”ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,” ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ”ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ…ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ…ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।…ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।…ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।”
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ”ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, ‘ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ…ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ’…ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ…ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ…ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?…ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ…ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ…”
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ ‘ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ ਹੋ ਸਕਦੈ?’ ”
ਅਖ਼ੀਰ ਮੈਂ ਉਸ ਨੂੰ ਕਿਹਾ ਸੀ, ”ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!”
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ”ਨਹੀਂ, ਬਿਲਕੁਲ ਠੀਕ ਨਹੀਂ…ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ…ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ…ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ…ਪਰ ਉਹ ਸ਼ੈ ਹੈ ਕੀ?…ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।” ਇਹ ਕਹਿੰਦਿਆਂ ਹੋਇਆਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)