“ਸੰਗਲੀ”
ਮਾੜਕੂ ਜਿਹੇ ਕੁੱਤੇ ਦੇ ਗਲ ਵਿਚ ਸੰਗਲੀ ਪਾਈ ਸ਼ਹਿਰ ਦੇ ਪਾਰਕ ਦੇ ਗੇਟ ਕੋਲ ‘ਕਵਿਤਾ’ ਅਚਾਨਕ ਦਸ ਸਾਲ ਬਾਅਦ ਜਦ ਮੈਨੂੰ ਮਿਲ ਪਈ ਤਾਂ ਉਸਨੂੰ ਦੇਖ ਕੇ ਬਹੁਤ ਹੈਰਾਨੀ ਹੋਈ। ਕਾਲਜ ਦੇ ਗਿਣਵੇਂ ਨਾਵਾਂ ਵਿਚ ਆਉਂਦਾ ਉਸਦਾ ਸੁਹੱਪਣ ਮੰਨੋ ਖੰਭ ਲਾ ਕੇ ਉੱਡ ਚੁੱਕਾ ਸੀ। ਉਸਨੇ ਬੋਝਲ ਜਿਹੀਆਂ ਅੱਖਾਂ, ਥਿਰਕਦੇ ਬੁੱਲ੍ਹਾਂ ਨਾਲ ਮੈਨੂੰ ਫਤਿਹ ਬੁਲਾਈ ਅਤੇ ਅਸੀਂ ਤਿੰਨੇ ਪਾਰਕ ਵਿੱਚ ਲੱਗੇ ਬੈਠਣ ਵਾਲੇ ਬੈਂਚਾਂ ਵੱਲ ਹੋ ਤੁਰੇ। ਉਸ ਦੀਆਂ ਗੱਲਾਂ ਸੁਣਦੇ ਸੁਣਦੇ ਗੁੱਟ-ਘੜੀ ਦੀ ਵੱਡੀ ਸੂਈ ਪੂਰਾ ਚੱਕਰ ਕੱਢ ਆਪਣੇ ਥਾਂ ਦੁਬਾਰਾ ਆ ਗਈ। ਉਸਨੇ ਦੱਸਿਆ ਕਿ ਉਸਦਾ ਕੁੱਤਾ ਵਫਾਦਾਰ ਨਸਲ ਦਾ ਵਧੀਆ ਕੁੱਤਾ ਏ। ਮੈਂ ਇੱਕ ਵਾਰ ਕੁੱਤਾ ਪੂਰੀ ਨੀਂਝ ਲਾ ਕੇ ਦੇਖਿਆ ਅਤੇ ਗੱਲਾਂ ਗੱਲਾਂ ਵਿੱਚ ਕੁੱਤੇ ਗਲੋਂ ਸੰਗਲੀ ਲਾਹ ਵਗਾਹ ਮਾਰੀ ਤਾਂ ਕੁੱਤਾ ਪਾਰਕ ਦੇ ਦੂਜੇ ਪਾਸੇ ਦੌੜ ਗਿਆ। ਕਵਿਤਾ ਨੇ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਕੁੱਤੇ ਦੇ ਮਗਰ ਹੋ ਤੁਰੀ ਮੈਂ ਉੱਠ ਕੇ ਆਪਣੇ ਘਰ ਆ ਗਿਆ।
...
ਇੱਕ ਮਹੀਨਾ ਹੋ ਗਿਆ ਹੈ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ, ਸੋਚਦਾ ਹਾਂ ਕਿ ਕਵਿਤਾ ਤੇ ਕੁੱਤੇ ਦਾ ਕੀ ਬਣਿਆ ਹੋਵੇਗਾ। ਨਾ-ਚਹੁੰਦੇ ਹੋਏ ਵੀ ਅੱਜ ਉਸੇ ਪਾਰਕ ਵਿੱਚ ਆ ਬੈਠਾ ਸਾਂ। ਸੈਰ ਕਰਨ ਆਈ ‘ਕਵਿਤਾ’ ਦਸ ਸਾਲ ਪਹਿਲਾਂ ਵਾਲੀ ਚਿਹਰੇ ‘ਤੇ ਚਮਕ ਅਤੇ ਸਕੂਨ ਭਰੀਆਂ ਅੱਖਾਂ ਨਾਲ ਜਦ ਪਾਰਕ ਦੇ ਗੇਟ ਵਿੱਚੋਂ ਪਾਰਕ ਅੰਦਰ ਦਾਖਲ ਹੋਈ ਤਾਂ ਮੇਰਾ ਚਿਹਰਾ ਵੀ ਖਿੜ ਉੱਠਿਆ। ਉਸਦੇ ਨਾਲ ਚੱਲ ਰਿਹਾ ਕੁੱਤਾ ਵੀ ਅੱਗੇ ਨਾਲੋਂ ਤੰਦਰੁਸਤ ਹੈ ਅਤੇ ਉਸਦੇ ਗਲ ਵਿੱਚ ਕੋਈ ਸੰਗਲੀ ਵੀ ਨਹੀਂ ਪਾਈ ਹੋਈ। ਮੈਂ ਕਵਿਤਾ ਨੂੰ ਬਿਨਾਂ ਮਿਲੇ ਆਪਣੇ ਘਰ ਮੁੜ ਆਇਆਂ, ਹੁਣ ਸ਼ਾਇਦ ਕਵਿਤਾ ਨੂੰ ਵੀ ਸਮਝ ਆ ਗਈ ਸੀ ਕਿ ਵਫਾਦਾਰ ਨਸਲ ਦੇ ਗਲ ਸੰਗਲੀ ਨਹੀਂ ਪਾਈ ਜਾਂਦੀ।
ਲਿਖਤ–ਸਾਬ ਨਾਗਰਾ 8968225930
Access our app on your mobile device for a better experience!