ਸਾਰੇ ਪਿੰਡ ‘ਚ ਉਹਨਾਂ ਦੀ ਦੋਸਤੀ ਦੀ ਧੱਕ ਸੀ , ਲੋਕ ਸਹੁੰਆਂ ਖਾਂਦੇ ਸੀ ਉਹਨਾਂ ਦੀ ਮੁਲਾਹਜ਼ੇਦਾਰੀ ਦੀਆਂ। ‘ਦੇਵ ਤੇ ਕਰਨੈਲ ਦਸਵੀਂ ਕਰਕੇ ਧਨੌਲੇ ਵੱਡੇ ਸਕੂਲ ‘ਚ ਦਾਖ਼ਲ ਹੋ ਗਏ ਸੀ । ਉੱਥੇ ਵੀ ਤੱਤੀਆਂ ਠੰਡੀਆਂ ਉਹਨਾਂ ਦੋਹਾਂ ਨੇ ‘ਕੱਠੀਆਂ ਝੱਲੀਆਂ ਸੀ । ਕਰਨੈਲ ਪਿਉ ਤੋਂ ਆਹਰਾ ਸੀ , ਛੋਟਾ ਜਾ ਸੀ ਜਦ ਸਾਰੀ ਵਾਗਡੋਰ ਆਪਣੀ ਘਰਵਾਲੀ ਹੱਥ ਫੜ੍ਹਾ ਪਰਲੋਕ ਸਧਾਰ ਗਿਆ ਸੀ । ਮਾਂ ਨੇ ਤੰਗੀਆਂ ਤੁਰਸ਼ੀਆਂ ਵਿੱਚੋਂ ਲੰਘ ਕਰਨੈਲ ਨੂੰ ਪਾਲਿਆ , ਉਹਦੇ ਭਾਗ ਕਿ ਉਹ ਸਾਊ ਨਿਕਲਿਆ ਸੀ । ਸਾਰੀ ਕਬੀਲਦਾਰੀ ਛੇਤੀ ਹੀ ਆਪ ਸਾਂਭ ਨਾਲ ਨਾਲ ਪੜ੍ਹਾਈ ਵੀ ਕਰਦਾ । ਦੇਵ ਤਕੜੇ ਜਿਂਮੀਦਾਰ ਦਾ ਮੁੰਡਾ ਸੀ , ਸੌਲਾਂ ਕਿੱਲੇ ਵਾਹਨ ਸੀ ਤੇ ਨਹਿਰ ਦਾ ਪਾਣੀ ਲੱਗਦਾ ਸੀ ; ਉਹਨਾਂ ਦਿਨਾਂ ‘ਚ ਜਦ ਟਰੈਕਟਰ ਨਵੇਂ ਨਵੇਂ ਚੱਲੇ ਸੀ ਪਿੰਡ ਦਾ ਪਹਿਲਾ ਘਰ ਸੀ ਜੋ ਟਰੈਕਟਰ ਲੈ ਕੇ ਆਇਆ ਸੀ। ਪਿੰਡ ਦੇ ਲੋਕ ਕਈ ਦਿਨ ਬਸ ਦੇਖਣ ਹੀ ਉਹਨਾਂ ਦੇ ਘਰੇ ਜਾਂਦੇ ਰਹੇ ਕਿਇਹ ਕਿਹੋ ਜਿਹੀ ਛੈਅ ਆ ਜੋ ਬਿਨਾਂ ਬਲਦਾਂ ਦੇ ਹਲ ਮਾਰ ਦਿੰਦੀ ਹੈ ਪੈਲੀ ‘ਚ।
ਦੇਵ ਪੜ੍ਹਾਈ ‘ਚ ਇੰਨਾ ਤੇਜ਼ ਨੀ ਸੀ , ਜਿੰਨ੍ਹਾਂ ਕਰਨੈਲ ਸੀਗਾ ; ਦੇਵ ਦੇ ਪਿਉ ਨੂੰ ਇਹ ਸੀ ਕਿ ਤੇਰ੍ਹਵੀਂ ਕੱਢ ਜਾਵੇ ਤਾਂ ਆਪਣੀ ਲਿਹਾਜ਼ੀ ਮੰਤਰੀ ਨੂੰ ਸਿਫਾਰਸ਼ ਕਰ ਕਿਸੇ ਮਹਿਕਮੇ ‘ਚ ਬਾਉ ਹੀ ਲਵਾ ਲਵਾਂਗੇ । ਏਸੇ ਕਰਕੇ ਕਰਨੈਲ ਨਾਲੋਂ ਫਿਰਨੋ ਵਰਜ਼ਦਾ ਨੀ ਸੀ , ਸਗੋਂ ਉਹਨੂੰ ਵੀ ਆਵਦੇ ਪੁੱਤਾਂ ਵਰਗਾ ਹੀ ਸਮਝਦਾ ਸੀ ਭਾਂਵੇ ਉਹਨੂੰ ਗਰਜ਼ ਸੀ ਕਿ ਇਹਦੇ ਸਿਰ ਤੇ ਹੀ ਇਹ ਆਪਣੀ ਸਾਰੀ ਪੜ੍ਹਾਈ ਪੂਰੀ ਕਰ ਜਾਵੇ , ਫੇਰ ਵੀ ਉਹਨੇ ਕਦੇ ਕਰਨੈਲ ਨੂੰ ਓਪਰੀ ਅੱਖ ਨਾਲ ਨਹੀਂ ਸੀ ਦੇਖਿਆ ।
ਕਰਨੈਲ ਤੇ ਦੇਵ ਰਾਤ ਨੂੰ ਬੈਠਕ ‘ਚ ਬੈਠ ਦੁੱਧ ਪੱਤੀ ਪੀਂਦੇ ਰਹਿੰਦੇ , ਯੱਕੜ ਮਾਰਦੇ ਤੇ ਪੜ੍ਹਦੇ ਰਹਿੰਦੇ । ਪੇਪਰਾਂ ਤੋਂ ਬਾਅਦ ਦੀਆਂ ਛੁੱਟੀਆਂ ਸੀ , ਕਰਨੈਲ ਦੀ ਭੂਆ ਦੀ ਕੁੜੀ ਆਈ ਹੋਈ ਸੀ , ਹੁਣੇ ਹੀ ਦਸਵੀਂ ਦੇ ਇਮਤਿਹਾਨ ਦਿੱਤੇ ਸਨ । ਕੁੜੀ ਦੀ ਉਮਰ ਭਾਂਵੇ ਸੋਲ੍ਹਾਂ ਕੁ ਸਾਲ ਸੀ ਪਰ ਉਹਦੇ ਹੁਸਨ ਦੀ ਕਢਾਈ ਰੱਬ ਨੇ ਆਪ ਕੀਤੀ ਸੀ , ਤੇ ਜੁੱਸੇ ਤੋਂ ਵੀ ਰਕਾਨ ਲੱਗਦੀ ਸੀ । ਕੁੜੀਆਂ ਨੂੰ ਇੱਦੋਂ ਗਾਂਹ ਕੋਈ ਵਿਰਲਾ ਹੀ ਪੜ੍ਹਾਉੰਦਾ ਹੁੰਦਾ ਸੀ ਉਹਨਾਂ ਵੇਲਿਆਂ ‘ਚ ਸੋ ਪਾਸ ਹੁੰਦੀ ਭਾਵੇਂ ਫੇਲ ਉਹਦੇ ਵਿਆਹ ਆਲਾ ਤੰਦ ਛੇੜ ਹੀ ਲੈਣਾ ਸੀ ਘਰਦਿਆਂ ਕਰਨੈਲ ਦੀ ਭੂਆ ਨੇ ਸੋਚਿਆ ਹੋਣਾਂ ਚਲੋ ਨਾਲੇ ਮਾਮੀ ਨੂੰ ਮਿਲ ਆਵੇਗੀ ਨਾਲ ਚਾਰ ਦਿਨ ਕੰਮ ‘ਚ ਹੱਥ ਵਟਾ ਆਉ ਤਾਂ ਕੋਈ ਚੱਜ ਆਚਾਰ ਹੀ ਸਿੱਖ ਕੇ ਆਏਗੀ ।
“ਕਰਨੈਲ ਘਰੇ ਈ ਆ ਚਾਚੀ?” ਦੇਵ ਬਾਰ ਕੋਲ ਲੱਗੇ ਨਲਕੇ ਕੋਲ ਕੱਪੜੇ ਧੋਂਦੀ ਕਰਨੈਲ ਦੀ ਬੀਬੀ ਨੂੰ ਪੁੱਛਦਾ ਹੈ । “ਹਾਂ ਭਾਈ ਗਾਂਹ ਸਵਾਤ ‘ਚ ਬੈਠਾ ਹੁਣੇ ਆਇਆ ਸੀ ਖੇਤੋਂ ਗੇੜਾ ਮਾਰ ਕੇ ।”
ਤੇਜੋ ਇੰਨਾਂ ਆਖ , ਰੁਪਿੰਦਰ ਨੂੰ ਚਾਹ ਬਣਾਉਣ ਦਾ ਕਹਿ ਕੇ ਫੇਰ ਲੀੜਿਆਂ ਵੱਲ ਧਿਆਨ ਕਰ ਲੈਂਦੀ ਆ।
ਦੇਵ ਦੇ ਅੰਦਰ ਰੁਪਿੰਦਰ ਨੂੰ ਦੇਖ ਕੋਈ ਤਰਥੱਲੀ ਜਿਹੀ ਮੱਚ ਜਾਂਦੀ ਹੈ , ਵੇਖਿਆ ਤਾਂ ਉਹਨੇ ਪਹਿਲਾਂ ਵੀ ਬਹੁਤ ਵਾਰ ਸੀ ਪਰ ਉਦੋਂ ਉਹਨੇ ਇਨਾ ਰੂਪ ਨੀ ਸੀ ਨਿਖ਼ਾਰਿਆ । ਦੇਵ ਦੇ ਪੈਰ ਕੰਬਣ ਲੱਗ ਪੈਂਦੇ ਨੇ , ਪਰ ਫੇਰ ਵੀ ਲਿਹਾਜ਼ ਦੀ ਸ਼ਰਮ ਮਾਰਾ ਨੀਵੀਂ ਪਾਕੇ ਅੰਦਰ ਕਰਨੈਲ ਕੋਲ ਬੈਠ ਜਾਂਦਾ ਹੈ ।
ਇੱਧਰ ਉੱਧਰ ਦੀਆਂ ਮਾਰਦੇ ਦੀ ਅੱਜ ਦੇਵ ਦੀ ਜ਼ੁਬਾਨ ਤੁਤਲਾ ਰਹੀ ਸੀ , ਕਰਨੈਲ ਨੇ ਖਾਸਾ ਧਿਆਨ ਨਾ ਦਿੱਤਾ ਤੇ ਗੱਲਾਂ ‘ਚ ਮਗਨ ਰਿਹਾ ।
ਇੰਨੇਂ ਨੂੰ ਰੁਪਿੰਦਰ ਅੰਦਰ ਚਾਹ ਲੈਕੇ ਆਉੰਦੀ ਹੈ , “ਵੀਰੇ ਚਾਹ ਲੈ ਲਉ “
ਦੇਵ ਤ੍ਰਭਕ ਪੈਂਦਾ ਹੈ , ਜਿਵੇਂ ‘ਵੀਰੇ’ ਸ਼ਬਦ ਉਹਦੇ...
ਅੰਦਰ ਸੂਲ ਬਣਕੇ ਲੰਘ ਗਿਆ ਹੋਵੇ ।
ਉਹਨੇ ਚਾਹ ਚੱਕਦੇ ਨੇ ਬਹੁਤ ਜ਼ੋਰ ਲਾਇਆ ਕਿ ਕਿਸੇ ਹਿਸਾਬ ਨਾਲ ਟਰੈਅ ਉੇਤੋ ਦੀ ਹੱਥ ਰੁਪਿੰਦਰ ਦੇ ਹੱਥ ਨਾਲ ਛੂਹਿਆ ਜਾਵੇ ਪਰ ਕਰਨੈਲ ਦੇ ਬੈਠੇ ਤੋ ਉਹਦਾ ਇਹ ਹੀਆ ਨਾ ਪਿਆ ।
ਚਾਹ ਪੀਕੇ ਦੇਵ ਕੰਮ ਦਾ ਬਹਾਨਾ ਬਣਾ ਚਲਾ ਜਾਂਦਾ ਹੈ ਪਰ ਫੇਰ ਵੀ ਬਾਹਰ ਜਾਂਦੇ ਦਾ ਧਿਆਨ ਉਹਦਾ ਕੰਧੌਲੀ ਉਹਨੇ ਕੰਮ ਕਰ ਰਹੀ ਰੁਪਿੰਦਰ ਦੇ ਸਰੀਰ ਵੱਲ ਹੀ ਰਿਹਾ।
ਹੁਣ ਦੇਵ ਕਰਨੈਲ ਕੇ ਘਰ ਰੋਜ਼ ਵਾਂਗ ਹੀ ਆਉਣ ਲੱਗ ਪਿਆ , ਲਿਹਾਜ਼ ਇੰਨੀ ਕੁ ਸੀ ਕਿ ਕਰਨੈਲ ਨੂੰ ਇਹ ਸੁਭਾਵਿਕ ਹੀ ਲੱਗਿਆ ਪਰ ਦੇਵ ਦੀਆਂ ਜਿਂਮੀਦਾਰੀ ਨਜ਼ਰਾਂ ਕਿਸੇ ਹੋਰ ਮਾਰ ਦੇ ਵਿੱਚ ਸਨ । ਉਹਦਾ ਆਪਣੇ ਘਰੇ ਹੁਣ ਜੀ ਹੀ ਨਹੀਂ ਸੀ ਲੱਗਦਾ ਇੱਕ ਦੋ ਵਾਰ ਤਾਂ ਉੱਥੇ ਹੀ ਕਰਨੈਲ ਆਲੀ ਸਵਾਤ ‘ਚ ਰਾਤ ਕੱਟੀ ।
ਇੱਕ ਦਿਨ ਸੋਤੇ ਵੇਲੇ ਜਦ ਕਰਨੈਲ ਸ਼ਹਿਰ ਆੜਤੀਏ ਕੋਲ ਗਿਆ ਸੀ ਤਾਂ ਮੌਕਾ ਤਾੜ ਦੇਵ ਉਹਨਾਂ ਦੇ ਘਰ ਚਲਾ ਗਿਆ । ਤੇਜੋ ਨੂੰ ਅਣਜਾਨਾ ਬਣ ਕੇ ਕਰਨੈਲ ਬਾਰੇ ਪੁੱਛਦਾ ਹੈ ਤਾਂ ਉਹ ਕਹਿੰਦੀ ਬਸ ਆਉਣ ਵਾਲਾ ਹੀ ਹੋਣਾ ਹੈ , ਤੂੰ ਬਹਿ ਜਾ ਕੁੜੀ ਰੋਟੀਆਂ ਲੱਗੀ ਹੋਈ ਆ ਖਾ ਲੈ ਉਦੋ ਨੂੰ ਉਹ ਵੀ ਆ ਜਾਉ ।
ਤੇ ਕੋਈ ਕੰਮ ਕਰਦੀ ਤੇਜੋ ਅੰਦਰ ਸੰਦੂਕ ਚ ਕੁੱਝ ਰੱਖਣ ਚਲੀ ਜਾਂਦੀ ਹੈ।
ਕੁੜੀ ਭਾਵੇਂ ਕਿੱਡੀ ਭੋਲੀ ਤੇ ਸਿਆਣੀ ਹੋਵੇ , ਮੁੰਡੇ ਦੀ ਅੱਖ ਦੀ ਹਰ ਸ਼ਰਾਰਤ ਦਾ ਉਹਨੂੰ ਮੁੰਡੇ ਤੋਂ ਪਹਿਲਾਂ ਪਤਾ ਚੱਲ ਜਾਂਦਾ ਹੈ ।
ਉਹਨੇ ਦੇਵ ਵੱਲ ਪਤਾ ਨੀ ਕਿਹੋ ਜਿਹੀ ਸਰਸਰੀ ਨਿਗ੍ਹਾਂ ਨਾਲ ਦੇਖਿਆ ਕਿ ਦੇਵ ਨੂੰ ਕੋਈ ਹੌਂਸਲਾ ਜਿਹਾ ਮਿਲ ਗਿਆ ਤੇ ਉਹਨੇ ਰੋਟੀ ਲਾਹੁੰਦੀ ਰੁਪਿੰਦਰ ਦੀ ਬਾਹ ਫੜ੍ਹ ਲਈ ।
ਰੁਪਿੰਦਰ ਵੀ ਪਹਿਲਾਂ ਤਾਂ ਘਬਰਾ ਗਈ ਪਰ ਫੇਰ ਉਹਦੇ ਅੰਦਰ ਕਿਸੇ ਮੋਹ ਦੀ ਲੁਕੀ ਕਣੀ ਨੇ ਇਹਦਾ ਵਿਰੋਧ ਨਹੀਂ ਕੀਤਾ ਪਰ ਮਾਮੀ ਦੇ ਡਰੋਂ ਬਾਂਹ ਛੇਤੀ ਹੀ ਛੁੜਾ ਲਈ । ਦੇਵ ਰੋਟੀ ਖਾਂਦਾ ਤੇ ਬਿਨਾਂ ਕਰਨੈਲ ਨੂੰ ਉਡੀਕੇ ਚਲਾ ਜਾਂਦਾ ਹੈ।
ਇਹ ਸਭ ਲੁਕ ਛੁਪ ਕਿੰਨਾ ਚਿਰ ਚਲਦਾ ਰਿਹਾ ਕਿਸੇ ਨੂੰ ਕੋਈ ਖ਼ਬਰ ਨਹੀਂ ਹੋਈ
ਪਰ ਇੱਕ ਦਿਨ ਪਿੰਡ ਵਿੱਚ ਖ਼ਬਰ ਉੱਡ ਗਈ , ਦੇਵ ਰੁਪਿੰਦਰ ਨੂੰ ਭਜਾ ਕੇ ਲੈ ਗਿਆ ਸੀ।
ਜਿਹੜਾ ਪਿੰਡ ਉਹਨਾਂ ਦੋਹਾਂ ਦੀ ਦੋਸਤ ਤੇ ਜਾਨ ਦਿੰਦਾ ਸੀ, ਦੇਵ ਦੇ ਏਸ ਕੰਜ਼ਰਪੁਣੇ ਤੇ ਸ਼ਰਮ ਨਾਲ ਧਰਤੀ ਅੰਦਰ ਹੀ ਘੁਸਦਾ ਜਾ ਰਿਹਾ ਸੀ।
ਕਰਨੈਲ ਦੀ ਮਾਂ ਸੁੰਨ ਪਈ ਸੀ ਕਿ ਮੈ ਰੁਪਿੰਦਰ ਦੀ ਮਾਂ ਨੂੰ ਕਿਹੜਾ ਮੂੰਹ ਦਿਖਾਉੰ ਕਿ ਮੈਥੋਂ ਕੁੜੀ ਦੀ ਨਿਗ੍ਹਾ ਹੀ ਨਹੀਂ ਰੱਖੀ ਗਈ।
ਕਰਨੈਲ ਦੇ ਕੁੱਝ ਸਮਝ ਨਹੀਂ ਸੀ ਆ ਰਿਹਾ , ਉਹ ਚਾਹ ਤਾਂ ਰਿਹਾ ਸੀ ਐਸ ਵਕਤ ਹੀ ਫਾਹਾ ਲੈ ਲਵੇ ਪਰ ਫੇਰ ਬੇਬੇ..? ਇਹ ਖਿਆਲ ਉਹਨੂੰ ਜਿਉੰਦਾ ਰਹਿਣ ਲਈ ਮਜ਼ਬੂਰ ਕਰ ਰਿਹਾ ਸੀ।
ਉਹਨੂੰ ਯਾਦ ਆਇਆ ਅੱਜ ਜਿਹੜੀ ਉਹਨੇ ਸਿਰ ਤੇ ਪੱਗ ਬੰਨੀ ਸੀ ਇਹ ਦੇਵ ਦੀ ਸੀ ਜਿਹੜੀ ਉਹਨੇ ਉਹਦੇ ਨਾਲ ਕਿਸੇ ਵੇਲੇ ਵਟਾਈ ਸੀ ਤੇ ਪੱਗ ਵੱਟ ਯਾਰ ਬਣੇ ਸੀ ।
ਭਾਰੇ ਕਦਮਾਂ ਨਾਲ ਤੁਰਦਾ ਪੱਗ ਲਾ ਕੇ ਚੁੱਲੇ ਵਿੱਚ ਸਿੱਟ ਮਿੱਟੀ ਦਾ ਤੇਲ
ਪਾ ਅੱਗ ਲਾ ਦਿੱਤੀ ।
ਜਿਵੇਂ ਹੀ ਪੱਗ ਦੇ ਆਖ਼ਰੀ ਬਚੇ ਲੜ ਨੂੰ ਅੱਗ ਨੇ ਆਪਣੇ ਘੇਰੇ ‘ਚ ਫੜਿਆ ਉਹ ਹੰਝੂ ਵਹਿੰਦੀਆਂ ਅੱਖਾਂ ਨਾਲ ਉੱਠ ਸਵਾਤ ਵੱਲ ਤੁਰ ਪਿਆ
ਉਸਦੀ ਤੋਰ ਇਸ ਤਰ੍ਹਾਂ ਸੀ ਜਿਵੇਂ ਕੋਈ ਆਪਣੇ ਛੋਟੇ ਭਰਾ ਦਾ ਆਪਣੇ ਹੱਥੀਂ ਸੰਸਕਾਰ ਕਰਕੇ ਘਰ ਨੂੰ ਮੁੜ ਰਿਹਾ ਹੋਵੇ
-ਅਰਸ਼ਦੀਪ ਸਿੰਘ
Access our app on your mobile device for a better experience!