ਅੱਜ ਸਭ ਕੁਝ ਬਦਲ ਗਿਆ ਸੀ। ਸਾਰੇ ਰਿਸ਼ਤੇ ਨਾਤੇ ਬੇਬੇ ਬਾਪੂ ਤੋਂ ਮੰਮੀ ਡੈਡੀ,ਚਾਚਾ ਚਾਚੀ ਤੋਂ ਅੰਕਲ ਆਂਟੀ ਕੱਚੇ ਰਸਤਿਆਂ ਤੋਂ ਪੱਕੀਆਂ ਸੜਕਾਂ, ਟਾਂਗਿਆਂ ਤੋਂ ਬੱਸਾਂ ਕਾਰਾਂ,ਸਮੇਂ ਦੇ ਨਾਲ ਨਾਲ ਮੇਰਾ ਪਿੰਡ ‘ਤੇ ਮੈਂ ਵੀ ਬਿਲਕੁਲ ਬਦਲ ਚੁੱਕੇ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ,ਜਦੋਂ ਸਾਡੇ ਪਿੰਡ ਪੁੰਨਿਆਂ ਵਾਲੇ ਦਿਨ ਮੇਲਾ ਲੱਗਦਾ ਹੁੰਦਾ ਸੀ।ਉਸ ਸਮੇਂ ਤਾਂ ਬਾਪੂ ਤੋਂ ਪੰਜਾਹ ਪੈਸੇ ਲੈ ਕੇ ਮੇਲੇ ਵਿੱਚ ਪੂਰੀ ਐਸ਼ ਕਰਨੀ ਅਤੇ ਉੱਤੋਂ ਇੱਕੜ ਦੁੱਕੜ ਪੰਜੀਆਂ ਬੇਬੇ ਦੇ ਦਿੰਦੀ।
ਮੈਂ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਅਤੇ ਸਭ ਦਾ ਲਾਡਲਾ ਸੀ। ਬੱਸ ਇਸੇ ਕਰਕੇ ਬੇਬੇ ਜ਼ਿਆਦਾ ਪਿਆਰ ਮੈਨੂੰ ਹੀ ਕਰਦੀ।
ਸਾਡੇ ਪਿੰਡ ਸਿਵਿਆਂ ਦੇ ਕੋਲ ਇੱਕ ਭਾਰੀ ਪਿੱਪਲ ਸੀ, ਸਿਵੇ ਪਿੰਡ ਤੋਂ ਕਾਫੀ ਬਾਹਰ ਸਨ।ਪਰ ਉਹ ਪਿੱਪਲ ਇੰਨਾ ਵੱਡਾ ਸੀ ਕਿ ਪਿੰਡ ਦੇ ਹਰ ਘਰ ਦੀ ਛੱਤ ਉੱਤੋਂ ਖੜ੍ਹ ਕੇ ਦਿੱਸ ਜਾਂਦਾ।ਉਸ ਪਿੱਪਲ ਬਾਰੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਪਿੱਪਲ ਉੱਪਰ ਭੂਤਾਂ ਪ੍ਰੇਤਾਂ ਦਾ ਵਾਸਾ ਹੈ।ਪਿੰਡ ਵਿੱਚ ਜਿਹੜਾ ਵੀ ਬੰਦਾ ਬੁੜੀ ਮਰ ਜਾਂਦਾ ਉਹ ਇਸ ਪਿੱਪਲ ਉੱਪਰ ਭੂਤ ਬਣ ਡੇਰੇ ਲਾ ਲੈਂਦਾ।
ਬੱਸ ਏਸੇ ਕਰਕੇ ਉਸ ਪਿੱਪਲ ਵੱਲ ਲੋਕਾਂ ਦੀ ਆਉਣੀ ਜਾਣੀ ਬਹੁਤ ਘੱਟ ਸੀ।ਦਿਨ ਵੇਲੇ ਵੀ ਜੇਕਰ ਕਿਸੇ ਨੇ ਜਾਣਾ ਤਾਂ ਦੋ ਚਾਰਾਂ ਨੇ ਰਲ ਕੇ ਹੀ ਜਾਣਾ, ਪਰ ਰਾਤ ਨੂੰ ਕੋਈ ਨਹੀਂ ਸੀ ਜਾਂਦਾ।
ਮੇਰੀ ਬੇਬੇ ਨੇ ਮੇਰੇ ਗੁੱਟ ਵਿੱਚ ਲੋਹੇ ਦਾ ਕੜਾ ਪਾਇਆ ਹੋਇਆ ਸੀ ‘ਤੇ ਜਦੋਂ ਮੈਂ ਪੁੱਛਣਾ ਬੇਬੇ ਇਹ ਕੜਾ ਕਿਉਂ ਪਾਇਆ ਹੈ? ਤਾਂ ਬੇਬੇ ਨੇ ਕਹਿਣਾ “ਪੁੱਤ ਲੋਹੇ ਦੇ ਕੜੇ ਤੋਂ ਭੂਤਾਂ ਬਹੁਤ ਡਰਦੀਆਂ ਨੇ ਬੱਸ ਇਸੇ ਕਰਕੇ ‘ਤੇ ਫਿਰ ਮੈਂ ਲੋਹੇ ਦੇ ਕੜੇ ਵੱਲ ਹੀ ਵੇਖੀ ਜਾਣਾ ਕਿ ਅਜਿਹੀ ਕਿਹੜੀ ਗੱਲ ਹੈ ਇਸ ਵਿੱਚ ਕੇ ਇਸ ਤੋਂ ਭੂਤਾਂ ਭੂਤਨੀਆਂ ਡਰਦੀਆਂ ਹਨ।
ਸਾਡੀ ਬੇਬੇ ਸਾਨੂੰ ਕਦੇ ਵੀ ਉਸ ਪਿੱਪਲ ਵੱਲ ਨਾ ਜਾਣ ਦਿੰਦੀ। ਬੇਬੇ ਦੱਸਦੀ ਹੁੰਦੀ ਸੀ ਕਿ ਉਸ ਪਿੱਪਲ ਉੱਪਰ ਰੱਖੋ ‘ਤੇ ਕਰਤਾਰੀ ਦਾ ਭੂਤ ਰਹਿੰਦਾ ਹੈ।
ਜੋ ਛੋਟੇ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਪਿੱਪਲ ‘ਤੇ ਲੈ ਜਾਂਦੇ ਨੇ’ ਭਾਵੇਂ ਇਹ ਸਭ ਕਾਲਪਨਿਕ ਗੱਲਾਂ ਹੀ ਸੀ,ਬੇਬੇ ਸਾਨੂੰ ਡਰਾਉਂਦੀ ਸੀ ਕਿ ਅਸੀਂ ਉਸ ਪਿੱਪਲ ਵੱਲ ਨਾ ਜਾਈਏ, ਪਰ ਉਸ ਸਮੇਂ ਸੱਚਮੁੱਚ ਇਹ ਕਾਲਪਨਿਕ ਗੱਲਾਂ ਅਸਲੀਅਤ ਵਾਂਗ ਲੱਗਦੀਆਂ।
ਜਦੋਂ ਕਦੇ ਰਾਤ ਨੂੰ ਪਿੱਪਲ ਵਾਲੀ ਗੱਲ ਯਾਦ ਆ ਜਾਣੀ ਤਾਂ ਮੈਂ ਉੱਠ ਕੇ ਬੇਬੇ ਨਾਲ ਪੈ ਜਾਣਾ ਬੇਬੇ ਵੀ ਸਮਝ ਜਾਂਦੀ ਸੀ ‘ਤੇ ਫਿਰ ਬੇਬੇ ਮੈਨੂੰ ਘੁੱਟ ਕੇ ਜੱਫੀ ਪਾ ਲੈਂਦੀ ‘ਤੇ ਫਿਰ ਮੈਨੂੰ ਨੀਂਦ ਆ ਜਾਣੀ।
ਸਾਡੇ ਪਿੰਡ ਸਵੇਰੇ ਹੀ ਗੁਰਦੁਆਰੇ ਵਾਲਾ ਪਾਠੀ ਪਾਠ ਕਰਨਾ ਸ਼ੁਰੂ ਕਰ ਦਿੰਦਾ ਸੀ। ਮੇਰੀ ਬੇਬੇ ਬਹੁਤ ਧਾਰਮਿਕ ਖਿਆਲਾਂ ਵਾਲੀ ਸੀ ‘ਤੇ ਪਾਠੀ ਦੀ ਆਵਾਜ਼ ਸੁਣ ਕੇ ਜਾਗ ਜਾਂਦੀ ‘ਤੇ ਚੁੱਲ੍ਹੇ ‘ਤੇ ਚਾਹ ਧਰ ਕੇ ਮੈਨੂੰ ਵੀ ਉਠਾ ਦਿੰਦੀ। ਕਿਉਂਕਿ ਮੈਂ ਵੀ ਹਰ ਰੋਜ਼ ਬੇਬੇ ਨਾਲ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੁੰਦਾ ਸੀ।
ਸਿਵਿਆਂ ਵਾਲਾ ਪਿੱਪਲ ਸਾਡੇ ਸਕੂਲ ਤੋਂ ਥੋੜ੍ਹੀ ਹੀ ਦੂਰ ਸੀ ‘ਤੇ ਜੇਕਰ ਕਦੇ ਕਿਸੇ ਬੱਚੇ ਨੇ ਸਕੂਲ ਦਾ ਕੰਮ ਨਾ ਕਰਨਾ ਤਾਂ ਮਾਸਟਰਾਂ ਨੇ ਕਹਿਣਾ,”ਜੇਕਰ ਕੱਲ੍ਹ ਨੂੰ ਸਕੂਲ ਦਾ ਕੰਮ ਨਾ ਕੀਤਾ ਤਾਂ ਉਹ ਪਿੱਪਲ ਦੇ ਥੱਲੇ ਛੱਡ ਆਵਾਂਗੇ ‘ਤੇ ਇਸ ਤਰ੍ਹਾਂ ਅਸੀਂ ਡਰਦੇ ਮਾਰੇ ਹਰ ਰੋਜ਼ ਸਕੂਲ ਦਾ ਕੰਮ ਕਰਦੇ।
ਮੈਨੂੰ ਯਾਦ ਹੈ ਮੈਂ ਆਪਣੇ ਪੰਜਾਬੀ ਵਾਲੇ ਮਾਸਟਰ ਗੁਰਮੇਲ ਸਿੰਘ ਨੂੰ ਪੁੱਛਿਆ ਸੀ ਕਿ ਮਾਸਟਰ ਜੀ ਸੱਚਮੁੱਚ ਉਸ ਸਿਵਿਆਂ ਵਾਲੇ ਪਿੱਪਲ ਉੱਪਰ ਭੂਤਾਂ ਰਹਿੰਦੀਆਂ ਹਨ ਤਾਂ ਮਾਸਟਰ ਜੀ ਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਭੂਤਾਂ ਪ੍ਰੇਤਾਂ ਕੁਝ ਵੀ ਨਹੀਂ ਹੁੰਦੀਆਂ ਇਹ ਸਭ ਸਾਡੇ ਮਨ ਦਾ ਵਹਿਮ ਹੁੰਦਾ ਹੈ।ਪਰ ਮਾਸਟਰ ਜੀ, ਬੇਬੇ ਦੱਸਦੀ ਹੁੰਦੀ ਆ ਕੇ ਪਿੱਪਲ ਉੱਪਰ ਰੱਖੋ ‘ਤੇ ਕਰਤਾਰੀ ਦਾ ਭੂਤ ਰਹਿੰਦਾ ਹੈ।ਜੋ ਛੋਟੇ ਬੱਚਿਆਂ ਨੂੰ ਚੁੱਕ ਕੇ ਪਿੱਪਲ ਉੱਪਰ ਲੈ ਜਾਂਦੇ ਹਨ। ਇਹ ਸੁਣ ਕੇ ਮਾਸਟਰ ਜੀ ਬਹੁਤ ਹੱਸੇ ‘ਤੇ ਕਹਿਣ ਲੱਗੇ ਕਿ ਤੂੰ ਹਾਲੇ ਨਿਆਣਾ ਏਂ ਜਦੋਂ ਵੱਡਾ ਹੋ ਗਿਆ ਆਪੇ ਪਤਾ ਲੱਗ ਜਾਵੇਗਾ ਕਿ ਭੂਤਾਂ ਪ੍ਰੇਤਾਂ ਕੁਝ ਵੀ ਨਹੀਂ ਹੁੰਦੀਆਂ।
ਸਾਡੇ ਪਿੰਡ ਵਿੱਚ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਨਹੀਂ ਸੀ ‘ਤੇ ਨਾ ਹੀ ਸਾਡੇ ਪਿੰਡ ਨੂੰ ਸਰਕਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ