ਲੇਖਕ- ਗੁਰਪ੍ਰੀਤ ਕੌਰ
“ਤੁਹਾਡੀਆਂ ਅੱਖਾਂ ਚ ਐਨਾ ਦਰਦ ਕਿਉਂ ਨਜ਼ਰ ਆ ਰਿਹਾ ਹੈ..???”
ਸਨੈਪਚੈਟ ਤੇ ਇੱਕ ਅਣਜਾਣ ਵੱਲੋਂ ਇਹ ਮੈਸੇਜ ਆਇਆ ਵੇਖ ਕੇ ਮੈਂ ਇੱਕ ਵਾਰ ਤਾਂ ਆਪਣੀ ਸਨੈਪ ਸਟੋਰੀ ਮੁੜ ਤੋਂ ਵੇਖਣ ਲਈ ਮਜਬੂਰ ਹੋ ਗਈ। ਕੀ ਸੱਚਮੁੱਚ ਮੇਰੀ ਜਿੰਦਗੀ ਦਾ ਸੁੰਨਾਪਣ ਮੇਰੀਆਂ ਅੱਖਾਂ ਚ ਇਸ ਤਰ੍ਹਾਂ ਦਿਸਦਾ ਏ ਕਿ ਕੋਈ ਮੇਰੇ ਇਸ ਦਰਦ ਨੂੰ ਪਹਿਚਾਣ ਕੇ ਸਮਝ ਜਾਵੇ ਕਿ ਮੈਂ ਕਿਸ ਦੌਰ ਵਿੱਚੋਂ ਗੁਜ਼ਰ ਰਹੀ ਹਾਂ। ਸਨੈਪ ਸਟੋਰੀ ਤੇ ਮੈਂ ਕਦੇ ਵੀ ਆਪਣੀ ਪੂਰੀ ਫੋਟੋ ਨਹੀਂ ਲਾਈ, ਹਮੇਸ਼ਾ ਬੱਸ ਅੱਖਾਂ ਦੀ ਫੋਟੋ ਹੀ ਲਗਾਉਂਦੀ ਰਹੀ ਹਾਂ। ਪਹਿਲਾਂ ਵੀ ਅੱਖਾਂ ਦੀ ਫੋਟੋ ਦੇਖਕੇ ਅਣਜਾਣ ਲੋਕਾਂ ਦੇ ਮੈਸੇਜ ਆ ਜਾਂਦੇ ਸੀ, ਪਰ ਉਹ ਜ਼ਿਆਦਾਤਰ ਇਹੋ ਆਖਦੇ ਸੀ, “ਜੀ ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਨੇ..”
ਪਰ ਮੈਨੂੰ ਪਤਾ ਹੈ ਕਿ ਮੇਰੀਆਂ ਅੱਖਾਂ ਕਿੰਨੀਆਂ ਕੁ ਸੋਹਣੀਆਂ ਨੇ, ਇਸ ਲਈ ਮੈਂ ਅਜਿਹੇ ਲੋਕਾਂ ਨੂੰ ਕੋਈ ਜਵਾਬ ਨਾ ਦਿੰਦੀ ਕਿਉਂਕਿ ਮੈਨੂੰ ਪਤਾ ਰੋਡ ਰਾਂਝਿਆ ਨੂੰ ਗੱਲਬਾਤ ਜਾਰੀ ਕਰਨ ਦਾ ਇਹੋ ਤਰੀਕਾ ਆਉਂਦਾ ਹੈ।
ਪਰ ਇਹ ਜਿਸਨੇ ਮੈਸੇਜ ਕੀਤਾ ਸੀ, ਇਹ ਕੁਝ ਵੱਖ ਸੀ। ਮੈਂ ਆਪਣੀਆਂ ਅੱਖਾਂ ਨੂੰ ਸ਼ੀਸ਼ੇ ਚ ਵੇਖਿਆ, ਮੇਰੀਆਂ ਅੱਖਾਂ ਚ ਇੱਕ ਉਦਾਸੀ ਸੀ, ਤੇ ਇਸ ਉਦਾਸੀ ਦਾ ਕਾਰਨ ਵੀ ਕੋਈ ਹੋਰ ਨਹੀਂ ਮੇਰਾ ਆਪਣਾ ਘਰਵਾਲਾ ਰਵਿੰਦਰ ਹੈ। ਮੇਰੇ ਸੁਪਨੇ, ਮੇਰੀਆਂ ਰੀਝਾਂ ਸਭ ਕੁਝ ਨਸ਼ੇ ਨਾਲ ਆਪਣੇ ਸ਼ਰੀਰ ਵਾਂਗ ਖੋਖਲਾ ਕਰ ਗਿਆ। ਸਾਰਾ ਦਿਨ ਘਰੇ ਪਿਆ ਰਹਿੰਦਾ ਏ ਤੇ ਜਦੋਂ ਨਸ਼ੇ ਦੀ ਤੋੜ ਲੱਗਦੀ ਐ ਤਾਂ ਉੱਠ ਕੇ ਹਲਕੇ ਕੁੱਤੇ ਵਾਂਗ ਨਸ਼ੇੜੀਆਂ ਦੇ ਅੱਡਿਆਂ ਵੱਲ ਨੂੰ ਹੋ ਤੁਰਦਾ ਹੈ। ਪਿਛਲੇ ਤਿੰਨ ਚਾਰ ਸਾਲ ਚ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਨਸ਼ੇ ਛੱਡ ਦੇਵੇ ਪਰ ਮੇਰੀਆਂ ਸਭ ਕੋਸ਼ਿਸ਼ਾਂ ਵਿਅਰਥ ਗਈਆਂ। ਜਦ ਨਸ਼ੇ ਬਾਝੋਂ ਵਿਲਕਦਾ ਤਾਂ ਅਖੀਰ ਨੂੰ ਤਰਸ ਆ ਹੀ ਜਾਂਦਾ, ਤੇ ਅਸੀਂ ਸਭ ਐਨੇ ਮਜਬੂਰ ਹੋ ਜਾਂਦੇ ਕਿ ਖੁਦ ਇਸਦੇ ਨਸ਼ੇ ਦੀ ਪੂਰਤੀ ਕਰਦੇ।
ਕਦੇ ਆਪਣੀ ਕਿਸਮਤ ਨੂੰ ਕੋਸਦੀ ਤੇ ਕਦੇ ਆਪਣੇ ਮਾਪਿਆਂ ਨੂੰ ਜਿਹਨਾਂ ਨੇ ਉੱਨੀਵੇਂ ਸਾਲ ਚ ਹੀ ਮੇਰਾ ਵਿਆਹ ਕਰ ਦਿੱਤਾ ਸੀ। ਕਹਿੰਦੇ ਨੇ ਧੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਕੇ ਹੀ ਵਿਆਹੋ, ਪਰ ਸਮਾਜ ਹਾਲੇ ਵੀ ਕਹਿੰਦਾ ਹੈ ਕਿ ਜ਼ਨਾਨੀ ਘਰਦੇ ਕੰਮ ਕਰ ਲਵੇ ਉਹੀ ਬਹੁਤ ਹੈ। ਮੈਨੂੰ ਵੀ ਮਾਪਿਆਂ ਨੇ ਅੱਗੇ ਪੜ੍ਹਨ ਦੀ ਗੱਲ ਤੇ ਇਹੋ ਸਮਝਾਇਆ ਕਿ ਤੂੰ ਕੀ ਕਰਨਾ ਪੜ੍ਹ ਕੇ, ਚੰਗਾ ਘਰ ਬਾਰ ਮਿਲ ਗਿਆ, ਆਪਣੇ ਨਿਆਣਿਆਂ ਨੂੰ ਪੜ੍ਹਾਉਣ ਲਾਇਕ ਹੋ ਗਈ ਏ, ਬੱਸ ਬਹੁਤ ਹੈ। ਨਵਾਂ ਨਵਾਂ ਵਿਆਹ ਹੋਇਆ ਤਾਂ ਚੂੜੇ ਤੇ ਸੋਹਣੇ ਸੋਹਣੇ ਸੂਟਾਂ ਦਾ ਚਾਅ ਛੇਤੀ ਹੀ ਲਹਿ ਗਿਆ ਜਦੋਂ ਪਤਾ ਲੱਗਿਆ ਕਿ ਰਵਿੰਦਰ ਤਾਂ ਪੱਕਾ ਨਸ਼ੇ ਦਾ ਆਦੀ ਹੈ। ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਪੇਕੇ ਜਾ ਕੇ ਜਦੋਂ ਮਾਂ ਨੂੰ ਦੱਸਿਆ ਤਾਂ ਉਹਨਾਂ ਨੇ ਵਿਚੋਲਿਆਂ ਨੂੰ ਬੁਲਾਇਆ। ਅਖੀਰ ਗੱਲ ਇੱਥੇ ਆ ਕੇ ਨਿੱਬੜੀ ਕਿ ਨਸ਼ਾ ਛੁਡਾਇਆ ਜਾਵੇਗਾ, ਤੇ ਰਵਿੰਦਰ ਨੂੰ ਇਸ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾਵੇਗਾ। ਦੋ ਮਹੀਨੇ ਉੱਥੇ ਰਹਿ ਕੇ ਵੀ ਆ ਗਿਆ। ਥੋੜੇ ਦਿਨ ਠੀਕ ਰਿਹਾ ਪਰ ਹਾਲਾਤ ਫੇਰ ਉਹੀ ਹੋ ਗਏ। ਤੇ ਇਹਨਾਂ ਹਾਲਾਤਾਂ ਚ ਸਾਡੀ ਜ਼ਿੰਦਗੀ ਚ ਤੀਜੇ ਜਾਣੇ ਨੇ ਦਸਤਕ ਦਿੱਤੀ। ਮੈਨੂੰ ਲੱਗਿਆ ਸ਼ਾਇਦ ਔਲਾਦ ਕਰਕੇ ਹੀ ਨਸ਼ਿਆਂ ਨੂੰ ਤਿਆਗ ਦੇਵੇਗਾ। ਪਰ ਕੋਈ ਫਾਇਦਾ ਨਾ ਹੋਇਆ। ਪਹਿਲਾਂ ਮੇਰੇ ਕੋਲ ਮੌਕਾ ਸੀ ਕਿ ਮੈਂ ਰਵਿੰਦਰ ਨੂੰ ਨਸ਼ਿਆਂ ਦੀ ਦਲਦਲ ਚ ਫਸੇ ਨੂੰ ਛੱਡਕੇ ਇੱਥੋਂ ਜਾ ਸਕਦੀ ਸੀ। ਪਰ ਹੁਣ, ਹੁਣ ਤਾਂ ਮੁੜਨਾ ਬਹੁਤ ਔਖਾ ਹੈ। ਜੇਕਰ ਮੈਂ ਗਈ ਤਾਂ ਮੇਰੀ ਧੀ ਰੁਲ ਜਾਉ।
ਹੁਣ ਮੈਨੂੰ ਪੈਸੇ ਦੀ ਜ਼ਿਆਦਾ ਪ੍ਰੇਸ਼ਾਨੀ ਨਹੀਂ ਝੱਲਣੀ ਪੈਂਦੀ, ਮੈਂ ਘਰ ਚ ਇੱਕ ਪਾਸੇ ਪਾਰਲਰ ਖੋਲ੍ਹ ਲਿਆ ਤੇ ਨਾਲ ਨਾਲ ਕੱਪੜੇ ਸਿਉਣ ਦਾ ਕੰਮ ਵੀ ਕਰ ਰਹੀ ਹਾਂ। ਰਵਿੰਦਰ ਵੱਲੋਂ ਕਮਾਈ ਦਾ ਕੋਈ ਵਸੀਲਾ ਨਹੀਂ। ਉਹ ਤਾਂ ਨਸ਼ਾ ਕਰਕੇ ਸਾਰਾ ਦਿਨ ਘਰ ਸੁੱਤਾ ਪਿਆ ਰਹਿੰਦਾ ਹੈ। ਮੈਂ ਆਪਣੀਆਂ, ਸੱਸ ਸਹੁਰੇ ਦੀਆਂ ਤੇ ਆਪਣੀ ਧੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹਾਂ।
ਪਰ ਇੱਕ ਔਰਤ ਦੀਆਂ ਜ਼ਰੂਰਤਾਂ ਸਿਰਫ ਕੱਪੜੇ ਮੇਕਅੱਪ ਹੀ ਨਹੀਂ ਹੁੰਦਾ। ਮੇਰੇ ਕੋਲ ਅਜਿਹਾ ਕੋਈ ਇਨਸਾਨ ਨਹੀਂ ਜੋ ਮੈਨੂੰ ਸਮਝ ਸਕੇ, ਮੇਰੀ ਚੁੱਪ ਨੂੰ ਸੁਣ ਸਕੇ, ਮੈਨੂੰ ਪਤਾ ਹੋਵੇ ਕਿ ਜੇਕਰ ਕਦੇ ਮੈਂ ਕਮਜ਼ੋਰ ਪਵਾਂਗੀ ਤਾਂ ਇਹ ਮੈਨੂੰ ਸੰਭਾਲ ਲਵੇਗਾ।
ਮੇਰੇ ਦੁੱਖ ਭਰੇ ਦਿਲ ਨੂੰ ਪਿਆਰ ਤੇ ਅਪਣੱਤ ਦੀ ਸਤਰੰਗੀ ਪੀਂਘ ਨਾਲ ਸ਼ਿੰਗਾਰ ਦੇਵੇਗਾ। ਹਰ ਕਿਸੇ ਨੂੰ ਇੱਕ ਸਾਥੀ ਦੀ ਜ਼ਰੂਰਤ ਹੁੰਦੀ ਹੈ ਜੋ ਜਜਬਾਤਾਂ ਨੂੰ ਸਮਝੇ। ਜਿੰਦਗੀ ਦੇ ਖਾਲੀਪਣ ਨੂੰ ਮਹਿਕਾ ਦੇਵੇ।
ਅੱਜਕਲ੍ਹ ਭਾਵੇਂ ਇੰਟਰਨੈੱਟ ਤੇ ਸਭ ਸੁਖਾਲਾ ਹੈ, ਪਰ ਮੈਂ ਜਾਣਦੀ ਹਾਂ ਕਿ ਇਹ ਥੋੜ੍ਹਚਿਰੇ ਰਿਸ਼ਤੇ ਇੱਕ ਬਲੌਕ ਦੀ ਮਾਰ ਹੁੰਦੇ ਨੇ। ਪਲਾਂ ਛਿਣਾਂ ਵਿੱਚ ਕੋਈ ਤੁਹਾਡੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਸ਼ਾਮ ਤੱਕ ਗਾਇਬ ਹੋ ਜਾਵੇਗਾ। ਫੇਰ ਜਿੰਨਾ ਮਰਜ਼ੀ ਲੱਭਦੇ ਰਹੋ ਉਹ ਨਹੀਂ ਮਿਲਣ ਵਾਲਾ। ਇਸ ਲਈ ਮੈਂ ਵੀ ਕਦੇ ਕਿਸੇ ਨੂੰ ਤਵੱਜੋ ਨਾਲ ਦਿੱਤੀ।
ਪਰ ਇਸ ਮੈਸੇਜ ਨੇ ਮੈਨੂੰ ਸੋਚਾਂ ਦੀ ਘੁੰਮਣਘੇਰੀ ਵਿੱਚ ਉਲਝਾ ਦਿੱਤਾ। ਮੈਂ ਅਗਲੀ ਵਾਰ ਚੰਗੀ ਤਰ੍ਹਾਂ ਅੱਖਾਂ ਦਾ ਮੇਕਅੱਪ ਕਰਕੇ ਸਨੈਪ ਸਟੋਰੀ ਅੱਪਡੇਟ ਕੀਤੀ। ਥੋੜੀ ਦੇਰ ਬਾਅਦ ਉਸ ਅਣਜਾਣ ਦਾ ਮੈਸੇਜ ਆ ਗਿਆ, “ਇਹ ਬਾਹਰੀ ਸਜਾਵਟ ਦਿਲ ਦੀ ਵਿਰਾਨਗੀ ਨੂੰ ਰੰਗੀਨ ਨਹੀਂ ਕਰ ਸਕਦੀ… ਕੋਸ਼ਿਸ਼ ਚੰਗੀ ਐ.. ਪਰ ਅੰਦਰ ਦਾ ਵਿਸਮਾਦ ਕਿਵੇਂ ਲੁਕੋ ਸਕਦੇ ਹੋ… ਜਦੋਂ ਅੱਖਾਂ ਚੀਕ ਚੀਕ ਕੇ ਦੱਸ ਰਹੀਆਂ ਨੇ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ