ਕੁੜੇ ਕੌਣ ਖੂਹ ਚ ਛਾਲ ਮਾਰ ਕੇ ਮਰ ਗਈ । ਤੇਰੀ ਤਾਈਂ ਸੀਤੋ ਆਖਦੀ ਸੀ ਕਿ ਸਵੇਰੇ ਸਵੇਰੇ ਖੂਹ ਚੋਂ ਕਿਸੇ ਬੁੜੀ ਦੀ ਲਾਸ਼ ਨਿਕਲੀ ਹੈ । ਨਾਨੀ ਬੁੱਧੁ ਦੇ ਘਰ ਵਾਲੀ ਮਰ ਗੲੀ । ਹੈਂ ਕਿਉਂ ਕੁੜੇ ਉਹ ਕਿਉਂ ਮਰ ਗੲੀ, ਨਾਨੀ ਨੇ ਹੈਰਾਨ ਹੁੰਦਿਆਂ ਪੁੱਛਿਆ । ਨਾਨੀ ਕੀ ਪਤਾ ਕੀ ਹੋਇਆ ਪਿਐ ਦੁਨੀਆਂ ਨੂੰ ਜੋ ਇਵੇਂ ਹੀ ਮਰੀ ਜਾਂਦੇ ਨੇ । ਨਾ ਕੁੜੇ ਉਹ ਇਵੇਂ ਹੀ ਨਹੀਂ ਮਰੀ ਹੋਣੀ ਉਹ ਤਾਂ ਔਖੀ ਵਾਲੀ ਸੀ । ਕਿਉਂ ਨਾਨੀ ਔਖੀ ਨੂੰ ਉਹਨੂੰ ਕੀ ਹੋਇਆ ਸੀ । ਹੋਰ ਕੁੜੇ ਦਿਨੇ ਸੱਸ ਨਹੀਂ ਟਿਕਣ ਦਿੰਦੀ ਸੀ ਰਾਤ ਨੂੰ ਬੁੱਧੁ ਕੁੱਟ ਕੇ ਘਰੋਂ ਕੱਢ ਦਿੰਦਾ ਸੀ । ਕਿਉਂ ਨਾਨੀ ਰਾਤ ਨੂੰ ਕਿਉਂ ਕੱਢ ਦਿੰਦਾ ਸੀ । ਹੋਰ ਪੁੱਤ ਪੋਹ ਮਾਘ ਦੀਆਂ ਰਾਤਾਂ ਚ ਵਿਚਾਰੀਂ ਨੇ ਸਾਰੀ ਸਾਰੀ ਰਾਤ ਬਾਹਰ ਬਹਿ ਕੇ ਭੁੱਖਣ ਭਾਣੇ ਰਾਤਾਂ ਕੱਟੀਆਂ ਸੀ ਉਹਨੇ । ਉਹਨੇ ਹੀ ਨਹੀਂ ਕੁੜੀਆਂ ਨੇ ਵੀ ਉਹਦੇ ਨਾਲ ਹੀ ਸੰਤਾਪ ਭੋਗਿਆ ਸੀ। ਉਹ ਕਿਵੇਂ ਨਾਨੀ? ਹੋਰ ਪੁੱਤ ਕੁੜੀਆਂ ਵਾਲੀਆਂ ਹੋਣ ਕਰਕੇ ਉਹਦੀ ਕਦਰ ਨਹੀਂ ਪਈ । ਆਖਰੀ ਕੁੜੀ ਵੇਲੇ ਤਾਂ ਉਹ ਮਸਾਂ ਬਚੀ ਸੀ । ਕਿੰਨੀਆਂ ਕੁੜੀਆਂ ਨੇ ਨਾਨੀ ਉਹਦੇ । ਛੇ ਕੁੜੀਆਂ ਕੋਲ ਨੇ ਸੱਤਵੀਂ ਜੰਮਦਿਆਂ ਹੀ ਮਰ ਗੲੀ । ਚੱਲ ਨਾਨੀ ਉਹਦੇ ਤਾਂ ਕਰਮ ਚੰਗੇ ਸੀ ਜੋ ਜੰਮਦਿਆਂ ਹੀ ਮਰ ਗੲੀ । ਹੋਰ ਪੁੱਤ ਰੱਬ ਵੀ ਪਤਾ ਨਹੀਂ ਕੀ ਭਾਲਦੈ, ਇੱਕ ਪੁੱਤ ਦੇ ਦਿੰਦਾ ਚੱਲ ਜੁਆਕੜੀ ਦੇ ਪੈਰ ਲੱਗ ਜਾਂਦੇ। ਕਿਰਨ ਨੇ ਆਪਦੀ ਨਾਨੀ ਨੂੰ ਹੈਰਾਨ ਹੁੰਦਿਆਂ ਪੁੱਛਿਆ। ਨਾਨੀ ਸੋਹਰੇ ਘਰ ਵੱਸਣ ਲੲੀ ਮੁੰਡਾ ਹੋਣਾ ਜ਼ਰੂਰੀ ਹੁੰਦੈ? ਹਾਂ ਪੁੱਤ ਇਹ ਤਾਂ ਜੱਗ ਦੀ ਰੀਤ ਹੈ ਕਿ ਪੁੱਤ ਅਗਲੇ ਵਾਰਸ ਹੁੰਦੇ ਨੇ । ਕਿਉਂ ਨਾਨੀ ਧੀਆਂ ਕਿਉਂ ਨਹੀਂ ਵਾਰਸ ਬਣ ਸਕਦੀਆਂ? ਪੁੱਤ ਧੀਆਂ ਤਾਂ ਵਿਆਹ ਕੇ ਸੋਹਰੇ ਚੱਲੀਆਂ ਜਾਂਦੀਆਂ ਨੇ । ਫਿਰ ਪੁੱਤ ਹੀ ਵਾਰਸ ਬਣਨਗੇ । ਨਹੀਂ ਨਾਨੀ ਇਹ ਤਾਂ ਗ਼ਲਤ ਗੱਲ ਐ, ਨਾ ਤੋਰਨ ਮਾਪੇ ਧੀਆਂ ਨੂੰ ਵਿਆਹ ਕੇ । ਪੁੱਤ ਇਹ ਜੱਗ ਦੀਆਂ ਰੀਤਾਂ ਨੇ । ਨਾਨੀ ਜੱਗ ਦੀਆਂ ਰੀਤਾਂ ਨੇ ਰੱਬ ਦੀਆਂ ਥੌੜੈ। ਇਹਨਾਂ ਨੂੰ ਤਾਂ ਬਦਲਿਆ ਵੀ ਜਾ ਸਕਦੈ । ਪੁੱਤ ਰੀਤਾਂ ਸਦੀਆਂ ਤੱਕ ਚੱਲਦੀ ਰਹਿੰਦੀਆਂ ਨੇ ਇਹ ਬਦਲੀਆਂ ਨਹੀਂ ਜਾਂਦੀਆਂ ਹੁੰਦੀਆਂ। ਨਾਨੀ ਮੈਂ ਬਦਲੂਗੀ ਇਹ ਰੀਤਾਂ ਮੈਂ ਵਿਆਹ ਕਰਵਾ ਕੇ ਸੋਹਰੇ ਨਹੀਂ ਜਾਂਦੀ ਮੁੰਡੇ ਨੂੰ ਵਿਆਹ ਕੇ ਸੋਹਰੇ ਲੈਂ ਕੇ ਆਉ । ਪੁੱਤ ਕੁੜੀਆਂ ਹੀ ਵਿਆਹ ਕੇ ਜਾਂਦੀਆਂ ਹੁੰਦੀਆਂ ਮੁੰਡੇ ਨਹੀਂ , ਇਹੀ ਜੱਗ ਦੀ ਰੀਤ ਹੈ ।ਨਾਨੀ ਰੱਬ ਲੲੀ ਤਾਂ ਸਭ ਬਰਾਬਰ ਹੁੰਦੇ ਨੇ ਇਹ ਮਨੁੱਖ ਹੀ ਕਿਉਂ ਕੁੜੀਆਂ ਮੁੰਡਿਆਂ ਚ ਫ਼ਰਕ ਕਰਦੈ ਨੇ । ਨਾਨੀ ਔਲਾਦ ਤਾਂ ਜਾਨਵਰ ਤੇ ਪੰਛੀ ਵੀ ਪੈਦਾ ਕਰਦੇ ਨੇ । ਫਿਰ ਜਾਨਵਰਾਂ ਤੇ ਪੰਛੀਆਂ ਚ ਤਾਂ ਇਦਾਂ ਦੀਆਂ ਗੱਲਾਂ ਕਦੇ ਹੋਈਆਂ ਨਹੀਂ । ਕਰਤਾਰੋ ਨੇ ਅਚਰਜਤਾ ਨਾਲ ਕਿਰਨ ਦੇ ਮੂੰਹ ਵੱਲ ਦੇਖਿਆ ਕਿ ਇੱਡੀ ਨਿੱਕੀ ਨੂੰ ਇਹ ਗੱਲਾਂ ਦੀ ਸਮਝ ਕਿਵੇਂ । ਪੁੱਤ ਤੈਨੂੰ ਇਹ ਗੱਲਾਂ ਦਾ ਕਿਵੇਂ ਪਤਾ । ਬੇਬੇ ਕਿਤਾਬਾਂ ਚ ਸਾਰਾ ਕੁਝ ਲਿਖਿਆ ਹੁੰਦੈ । ਕਿ ਜਾਨਵਰ ਮਨੁੱਖ ਵਾਂਗ ਬੱਚੇ ਪੈਦਾ ਕਰਦੇ ਨੇ ਤੇ ਪੰਛੀ ਅੰਡੇ ਦੇ ਕੇ ਆਪਣੇ ਬੱਚੇ ਪੈਦਾ ਕਰਦੇ ਨੇ । ਅੱਛਾ ਪੁੱਤ ਕਿਤਾਬਾਂ ਚ ਇੰਨਾ ਕੁਝ ਹੁੰਦੈ । ਹਾਂ ਨਾਨੀ ਸਾਰਾ ਕੁਝ ਅਸੀਂ ਕਿਤਾਬਾਂ ਚੋਂ ਹੀ ਪੜਦੇ ਹਾਂ । ਚੱਲ ਚੰਗੀ ਗੱਲ ਐ ਪੁੱਤ ਕਿਤਾਬਾਂ ਤੁਹਾਨੂੰ ਗਿਆਨ ਦਿੰਦੀਆਂ ਨੇ ਮਨ ਲਾ ਕੇ ਪੜਿਆ ਕਰ । ਹਾਂ ਨਾਨੀ ਮੈਂ ਮਨ ਲਾ ਕੇ ਹੀ ਪੜਦੀ ਹਾਂ ਮੈਂ ਵੀ ਲੇਖਕ ਬਣੂ ਤੇ ਲੋਕਾਂ ਦੇ ਦੁੱਖ ਦਰਦ ਆਪਣੀਆਂ ਕਹਾਣੀਆਂ ਵਿੱਚ ਲਿਖਿਆ ਕਰੂਂ । ਅੱਛਾ ਪੁੱਤ ਲੇਖਕ ਕੀ ਹੁੰਦੈ । ਬੇਬੇ ਜੋ ਕਿਤਾਬਾਂ ਲਿਖਦੇ ਨੇ ਉਹਨਾਂ ਨੂੰ ਲੇਖਕ ਕਹਿੰਦੇ ਨੇ। ਠੀਕ ਐ ਪੁੱਤ ਜੋ ਮਰਜ਼ੀ ਬਣ ਜਾਈ ਪਰ ਸਿੱਧੀ ਨੀਤ ਨਾਲ ਪੜ ਕੇ ਬਣੀ । ਚੱਲ ਚੰਗਾ ਪੁੱਤ ਹੁਣ ਮੈਂ ਬੁੱਧੁ ਕੇ ਜਾ ਆਵਾਂ, ਦੇਖ ਆਵਾਂ, ਸੰਸਕਾਰ ਚ ਹਾਲੇ ਕਿੰਨਾ ਕ ਟੈਮ ਲੱਗੂ । ਚੰਗਾ ਨਾਨੀ। ਕਹਿ ਕੇ ਕਿਰਨ ਕੰਮ ਕਰਨ ਲੱਗ ਗੲੀ।
ਕਿਰਨ ਨੇ ਨਾਨੀ ਦੇ ਜਾਣ ਮਗਰੋਂ ਸਾਰਾ ਵਿਹੜਾ ਸੁੰਭਰ ਦਿੱਤਾ ਤੇ ਭਾਂਡੇ ਮਾਂਜ ਦਿੱਤੇ । ਹੋਲੀ ਹੋਲੀ ਛੋਟੀ ਬੱਠਲੀ ਚ ਪਾ ਕੇ ਗੋਹਾ ਵਾੜੇ ਚ ਸੁੱਟ ਦਿੱਤਾ । ਨਾਨੀ ਆਉਂਦੀ ਨੂੰ ਉਹ ਮੱਝਾਂ ਨੂੰ ਪੱਠੇ ਪਾਉਣ ਲੱਗੀ ਹੋਈ । ਨਾਨੀ ਆਉਂਦੀ ਨੂੰ ਉਹਨੇ ਅੱਧਾ ਕੰਮ ਨਿਬੇੜ ਲਿਆ ਸੀ । ਨਾਨੀ ਨੇ ਆ ਕੇ ਕੰਮ ਕੀਤਾ ਦੇਖਿਆ ਤਾਂ ਨਾਨੀ ਖੁਸ਼ ਹੋ ਗੲੀ । ਨਾਲੇ ਆ ਕੇ ਕਿਰਨ ਨੂੰ ਝਿੜਕਿਆ, ਤੂੰ ਇੰਨਾ ਕੰਮ ਕਿਉਂ ਕੀਤੈ । ਢਿੱਡ ਕੱਠਾ ਹੋਜੂ ਬੱਠਲ ਚੁੱਕਣ ਨਾਲ । ਕੁਝ ਨਹੀਂ ਹੁੰਦਾ ਨਾਨੀ ਮੈਂ ਪਿੰਡ ਵੀ ਇੰਨਾ ਕ ਕੰਮ ਤਾਂ ਕਰਦੀ ਹੀ ਹਾਂ । ਨਹੀਂ ਨਾਨਕੇ ਆ ਕੇ ਥੋੜਾ ਕੰਮ ਕਰੀਦਾ ਹੁੰਦੈ ਪੁੱਤ । ਨਾਨਕੇ ਤਾਂ ਜੁਆਕ ਮੋਜਾਂ ਮਾਰਨ ਆਉਂਦੇ ਨੇ । ਬੇਬੇ ਹਾਲੇ ਜੂਨ ਮਹੀਨੇ ਦੇ ਵੀਹ ਦਿਨ ਹੋਰ ਪਏ ਨੇ ਜਿੰਨੀਆਂ ਮਰਜ਼ੀ ਮੋਜਾਂ ਕਰੀਂ ਜਾਵਾਂ । ਇੱਕ ਦਿਨ ਕੰਮ ਕਰਨ ਨਾਲ ਕਿਹੜਾ ਮੈਂ ਘੱਸ ਗੲੀ । ਚੱਲ ਕੋਈ ਨਾ ਪੁੱਤ ਹੁਣ ਆਪਣੀਆਂ ਰੋਟੀਆਂ ਰਹਿ ਗੲੀਆਂ ਹਾਂ ਨਾਨੀ ਮੈਨੂੰ ਆਟਾ ਗੁੰਨ੍ਹ ਕੇ ਦੇ ਦੇ, ਨਾਨੀ ਰੋਟੀ ਵੀ ਮੈਂ ਪਕਾ ਦਿਉ । ਕਿਰਨ ਨੇ ਸਿਆਣਿਆਂ ਵਾਂਗ ਨਾਨੀ ਨੂੰ ਕਿਹਾ, ਨਹੀਂ ਪੁੱਤ ਮੈਂ ਆਪੇ ਪਕਾ ਦਿਉ । ਤੇਰਾ ਨਾਨਾ ਵੀ ਆਉਣ ਵਾਲਾ ਹੀ ਹੋਉ । ਆ ਕੇ ਰੋਟੀ ਖਾ ਲਿਉ । ਆਪਣਾ ਕੰਮ ਮੁੱਕ ਜਾਉ । ਇੰਨੇ ਨੂੰ ਕਿਰਨ ਦਾ ਨਾਨਾ ਜੋਗਾ ਆ ਗਿਆ । ਕੀ ਗੁਰਮਤੇ ਕਰੀਂ ਜਾਂਦੀਆਂ ਓ ਨਾਨੀ ਦੋਹਤੀ। ਜੋਗੇ ਨੇ ਤੋੜੇ ਚੋਂ ਪਾਣੀ ਭਰਦੇ ਨੇ ਪੁੱਛਿਆ । ਕੁਝ ਨਹੀਂ ਤੇਰੀ ਦੋਹਤੀ ਨੇ ਅੱਜ ਸਾਰਾ ਕੰਮ ਮੇਰੇ ਆਉਂਦੀ ਨੂੰ ਆਪ ਹੀ ਨਿਬੇੜ ਦਿੱਤਾ । ਕਿਉਂ ਤੂੰ ਕਿੱਥੇ ਗੲੀ ਸੀ ਤੜਕੇ ਤੜਕੇ । ਮੈਂ ਬੁੱਧੁ ਕੇ ਵੱਗ ਗੲੀ ਸੀ। ਬੁੱਧੁ ਦੀ ਬਹੂ ਮਰ ਗੲੀ, ਤੜਕੇ ਤੜਕੇ ਖੂਹ ਚ ਛਾਲ ਮਾਰ ਕੇ । ਹਾਂ ਮੈਂ ਵੀ ਬਾਹਰੋਂ ਇਹੀ ਸੁਣ ਕੇ ਆਇਆ ਹਾਂ । ਲਿਆ ਰੋਟੀ ਸੰਸਕਾਰ ਦਾ ਟੈਮ ਹੀ ਹੋਉ, ਮੈਂ ਨਾਲ ਵੱਗ ਜਾਉ । ਸੋਰੀ ਨੇ ਮਰ ਕੇ ਸਾਰਾ ਕੁਝ ਹੀ ਮੁੱਕਾ ਦਿੱਤਾ । ਦੱਸ ਹੁਣ ਕੁੜੀਆਂ ਨੂੰ ਕੋਣ ਸਾਂਭੂ । ਬੁੱਧੁ ਉਹਨੂੰ ਬਹੁਤ ਤਪਾਉਂਦਾ ਸੀ ਤਪਿਆ ਬੰਦਾ ਕਿਸੇ ਖੂਹ ਖਾਤੇ ਤਾਂ ਪੈਂਦਾ ਹੀ ਹੈ । ਸੋਰੀ ਚਾਰ ਦਿਨ ਪੇਕੇ ਵੱਗ ਜਾਂਦੀ । ਏਸ ਤਰ੍ਹਾਂ ਆਪਦੀ ਜ਼ਿੰਦਗੀ ਤੋਂ ਹੱਥ ਤਾਂ ਧੋਂਦੀ । ਜ਼ਿੰਦਗੀ ਕਿਹੜਾ ਵਾਰ ਵਾਰ ਮਿਲਦੀ ਐ ।
ਹੋਰ ਕਹਿੰਦੇ ਰਾਤ ਅੱਧੀ ਰਾਤ ਇੱਕਲੀ ਨੂੰ ਘਰੋਂ ਬਾਹਰ ਕੱਢ ਦਿੱਤਾ। ਸਾਰੇ ਆਂਢ ਗੁਆਂਢ ਦੇ ਵੀ ਕੁੰਡੇ ਖੜਕਾਏ ਵਿਚਾਰੀ ਨੇ ਕਿਸੇ ਨੇ ਵਾਰ ਨਾ ਖੋਲਿਆ । ਵਿਚਾਰੀ ਅੱਕੀ ਹੋਈ ਖੂਹ ਚ ਛਾਲ ਮਾਰ ਗੲੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ