*ਤੇਰਾ ਅੱਬਾ ਜੀਂਦਾ ਹੈ*
ਲੰਮੀਆਂ ਵਾਟਾਂ ਦਾ ਪੈਂਡਾ ਤੈਅ ਕਰਦਾ ਨਿਜ਼ਾਮੁਦੀਨ ਸਰੀਰਕ ਤੌਰ ਤੇ ਬੇਸ਼ੱਕ ਥੱਕ ਚੁੱਕਾ ਸੀ, ਪਰ ਮਾਨਸਿਕ ਤੌਰ ਤੇ ਉਸ ਨੂੰ ਕਿਸੇ ਤਰ੍ਹਾਂ ਦੀ ਥਕਾਵਟ ਦਾ ਅਹਿਸਾਸ ਨਹੀਂ ਸੀ। ਸ਼ਹਿਰ ਦੀਆਂ ਯਾਦਾਂ ਜਦੋਂ ਵੀ ਆਉਂਦੀਆਂ ਤਾਂ ਆ ਕੇ ਉਸਨੂੰ ਜੱਫੀਆਂ ਪਾ-ਪਾ ਕੇ ਮਿਲਦੀਆਂ। ਸੀਨੇ ਤੇ ਹੰਢਾਏ ਅਤੇ ਅੱਖੀਂ ਦੇਖੇ ਸੰਤਾਪ ਦੇ ਖਿਆਲ ਕਾਫ਼ਲੇ ਬਣਾ ਕੇ ਆਉਂਦੇ ਤੇ ਆਣ ਚਹੁੰ ਪਾਸਿਆਂ ਤੋਂ ਘੇਰਾ ਪਾ ਲੈਂਦੇ। ਇਸ ਤਰ੍ਹਾਂ ਵਿਚਾਰਾਂ ਦੇ ਬ੍ਰਹਿਮੰਡ ਵਿੱਚ ਖੋਹਿਆ ਨਿਜ਼ਾਮੁਦੀਨ ਕਿੰਨਾ ਹੀ ਪੈਂਡਾ ਤੈਅ ਕਰ ਚੁੱਕਿਆ ਸੀ, ਪਰ ਥਕਾਵਟ ਦਾ ਕੋਈ ਅਹਿਸਾਸ ਨਹੀਂ ਸੀ। ਅੱਗੇ ਵਧਦਾ ਜਾ ਰਿਹਾ ਸੀ ਬੱਸ ਖਿਆਲਾਂ ਵਿੱਚ ਖੋਹਿਆ ਅੱਗੇ ਵੱਲ ਵੱਧਦਾ ਜਾ ਰਿਹਾ ਸੀ।ਦੋਵੇਂ ਹੱਥ ਵੱਖੀਆਂ ਉੱਪਰ ਰੱਖੇ ਹੋਏ ਸਨ, ਇੱਕ ਕਦਮ ਅੱਗੇ ਵਧਦਾ ਅੱਖਾਂ ਮੀਟ ਲੈਂਦਾ, ਇੱਕ ਕਦਮ ਅੱਗੇ ਵਧਦਾ ਅੱਖਾਂ ਮੀਟ ਲੈਂਦਾ। ਇਸ ਤਰ੍ਹਾਂ ਸਾਰਾ ਸਫ਼ਰ ਮੁਕਾ ਆਪਣੀ ਮੰਜ਼ਿਲ ਤੱਕ ਅੱਪੜਨ ਵਾਲਾ ਸੀ।
“ਅੱਬਾ ਮੇਰੇ ਕੋ ਮਾਣੀ, ਅੱਬਾ ਮਾਣੀ”
ਤੁਰੇ ਆਉਂਦੇ ਹੀ ਨਿਜ਼ਾਮੁਦੀਨ ਨੂੰ ਆਪਣੀ ਬੇਟੀ ਜ਼ੀਨਤ ਦਾ ਖ਼ਿਆਲ ਆਇਆ ਜੋ ਉਸ ਤੋਂ ਕਾਲੇ ਦੌਰ ਸਮੇਂ ਪਾਣੀ ਮੰਗ ਰਹੀ ਸੀ। ਉਸ ਅਨੁਸਾਰ ਜ਼ੀਨਤ ਆਪਣੀ ਮਾਂ ਨਾਲੋਂ ਉਸ ਦਾ ਬਹੁਤ ਜ਼ਿਆਦਾ ਕਰਦੀ ਸੀ। ਸਾਰਾ ਦਿਨ ਨਿਜ਼ਾਮੁਦੀਨ ਆਪਣੀ ਧੀ ਨੂੰ ਅੱਖੋਂ ਓਹਲੇ ਨਹੀਂ ਕਰਦਾ ਸੀ। ਜੀਨਤ ਉਦੋਂ ਤਿੰਨ ਸਾਲਾਂ ਦੀ ਸੀ।ਪਰ ਹੁਣ ਤਾਂ ਵਿੱਛੜਿਆਂ ਵੀ ਅਰਸੇ ਬੀਤ ਗਏ ਸੀ। ਜ਼ੀਨਤ ਬਿਨਾਂ ਕੁੱਛੜ ਸੁੰਨੀ ਹੋਈ ਨੂੰ ਲਗਾਤਾਰ ਦਸ ਸਾਲ ਹੋ ਗਏ ਸਨ।
“ਹੁਣ ਤਾਂ ਜ਼ੀਨਤ ਮੁਟਿਆਰ ਹੋ ਗਈ ਹੋਣੀ ਏ, ਤੇ ਸ਼ਾਇਦ ਹੁਣ ਤੱਕ ਤਾਂ ਉਸ ਨੂੰ ਭੁੱਲ ਵੀ ਗਈ ਹੋਣੀ ਏ”
ਇਹ ਖਿਆਲ ਵੀ ਨਿਜ਼ਾਮੁਦੀਨ ਨੂੰ ਕੈਂਸਰ ਦਾ ਰੋਗ ਬਣ ਕੇ ਘੁਣ ਵਾਂਗ ਅੰਦਰ ਅੰਦਰੀ ਖਾ ਰਿਹਾ ਸੀ। ਆਸਿਫ਼ਾ ਨਿਜ਼ਾਮੁਦੀਨ ਦੀ ਛੋਟੀ ਭੈਣ ਸੀ।ਨਿਜ਼ਾਮੂਦੀਨ ਦੀ ਗੋਦ ਵਿੱਚ ਖੇਡ ਪਲਕੇ ਹੀ ਵੱਡੀ ਹੋਈ ਸੀ।ਨਿਜ਼ਾਮੁਦੀਨ ਆਸਿਫ਼ਾ ਨੂੰ ਆਪਣੀ ਧੀ ਹੀ ਸਮਝਦਾ ਸੀ, ਪਰ ਇਸ ਕਾਲੇ ਦੌਰ ਵਿੱਚ ਇੱਜ਼ਤਾਂ ਲੁੱਟਣਾ ਜੁਰਮ ਨਹੀਂ ਬਲਕਿ ਇੱਕ ਰਿਵਾਜ ਬਣ ਗਿਆ ਸੀ। ਕਿੰਨੀ ਹੱਦ ਤੱਕ ਗਰੀਬੀ ਆ ਗਈ ਸੀ ਕਿ ਲੋਕ ਪੈਸੇ ਨਹੀਂ ਇੱਜ਼ਤਾਂ ਲੁੱਟ ਰਹੇ ਸੀ।ਇਸੇ ਦਰਿੰਦਗੀ ਦਾ ਸ਼ਿਕਾਰ ਆਸਿਫ਼ਾ ਨੂੰ ਹੋਣਾ ਪਿਆ। ਨਿਜ਼ਾਮੁਦੀਨ ਨੂੰ ਇਹ ਖਿਆਲ ਧੁਰ ਅੰਦਰੋਂ ਤੱਕ ਹਿਲਾ ਕੇ ਰੱਖ ਦਿੰਦਾ। ਜਿਵੇਂ ਜਿਸਮ ਤੋਂ ਕੱਚਾ-ਕੱਚਾ ਮਾਸ ਕਿਸੇ ਨੇ ਸੂਈਆਂ ਮਾਰ ਮਾਰ ਉਧੇੜ ਦਿੱਤਾ ਹੋਵੇ। ਉਹ ਰੋਇਆ ਰੱਜ ਰੱਜ ਕੇ ਰੋਇਆ ਕਿੰਨਾ ਸਮਾਂ ਹੀ ਰੋਂਦਾ ਰਿਹਾ।
ਪਰ ਸਿਰਫ਼ ਇੱਕ ਆਸਿਫ਼ਾ ਨਹੀਂ ਬਲਕਿ ਹੋਰ ਲੱਖਾਂ ਹੀ ਆਸਿਫ਼ਾ ਇਸ ਜੁਰਮ ਤੋਂ ਪੀੜਤ ਸਨ। ਕੁਝ ਸਮਾਂ ਰੋਣ ਤੋਂ ਬਾਅਦ ਖੜ੍ਹਾ ਹੋ ਨਿਜ਼ਾਮੁਦੀਨ ਹੌਲੀ ਹੌਲੀ ਪਹਿਲਾਂ ਵਾਲੀ ਮੱਠੀ ਤੋਰ ਤੁਰ ਪਿਆ।ਅੱਖਾਂ ਤੇ ਆਪਣਾ ਮੋਢੇ ਟੰਗਿਆ ਪੱਲੂ ਮਾਰ ਅੱਗੇ ਵਧਦਾ ਗਿਆ। ਦੂਰ ਦੂਰ ਤੱਕ ਹੁਣ ਉਸਨੂੰ ਕੁਝ ਕੱਚੇ ਘਰ ਦਿਖਾਈ ਦੇਣ ਲੱਗੇ। ਅਹਿਸਾਸ ਹੋਇਆ ਜਿਵੇਂ ਜਿੱਥੇ ਉਹ ਪਹੁੰਚਣਾ ਚਾਹੁੰਦਾ ਸੀ ਪਹੁੰਚ ਗਿਆ।
” ਏਕ ਕੱਪ ਚਾਹ ਦੇਣਾ ਬਾਊ”
ਇੱਕ ਹੋਟਲ ਤੇ ਪਹੁੰਚ ਉਸ ਨੇ ਹੋਟਲ ਵਾਲੇ ਨੂੰ ਕਿਹਾ। ਆਪ ਘੜੇ ਚੋਂ ਇੱਕ ਗਿਲਾਸ ਭਰ ਅੱਖਾਂ ਧੋ ਲਈਆਂ, ਮੂੰਹ ਤੇ ਕਿਰ ਕਰਾਉਂਦੀ ਰੇਤ ਪਾਣੀ ਰਾਹੀਂ ਚਿਹਰੇ ਤੋਂ ਉੱਤਰੀ, ਚਿਹਰਾ ਸਾਫ ਹੋ ਗਿਆ। ਫਿਰ ਕੋਲ ਪਏ ਇੱਕ ਬੈਂਚ ਉੱਪਰ ਜੋ ਕਿ ਇੱਕ ਦਰੱਖਤ ਨਾਲ ਲੱਗਾ ਹੋਇਆ ਸੀ। ਉਸ ਉੱਪਰ ਢੂੰਹੀ ਲਗਾ ਕੇ ਬੈਠ ਗਿਆ।ਬੈਠਦਿਆਂ ਸਾਰ ਹੀ ਫਿਰ ਉਸ ਨੂੰ ਉਸ ਦੇ ਅਤੀਤ ਨੇ ਆਵਾਜ਼ ਮਾਰੀ।
“ਨਿਜ਼ਾਮੁਦੀਨ ਬਈਆ ਪਾਣੀ, ਪਾਣੀ, ਪਾਣੀ”
ਇੱਕ ਲਾਸ਼ ਤੜਫ ਰਹੀ ਸੀ। ਜੋ ਉਸ ਤੋਂ ਪਾਣੀ ਮੰਗ ਰਹੀ ਸੀ।ਖੂਨ ਨਾਲ ਲੱਥ ਪੱਥ ਸਾਰੀਆਂ ਲਾਸ਼ਾਂ ਹੀ ਉਸ ਤੋਂ ਪਾਣੀ ਮੰਗਣ ਲੱਗੀਆਂ।ਉਹ ਘਬਰਾਹਟ ਵਿੱਚ ਸੀ।
ਜੇ ਲਵੋ ਭਾਈ ਪਹਿਲੇ ਪਾਣੀ ਪੀ ਲਵੋ। ਹੋਟਲ ਵਾਲੇ ਨੇ ਨਿਜ਼ਾਮੁਦੀਨ ਨੂੰ ਪਾਣੀ ਦੇ ਦਿੱਤਾ ਇੱਕੋ ਦਮ ਨਿਜ਼ਾਮੂਦੀਨ ਆਪਣੀ ਸੋਚ ਚੋਂ ਤ੍ਰਭਕ ਕੇ ਉਠਿਆ ਅਤੇ ਇੱਕੋ ਟੀਕ ਚ ਪਾਣੀ ਦਾ ਸਾਰਾ ਗਿਲਾਸ ਪੀ ਗਿਆ। ਉਸੇ ਪੁਜ਼ੀਸਨ ਚ ਫਿਰ ਬੈਠ ਗਿਆ ਤੇ ਸੋਚਾਂ ਦੇ ਸਮੁੰਦਰ ਵਿੱਚ ਜਾ ਡੁੱਬਾ।ਉਸ ਨੂੰ ਹੋਰ ਕੋਈ ਅਹਿਸਾਸ ਨਹੀਂ ਸੀ ਕਿ ਉਹ ਕਿੱਥੇ ਬੈਠਾ ਹੈ। ਸਿਰਫ ਆਪਣਾ ਬੀਤਿਆ ਚਿੱਤ ਚੇਤੇ ਸੀ।ਸੋਚਾਂ ਵਿੱਚ ਡੁੱਬੇ ਨੂੰ ਆਪਣੇ ਪਿਤਾ ਦਾ ਖਿਆਲ ਆਇਆ ਕਿ ਕਿਸ ਤਰ੍ਹਾਂ ਉਸ ਦੇ ਬਾਪ ਨੂੰ ਦਰਿੰਦਿਆਂ ਨੇ ਉਸ ਦੇ ਸਾਹਮਣੇ ਹੀ ਟੁਕੜੇ ਟੁਕੜੇ ਕਰਕੇ ਮਾਰ ਦਿੱਤਾ ਸੀ। ਫਿਰ ਨਿਜ਼ਾਮੂਦੀਨ ਰੋ ਰੋ ਕੇ ਕਿਸ ਤਰ੍ਹਾਂ ਚੀਕਾਂ ਮਾਰ ਰਿਹਾ ਸੀ। ਲਾਸ਼ਾਂ ਦੇ ਢੇਰ ਚੋਂ ਉਸ ਨੂੰ ਉਸ ਦੀ ਮਾਂ ਤੜਫ਼ ਤੜਫ਼ ਮਰ ਰਹੀ ਲੱਭੀ ਸੀ। ਨਿਜ਼ਾਮੂਦੀਨ ਨੇ ਮਾਂ ਨੂੰ ਘੁੱਟ ਸੀਨੇ ਲਗਾਇਆ ਤੇ ਉਸ ਦੀਆਂ ਚੀਕਾਂ ਅਸਮਾਨ ਦੀ ਛਾਤੀ ਚੀਰ ਰਹੀਆਂ ਸਨ। ਇਸ ਖ਼ਿਆਲ ਦੇ ਚੇਤੇ ਆਉਣ ਤੇ ਨਿਜ਼ਾਮੁਦੀਨ ਦੀ ਬੈਠੇ ਬੈਠੇ ਦੀ ਵੀ ਭੁੱਬ ਨਿਕਲ ਗਈ।ਇੱਕੋ ਦਮ ਸੋਚਾਂ ਚੋਂ ਬਾਹਰ ਆਇਆ, ਮੁੜ੍ਹਕੇ ਨਾਲ ਭਿੱਜੇ ਨੇ ਘਬਰਾਹਟ ਚ ਆਪਣੇ ਪਰਨੇ ਨਾਲ ਚਿਹਰਾ ਸਾਫ ਕੀਤਾ। ਹੋਟਲ ਵਾਲਾ ਚਾਹ ਦਾ ਗਿਲਾਸ ਲੈ ਆਇਆ। ਗਿਲਾਸ ਕੋਲ ਰੱਖ ਦਿੱਤਾ।
” ਕਿਆ ਹੂਆ ਭਾਈਜਾਨ ? ਬਹੁਤ ਘਬਰਾਏ ਹੋਏ ਲੱਗਦੇ ਹੋ”
ਹੋਟਲ ਵਾਲੇ ਨੇ ਪੁੱਛਿਆ।
“ਰਾਵਲਪਿੰਡੀ ਸੇ ਆਇਆ ਹੂੰ”
ਨਿਜ਼ਾਮੂਦੀਨ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ।1947 ਤੋਂ ਬਾਅਦ ਦੇਸ਼ ਦੀ ਵੰਡ ਨੇ ਕਿਸ ਤਰ੍ਹਾਂ ਘਰਾਂ ਦੇ ਘਰ ਉਜਾੜ ਦਿੱਤੇ ਸੀ, ਕਿੰਨੀਆਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋ ਗਈਆਂ,ਕਿੰਨੀਆਂ ਸੁਹਾਗਣਾ ਦੇ ਸੁਹਾਗ ਲੁੱਟੇ ਗਏ, ਸੱਜ ਵਿਆਹੀਆਂ ਕਿੰਨੀਆਂ ਹੀ ਸਿਰੋਂ ਨੰਗੀਆਂ ਹੋ ਗਈਆਂ, ਕਿੰਨੀਆਂ ਭੈਣਾਂ ਦੇ ਵੀਰ ਤੁਰ ਗਏ, ਨਾਬਾਲਗ ਬੱਚੀਆਂ ਨਾਲ ਜੋ ਕੁਝ ਵਾਪਰਿਆ ਸਭ ਕੁਝ ਨਿਜਾਮੁਦੀਨ ਨੇ ਦੱਸ ਦਿੱਤਾ।ਮੇਰੇ ਮਾਂ ਬਾਪ, ਚਾਚਾ ਤਾਇਆ ਵੀ ਮਾਰੇ ਗਏ। ਦੱਸਦਿਆਂ ਦੱਸਦਿਆਂ ਉਸਦੀਆਂ ਅੱਖਾਂ ਸਾਉਣ ਦੀ ਝੜੀ ਲਗਾ ਚੁੱਕੀਆਂ ਸਨ। ਕਿਸ ਤਰ੍ਹਾਂ ਲਾਹੌਰ ਸਟੇਸ਼ਨ ਤੋਂ ਅਦੀਨਾ ਬੇਗਮ (ਉਸ ਦੀ ਪਤਨੀ) ਅਤੇ ਉਸ ਦੀ ਬੱਚੀ ਜ਼ੀਨਤ ਦਾ ਹੱਥ ਨਿਜਾਮੂਦੀਨ ਦੇ ਹੱਥ ਵਿੱਚੋਂ ਸੁੱਟ ਗਿਆ।
ਅੱਬਾ,ਅੱਬਾ, ਮੇਰੀ ਬੇਟੀ ਦੀ ਜ਼ੀਨਤ,,,।
ਚੀਕਾਂ ਮਾਰ ਰਹੀ ਸੀ ਜ਼ੀਨਤ ਦੀਆਂ ਆਵਾਜ਼ਾਂ ਜੋ ਵਿਛੜਨ ਲੱਗਿਆਂ ਮਾਰ ਰਹੀ ਸੀ, ਨਿਜ਼ਾਮੂਦੀਨ ਦੇ ਦੱਸਦਿਆਂ-ਦੱਸਦਿਆਂ ਕੰਨਾਂ ਵਿੱਚ ਵੱਜੀਆਂ। ਉਹ ਰੋ ਰਿਹਾ ਸੀ।ਉਸ ਦੀ ਚਾਹ ਠਰ ਗਈ ਸੀ।ਚਾਹ ਪੀਣ ਦੀ ਉਸ ਵਿੱਚ ਹਿੰਮਤ ਨਹੀਂ ਸੀ।ਨਾ ਹੀ ਹੋਟਲ ਵਾਲੇ ਵਿੱਚ ਉਸ ਨੂੰ ਚਾਹ ਪੀਣ ਲਈ ਕਹਿਣ ਦੀ ਹਿੰਮਤ ਰਹੀ।
“ਅੱਛਾ ਭਾਈ ਚਲਤਾ ਹੂੰ ਭਾਈ”
ਆਖ ਨਿਜ਼ਾਮੂਦੀਨ ਆਪਣਾ ਪਰਨਾ ਮੋਢੇ ਉੱਪਰ ਰੱਖ ਡੈਸਕ ਤੇ ਹੱਥ ਰੱਖ ਖੜ੍ਹਾ ਹੋ ਗਿਆ।ਦੋਵੇਂ ਹੱਥ ਜੋੜੇ ਨਿਜ਼ਾਮੂਦੀਨ ਅੱਗੇ ਵੱਲ ਤੁਰ ਪਿਆ।
ਹੁਣ ਆਪਣੇ ਅਤੀਤ ਵਿੱਚੋਂ ਬਾਹਰ ਆ ਚੁੱਕਾ ਸੀ। ਨਿਜ਼ਾਮੁਦੀਨ ਦੇ ਕਾਫੀ ਸਮਾਂ ਰੋਣ ਤੋਂ ਬਾਅਦ ਰੋ ਰੋ ਕੇ ਉਸ ਦਾ ਦਿਲ ਹੌਲਾ ਹੋ ਚੁੱਕਾ ਸੀ। ਰਾਜਸਥਾਨ ਦੇ ਟਿੱਬਿਆਂ ਦੀ ਰੇਤ ਹਵਾ ਦੇ ਇੱਕ ਬੁੱਲੇ ਉੱਡਦੀ ਅਤੇ ਉਸਦਾ ਸਾਰਾ ਮੂੰਹ ਰੇਤ ਨਾਲ ਭਰ ਜਾਂਦੀ। ਤੱਤੀ ਹਵਾ ਉਸ ਦੇ ਕੰਨਾਂ ਕੋਲ ਦੀ ਗੀਤ ਗਾਉਂਦੀ ਗੁਜਰ ਰਹੀ ਸੀ ਜਿਵੇਂ-ਜਿਵੇਂ ਨਿਜ਼ਾਮੂਦੀਨ ਪਿੰਡ ਦੇ ਕੋਲ ਪੁੱਜਦਾ ਜਾ ਰਿਹਾ ਸੀ, ਉਸ ਦਾ ਚਿੱਤ ਕਾਹਲਾ ਪੈਂਦਾ ਜਾ ਰਿਹਾ ਸੀ। ਬੜੇ ਚਿਰਾਂ ਬਾਅਦ ਜਿਵੇਂ ਆਕੜੀਆਂ ਬਾਹਾਂ ਕਿਸੇ ਨੂੰ ਮਿਲ ਰਹੀਆਂ ਹੋਣ।ਇੱਕ ਕੁੜੀ ਉਸ ਦੇ ਕੋਲ ਦੀ ਗੁਜ਼ਰ ਰਹੀ ਸੀ।
“ਜੇ ਕੌਣਸਾ ਗਾਉਂ ਹੈ ਬੇਟੀ”
ਉਸ ਕੁੜੀ ਨੂੰ ਰੋਕ ਕੇ ਨਿਜ਼ਾਮੂਦੀਨ ਨੇ ਪੁੱਛਿਆ।
“ਜੀ ਮਾਨਖੇੜਾ” ਕੁੜੀ ਨੇ ਪਿਆਰ ਭਰੀ ਆਵਾਜ਼ ਵਿੱਚ ਜਵਾਬ ਦਿੱਤਾ।
“ਯਹਾਂ ਕੁਝ ਮੁਸਲਮਾਨ ਲੋਗੋਂ ਕੇ ਘਰ ਹੈਂ ? ਜੋ ਪਾਕਿਸਤਾਨ ਸੇ ਆਏ ਹੂਏ ਹੈਂ।”
ਨਿਜ਼ਾਮੁਦੀਨ ਦੇ ਫਿਰ ਪੁੱਛਣ ਤੇ ਕੁੜੀ ਨੇ ਕਿਹਾ,
“ਯਹਾਂ ਯੇ ਸਭੀ ਲੋਗ ਪਾਕਿਸਤਾਨ ਸੇ ਆਏ ਹੁਏ ਹੈਂ”
ਇਨ੍ਹਾਂ ਸੁਣਦਿਆਂ ਨਿਜਾਮੂਦੀਨ ਨੇ ਇੱਕੋ ਜ਼ੋਰ ਦੀ ਸਾਹ ਲਿਆ ਜਿਵੇਂ ਸਾਹਾਂ ਵਿੱਚ ਹੋਰ ਸਾਹ ਆ ਕੇ ਪੈ ਗਏ ਹੋਣ।
“ਆਪ ਕੇ ਅੱਬਾ ਕਾ ਕਿਆ ਨਾਮ ਹੈ ਬੇਟਾ”
“ਵੋ ਤੋਂ ਮਾਰੇ ਗਏ ਥੇ ਪਾਕਿਸਤਾਨ ਮੇਂ ਹੀ ਜਬ ਹਮ ਛੋਟੇ ਥੇ”
ਬੱਚੀ ਦਾ ਜਵਾਬ ਸੁਣਦਿਆਂ ਨਿਜ਼ਾਮੂਦੀਨ ਦਾ ਗੱਚ ਭਰ ਆਇਆ।
“ਆਪਕੇ ਅੰਮਾਂ ਕਾ ਕਿਆ ਨਾਮ ਹੈ?”
“ਅਦੀਨਾ ਬੇਗਮ”
ਅਦੀਨਾ ਬੇਗਮ ਨਾਮ ਨੂੰ ਮੁੜ ਨਿਜਾਮੁਦੀਨ ਨੇ ਦੁਹਰਾਇਆ।
“ਆਪਕਾ ਕਯਾ ਨਾਮ ਹੈ ਬੇਟਾ।
“ਜੀ ਜ਼ੀਨਤ”
ਅੱਖਾਂ ਚੋਂ ਪਾਣੀ ਦਾ ਹੜ੍ਹ ਵਗ ਤੁਰਿਆ ਨਿਜਾਮੂਦੀਨ ਦੇ।
“ਔਰ,,,,ਔਰ ਆਪ ਕੇ ਅੱਬਾ ਕਾ ਨਾਮ”
“ਜੀ ਨਿਜ਼ਾਮੁੱਦੀਨ,,,,’ ਔਰ ਬਤਾਇਆ ਤੋਂ ਹੈ ਵੋ ਮਾਰੇ ਜਾ ਚੁੱਕੇ ਹੈਂ”
ਜ਼ੀਨਤ ਦੇ ਮੂੰਹੋਂ ਸੁਣਦਿਆਂ ਹੀ ਜ਼ੀਨਤ ਨੂੰ ਘੁੱਟ ਸੀਨੇ ਲਗਾ ਕੇ ਨਿਜ਼ਾਮੂਦੀਨ ਨੇ ਉੱਚੀ ਉੱਚੀ ਬੋਲਦਾ ਸ਼ੁਰੂ ਕਰ ਦਿੱਤਾ “ਤੇਰਾ ਅੱਬਾ ਜੀਂਦਾ ਹੈ ਬੇਟੀ, ਤੇਰਾ ਅੱਬਾ ਜੀਂਦਾ ਹੈ,ਤੇਰਾ ਅੱਬਾ ਜੀਂਦਾ ਹੈ ਬੇਟੀ,ਤੇਰਾ ਅੱਬਾ ਜੀਂਦਾ ਹੈ।
ਲਿਖਤੁਮ- ਕਰਨਦੀਪ ਸੋਨੀ
ਸੰਪਰਕ- 7347334518
ਨੋਟ: ਇਸ ਕਹਾਣੀ ਦੇ ਸਾਰੇ ਨਾਮ ਅਤੇ ਪਾਤਰ ਕਾਲਪਨਿਕ ਹਨ।ਅਗਰ ਅਸਲੀਅਤ ਚ ਇਹ ਨਾਮ ਕਿਸੇ ਦੇ ਹਨ, ਉਹਨਾਂ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ।ਦਾ ਅਹਿਸਾਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Karandeep soni
ਜੀ ਬਹੁਤ ਬਹੁਤ ਧੰਨਵਾਦ
ਦਵਿੰਦਰ ਸਿੰਘ
ਵੀਰੇ ਬੇਸ਼ੱਕ ਤੁਹਾਡੀ ਆਪ ਦੀ ਰਚਨਾਂ ਹੈ ਪਰ ਦਿਲ ਨੂੰ ਛੂਹ ਲੈਣ ਵਾਲੀ ਐ ਬੱਸ ਮਹਿਸੂਸ ਕਰਨੇਂ ਵਾਲਾ ਚਾਹੀਦਾ।
Karandeep soni
ਸੋ ਬਹੁਤ ਬਹੁਤ ਧੰਨਵਾਦ ਮੈਡਮ ਜੀ
Rekha Rani
ਕਹਾਣੀ ਦੇ ਨਾਮ ਪਾਤਰ ਭਾਵੇ ਕਲਪਨਿਕ ਹਨ ਪਰ ਕਹਾਣੀ ਸੱਚੀ ਹੈ। ਕਹਾਣੀ ਪੜ ਕੇ ਹੀ ਰੋਗਟੇ ਖੜੇ ਹੋ ਗਏ ਪਰ ਜਿਨਾ ਤੇ ਇਹ ਬੀਤੀ ਉਹ ਹੀ ਜਾਣਦੇ ਹਨ ਨਾਇਸ ਸਟੋਰੀ ਜੀ 👍👍