ਤੇਰੀ ਦੁਨੀਆਂ
ਨੂਰ ਤੋਂ ਨੂਰ ਤੱਕ ਦਾ ਸਫ਼ਰ
ਸਮਰਪਿਤ
ਉਹਦੇ ਨਾਂ ਤੇ ਉਹਦੀ ਆਖ਼ਰੀ ਨਿਸ਼ਾਨੀ ਡਾਇਰੀ ਨੂੰ
ਉਹਨੇ ਡਾਇਰੀ ਪੂਰੀ ਕਰਨ ਨੂੰ ਕਿਹਾ ਮੈਂ ਉਹਦੀ ਤੇ ਮੇਰੀ ਵਾਰਤਾ ਨੂੰ ਕਵਿਤਾ ਬਣਾ ਦਿੱਤਾ, ਮੈਂ ਜੋ ਲਿਖਿਆ ਉਹਦੇ ਨਾਂ ਲਿਖਿਆ,ਪਰ ਉਹ ਕਵਿਤਾ ਮੰਨ ਦੁਨੀਆਂ ਨੇ ਕਬੂਲ ਲਿਆ ਤੇ ਮੈਂ ਸ਼ਾਇਰ ਤੋਂ ਕਵੀ ਬਣ ਗਿਆ
ਪਹਿਲੀ ਲਿਖਤ ਜੋ ਮੈਂ ਡਾਇਰੀ ਵਿਚ ਲਿਖੀ ਸੀ, ਉਹਦੇ ਨਾਂ
ਅੱਜ ਤੋਂ ਇੱਕ ਸਾਲ ਤੇਤੀ ਹਫਤੇ ਪਹਿਲਾਂ
ਸਫ਼ਰ
ਤੁਸੀਂ ਸਿਰਫ.. ਇੱਕ ਕੰਮ ਕਰ ਸਕਦੇ ਹੋ,
ਪੜ ਸਕਦੇ ਹੋ…ਤੇ ਪੜ ਕੇ… ਅਣਦੇਖਾ ਕਰ ਸਕਦੇ ਹੋ
ਹੋਰ ਕੁਝ ਤੁਹਾਡੇ ਵੱਸ ਦੀ ਗੱਲ ਨਹੀਂ ਆ…
ਹਾਂ ਬਹੁਤੇ ਹੋਣਗੇ…ਜੋ ਮਹਿਸੂਸ ਵੀ ਕਰਨਗੇ,
ਪਤਾ ਕਿਉਂ… ਕਿਉਂਕਿ ਜਾਂ ਤਾਂ ਉਹ ਲਿਖਤ,
ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ… ਜਾਂ ਉਹਨਾਂ ਦੇ ਕਿਸੇ ਖ਼ਾਸ ਸੰਬੰਧੀ ਦੀ ਜ਼ਿੰਦਗੀ ਦਾ ਹਿੱਸਾ ਹੈ… ਇਥੇ ਅੱਧ ਤੋਂ ਵੱਧ ਸ਼ਾਇਰ ਮੇਰੇ ਵਰਗੇ ਹੁੰਦੇ ਨੇ
ਜਿੰਨਾ ਦੇ ਮਹਿਬੂਬ ਬਿਨਾਂ ਦੱਸੇ ਤੁਰ ਜਾਂਦੇ ਨੇ…
ਇੱਕਲਿਆਂ ਅੱਧ ਵਿਚਕਾਰ ਛੱਡਕੇ…
ਪਰ ਮੈਂ ਸੋਚਦਾਂ ਹਾਂ… ਸਾਨੂੰ ਉਹ ਹੀ ਕਿਉਂ ਯਾਦ ਰਹਿੰਦੇ ਨੇ,
ਜਿਹਨੇ ਨੇ ਸਾਨੂੰ ਛੱਡਿਆ… ਅਸੀਂ ਉਹ ਕਿਉਂ ਭੁੱਲ ਜਾਣੇ ਆ,
ਜਿਹਨਾਂ ਨੂੰ ਅਸੀਂ ਛੱਡਿਆ ਸੀ…ਪਤਾ… ਅਸਲ ਵਿਚ…ਸਭ ਕੁਝ…. ਹੈ ਉੱਥੇ ਹੀ,
ਬਸ ਸਾਡੀ ਜਗਾਹ ਬਦਲ ਗਈ… ਹੋਰ ਕੁਝ ਨਹੀਂ… ਕੁਝ ਸਾਲ ਪਹਿਲਾਂ ਦੀ ਗੱਲ ਹੈ…
ਉਹ ਮੇਰੀ ਖਾਤਰ ਲਿਖਦੀ ਸੀ…,
ਤੇ ਲਿਖਦੀ ਲਿਖਦੀ ਸ਼ਾਇਰ ਬਣ ਗਈ…,
ਅੱਜ ਤਾਂ ਉਸਦਾ ਕੋਈ ਜਵਾਬ ਹੀ ਨਹੀਂ ਆ…,
ਮੈਂ ਸੁਣਿਆ ਉਹ ਹੁਣ ਗੀਤ ਵੀ ਲਿਖਣ ਲੱਗੀ ਏ
ਹੂਬਹੂ ਆਪਣੇ ਵਰਗੇ… ਪਤਾ ਇਹ ਉਸਦੀ ਨਵੀਂ ਜ਼ਿੰਦਗੀ ਏ,
ਉਸਨੇ ਨੇ ਇੱਕ ਸਫ਼ਰ ਦੌਰਾਨ… ਆਪਣੀਂ ਤਦ ਤੀਕ ਦੀ ਲਿਖੀਂ… ਡਾਇਰੀ, ਮੇਰੇ ਹੱਥ ਤੇ ਧਰਦਿਆਂ ਇੱਕ ਗੱਲ ਕਹੀ ਸੀ…ਸੁਖ…ਇਹ ਹੁਣ ਤੇਰੀ ਇਮਾਨਤ ਹੈ, ਮੈਂ ਇਸ ਵਿਚ ਉਹ ਸਭ ਗੱਲਾਂ ਲਿਖੀਆਂ ਨੇ,ਜੋ ਮੈਂ ਤੇਰੇ ਨਾਲ ਕਰਨ ਬਾਰੇ ਸੋਚਦੀ ਸੀ.. ਜਾਂ ਜੋ ਅੱਜ ਵੀ ਸੋਚਦੀ ਆਂ, ਅੱਜ ਤੋਂ ਬਾਅਦ ਇਸ ਦੇ ਖ਼ਾਲੀ ਪੰਨੇ ਤੁਸੀਂ ਪੂਰਨੇ ਨੇ… ਮੈਂ ਉਸਦੇ ਅੱਖਾਂ ਵੱਲ ਵੇਖਦੇ ਨੇ… ਇੱਕ ਗੱਲ ਹੀ ਕਹੀ ਸੀ, ਮੈਨੂੰ ਤੇ ਲਿਖਣਾ ਨਹੀਂ ਆਉਂਦਾ… ਨਾਲ਼ੇ ਮੈਂ ਕਿਹੜਾ ਕੋਈ ਸ਼ਾਇਰ ਆਂ….ਉਸਨੇ ਮਿੰਨਾ ਜਿਹਾ ਮੁਸਕੁਰਾ ਕੇ ਇੱਕ ਗੱਲ ਹੀ ਕਹੀ… ਤੈਨੂੰ ਪਤਾ… ਮੈਂ ਮੁਸਲਿਮ ਪਰਿਵਾਰ ਤੋਂ ਆਂ…ਮੇਰਾ ਨਾਂ ਨੂਰ ਨਹੀਂ… ਅਲਫ਼ਨੂਰ ਹੈ… ਮੈਂ ਸਿਰਫ਼ ਵੇਖ ਸਕਦਾ ਸੀ … ਮੇਰੀ ਜ਼ੁਬਾਨ ਉਦੋਂ ਕੁਝ ਕਹਿਣ ਦੇ ਯੋਗ ਨਹੀਂ ਸੀ… ਮੈਂ ਉਸਤੋਂ ਬਾਅਦ, ਉਸ ਨੂੰ ਮੁੜ ਕਦੇ ਓਸ ਸ਼ਾਇਰ ਵਿਚ ਨਹੀਂ ਵੇਖਿਆ… ਉਸਨੇ ਡਾਇਰੀ ਦੇ ਆਖਰੀ ਪੰਨੇ ਤੇ ਲਿਖਿਆ ਹੋਇਆ ਸੀ… ਮੇਰੀ ਨਵੀਂ ਜ਼ਿੰਦਗੀ… ਤੇਰੇ ਨਾਂ ਦੇ ਪਹਿਲੇ ਅੱਖਰ ਤੋਂ ਸ਼ੁਰੂ ਹੋਵੇਗੀ… ਮੇਰਾ ਮੰਨਣਾ ਹੈ ਕਿ ਕਵੀ ਮਰਕੇ ਰੁੱਖ ਬਣ ਜਾਂਦੇ ਨੇ… ਮੈਨੂੰ ਆਪਣੀ ਮੁਹੱਬਤ ਤੇ ਪੂਰਾ ਯਕੀਨ ਹੈ… ਮੈਨੂੰ ਆਸ ਹੈ… ਆਪਾਂ ਦੋਵੇਂ… ਅਗਲੇ ਜਨਮ ਵਿੱਚ ਰੁੱਖ ਬਣਕੇ ਮਿਲਾਂਗੇ…ਉਹੀ ਇਬਾਦਤਨੂਰ….
ਮੈਂ ਉਸ ਦੁਬਾਰਾ ਦਿੱਤੀ ਡਾਇਰੀ ਤੇ ਪੂਰੇ ਛੇ ਮਹੀਨੇ ਕੁਝ ਨਾ ਲਿਖਿਆ… ਸਿਰਫ ਉਸਨੂੰ ਪੜਿਆ… ਪੜਿਆ ਵੀ ਵਾਰ ਵਾਰ… ਮੈਂ ਜਦ ਲਿਖਣ ਦੀ ਸ਼ੁਰੂਆਤ ਕਰੀ ਤਾਂ ਮੇਰੀ ਕਲਮ ਨੇ ਕਿਹਾ …ਉਹ ਕੁੜੀ ਨਹੀਂ…ਉਹ ਮੁਹੱਬਤ ਸੀ…
ਮੈਂ ਅੱਜ ਵੀ ਜਦੋਂ ਉਹਦੇ ਵਾਰੇ ਸੋਚਦੇ ਹਾਂ, ਮੇਰੇ ਹੱਥ ਕੰਬਣ ਲੱਗਦੇ ਨੇ, ਮੈਂ ਉਹਨੂੰ ਇੱਕ ਆਖਰੀ ਖ਼ਤ ਲਿਖਣਾਂ ਚਾਹਾਂਗਾ, ਮੇਰੀ ਆਖ਼ਰੀ ਖਵਾਇਸ਼ ਹੈ ਕਿ ਇਹ ਖ਼ਤ, ਖ਼ਤ ਦੀ ਜੂਨ ਹੀ ਹੰਢਾਏ,
ਮੈਂ ਸ਼ੁਰੂ ਕਰਦਾਂ ਹਾਂ ( ਹੂਬਹੂ )
ਬਸ ਮੁੱਕਦੀ ਗੱਲ ਇਤਫ਼ਾਕ ਆ, ਪਰ ਫੇਰ ਵੀ ਕਹਿਣ ਲਈ ਬਹੁਤ ਕੁਝ ਆ , ਸਮਾਂ ਦੱਸੇਗਾ ਕਿ ਤੁਸੀਂ ਮੇਰੀ ਜਿੰਦਗੀ ਦਾ ਹਿੱਸਾ ਕਿਦਾਂ ਹੋ, ਗੱਲ ਦਿਲ ਦੀ ਕਿਹਾ ਸੀ ਨਾ, ਤਾਂ ਇਹ ਗੱਲਾਂ ਦਿਲ ਦੀਆਂ ਹੀ ਨੇ, ਤੁਹਾਡੇ ਮੈਸਜ਼ ਤੋਂ ਬਾਅਦ ਦਾ ਇੱਕ ਇੱਕ ਦਿਨ ਯਾਦ ਆ, ਮੈਨੂੰ ਐਦਾਂ ਲੱਗਦਾ ਹੁੰਦਾ, ਮੈਂ ਇੱਕ ਖੜ੍ਹੇ ਪਾਣੀ ਵਰਗਾ ਸੀ, ਤੁਸੀਂ ਆਏ ਆਪਣੇ ਹੱਥਾਂ ਨਾਲ ਮਿੱਟੀ ਪਾਸੇ ਕਰੀ ਤੇ ਨਿਵਾਣ ਵੱਲ ਰੋੜ ਦਿੱਤਾ,ਉਸ ਦਿਨ ਦਾ ਰੁੜਿਆ। ਮੈਂ ਅੱਜ ਤੀਕ ਰੁੜ ਰਿਹਾਂ ਹਾਂ, ਮੇਰੀ ਜਿੰਦਗੀ ਦੀ ਅਸਲ ਸ਼ੁਰੂਆਤ ਤੁਹਾਡੇ ਆਉਣ ਨਾਲ ਹੋਈ, ਮੈਂ ਪੜ੍ਹਦਾ ਜ਼ਰੂਰ ਸੀ,ਪਰ ਅਧਿਆਤਮਕ ਉਹ ਵਿਸ਼ੇ ਜੋ ਸਿਰਫ਼ ਸਿਆਣਪ ਦੇ ਮੁਮਤਾਜ਼ ਸੀ,ਪਰ ਆਪਾਂ ਕਹਿ ਲਈਏ ਜਿਵੇਂ ਕਿਸ਼ਤੀ ਨੂੰ ਪਾਣੀ ਦੀ ਲੋਰ ਹੁੰਦੀ ਹੈ, ਉਦਾਂ ਹੀ ਸਾਡੀ ਜਿੰਦੜੀ ਨੂੰ ਮੋਹ , ਵਾਸ਼ਨਾ, ਫ਼ਿਕਰ, ਤਖ਼ੱਲਸ, ਭਾਵਨਾ ਦੀ ਲੋਰ ਹੁੰਦੀ ਹੈ, ਕਿਸੇ ਚੀਜ਼ ਦੇ ਹਾਣ ਦੇ ਹੋ ਕੇ ਕਿਦਾਂ ਗੱਲ ਕਰਨੀਂ ਆ, ਮੈਂ ਤੁਹਾਡੇ ਕੋਲੋਂ ਸਿੱਖਿਆ, ਤੁਸੀਂ ਮੇਰੀ ਹਰ ਗੱਲ ਲਿਖੀ, ਸੁਣੀਂ, ਤੁਸੀਂ ਮੇਰਾ ਹਰ ਲੁਕਾਣ ਪਰਦੇ ਵਿਚ ਤੱਕਿਆ ਤੇ ਫੇਰ ਵੀ ਚੁੱਪ ਧਾਰੀ, ਤੁਸੀਂ ਮੇਰੀਆਂ ਗਲਤੀਆਂ ਵੀ ਨਜ਼ਰ ਅੰਦਾਜ਼ ਕਰੀਆਂ, ਮੈਂ ਆਪਣੇ ਹਿਸਾਬ ਨਾਲ ਕਹਾਂ ਤਾਂ ਸ਼ਾਇਦ ਜੇ ਰੱਬ ਨਾ ਹੁੰਦਾ ਤਾਂ ਮੈਂ ਰੱਬ ਬਣਾ ਦੇਣਾਂ ਸੀ ਤੁਹਾਨੂੰ, ਮੈਨੂੰ ਅਕਸਰ ਲੱਗਦਾ ਹੈ ਕਿ ਮੇਰੇ ਤੋਂ ਇੱਕਲਿਆਂ ਬਹੁਤੀ ਜ਼ਿੰਦਗੀ ਨਹੀਂ ਹੰਢਾ ਹੋਣੀ,ਇਸ ਲਈ ਮੈਂ ਅਕਸਰ ਸੋਚਦਾ ਮੈਂ ਜਿਉਂਦੇ ਜੀ, ਤੁਹਾਨੂੰ ਦੁਨੀਆਂ ਅੱਗੇ ਮਿਸਾਲ ਬਣਾ ਜਾਵਾਂ, ਤੁਹਾਡੇ ਨਾਂ ਦਾ ਲੋਕ ਨਾਮ ਜਪਣ ਮੈਂ ਕੁਝ ਐਦਾਂ ਦਾ ਸੋਚਦਾ ਹਾਂ, ਸੱਚੀਂ ਕਦੇ ਕਦੇ ਮੈਨੂੰ ਇਹ ਕਲਪਨਿਕ ਗੱਲਾਂ ਲੱਗਦੀਆ ਨੇ,ਪਰ ਜਦੋਂ ਕੋਈ ਪੁੱਛਦਾ ਕਿ ਅਲਫ਼ਨੂਰ ਸੱਚ ਮੁੱਚ ਹੈ ਤਾਂ ਮੈਂ ਇਹ ਸੋਚ ਇਹ ਜਵਾਬ ਦੇ ਦੇਨਾਂ ਕਿ ਇਹ ਤਾਂ ਉਸਨੂੰ ਪਤਾ, ਕੀ ਪਤਾ ਇਹ ਰੱਬ ਹੀ ਮੇਰੇ ਤੋਂ ਪੁੱਛ ਰਿਹਾ ਹੈ,ਤੇ ਉਸ ਸਮੇਂ ਮੈਨੂੰ ਤੁਸੀਂ ਦੁਨੀਆਂ ਅੱਗੇ ਮਿਸਾਲ ਬਣਦੇ ਜਾਪਦੇ ਹੋ ਤੇ ਮੇਰਾ ਸੁਪਨਾ ਪੂਰਾ ਹੁੰਦਾ,
ਮੈਂ ਇਹ ਸਿਰਮੱਥੇ ਕਬੂਲ ਕਰਦਾਂ ਹਾਂ ਕਿ ਮੈਂ ਗਲਤੀਆਂ ਬਹੁਤ ਕਰਦਾ ਹਾਂ , ਬਹੁਤ ਸਾਰੀਆਂ ਗੱਲਾਂ ਵੀ ਭੁੱਲ ਜਾਣਾ ਹਾਂ, ਸੱਚੀਂ ਕੁਝ ਸਮਝ ਹੀ ਨਹੀਂ ਲੱਗਦਾ,ਕਿ ਕਿੱਧਰ ਚਲੀਆਂ ਜਾਂਦੀਆਂ ਗੱਲਾਂ,ਬਸ ਇਹ ਤੇ ਨਹੀ ਪਤਾ ਕਿਉਂ, ਪਰ ਤੁਹਾਡੇ ਨਾਲ ਗੱਲ ਕਰਕੇ ਮਨ ਨਹੀਂ ਭਰਦਾ, ਐਦਾਂ ਲੱਗਦਾ ਤੁਸੀਂ ਹਮੇਸ਼ਾ ਕੋਲ਼ ਹੋਵੋਂ ਤੇ ਕੁਝ ਨਾ ਕੁਝ ਬੋਲਦੇ ਰਹੋ, ਕੁਝ ਵੀ ਬੋਲੋ, ਨਾਲ਼ੇ ਆ ਤੁਸੀਂ ਕਿਹਾ ਸੀ ਨਾ ਕਿ ਤੁਹਾਨੂੰ ਮੇਰੇ ਤੇ ਗ਼ੁੱਸਾ ਨਹੀਂ ਆਉਂਦਾ… ਸੱਚੀਂ ਮੈਨੂੰ ਤੁਹਾਡੀ ਹਰ ਆਦਤ ਬੜੀ ਪਿਆਰੀ ਲੱਗਦੀ ਆ,ਬਸ ਦੋ ਆਦਤਾਂ ਨੂੰ ਛੱਡ ਕੇ ਇੱਕ ਤੇ ਰੋਟੀ ਨਾ ਖਾਣੀਂ ਤੇ ਦੂਸਰਾ ਉਹ ਮੂੰਹ ਜਾ ਬਣਾਉਣਾ, ਤੁਸੀਂ ਵੀ ਸੋਚ ਰਹੇ ਹੋਵੋਗੇ, ਕਮਲੇ ਜਿਹੇ ਨੂੰ ਕਿਹਾ ਕੀ ਸੀ ਤੇ ਲਿਖ ਕੀ ਰਿਹਾ ਜਵਾਂ ਝੱਲਾ ਵਾ ਇਹ ਮੁੰਡਾ ਤਾਂ, ਲਿਖਣ ਨੂੰ ਤਾਂ ਤੁਹਾਡੇ ਉੱਪਰ ਕਿਤਾਬ ਲਿਖ ਦੇਵਾਂ ਪਰ ਮੈਂ ਡਰ ਜਾਣਾਂ ਹਾਂ ਕਿ ਕਿਤੇ ਕੋਈ ਐਨਾ ਖੂਬਸੂਰਤ ਚੰਨ ਵੇਖ ਕੇ ਮੇਰੇ ਤੋਂ ਖੋਹ ਕੇ ਹੀ ਨਾ ਲੈ ਜਾਵੇ, ਇੱਕ ਹੋਰ ਤੁਸੀਂ ਬੋਲਦੇ ਹੁੰਨੇ ਹੋ ਕਿ ਤੁਸੀਂ ਮੇਰੀ ਫ਼ਿਕਰ ਜਾਂ ਟੈਨਸ਼ਨ ਕਿਉਂ ਕਰਦੇ ਹੁੰਨੇ ਹੋ… ਤੁਸੀਂ ਕਹਿਣਾ, ਕਹਿਣਾ ਸੌਖਾ ਹੈ ਪਰ ਮੈਂ ਉਹਨਾਂ ਵਿਚੋਂ ਨਹੀਂ ਆ, ਰੱਬ਼ ਨਾ ਕਰੇ ਤੁਹਾਨੂੰ ਹਮੇਸ਼ਾ ਲਈ ਦੂਰ ਹੋਣਾਂ ਪੈ ਗਿਆ, ਫੇਰ ਮੈਨੂੰ ਪਤਾ ਮੇਰੇ ਤੋਂ ਬਹੁਤਾ ਸਮਾਂ….,
ਕਿਸੇ ਸ਼ਾਇਰ ਨੇ ਕਿਹਾ ਸੀ ਕਿ ਕਈ ਵਾਰ ਕਿਸੇ ਦਾ ਹੱਥ ਫੜ ਕੇ ਵੀ ਕੁਝ ਮਹਿਸੂਸ ਨਹੀਂ ਹੁੰਦਾ ਤੇ ਕਈਆਂ ਦੀਆਂ ਅੱਖਾਂ ਵੇਖ ਹੀ ਦੁਨੀਆਂ ਭੁੱਲ ਜਾਂਦੀ ਆ,ਬਾਕੀ ਮੇਰੀ ਇੱਕ ਇਹ ਵੀ ਦਿਲੀਂ ਖਵਾਇਸ਼ ਹੈ ਕਿ ਮੈਂ ਤੁਹਾਨੂੰ ਇੱਕ ਵਾਰ ਜਰੂਰ ਮਿਲਾਂ, ਮਿਲਣਾਂ ਜਾਂ ਨਹੀਂ ਇਹ ਕਿਸਮਤ ਤੇ ਰੱਬ ਜੀ ਦੀ ਮਰਜ਼ੀ ਹੈ,ਪਰ ਖਵਾਇਸ਼ ਹੈ,
ਕਦੇ ਕਦੇ ਲੱਗਦਾ ਮੈਂਨੂੰ ਮੈਂ ਮਿੱਟੀ ਦੇ ਬੁੱਤ ਵਰਗਾ ਲੱਗਦਾ, ਜਿਸ ਨੂੰ ਬਣਾ ਕੇ ਤੁਸੀਂ ਖੋਹ ਦਿੱਤਾ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਐਨੇ ਬੁੱਤ ਬਣਾਏ ਕਿ ਮੈਂ ਯਾਦ ਹੀ ਨਹੀਂ ਆਇਆ ਜਾਂ ਤੁਸੀ ਬੁੱਤ ਬਣਾਉਣੇ ਹੀ ਛੱਡ ਦਿੱਤੇ , ਤੁਹਾਨੂੰ ਇਹ ਵੀ ਨਹੀਂ ਯਾਦ ਕਿ ਤੁਸੀਂ ਬੁੱਤ ਬਣਾਉਂਦੇ ਸੀ, ਇੱਕ ਗੱਲ ਦੱਸਾਂ ਮੈਨੂੰ ਕਦੇ ਕਦੇ ਲਗਦਾ ਹੁੰਦਾ ਕਿ ਆਪਣਾ ਕੋਈ ਅਤੀਤ ਦਾ ਰਿਸ਼ਤਾ ਏ, ਮੈਂ ਏਥੇ ਕਿਸੇ ਸ਼ਾਇਰ ਜਾਂ ਕਵਿੱਤਰੀ ਦਾ ਨਾਂ ਨਹੀਂ ਲਵਾਂਗਾ, ਪਰ ਮੈਨੂੰ ਇੰਝ ਲੱਗਦਾ ਜਿਵੇਂ ਪਿਛਲੇ ਜਨਮ ਵਿੱਚ ਮੈਂ ਇੱਕ ਰੁੱਖ ਸੀ ਤੇ ਤੁਸੀਂ ਉਸ ਥੱਲੇ ਬੈਠ ਤਪੱਸਿਆ ਕਰੀ ਸੀ ਤੇ ਤੁਸੀਂ ਐਨੀ ਤਪੱਸਿਆ ਕਰੀਂ ਕਿ ਤੁਹਾਨੂੰ ਰੱਬ ਮਿਲ ਗਿਆ, ਮੈਨੂੰ ਹੁਣ ਵੀ ਕਦੇ ਕਦੇ ਇੰਝ ਲੱਗਦਾ ਹੁੰਦਾ ਕਿ ਮੈਂ ਜਦੋਂ ਮਰਾਂ ਤਾਂ ਤੁਸੀਂ ਮੇਰੇ ਕੋਲ ਹੋਵੋਂ ਜਾਂ ਮੈਂ ਤੁਹਾਡੇ ਬਾਰੇ ਕੁਝ ਲਿਖ ਰਿਹਾ ਹੋਵਾਂ ਜੋ ਰਹਿੰਦੀ ਦੁਨੀਆਂ ਤੀਕ ਦੁਨੀਆਂ ਪੜੇ, ਮੈਨੂੰ ਅੱਜ ਵੀ ਯਕੀਨ ਹੈ ਕਿ ਮੈਂ ਜ਼ਰੂਰ ਅਗਲੇ ਜਨਮ ਵਿੱਚ ਫੇਰ ਰੁੱਖ ਬਣਾਂਗਾ ਤੇ ਤੁਸੀਂ ਫੇਰ ਉਸ ਰੁੱਖ ਥੱਲੇ ਬੈਠਣਾਂ ਹੈ, ਕਿੰਨੀਆਂ ਅਜੀਬ ਜਿਹੀਆਂ ਗੱਲਾਂ ਨੇ ਮੇਰੀਆਂ ਹਨਾਂ,ਪਰ ਮੇਰੇ ਅੰਦਰ ਦੀ ਦੁਨੀਆਂ ਏਹੋ ਜਿਹੀ ਹੀ ਆ, ਮੈਨੂੰ ਵੀ ਪੌਣੇ ਕੁ ਤਿੰਨ ਸਾਲ ਪਹਿਲਾਂ ਪਤਾ ਲੱਗਾ ਕਿ ਮੇਰੇ ਅੰਦਰ ਵੀ ਇੱਕ ਦੁਨੀਆਂ ਹੈ, ਜਿੱਥੇ ਇੱਕ ਕੁੜੀ ਰਹਿੰਦੀ ਹੈ,ਜੋ ਅੱਧੀ ਔਰਤ ਤੇ ਅੱਧੀ ਮਰਦ ਹੈ, ਮੈਂ ਉਸਨੂੰ ਮਿਲਿਆ ਤਾਂ ਉਸ ਨੇ ਮੈਨੂੰ ਆਪਣੇ ਆਪ ਵਿਚ ਐਨਾ ਜ਼ਿਆਦਾ ਲੀਨ ਕਰ ਲ਼ਿਆ ਕਿ ਮੈਂ ਸੁਧਬੁਧ ਖੋ ਬੈਠਾ, ਮੈਨੂੰ ਬਾਹਰਲੀ ਦੁਨੀਆਂ ਮਿੱਸੀ , ਮਤਲਬ ਬੇਸੁਆਦੀ ਲੱਗਣ ਲੱਗੀ, ਮੈਂ ਡਾਢੀ ਸਾਲ ਬਿਲਕੁਲ ਬੇਸੁਆਦੀ ਦੁਨੀਆਂ ਨੂੰ ਵੇਖਦਾ ਰਿਹਾ ਤੇ ਬੇਸੁਆਦੇ ਸੁਆਦ ਲੋਕਾਂ ਨੂੰ ਵੰਡਦਾ ਰਿਹਾ, ਫੇਰ ਇੱਕ ਦਿਨ ਤੁਸੀਂ ਆਏ ਤੇ ਮੈਂ ਤੁਹਾਡਾ ਨਾਮ ਪੁੱਛਿਆ ਜਦੋਂ ਤੁਸੀਂ ਆਪਣਾ ਨਾਮ ਦੱਸਿਆ ਮੈਂ ਆਪਣੇ ਅੰਦਰਲੀ ਔਰਤ ਨੂੰ ਹਾਕ ਮਾਰੀ ਤੇ ਕਿਹਾ ਓ ਝੂਠੀਏ ਤੂੰ ਤੇ ਕਹਿੰਦੀ ਸੀ ਏਥੇ ਇੱਕ ਹੀ ਸੁਖ ਆ, ਆ ਵੇਖ ਮੇਰਾ ਹੀ ਦੂਸਰਾ ਹਿੱਸਾ ਲੱਭ ਗਿਆ, ਉਸਨੇ ਕੰਨ ਚੱਕ ਕੇ ਮੇਰੀ ਗੱਲ ਸੁਣੀਂ ਤੇ ਕਿਹਾ ਕਮਲਿਆ ਕੇਹੋ ਜਿਹੀਆਂ ਗੱਲਾਂ ਕਰ ਰਿਹਾ ਉਹ ਕਿੰਨਾ ਚਿਰ ਹੱਸਦੀ ਰਹੀ, ਫੇਰ ਤੁਸੀਂ ਚੱਲੇ ਗਏ,ਮੈਂ ਬਿਲਕੁਲ ਉਦਾਸ ਹੋ ਗਿਆ ਉਸਨਾਲ ਵੀ ਗੱਲ ਕਰਨੀ ਛੱਡ ਦਿੱਤੀ, ਉਸਤੋਂ ਮੇਰਾ ਦਰਦ ਸਿਹਾ ਨਾ ਗਿਆ ਉਸਨੇ ਤੁਹਾਨੂੰ ਫੇਰ ਵਾਪਿਸ ਮੋੜ ਲੈ ਆਂਦਾ, ਫੇਰ ਕੀ ਮੈਂ ਤੁਹਾਡੇ ਵਿਚ ਐਨਾ ਰੁੱਝ ਗਿਆ ਕਿ ਉਹਨੂੰ ਭੁੱਲ ਹੀ ਗਿਆ, ਉਸਨੇ ਕਿੰਨੇ ਉਲਾਂਭੇ ਦਿੱਤੇ,ਪਰ ਜਦੋਂ ਗੱਲ ਵੱਸ ਨਾ ਰਹੀ, ਮੈਨੂੰ ਫੇਰ ਤੁਹਾਡੇ ਤੋਂ ਦੂਰ ਕਰ ਦਿੱਤਾ, ਮੈਂ ਬੜਾ ਦੁੱਖੀ ਹੋਇਆ ਉਹ ਆਈ ਤੇ ਕੋਲ਼ ਬੈਠ ਗਈ ਤੇ ਤੁਹਾਡੇ ਬਾਰੇ ਪੁੱਛਣ ਲੱਗੀ ਤੇ ਜੋ ਜੋ ਪੁੱਛਿਆ ਮੈਂ ਦੱਸ ਦਿੱਤਾ, ਫੇਰ ਕੀ ਹੋਇਆ ,ਉਸਨੇ ਨੀਵੀਂ ਪਾ ਲਈ, ਬਿਲਕੁਲ ਢਲਦੇ ਸੂਰਜ ਵਾਂਗ, ਮੈਂ ਕਿਹਾ… ਆ ਕੀ ਆ ….ਕੀ ਹੋਇਆ,ਉਹ ਬੋਲੀ ਕਹਿੰਦੀ ਕਿੰਨਾਂ ਕੁਝ ਜਾਣ ਗਿਆ, ਉਹਦੇ ਬਾਰੇ ਕੁਝ ਹੀ ਦਿਨਾਂ ਵਿਚ, ਮੈਨੂੰ ਦੋ ਸਾਲ ਹੋ ਗਏ, ਮੇਰਾ ਨਾਂ ਵੀ ਨਹੀਂ ਪੁੱਛਿਆ, ਮੈਂ ਕਿਹਾ…. ਉਹੋ ਭੁੱਲ ਗਿਆ, ਉਹ ਬੋਲੀ ਨਹੀਂ, ਤੇਰੇ ਸਾਰੇ ਨਹੀਂ, ਮੈਂ ਕਿਹਾ ਚੱਲ ਦੱਸ , ਕਹਿੰਦੀ ਕੀ ਕਰਨਾ, ਮੈਂ ਕਿਹਾ ਮੈਂ ਤੈਨੂੰ ਦੱਸਾਂਗਾਂ, ਕਹਿੰਦੀ ਸੁਣ… ਕਵਿਤਾ, ਮੈਂ ਚੁੱਪ ਕਰ ਗਿਆ,ਪਤਾ ਕਿਉਂ… ਕਿਉਂਕਿ ਉਦੋਂ ਆਪਣੀ ਗੱਲ ਨਹੀਂ ਸੀ ਹੁੰਦੀਂ, ਫੇਰ ਮੈਂ ਦਸ ਦਿਨ ਬਾਅਦ ਤੁਹਾਨੂੰ ਸਿਰਫ ਸ਼ਾਮ ਨੂੰ ਯਾਦ ਕਰਦਾ ਤੇ ਦਿਨ ਤੇ ਸਵੇਰੇ ਉਸ ਕੋਲ਼ ਵੀ ਨਾ ਜਾਂਦਾ, ਅਸਮਾਨ ਨੂੰ ਸਵਾਲ ਕਰਦਾ ਰਹਿੰਦਾ, ਪਰ ਫੇਰ ਉਸਨੇ ਕਿਹਾ ਕਿ ਕੀ ਪਤਾ ਮੈਂ ਕਦੋਂ ਚਲੀ ਜਾਵਾਂ, ਤੂੰ ਹੁਣ ਕੁਝ ਏਹੋ ਜਾ ਲਿਖ ਜੋ ਮੇਰਾ ਤੇ ਉਹਦਾ ਹਿੱਸਾ ਹੈ ਮੈਂ ਕੁਝ ਲਿਖਿਆ ਤੁਸੀਂ ਵਾਪਿਸ ਆ ਗਏ, ਮੈਂ ਉਸਨੂੰ ਦੱਸਿਆ ਉਸ ਬੜੀ ਖੁਸ਼ ਹੋਈ ਤੇ ਕਿਹਾ ਤੁਹਾਡੀ ਨਵੀਂ ਜ਼ਿੰਦਗੀ ਮੁਬਾਰਕਬਾਦ, ਮੈਂ ਕਿਹਾ ਪਰ ਉਹ ਤੇ ਪਹਿਲਾਂ ਦੀ ਆਈ ਹੈ, ਉਸਨੇ ਕਿਹਾ ਐਦਾਂ ਨਾ ਕਹਿ, ਜੇ ਕਹਿਣਾਂ ਤਾਂ ਸਿਰਮੱਥੇ ਕਹਿ ਦੇ, ਮੈਂ ਦੱਸ ਨਹੀਂ ਸਕਦਾ ਕਿੰਨਾ ਕੁਝ ਖਾਸ ਤੇ ਬੇਸ਼ਕੀਮਤੀ ਸੀ, ਤੁਹਾਡੇ ਫ਼ੋਨ ਦੀ ਰਿੰਗ ਵੱਜੀ,ਉਹ ਕੋਲ਼ ਹੀ ਸੀ, ਕਹਿੰਦੀ ਚੁੱਕ ਮੈਂ ਕਿਹਾ ਮੈਂ ਕੀ ਬੋਲੂ ਕਹਿੰਦੀ ਚੁੱਕ, ਮੈਂ ਫ਼ੋਨ ਚੁੱਕਿਆ ਤੇ ਵੇਖਿਆ ਤੁਹਾਡੀ ਸਤਿ ਸ੍ਰੀ ਆਕਾਲ ਜੀ ਦੀ ਆਵਾਜ਼ ਬਿਲਕੁਲ ਉਹਦੇ ਵਰਗੀ ਸੀ, ਮੈਂ ਹੈਰਾਨ ਸੀ , ਉਸ ਦਿਨ ਤੋਂ ਲੈ ਕੇ ਅੱਜ ਤੀਕ, ਮੈਂ ਜੇਕਰ ਕਵਿਤਾ ਬਾਰੇ ਸੋਚਾਂ ਜਾਂ ਤੁਹਾਡੇ ਬਾਰੇ ਮੈਨੂੰ ਇੱਕੋ ਜਿਹਾ ਲੱਗਦਾ, ਇਸੇ ਕਰਕੇ ਤੁਹਾਡੀ ਫ਼ਿਕਰ ਕਰਨਾ ਮੇਰਾ ਫਰਜ਼ ਆ, ਮੈਂ ਨਹੀਂ ਚਾਹੁੰਦਾ ਮੇਰੀ ਅਲਫ਼ ਤੇ ਕਵਿਤਾ ਮੇਰੇ ਤੋਂ ਦੂਰ ਹੋਣ , ਸਗੋਂ ਇਹ ਹਮੇਸ਼ਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ