More Punjabi Kahaniya  Posts
ਉਮੀਦਾਂ ਵਾਲੇ ਚਿਰਾਗ


ਗੁਰਮਲਕੀਅਤ ਸਿੰਘ ਕਾਹਲੋਂ
ਕੁਝ ਸਾਲ ਪਹਿਲਾਂ ਮੈਂ ਆਪਣੇ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰਵਾਰ ਖਾਲੀ ਥਾਂ ਤੇ ਖੜਾਕੇ ਤੁਰਨ ਈ ਲਗਾ ਸੀ ਕਿ ਸੱਜੇ ਪਾਸਿਓਂ ਅਵਾਜ ਆਈ। “ਕਾਕਾ ਠਹਿਰੀਂ”, ਮੈਂ ਹੈਰਾਨੀ ਜਿਹੀ ਨਾਲ ਵੇਖਿਆ, ਬਜੁਰਗ ਔਰਤ ਕਾਹਲੀ ਕਦਮ ਪੁਟਦਿਆਂ ਨੇੜੇ ਆ ਰਹੀ ਸੀ। ਕੋਲ ਆਕੇ ਉਹ ਬੋਲੀ,
“ਤੂੰ ਚਾਚੀ ਮਨਜੀਤ ਕੌਰ ਦਾ ਦੋਹਤਾ ਏਂ ਨਾ ਰਾਮਪੁਰ ਤੋਂ। ਮੈਂ ਤੇਰੀ ਮਾਸੀ ਲਗਦੀ ਆਂ। ਤੇਰੀ ਮੰਮੀ ਮੇਰੀ ਬੜੀ ਪੱਕੀ ਸਹੇਲੀ ਹੁੰਦੀ ਸੀ ਵਿਆਹ ਤੋਂ ਪਹਿਲਾਂ। ਪਿਛਲੇ ਸਾਲ ਮੈਨੂੰ ਖੰਨੇ ਮਿਲੀ ਸੀ ਉਹ। ਉਸਨੇ ਈ ਦਸਿਆ ਸੀ ਕਿ ਤੂੰ ਦੋਰਾਹੇ ਕਾਲਜ ਵਿਚ ਲੈਕਚਰਾਰ ਲਗ ਗਿਆਂ।” ਉਸਨੇ ਮੇਰੀ ਹੈਰਾਨਗੀ ਤਾੜਦਿਆਂ ਆਪਣੀ ਸਾਰੀ ਪਹਿਚਾਣ ਕਰਵਾ ਕੇ ਇਹ ਵੀ ਦਸ ਦਿਤਾ ਕਿ ਇਥੇ ਉਸਦੇ ਪੇਕੇ ਨੇ ਤੇ ਸਹੁਰੇ ਨਾਲਦੇ ਪਿੰਡ ਨੇ।
ਸਿਰ ਤੇ ਲਈ ਚਿੱਟੀ ਚੁੰਨੀ ਹੇਠ ਸੰਵਰੇ ਵਾਲ ਤੋ ਬੋਲੀ ਦੇ ਸਲੀਕੇ ਚੋਂ ਉਸਦੀ ਸੁਘੜ ਸਿਆਣੀ ਔਰਤ ਵਾਲੀ ਸਖਸ਼ੀਅਤ ਝਲਕਦੀ ਸੀ। ਬਚਪਨ ਤੋਂ ਈ ਚੰਗੇ ਲੋਕਾਂ ਦੀ ਜਿੰਦਗੀ ਉਤੇ ਝਾਤ ਪਾਉਣੀ ਮੇਰਾ ਸ਼ੌਕ ਹੈ। ਸਿਰ ਪਲੋਸਣ ਲਈ ਉਠੇ ਉਸਦੇ ਹੱਥਾਂ ਦੀ ਛੂਹ ਲਈ ਮੈਂ ਉਸਦੇ ਪੈਰਾਂ ਵਲ ਝੁਕਿਆ। ਹੋਰ ਕਿੰਨੀਆਂ ਸਾਰੀਆਂ ਅਸੀਸਾਂ ਅਤੇ ਮੇਰੀ ਮੰਮੀ ਨਾਲ ਆਪਣੇ ਸਹੇਲਪੁਣੇ ਦੀਆਂ ਕੁਝ ਯਾਦਾਂ ਮੇਰੇ ਨਾਲ ਸਾਂਝੀਆਂ ਕਰਕੇ ਅਤੇ ਵਾਪਸੀ ਵੇਲੇ ਉਸਦੇ ਘਰੋ ਹੋਕੇ ਜਾਣ ਦਾ ਸੱਦਾ ਦੇਕੇ ਉਹ ਖੱਬੇ ਪਾਸੇ ਨੂੰ ਤੁਰ ਪਈ ਤੇ ਮੈਂ ਆਪਣੇ ਨਾਨਕਿਆਂ ਵਾਲੀ ਗਲੀ ਵਲ ਤੁਰ ਪਿਆ।
ਨਾਨਕੇ ਘਰ ਜਾਕੇ ਨਾਨੀ ਤੋਂ ਉਸਦੇ ਬਾਰੇ ਮਿਲੀ ਜਾਣਕਾਰੀ ਅੱਖਾਂ ਖੋਲਣ ਵਾਲੀ ਸੀ। ਉਮਰ ਪੱਖੋਂ ਤਾਂ ਉਹ ਮੇਰੀ ਮੰਮੀ ਤੋਂ ਥੋੜੀ ਵਡੀ ਸੀ, ਪਰ ਸ਼ਰੀਕੇ ਵਿਚੋਂ ਮੰਮੀ ਦੀ ਭੂਆ ਲਗਦੀ ਸੀ। ਸਮੇਂ ਦੇ ਨਾਲ ਪਿੰਡ ਦੇ ਸਾਰੇ ਛੋਟੇ ਵਡੇ ਉਸਨੂੰ ਭੂਆ ਕਹਿਕੇ ਦੁਆ ਸਲਾਮ ਕਰਨ ਅਤੇ ਅਸ਼ੀਰਵਾਦ ਲੈਂਣ ਲਗ
ਪਏ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਉਸਦੇ ਮੂੰਹੋ ਨਿਕਲੀ ਗਲ ਸੱਚ ਹੋ ਜਾਂਦੀ ਐ। ਇਲਾਕੇ ਵਿਚ ਕੋਈ ਉਸਦੀ ਗਲ ਨਹੀਂ ਮੋੜਦਾ ਤੇ ਨਾ ਹੀ ਉਹ ਕਿਸੇ ਨੂੰ ਅਜਿਹਾ ਕੁਝ ਕਹਿੰਦੀ ਸੀ ਕਿ ਅਗਲੇ ਕੋਲ ਨਾਂਹ ਕਹਿਣ ਦੀ ਗੁੰਜਾਇਸ਼ ਬਚਦੀ ਹੋਏ। ਮੇਰੇ ਨਾਨੀ ਜੀ ਦਸਦੇ ਸੀ ਕਿ 16 ਸਾਲਾਂ ਦੀ ਸੀ ਅੰਬੋ ਜਦ ਉਸਦਾ ਵਿਆਹ ਹੋ ਗਿਆ। ਉਦੋਂ ਚੰਗੇ ਮੁੰਡੇ ਦੀ ਦਸ ਪੈਂਦੇ ਈ ਕੁੜੀ ਦੇ ਮਾਪੇ ਅਨੰਦ ਕਾਰਜ ਕਰਕੇ ਇਕ ਤਰਾਂ ਨਾਲ ਮੁੰਡੇ ਨੂੰ ਜਵਾਈ ਵਾਲਾ ਬੰਨ ਮਾਰ ਲੈਂਦੇ ਸਨ। 2-4 ਸਾਲਾਂ ਬਾਦ ਕੁੜੀ ਨੂੰ ਗ੍ਰਹਿਸਥੀ ਦੀ ਸਮਝ ਆਉਦੀ ਤਾਂ ਮੁਕਲਾਵਾ ਤੋਰਕੇ ਉਸਦੀ ਵਿਦਾਈ ਕਰ ਦਿਤੀ ਜਾਂਦੀ।
ਪਿਛੋਕੜ ਯਾਦ ਕਰਦਿਆਂ ਨਾਨੀ ਨੇ ਦਸਿਆ ਕਿ ਵਿਆਹ ਤੋਂ ਤਿੰਨ ਸਾਲ ਬਾਦ ਜਦ ਉਸਦਾ (ਨਾਨੀ ਦੀ) ਮੁਕਲਾਵਾ ਹੋਇਆ ਤਾਂ ਭੂਆ ਨਿਕੀ ਜਿਹੀ ਹੁੰਦੀ ਸੀ। ਸਹੁਰੇ ਘਰ ਜਦ ਨਾਨੀ ਦਾ ਆਂਢ ਗੁਆਂਢ ਦਾ ਮੇਲ ਮਿਲਾਪ ਹੋਣ ਲਗਿਆ ਤਾਂ ਭੂਆ ਸਕੂਲੇ ਜਾਣ ਲਗ ਪਈ ਸੀ। ਪੰਜਵੀਂ ਪਾਸ ਕੀਤੀ ਤਾਂ ਭੂਆ ਦੇ ਮਾਪਿਆਂ ਨੂੰ ਕੁੜੀ ਦੇ ਰਿਸ਼ਤੇ ਦੀ ਫਿਕਰ ਹੋਣ ਲਗ ਪਈ ਸੀ। ਭੂਆ ਅਕਸਰ ਮੇਰੀ ਨਾਨੀ ਕੋਲ ਆਣ ਬਹਿੰਦੀ। ਉਸਨੇ ਆਪ ਈ ਦਸਿਆ ਸੀ ਕਿ ਨਾਨੀ ਦੇ ਡੋਲੇ ਤੋਂ ਸੁੱਟੇ ਗਏ ਤਾਂਬੇ ਵਾਲੇ ਪੈਸੇ ਚੁਗ ਚੁਗ ਕੇ ਉਸਨੇ ਬੁਗਨੀ ਭਰੀ ਹੋਈ ਸੀ। ਉਦੋਂ ਮਿੱਟੀ ਦੀਆਂ ਬੁਗਨੀਆਂ ਸਾਰੇ ਨਿਆਣਿਆਂ ਕੋਲ ਹੁੰਦੀਆਂ ਸੀ। ਸਿਆਣੀਆਂ ਮਾਵਾਂ ਬੱਚਿਆਂ ਨੂੰ ਬੱਚਤ ਦੀ ਆਦਤ ਪਾਉਣ ਲਈ ਉਨ੍ਹਾਂ ਦਾ ਬੁਗਨੀਆਂ ਨਾਲ ਮੋਹ ਪਾ ਦੇਂਦੀਆਂ ਸੀ। ਨਾਨੀ ਵਲੋਂ ਇਹ ਗਲ ਦਸਣ ਤੋਂ ਬਾਦ ਹੀ ਮੈਨੂੰ ਯਾਦ ਆਇਆ ਕਿ ਮੰਮੀ ਨੇ ਮੈਨੂੰ ਚਾਬੀ ਨਾਲ ਖੁਲਣ ਵਾਲਾ ਸਟੀਲ ਦਾ ਮਨੀ ਬੌਕਸ ਇਸੇ ਆਦਤ ਲਈ ਲਿਆਕੇ ਦਿਤਾ ਹੋਊ।
ਨਾਨੀ ਦਸਦੇ ਗਏ ਕਿ ਭੂਆ ਦੇ ਮਾਪਿਆਂ ਨਾਲਦੇ ਪਿੰਡ ਦਾ ਫੌਜੀ ਮੁੰਡਾ ਲਭਕੇ ਉਸਦਾ ਵਿਆਹ ਕਰ ਦਿਤਾ ਤੇ ਅਗਲੇ ਸਾਲ ਜਦ ਫੌਜੀ ਛੁੱਟੀ ਆਇਆ ਤਾਂ ਭੂਆ ਦੇ ਸਹੁਰੇ ਜੋਰ ਪਾਕੇ ਉਸਦਾ ਮੁਕਲਾਵਾ ਲੈ ਗਏ। ਫੌਜੀ ਦੀ ਛੁੱਟੀ ਦੇ ਦੋ ਮਹੀਨਿਆਂ ਦਾ ਅਜੇ ਅੱਧ ਟੱਪਿਆ ਸੀ ਕਿ ਉਸਨੂੰ ਵਾਪਸ ਆਉਣ ਦੀ ਤਾਰ ਆ ਗਈ। ਨਾਲ ਲਗਦੇ ਕਿਸੇ ਟਾਪੂ ਤੋਂ ਪੁਰਤਗੇਜਾਂ ਦਾ ਕਬਜਾ ਛੁਡਾਉਣ
ਲਈ ਫੌਜੀ ਐਕਸ਼ਨ ਕਰਨਾ ਪੈ ਰਿਹਾ ਸੀ ਭਾਰਤ ਸਰਕਾਰ ਨੂੰ। ਛਾਉਣੀ ਵਾਪਸ ਪੁਜਦਿਆਂ ਹੀ ਫੌਜੀ ਦੀ ਯੂਨਿਟ ਲਾਮ ਨੂੰ ਤੋਰ ਦਿਤੀ ਗਈ। ਕਹਿੰਦੇ ਫੌਜੀ ਨੂੰ ਖੰਨੇ ਤੋਂ ਗੱਡੀ ਚੜਾਉਣ ਲਈ ਭੂਆ ਆਪਣੀ ਸੱਸ ਦੇ ਨਾਲ ਗਈ ਤੇ ਘਰ ਆਕੇ ਬੜਾ ਰੋਈ ਸੀ। ਨਿਆਣੀ ਉਮਰੇ ਘਰ ਵਾਲੇ ਨਾਲ ਏਡੇ ਮੋਹ ਦੀਆਂ ਲੋਕ ਮਿਸਾਲਾਂ ਦੇਣ ਲਗ ਪਏ ਸਨ ਉਦੋਂ।
ਫੌਜੀ ਨੂੰ ਵਾਪਸ ਗਿਆਂ ਅਜੇ ਹਫਤਾ ਕੁ ਹੋਇਆ ਸੀ ਕਿ ਡਾਕੀਆ ਤਾਰ ਲੈਕੇ ਆ ਗਿਆ। ਉਦੋਂ ਤਾਰ ਦਾ ਨਾਂਅ ਈ ਖਤਰੇ ਦੀ ਘੰਟੀ ਹੁੰਦਾ ਸੀ। ਮੰਨਿਆ ਜਾਂਦਾ ਸੀ ਤਾਰ ਵਿਚ ਹਮੇਸ਼ਾਂ ਮਾੜੀ ਖਬਰ ਹੁੰਦੀ ਆ। ਪਤਾ ਨਹੀਂ ਡਾਕੀਏ ਨੂੰ ਪੜਨੀ ਨਹੀਂ ਸੀ ਆਈ ਜਾਂ ਉਹ ਜਾਣ ਬੁਝਕੇ ਟਾਲ ਗਿਆ ਸੀ। ਭੂਆ ਦਾ ਸਹੁਰਾ ਅਵਤਾਰ ਸਿੰਘ ਥਾਲ ਵਿਚ ਪਈ ਰੋਟੀ ਵਿਚੇ ਛਡ, ਕਾਹਲੇ ਪੈਂਰੀਂ ਪਾਰਲੇ ਪਾਸੇ ਵਾਲੇ ਮਾਸਟਰ ਰਸ਼ਪਾਲ ਸਿੰਘ ਦੇ ਘਰ ਵਲ ਹੋ ਤੁਰਿਆ ਸੀ। ਤਾਰ ਵੇਖਦੇ ਈ ਮਾਸਟਰ ਦਾ ਮੱਥਾ ਠਣਕਿਆ ਸੀ। ਅਜੇ ਕਲ ਈ ਤੇ ਉਸੇ ਲੜਾਈ ਵਿਚ ਈਸੜੂ ਪਿੰਡ ਦੇ ਕਿਸੇ ਫੌਜੀ ਦੀ ਸ਼ਹੀਦੀ ਦੀ ਖਬਰ ਉਸਨੇ ਰੇਡੀਓ ਤੋਂ ਸੁਣੀ ਸੀ। ਮਾਸਟਰ ਨੇ ਅਵਤਾਰ ਸਿੰਘ ਦੇ ਕੰਬਦੇ ਹੱਥਾਂ ਚੋਂ ਤਾਰ ਫੜਕੇ ਅੱਖਰਾਂ ਤੇ ਨਜਰ ਮਾਰੀ ਤੇ ਮੱਥੇ ਤੇ ਹੱਥ ਮਾਰਿਆ। ਮਾਸਟਰ ਦਾ ਚਿਹਰਾ ਉਤਰਦਿਆਂ ਈ ਅਵਤਾਰ ਸਿਉਂ ਸਮਝ ਗਿਆ ਕਿ ਜਰੂਰ ਕੋਈ ਭਾਣਾ ਵਰਤ ਗਿਐ। ਹੌਸਲਾ ਜਿਹਾ ਕਰਦਿਆਂ ਮਾਸਟਰ ਦੇ ਮੂੰਹੋ ਮਸਾਂ ਈ ਨਿਕਲਿਆ ਕਿ ਅਵਤਾਰ ਸਿੰਆਂ ਆਪਣਾ ਫੌਜੀ ਦੇਸ਼ ਲਈ ਕੁਰਬਾਨ ਹੋ ਗਿਆ। ਪੁੱਤਰ ਦੀ ਮੌਤ ਸੁਣਕੇ ਉਸ ਦੀਆਂ ਅੱਖਾਂ ਅਗੇ ਹਨੇਰ ਛਾ ਗਿਆ ਸੀ। ਭਾਦੋਂ ਦੇ ਚਮਾਸੇ ਵਾਲੇ ਦਿਨਾਂ ਚ ਵੀ ਉਸਨੂੰ ਕੰਬਣੀ ਜਿਹੀ ਛਿੜ ਗਈ ਸੀ। ਮਾਸਟਰ ਦੀ ਘਰਵਾਲੀ ਪਾਣੀ ਦਾ ਗਲਾਸ ਲੈ ਆਈ। ਮਾਸਟਰ ਨੇ ਗਲਾਸ ਉਸਦੇ ਮੂੰਹ ਨੂੰ ਲਾਕੇ ਉਸਨੂੰ ਆਪਣੇ ਆਪ ਵਿਚ ਲਿਆਉਣ ਦਾ ਯਤਨ ਕੀਤਾ। ਉਹ ਅਵਤਾਰ ਸਿੰਘ ਨੂੰ ਘਰ ਛਡਕੇ ਆਉਣ ਲਈ ਉਸਦੇ ਨਾਲ ਹੀ ਤੁਰ ਪਿਆ, ਮਤੇ ਰਸਤੇ ਵਿਚ ਕਿਸੇ ਕੰਧ ਨਾਲ ਈ ਨਾ ਟੱਕਰ ਮਾਰ ਲਏ। ਮਾਸਟਰ ਨੂੰ ਯਾਦ ਸੀ ਆਪਣੇ ਪਿਉ ਦੀ ਹਾਲਤ ਜਦ ਵਡੀ ਸੜਕ ਪਾਰ ਕਰਦਿਆਂ ਉਸਦੇ ਭਰਾ ਨੂੰ
ਕੋਈ ਗੱਡੀ ਮਿੱਧ ਗਈ ਸੀ। ਬਾਪ ਲਈ ਕਿੰਨਾ ਔਖਾ ਹੁੰਦਾ ਆਪਣੇ ਲਹੂ ਮਾਸ ਨੂੰ ਆਪਣੇ ਮੋਢਿਆਂ ਤੇ ਚੁਕਣਾ। ਭਲੇ ਲੋਕ ਤਾਂ ਦੁਆ ਕਰਦੇ ਨੇ ਕਿ ਰੱਬ ਇਹੋ ਜਿਹਾ ਦਰਦ ਕਿਸੇ ਦੁਸ਼ਮਣ ਨੂੰ ਨਾ ਵਿਖਾਵੇ।
ਦੋ ਦਿਨ ਬਾਦ ਮਿਲਟਰੀ ਦੇ ਟਰੱਕ ਉਤੇ ਲੱਕੜ ਦੇ ਡੱਬੇ ਵਿਚ ਪਈ ਹੋਈ ਫੌਜੀ ਦੀ ਲਾਸ਼ ਪਿੰਡ ਪਹੁੰਚ ਗਈ। ਫੌਜੀ ਰਸਮਾਂ ਕੀਤੀਆਂ ਗਈਆਂ। ਹਵਾ ਚ ਗੋਲੀਆਂ ਚਲਾ ਕੇ ਸਲਾਮੀ ਦੀ ਰਸਮ ਹੋਈ । ਸਸਕਾਰ ਮੌਕੇ ਭੂਆ ਨੂੰ ਬਲਦੀ ਚਿਤਾ ਤੋਂ ਪਾਸੇ ਰਖਣ ਲਈ ਔਰਤਾਂ ਨੂੰ ਬੜੀ ਔਖ ਆਈ। ਉਸਦੀ ਇਕੋ ਰੱਟ ਸੀ ਕਿ ਉਸਦੇ ਬਾਝੋਂ ਮੈਂ ਹੁਣ ਜਿਉਂ ਕੇ ਕੀ ਕਰਨਾ। ਭੂਆ ਦੀਆਂ ਦਰਦ ਵਿੰਨੀਆਂ ਚੀਕਾਂ ਮੂਹਰੇ ਪੱਥਰ ਦਿਲ ਲੋਕਾਂ ਦੇ ਰੁਮਾਲ ਭਿਜਣ ਲਗ ਪਏ ਸਨ। ਹਫਤੇ ਕੁ ਬਾਦ ਭੂਆ ਪਹਿਚਾਣੀ ਨਾ ਜਾਇਆ ਕਰੇ। ਕੁਝ ਦਿਨ ਪਹਿਲਾਂ ਤਕ ਸੰਦੂਰੀ ਅੰਬ ਦਾ ਭੁਲੇਖਾ ਪਾਉਂਦਾ ਭੂਆ ਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ। ਕਹਿੰਦੇ ਨੇ ਨਾ ਕਿ ਰੰਗ ਵੀ ਖੁਸ਼ੀਆਂ ਨਾਲ ਈ ਸੋਂਹਦੇ ਨੇ। ਜਿਥੋਂ ਕਿਸੇ ਖੁਸ਼ੀ ਦੀ ਉਮੀਦ ਹੀ ਖਤਮ ਹੋਜੇ, ਉਸ ਥਾਂ ਨਾਲ ਰੰਗਾਂ ਦਾ ਕੀ ਮੇਲ। ਚਿੱਟੀ ਚੁੰਨੀ ਨੂੰ ਵਿਧਵਾ ਨਾਲ ਸ਼ਾਇਦ ਇਸੇ ਕਾਰਣ ਜੋੜਿਆ ਗਿਆ ਹੋਊ। ਭੂਆ ਦਾ ਤਾਂ ਸੰਸਾਰ ਵਸੇਬੇ ਦੀ ਸ਼ੁਰੂਆਤ ਦੇ ਦਿਨਾਂ ਵਿਚ ਈ ਉਜੜ ਗਿਆ ਸੀ।
ਫੌਜੀ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਆ । ਗ੍ਰੰਥੀ ਨੇ ਗਲ ਵਿਚ ਪੱਲਾ ਪਾਕੇ ਗੁਰੂ ਚਰਨਾਂ ਵਿਚ ਅੰਤਮ ਅਰਦਾਸ ਸ਼ੁਰੂ ਕੀਤੀ। ਭਾਈ ਜੀ ਅਜੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਅਰਜੋਈ ਤਕ ਪਹੁੰਚੇ ਸੀ ਕਿ ਔਰਤਾਂ ਵਾਲੇ ਪਾਸਿਓਂ ਕਿਸੇ ਦੇ ਧੜੱਮ ਡਿਗਣ ਦੀ ਅਵਾਜ ਆਈ। ਇਹ ਭੂਆ ਸੀ। ਉਹ ਭਰ ਜੋਬਨ ਮੁਟਿਆਰ ਜਿਸਦੀਆਂ ਲੱਤਾਂ ਵੀ ਉਸਦਾ ਭਾਰ ਚੁਕਣ ਤੋਂ ਜਵਾਬ ਦੇ ਗਈਆਂ ਸਨ। ਔਰਤਾਂ ਉਸਨੂੰ ਚੁੱਕ ਕੇ ਅੰਦਰ ਲੈ ਗਈਆਂ।
ਫੌਜੀ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣ ਲਗੀਆਂ। ਉਸਦੀ ਬਹਾਦਰੀ ਦੀ ਵਾਹ ਵਾਹ ਕੀਤੀ ਗਈ। ਦੁਸ਼ਮਣ ਦੇ ਸਿਪਾਹੀਆਂ ਨਾਲ ਲੋਹਾ ਲੈਣ ਦੇ ਕਾਰਨਾਮੇ ਗਿਣਾਏ ਗਏ। ਗੋਲੀ ਪਿੱਠ ਚ ਨਹੀਂ, ਹਿੱਕ ਤੇ ਖਾਣ ਵਾਲਾ ਬਹਾਦਰ
ਜਵਾਨ ਤੇ ਦੇਸ਼ ਭਗਤ ਦਸਿਆ ਗਿਆ। ਪੰਜਾਬ ਸਰਕਾਰ ਵਲੋਂ ਪ੍ਰਵਾਰ ਨੂੰ ਰਿਆਇਤਾਂ ਦੇ ਐਲਾਨ ਹੋਏ । ਉਦੋਂ ਵਾਲਾ ਮੁੱਖ ਮੰਤਰੀ ਆਪਣੇ ਬੋਲ ਪੁਗਾਉਂਦਾ ਹੁੰਦਾ ਸੀ। ਜੋ ਐਲਾਨ ਕਰਨਾ, ਉਸ ਉਤੇ ਹੋਏ ਅਮਲ ਬਾਰੇ ਉਹ ਅਫਸਰਾਂ ਤੋਂ ਜਾਣਕਾਰੀ ਲੈਂਦਾ ਰਹਿੰਦਾ ਸੀ। ਉਸ ਵਲੋਂ ਫੌਜੀ ਦੇ ਪਰਵਾਰ ਲਈ ਵਿਸ਼ੇਸ਼ ਪੱਤਰ ਭੇਜਿਆ ਸੀ ਜਿਸ ਵਿਚ ਸਰਕਾਰੀ ਐਲਾਨ ਸੀ ਕਿ ਪਰਵਾਰ ਤੇ ਆਈ ਕਿਸੇ ਬਿਪਤਾ ਮੌਕੇ ਸਰਕਾਰ ਉਸਦਾ ਹੱਲ ਕਰੇਗੀ। ਬਹੁਤ ਸਾਲਾਂ ਬਾਦ ਉਸ ਪੱਤਰ ਦੀ ਲੋੜ ਉਸ ਪਰਵਾਰ ਨੂੰ ਪਈ ਸੀ।
ਫੌਜੀ ਦਾ ਯੂਨਿਟ ਵਿਚ ਪਿਆ ਕੁਝ ਸਮਾਨ ਉਸਦੇ ਘਰ ਪੁਜਦਾ ਕੀਤਾ ਗਿਆ। ਸਮਾਨ ਕੀ ਹੋਣਾ ਸੀ। ਦੋ ਬੈਗਾਂ ਵਿਚੋਂ ਇਕ ਵਿਚ ਕਪੜੇ ਤੇ ਦੂਜੇ ਵਿਚ ਛੋਟਾ ਮੋਟਾ ਨਿੱਕ ਸੁੱਕ ਤੇ ਕੁਝ ਕਿਤਾਬਾਂ ਕਾਪੀਆਂ। ਹੋਰ ਕਿਹੜਾ ਫੌਜੀਆਂ ਕੋਲ ਗਿਫਟ ਆਈਟਮਾਂ ਹੁੰਦੀਆਂ। ਬੈਗ ਵਿਚ ਅੰਬੋ ਦੇ ਨਾਂਅ ਲਿਖੀ ਅਧੂਰੀ ਚਿੱਠੀ ਵੀ ਸੀ, ਜਿਸਨੂੰ ਪੂਰਾ ਕਰਕੇ ਡਾਕ ਚ ਪਾਉਣ ਦਾ ਸਮਾਂ ਈ ਸ਼ਾਇਦ ਫੌਜੀ ਨੂੰ ਨਹੀਂ ਸੀ ਮਿਲਿਆ। ਉਹ ਚਿੱਠੀ ਭੂਆ ਨੇ ਅਜੇ ਤਕ ਸੋਨੇ ਦੇ ਗਹਿਣੇ ਤੇ ਫੌਜੀ ਦੀ ਅਮਾਨਤ ਵਾਂਗ ਸੰਭਾਲੀ ਹੋਈ ਸੀ।
ਫੌਜੀ ਇਕਲਾ ਭਰਾ ਸੀ। ਵਡੀ ਭੈਣ ਤੋਂ 10 ਸਾਲ ਛੋਟਾ । ਭੈਣ ਦੇ ਵਿਆਹ ਮੌਕੇ 8 ਕੁ ਸਾਲਾਂ ਦਾ ਸੀ। ਆਪਣੇ ਜੀਜੇ ਦੀ ਫੌਜੀ ਵਰਦੀ ਵਾਲਾ ਟੌਅਰ ਉਸਦੇ ਮਨ ਚ ਘਰ ਕਰ ਗਿਆ। ਉਹ ਵਰਦੀ ਦਾ ਸ਼ੌਕੀਨ ਹੋ ਗਿਆ। ਜੀਜੇ ਨੇ ਛੁੱਟੀ ਆਉਂਣਾ ਹੁੰਦਾ ਤਾਂ ਉਸਨੂੰ ਵਰਦੀ ਨਾਲ ਲੈਕੇ ਆਉਣ ਦੀ ਚਿੱਠੀ ਲਿਖ ਭੇਜਦਾ। ਸਤਵੀਂ ਅੱਠਵੀ ਵਿਚ ਹੁੰਦਾ ਸੀ, ਜਦ ਜੀਜੇ ਦੀ ਵਰਦੀ ਵਾਲੀ ਕਮੀਜ ਪਾਕੇ ਫੁਲਿਆ ਨਾ ਸਮਾਉਂਦਾ। ਮਾਂ ਦੇ ਰੋਕਣ ਦੇ ਬਾਵਜੂਦ ਸਾਰੇ ਪਿੰਡ ਦਾ ਗੇੜਾ ਕੱਢਦਾ । ਵਰਦੀ ਦੀ ਜੇਬ ਤੇ ਲਿਖੇ ਜੀਜੇ ਦੇ ਨਾਂਅ ਉਤੇ ਕਾਗਜ ਦੀ ਚੇਪੀ ਲਾ ਲੈਂਦਾ ਪਿੰਡ ਵਿਚ ਜਾਣ ਲਗਿਆਂ। ਭੈਣ ਦਾ ਮਨ ਇਸ ਅਹਿਸਾਸ ਨਾਲ ਤਸੱਲੀ ਤੇ ਖੁਸ਼ੀ ਨਾਲ ਭਰ ਜਾਂਦਾ ਕਿ ਉਸਦੇ ਬਾਪ ਦੇ ਜਵਾਈ ਦੇ ਨਾਲ ਨਾਲ ਉਸਦਾ ਪੁੱਤਰ ਵੀ ਦੇਸ਼ ਦਾ ਰਖਵਾਲਾ ਹੋਵੇਗਾ। ਦਸਵੀਂ ਕਰਦਿਆਂ ਉਸਨੇ ਅਜੇ ਬਾਲਗੀ ਵਿਚ ਪੈਰ ਨਹੀਂ ਸੀ ਧਰਿਆ ਕਿ ਕੱਦ ਕਾਠ
ਚੰਗਾ ਹੋਣ ਕਰਕੇ ਭਰਤੀ ਵਾਲਿਆਂ ਦੀ ਨਜਰੇ ਚੜ ਗਿਆ। ਉਦੋਂ ਕੱਦ ਕਾਠ ਵਾਲੇ ਮੁੰਡਿਆਂ ਦੀ ਕਦਰ ਸੀ ਹੁੰਦੀ ਸੀ ਫੌਜ ਲਈ।
ਫੌਜੀ ਦੀ ਸ਼ਹੀਦੀ ਨੂੰ ਤਿੰਨ ਮਹੀਨੇ ਬੀਤ ਗਏ ਸਨ। ਲੰਘਦੇ ਦਿਨਾਂ ਦੇ ਨਾਲ ਨਾਲ ਅਮਰਜੀਤ ਵੀ ਫੌਜੀ ਦੇ ਗਮ ਚੋਂ ਬਾਹਰ ਨਿਕਲ ਰਹੀ ਸੀ। ਉਹ ਆਪਣੀ ਰਹਿੰਦੀ ਜਿੰਦਗੀ ਦੇ ਅਕੀਦੇ ਮਿਥਣ ਲਗ ਪਈ। ਉਸਦੀ ਸੱਸ ਸਹੁਰੇ ਦੀ ਇਹ ਉਮੀਦ ਵੀ ਝੂਠੀ ਪੈ ਚੁੱਕੀ ਸੀ ਕਿ ਸ਼ਹੀਦੀ ਤੋਂ ਪਹਿਲਾਂ ਛੁੱਟੀ ਆਇਆ ਉਨ੍ਹਾਂ ਦਾ ਪੁੱਤਰ ਸ਼ਾਇਦ ਖਾਨਦਾਨ ਦੀ ਜੜ੍ਹ ਲਾ ਗਿਆ ਹੋਏ। ਕੁੜੀ ਦੀ ਪਹਾੜ ਜਿਡੀ ਜਿੰਦਗੀ ਪੱਖੋਂ ਫਿਕਰਮੰਦ ਹੋਏ ਆਪਣੇ ਮਾਪਿਆਂ ਨੂੰ ਅਮਰਜੀਤ ਨੇ ਸਾਫ ਕਹਿ ਦਿਤਾ ਸੀ ਕਿ ਜਿਸ ਘਰ ਵਿਚ ਉਸਦੀ ਡੋਲੀ ਆਈ ਹੈ, ਅਰਥੀ ਵੀ ਉਥੋਂ ਈ ਉਠੇਗੀ। ਉਸਨੇ ਇਹ ਕਹਿਕੇ ਸੱਸ ਸਹੁਰੇ ਦੇ ਭਰੋਸੇ ਤੇ ਵੀ ਮੋਹਰ ਲਾ ਦਿਤੀ ਸੀ ਕਿ ਉਹ ਫੌਜਣ ਬਣਕੇ ਇਸ ਘਰ ਆਈ ਸੀ ਤੇ ਆਖਰੀ ਸਾਹ ਫੌਜਣ ਵਜੋਂ ਹੀ ਲਏਗੀ। ਉਂਜ ਉਸਨੇ ਇਹ ਕਹਿਕੇ ਮਾਪਿਆਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਉਮੀਦਾਂ ਵਾਲੇ ਚਿਰਾਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)