ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ। ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ਕਮੀ ਨਾਲ ਚੈਨ ਢਿੱਲੀ ਹੋਕੇ ਉੱਤਰ ਜਾਂਦੀ ਸੀ। ਬਾਪੂ ਨੂੰ ਕਿੰਨੀ ਵਾਰੀ ਚੈਨ ਠੀਕ ਕਰਵਾਉਣ ਨੂੰ ਆਖ ਦਿੱਤਾ ਸੀ। ਉਹ ਹਰ ਵਾਰ ਹੂੰ ਹਾਂ ਕਰ ਛੱਡਦਾ। ਅੱਜ ਡੇਢ ਕੇ ਮੀਲ ਚ 5 ਵਾਰ ਉਸਨੂੰ ਖੱਜਲ ਕਰ ਚੁੱਕੀ ਸੀ ਉਸਨੇ ਫੈਸਲਾ ਕੀਤਾ ਕਿ ਘਰ ਜਾ ਕੇ ਅੱਜ ਖੁਦ ਹੀ ਵਾਧੂ ਲੜੀ ਕੱਢ ਦਵੇਗਾ। ਡਰ ਸੀ ਕੇਵਲ ਬਾਪੂ ਦਾ ਜਿਹੜਾ ਕਦੋਂ ਚਾਰੇ ਪੈਰ ਚੱਕ ਕੇ ਪੈ ਜਾਏ.
“ਆਪੇ ਕਾਰੀਗਰਾਂ ਘੋਟ ਘੋਟ ਕੇ ਤਾਂ ਹਰ ਚੀਜ਼ ਦਾ ਨਾਸ਼ ਮਾਰਿਆ “.ਕਿਸੇ ਵੀ ਵਸਤੂ ਨੂੰ ਠੀਕ ਨਾ ਕਰਵਾਉਣ ਤੇ ਜਦੋਂ ਉਹ ਖੁਦ ਹੀ ਉਹਨੂੰ ਖੋਲ੍ਹ ਬੈਠਦਾ। ਇੰਝ ਉਹਨੇ ਕਿੰਨਾ ਕੁਝ ਖਰਾਬ ਵੀ ਕੀਤਾ ਤੇ ਕਿੰਨਾ ਕੁਝ ਸਹੀ ਕਰਨਾ ਵੀ ਆਪੇ ਸਿੱਖ ਲਿਆ ਸੀ। ਗਰੀਬੀ ਤੇ ਲਾਚਾਰੀ ਬੰਦੇ ਚ ਸਿੱਖਣ ਜੋਗੀ ਲਲਕ ਤਾਂ ਪੈਦਾ ਕਰ ਹੀ ਦਿੰਦੀ ਹੈ।
ਉਂਝ ਵੀ ਉਹਦਾ ਬਾਪੂ ਲੋੜ ਤੋਂ ਵੱਧ ਸਖਤ ਸੀ ਉਸ ਕੱਲੇ ਉੱਪਰ ਨਹੀਂ ਸਾਰੇ ਹੀ ਟੱਬਰ ਉੱਪਰ। ਮਜ਼ਾਲ ਸੀ ਕਿ ਉਹਦੇ ਵਿਹੜੇ ਪੈਰ ਪਾਉਂਦੇ ਹੀ ਕੋਈ ਔਖਾ ਸਾਹ ਵੀ ਕੱਢ ਦਵੇ। ਰਿੰਮਦੇ ਡੰਗਰ ਵੀ ਖੁਰਲੀ ਨਾਲ ਸ਼ਾਂਤ ਹੋਕੇ ਖੜ੍ਹ ਜਾਂਦੇ ਸੀ। ਗਰੀਬ ਜਾਂ ਹੀਣਤਾ ਨੇ ਸ਼ਾਇਦ ਬਾਪੂ ਨੂੰ ਸਖ਼ਤ ਕਰ ਦਿੱਤਾ ਸੀ। ਸਾਰੇ ਭਾਈਆਂ ਵਿਚੋਂ ਉਹ ਸਭ ਤੋਂ ਗਰੀਬੜਾ ਸੀ। ਘਰ ਦਾ ਗੁਜਾਰਾ ਮਸੀਂ ਚਲਦਾ ਸੀ ਪੜ੍ਹਾਈਆਂ ਕਿਥੋਂ ਹੋਣੀਆਂ ਸੀ। ਲੱਖਾ ਹੱਥਾਂ ਪੈਰਾਂ ਦਾ ਖੁੱਲ੍ਹਾ ਤੇ ਸਿੱਖਣ ਚ ਤੇਜ ਸੀ. ਬਾਰਵੀਂ ਤੱਕ ਖੇਡ ਮਾਸਟਰਾਂ ਦੀ ਮਿਹਰਬਾਨੀ ਨਾਲ ਵਧੀਆ ਪੜ੍ਹ ਗਿਆ. ਪਰ ਉਸ ਮਗਰੋਂ ਬਾਪੂ ਨੇ ਹੱਥ ਖੜ੍ਹੇ ਕਰ ਦਿੱਤੇ। ਉਸ ਤੋਂ ਵੱਡੀਆਂ ਤੇ ਇੱਕ ਛੋਟੀ ਭੈਣ ਸੀ ਤੇ ਇੱਕ ਛੋਟਾ ਭਰਾ। ਬਾਪੂ ਕਿਸ ਕਿਸ ਨੂੰ ਖਵਾਉਂਦਾ ਤੇ ਕਿਸ ਕਿਸ ਨੂੰ ਪੜ੍ਹਾਉਂਦਾ।
ਇਸ ਲਈ ਮਨ ਮਾਰ ਕੇ ਉਸਨੂੰ ਹਟਣਾ ਪਿਆ। ਘਰ ਦੀਆਂ ਜਿੰਮੇਵਾਰੀਆਂ ਸਭ ਵਿੱਚ ਵੰਡੀਆਂ ਹੋਈਆਂ ਸੀ। ਉਸਦੇ ਹਿੱਸੇ ਮੱਝਾਂ ਨੂੰ ਸਾਂਭਣ ਦਾ ਕੰਮ ਆਇਆ ਸੀ। ਹੁਣੀ ਉਹ ਡੰਗਰਾਂ ਦਾ ਕੰਮ ਮੁਕਾ ਕੇ ਗਰਾਉਂਡ ਵੱਲ ਆਇਆ ਸੀ। ਉਸਨੇ ਸਕੂਲ ਛੱਡ ਦਿੱਤਾ ਸੀ ਪਰ ਦੋ ਮੋਹ ਉਹ ਕਦੇ ਨਾ ਤਿਆਗ ਸਕਿਆ। ਇੱਕ ਖੇਡ ਦਾ ਦੂਸਰਾ ਸੁਖਮਨ ਦਾ। ਇੱਕ ਖੇਡ ਹੀ ਸੀ ਜਿਸਨੇ ਉਹਨੂੰ ਆਪਣੇ ਸਾਥੀਆਂ ਚ ਇੱਜਤ ਦਵਾਈ ਸੀ ,ਦੂਸਰੀ ਸੁਖਮਨ ਜਿਸਨੇ ਕੁੜੀਆਂ ਹ ਉਹਦੀ ਵੁੱਕਤ ਬਣਾ ਦਿੱਤੀ ਸੀ। ਜ਼ਿੰਦਗੀ ਨੇ ਉਹਨੂੰ ਹਰ ਪਾਸਿਓਂ ਊਣਾ ਹੀ ਰੱਖਿਆ ਸੀ ਪੜ੍ਹਨ ਲਈ ਦਿਮਾਗ ਦਿੱਤਾ ਤਾਂ ਪੜ੍ਹਾਈ ਜੋਗੇ ਪੈਸੇ ਨਾ ਦਿੱਤੇ। ਖੇਡਣ ਵਾਲਾ ਸਰੀਰ ਦਿੱਤਾ ਪਰ ਰੰਗ ਵਿੱਚ ਥੋੜ੍ਹੀ ਕਾਲਿਖ ਭਰ ਕੇ ਉਹਨੂੰ ਤਾਂਬੇ ਵਰਗਾ ਕਰ ਦਿੱਤਾ। ਰੰਗ ਪੱਖੋਂ ਉਹ ਆਪਣੇ ਸਭ ਭਾਈਆਂ ਭੈਣਾਂ ਤੋਂ ਅਲਹਿਦਾ ਸੀ। ਇਸੇ ਲਈ ਬਚਪਨ ਤੋਂ ਇਸੇ ਚੀਜ਼ ਦੇ ਮਜ਼ਾਕ ਨੇ ਉਹਦੇ ਦਿਲ ਚ ਖੁਦ ਲਈ ਹੀ ਹੀਣਤਾ ਭਰ ਦਿੱਤੀ ਸੀ।
ਇੱਕ ਸੁਖਮਨ ਹੀ ਸੀ ਜਿਸ ਨੂੰ ਉਹਦੇ ਇਸ ਉਣੇਪਨ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ ਨਾ ਗਰੀਬੀ ਤੋਂ ਨਾ ਰੰਗ ਤੋਂ। ਸ਼ਾਇਦ ਉਹ ਖੁਦ ਉਹ ਇਹਨਾਂ ਦੋਹਾਂ ਪਾਸਿਓਂ ਭਰੀ ਹੋਈ ਸੀ ਤੇ ਡੁੱਲ੍ਹ ਡੁੱਲ੍ਹ ਪੈਂਦੀ ਸੀ। ਉਸਦਾ ਚਾਂਦੀ ਰੰਗਾ ਗੋਰਾ ਮੂੰਹ ਚਿੱਟੀ ਵਰਦੀ ਨੂੰ ਵੀ ਘਸਮੈਲਾ ਲੱਗਣ ਲੈ ਦਿੰਦੀ ਸੀ। ਮੁੰਡਿਆਂ ਦੀਆਂ ਡਾਰਾਂ ਉਸਦੀ ਕੂੰਜ ਵਰਗੀਆਂ ਪੁਲਾਂਘਾਂ ਦਾ ਪਿੱਛਾ ਕਰਦੀਆਂ। ਪਰ ਉਹ ਕਿਸੇ ਰਸ ਭਰੇ ਵਾਂਗ ਉਸਦੀ ਗੋਦੀ ਆਣ ਡਿੱਗੀ ਸੀ।
ਸਰਦੀ ਦੀ ਦੁਪਹਿਰ ਸੀ , ਸੂਰਜ ਦਾ ਰੰਗ ਬਦਲ ਰਿਹਾ ਸੀ। ਸਕੂਲੋਂ ਛੁੱਟੀ ਦਾ ਵਕਤ ਇਹੋ ਸੀ। ਉਹ ਗਰਾਉਂਡ ਪਹੁੰਚਿਆ ਤਾਂ ਸੁਖਮਨ ਆਪਣੀਆਂ ਸਹੇਲੀਆਂ ਸੰਗ ਸਾਈਕਲ ਤੇ ਆਉਂਦੀ ਦੂਰੋਂ ਹੀ ਦਿਸ ਗਈ। ਸੜਕ ਦੇ ਨਾਲ ਹੀ ਉਹਨਾਂ ਦੇ ਸਾਈਕਲ ਰੁਕ ਗਏ। ਬਾਕੀ ਕੁੜੀਆਂ ਰੋਜ ਦੀ ਵਾਂਗ ਉਹਨਾਂ ਦੇ ਮੇਲ ਦੀਆਂ ਗਵਾਹ ਬਣੀਆਂ ਇੱਕ ਪਾਸੇ ਹੋਕੇ ਖੜੋ ਗਈਆਂ ਇੱਕ ਕੁੜੀ ਸਾਈਕਲ ਦੀ ਚੈਨ ਉੱਤਰਨ ਦਾ ਬਹਾਨਾ ਲਾ ਕੇ ਸਾਈਕਲ ਸਟੈਂਡ ਤੇ ਲਾ ਕੇ ਓਹਲੇ ਹੀ ਬੈਠ ਗਈ ਸੀ। ਮਤੇ ਪਿੰਡੋਂ ਆਉਂਦਾ ਜਾਂਦਾ ਕੋਈ ਪੁੱਛੇ ਤਾਂ ਰੁਕਣ ਦਾ ਕਾਰਨ ਦੱਸਿਆ ਜਾ ਸਕੇ।
ਸੁਖਮਨ ਤੇ ਲਖਵਿੰਦਰ ਦੋਵੇਂ ਗਰਾਉਂਡ ਦੇ ਨਾਲ ਹੀ ਬਣੀਆਂ ਪੌੜੀਆਂ ਤੇ ਗੇਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ