ਆਹ ਨ੍ਹੇਰੀਆਂ ਦੀ ਰੁੱਤ ਤੋਂ ਇੱਕ ਗੱਲ ਯਾਦ ਆ ਜਾਂਦੀ ਐ, ਛੋਟੇ ਹੁੰਦੇ ਦੀ। ਓਦੋਂ ਨਾਨਕੀ ਰਹਿੰਦਾ ਹੁੰਦਾ ਸੀ ਤੇ ਓਦੋਂ ਇੱਕ ਵਹਿਮ ਜਾ ਵਾਹਵਾ ਚਲਦਾ ਸੀ। ਹੁੰਦਾ ਕੀ ਸੀ ਵੀ ਜਦੋਂ ਕਦੇ ਨ੍ਹੇਰੀ ਚੜ੍ਹਿਆ ਆਉਂਦੀ ਤਾਂ ਬੁੜ੍ਹੀਆਂ ਜੇਠੇ ਜਵਾਕ ਤੋਂ ਗੜਵੀ ਨਾਲ ਪਨਤਾਲੇ ‘ਚ ਪਾਣੀ ਪਵਾ ਦਿੰਦੀਆਂ। ਵਹਿਮ ਇਹ ਸੀ ਕਿ ਪਨਤਾਲੇ ‘ਚ ਪਾਣੀ ਪਾਉਣ ਨਾਲ ਨ੍ਹੇਰੀ ਟਲ ਜਾਂਦੀ ਐ। ਨਾਲੇ ਤਾਂ ਜਵਾਕ ਪਨਤਾਲੇ ‘ਚ ਪਾਣੀ ਪਾਈ ਜਾਂਦਾ ਤੇ ਨਾਲੇ ਉੱਚੀ-ਉੱਚੀ ਕਰੀ ਜਾਂਦਾ:- ਉੱਪਰਲੀ ਵਾਅ, ਟਲੇ ਬਲਾ, ਉੱਪਰਲੀ ਵਾਅ, ਟਲੇ ਬਲਾ।
ਆਂਈਂ ਕੇਰਾਂ ਐਤਵਾਰ ਨੂੰ ਪੂਰੀ ਤਕੜੀ ਨ੍ਹੇਰੀ ਚੜ੍ਹਿਆ ਆਈ, ਆਥਣੇ ਜੇ। ਦੇਖਣ ਚੀ ਦੱਸੇ ਵੀ ਜਦੋਂ ਚੱਲਪੀ ਤਾਂ ਭਾਂਡੇ-ਟੀਂਡੇ ਜੇ ਤਾਂ ਭਾਲੇ ਨੀ ਥਿਆਉਣੇ। ਮੈਂ ਅੰਦਰ ਬੈਠਾ ਚਾਰ ਆਲੀ ਫ਼ਿਲਮ ਦੇਖੀ ਜਾਵਾਂ। ਨਾਨੀ ਅੰਦਰ ਜਾ ਕੇ ਕਹਿੰਦੀ, ਟੀ ਵੀ ਕਰ ਬੰਦ, ਖੜ੍ਹਾ ਹੋ ਤੇ ਪਨਤਾਲੇ ‘ਚ ਪਾਣੀ ਪਾ ਕੇ ਆ, ਨ੍ਹੇਰੀ ਬੌਤ ਭਾਰੀ ਚੜ੍ਹੀ ਆਉਂਦੀ ਐ। ਚਲੋ ਜੀ ਮੈਨੂੰ ਪਾਣੀ ਆਲੀ ਗੜਵੀ ਦੇ ਕੇ ਤੇ ਮੰਤਰ ਜਾ ਸਿਖਾ ਕੇ ਤੋਰਤਾ। ਮੈਂ ਵੀ ਪੂਰੀ ਫੀਲਿੰਗ ‘ਚ ਗਿਆ ਵੀ ਅੱਜ ਤਾਂ ਤੂਫ਼ਾਨ ਦਾ ਰੁੱਖ ਮੋੜ ਕੇ ਈ ਆਊਂ। ਪਹਿਲਾਂ ਤਾਂ ਮੈੰ ਜਾ ਕੇ ਨ੍ਹੇਰੀ ਦਾ ਮੁਆਇਨਾ ਜਾ ਕੀਤਾ, ਵੀ ਕਿੰਨੀ ਕੁ ਭਾਰੀ ਐ, ਫਿਰ ਓਸੇ ਹਿਸਾਬ ਨਾਲ ਓਨਾ ਕੁ ਉੱਚੀ ਮੰਤਰ ਜਾ ਬੋਲਦੂੰ, ਫਿਰ ਦੋਹੇਂ ਹੱਥਾਂ ਨਾਲ ਗੜਵੀ ਫੜ੍ਹ ਕੇ ਤੇ ਬਾਹਾਂ ਉੱਤੇ ਚਾਕੇ ਪੁਜ਼ੀਸ਼ਨ ਲੈ ਕੇ ਪਨਤਾਲੇ ਕੋਲੇ ਖੜ੍ਹ ਗਿਆ, ਪਾਣੀ ਪਾਉਣ ਵਾਸਤੇ।
ਹਾਲੇ ਮੈਂ ਅੱਖਾਂ ਜੀਆਂ ਬੰਦ ਕਰਕੇ ਪਾਣੀ ਦੀ ਧਾਰ ਬੰਨ੍ਹ ਕੇ ਐਨਾ ਈ ਕਿਹਾ ਸੀ ਕਿ “ਉੱਪਰਲੀ ਵਾਅ”, “ਟਲੇ ਬਲਾ” ਤਾਂ ਹਾਲੇ ਮੂੰਹ ‘ਚ ਈ ਸੀ, ਲਹਿੰਦੇ ਆਲੇ ਪਾਸਿਓਂ ਆਗੀ ਨ੍ਹੇਰੀ ਖੌਰੂ ਪਾਉਂਦੀ। ਪੂਰਾ ਫੁੱਲ ਪਤਾ ਲੱਗੇ ਆਉਂਦੀ ਦਾ, ਗੋਲੀ ਅੰਗੂੰ ਸ਼ੂਕਦੀ ਆਵੇ। ਜਦੋਂ ਮਾਮੇਂ ਕੇ ਨਿੰਮ ਦੇ...
ਉਤਲੇ ਡਾਹਣੇ ਪੂਰੇ ਜ਼ੋਰ ਨਾਲ ਹੱਲੇ ਤਾਂ ਬੁੜ੍ਹੀਆਂ ਨੂੰ ਵੀ ਲਾਗਿਆ ਪਤਾ ਵੀ ਲੈ ਆਗੀ, ਇਹਨੂੰ ਕੋਠੇ ਤੋਂ ਉਤਰਨ ਤਾਂ ਦਿੰਦੀ ਨੀ, ਉਨ੍ਹਾਂ ਨੂੰ ਐਂ ਡਰ ਵੀ ਡੂਢ ਕਿੱਲੋ ਭਾਰ ਐ ਇਹਦੇ ‘ਚ, ਕਿਤੇ ਇਹਨੂੰ ਹੋਰ ਨਾ ਦੁੱਲੇ ਕਾ ਘਰ ਟਪਾਦੇ, ਕਿਉਂਕਿ ਤੇਜ਼ ਈ ਬਾਹਲੀ ਸੀ। ਉਨ੍ਹਾਂ ਨੇ ਪਾਤਾ ਰੌਲਾ ਅਕੇ ਬਨੇਰੇ ਓਹਲੇ ਹੋਜਾ, ਬਨੇਰੇ ਓਹਲੇ। ਮੈਨੂੰ ਘੜਮੱਸ ਜੇ ‘ਚ ਕੱਲਾ ਬਨੇਰਾ ਈ ਸੁਣਿਆਂ, ਤੇ ਮੈਂ ਨਾਲ ਦੀ ਨਾਲ ਈ ਬਨੇਰੇ ਓਹਲੇ ਹੋਗਿਆ ਤੇ ਫੇਰ ਤਾਂ ਪਤਾ ਈ ਨੀ ਲੱਗਿਆ ਵੀ ਕੀ ਹੋਈ ਜਾਂਦੈ। ਚਾਰੇ ਪਾਸੇ ਗਰਦੋ-ਗੋਰ। ਮੇਰੀ ਗੜਵੀ ਜੀ ਚਾਕੇ ਪਸ਼ੂਆਂ ਆਲੇ ਪਾਸੇ ਠੋਕੀ। ਗਵਾਢੀਆਂ ਦੇ ਕੋਠੇ ਤੇ ਸੁੱਕਣੇ ਪਾਈ ਨੀਕਰਾਂ-ਤੌਲੀਏ ਸਾਡੇ ਕੋਠੇ ਤੇ ਰੁਲਦੇ ਫਿਰਨ। ਮੈਂ ਫੌਜੀਆਂ ਅੰਗੂੰ ਬਨੇਰੇ ਓਹਲੇ ਪੁਜ਼ੀਸ਼ਨ ਲਈ ਬੈਠਾ। ਨਾਲੇ ਤਾਂ ਮੈਂ ਡਰੀ ਜਾਵਾਂ ਤੇ ਨਾਲੇ ਕਰੀ ਜਾਵਾਂ:- ਬਾਬਾ ਐਤਕੀਂ ਬਚਾ ਲੈ, ਐਦੂੰ ਬਾਅਦ ਨੀ ਪੰਗਾ ਲੈਂਦਾ। ਉੱਤੋਂ ਇਹ ਡਰ ਵੀ ਕਿਤੇ ਬਨੇਰਾ ਜਾ ਵੀ ਨਾ ਪੱਟਕੇ ਠੋਕੇ, ਹੋਰ ਕਿਤੇ ਥੱਲੇ ਆਇਆ ਪਿਆ ਹੋਵਾਂ। ਮਾਮਾਂ ਹੌਲੀ-ਹੌਲੀ ਮੇਰੇ ਕੰਨੀ ਆਈ ਜਾਵੇ ਤੇ ਨਾਲੇ ਪੌੜੀਆਂ ‘ਚੋਂ ਕਰੀ ਜਾਵੇ:- ਹੈਥੀ ਬੈਠਾ ਰਹਿ ਹਿੱਲੀਂ ਨਾ।
ਫਿਰ ਉਹ ਹੌਲੀ-ਹੌਲੀ ਮੈਨੂੰ ਤਾਰ੍ਹ ਕੇ ਲਗਿਆ। ਅੱਖਾਂ ਰੇਤੇ ਨਾਲ ਭਰਗੀਆਂ, ਖੁੱਲ੍ਹਣ ਨਾ। ਓਧਰੋਂ ਮੂੰਹ ‘ਚ ਰੇਤਾ ਕਿਰਕੀ ਜਾਵੇ। ਮੈਨੂੰ ਸਬ੍ਹਾਤ ‘ਚ ਲਿਜਾ ਕੇ ਮੇਰਾ ਮੂੰਹ ਧੋਤਾ, ਕੁਰਲੀ ਕਰਾਈ ਤੇ ਅੱਖਾਂ ‘ਚੋਂ ਰੇਤਾ ਕੱਢਿਆ, ਫਿਰ ਕਿਤੇ ਜਾ ਕੇ ਦਿਸਣ ਲੱਗਿਆ।
ਨ੍ਹੇਰੀ ਹਟੀ ਤੋਂ ਗਵਾਢੀਆਂ ਦਾ ਤੇਜੂ ਗੇਟ ਖੜਕਾਈ ਜਾਵੇ ਅਕੇ ਬਾਰ ਖੋਲ੍ਹਿਓ, ਸੋਡੇ ਨਿੰਮ ਤੋਂ ਪਜਾਮਾ ਲਾਹ ਕੇ ਲਜਾਣੈ ….
ਗੁਰਵਿੰਦਰ ਮਲਕਾਣਾ।
Access our app on your mobile device for a better experience!