More Punjabi Kahaniya  Posts
ਵਰਜਿਸ਼


ਉਮਰਾਂ ਦੇ ਲੰਬੇ ਕਾਫ਼ਲੇ (ਸਮਾਂ 1988) -ਜੇਕਰ ਗੱਲ ਪਰਿਵਾਰਕ ਪਿਛੋਕੜ ਦੀ ਕਰੀਏ ਤਾਂ ਪਿਓ- ਦਾਦਾ ਖੇਤੀਬਾੜੀ ਕਿੱਤੇ ਵਿੱਚ ਸਨ। ਮੈਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਖ਼ਾਸ ਕਰਕੇ ਪਸ਼ੂ ਪਾਲਣ ਵਿੱਚ ਆਪਣਾ ਯੋਗਦਾਨ ਪਾਉਣਾ ਪੈਂਦਾ ਸੀ। ਅਸਲ ਵਿੱਚ ਉਸ ਸਮੇਂ ਮੇਰੇ ਨਾਲ ਦੇ ਸਾਰੇ ਜਮਾਤੀ ਬੂਰਾ ਆਸੋ ਕਾ ,ਜੱਗਾ ਮੰਨੇਂ ਕਾ , ਹਨੀ ਸ਼ੇਰੂ ਜੰਗੀ ਕਾ , ਰਿੰਕੂ ਸੂਬੇਦਾਰਾਂ ਦਾ , ਕਾਕਾ ਲਾਭੇ ਕਾ, ਨਾਨਕ ਤੇ ਸੀਰਾ ਰੇਸ਼ਮ ਕੇ ਆਦਿ ਪੜ੍ਹਾਈ ਦੇ ਨਾਲ-ਨਾਲ ਇੰਝ ਹੀ ਘਰਦਿਆਂ ਨਾਲ ਕੰਮਾਂ ਵਿੱਚ ਹੱਥ ਵਟਾਉਂਦੇ ਸਨ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਦਾ ਕੰਮ ਬਹੁਤਾ ਹੀ ਔਖਾ ਹੁੰਦਾ ਸੀ । ਇਉਂ ਕਹਿ ਲਵੋ ਘਰ ਦਾ ਹਰੇਕ ਜੀਅ ਹਰ ਵਕਤ ਕੰਮ ਵਿੱਚ ਰੁਝਿਆ ਰਹਿੰਦਾ ਸੀ ਤੇ ਕੰਮ ਹਮੇਸ਼ਾ ਬੰਦੇ ਦੇ ਉਤੋਂ ਦੀ ਰਹਿੰਦੇ ਸਨ। ਆਦਮੀ ਸਵੇਰੇ ਤੋਂ ਖੇਤਾਂ ਵਿੱਚ ਔਰਤਾਂ ਅਤੇ ਬੱਚੇ ਪਸ਼ੂਆਂ ਦੀ ਸੰਭਾਲ ਕਰਦੇ। ਮੈਂ ਸਵੇਰੇ ਉੱਠ ਕੇ ਸਕੂਲ ਜਾਂਦਾ , ਸਕੂਲੋਂ ਆ ਕੇ ਸੰਨੀਂ (ਮੱਝਾਂ ਦਾ ਲੰਚ) ਪਾਉਣੀਂ । ਫਿਰ ਮੱਝਾਂ ਨੂੰ ਟੋਭੇ ਤੇ ਨੁਹਾ ਕੇ ਲਿਆਉਣਾਂ । ਟੋਭੇ ਦਾ ਇੱਕ ਵੱਖ਼ਰਾ ਹੀ ਦਿ੍ਸ ਹੁੰਦਾ ਸੀ ਲੱਗਭੱਗ ਹਰੇਕ ਘਰ ਮੱਝਾਂ ਟੋਭੇ ਤੇ ਲਿਆਉਂਦਾ ਸੀ ਜਿਸ ਕਾਰਨ ਟੋਭੇ ਤੇ ਕਾਫੀ ਗਹਿਮਾ ਗਹਿਮੀ ਹੁੰਦੀ ਸੀ। ਇਥੇ ਲੋਕ ਮੱਝਾਂ ਨੂੰ ਟੋਭੇ ਵਾੜਕੇ ਆਪ ਤਾਸ਼ ਖੇਡਣ ਲੱਗ ਪੈਂਦੇ । ਅਸੀਂ ਜਵਾਕ ਗੋਲੀਆਂ ਖੇਡਦੇ ਜਾਂ ਕਬੱਡੀ ਖੇਡਣ ਲੱਗ ਪੈਂਦੇ ਜਾਂ ਫਿਰ ਟੋਭੇ ਵਿੱਚ ਵੜ ਕੇ ਨਹਾਉਂਦੇ ਤੇ ਕਿਨਾਰੇ ਤੇ ਲੱਗੇ ਬੋਹੜਾਂ ਪਿੱਪਲਾਂ ਤੇ ਕੜਕਾਲ੍ਹੀ ਡੰਡਾ ਖੇਡਦੇ। ਜਿਵੇਂ ਉਲੰਪਿਕ ਖੇਡਾਂ ਵਿੱਚ ਪਾਣੀ ਵਾਲੀ ਜਿਮਨਾਸਟਿਕ ਕਰਦੇ ਗੋਤਾਖੋਰ ਫੱਟੇ ਜਿਹੇ ਤੇ ਜੰਪ ਲੈਕੇ ਭੁਆਟਣੀਆਂ ਖਾਂਦੇ ਪਾਣੀ ਵਿੱਚ ਡਿਗਦੇ ਕਲਾਬਾਜ਼ੀਆਂ ਦਿਖਾਉਂਦੇ ਹਨ। ਉਸ ਤਰ੍ਹਾਂ ਅਸੀਂ ਬੋਹੜਾਂ ਪਿੱਪਲਾਂ ਦੇ ਟਾਹਣਾਂ ਉਤੇ ਜੰਪ ਲੈਕੇ ਲੋਟਣੀਆਂ ਖਾਂਦੇ ਹੋਏ ਪਾਣੀ ਵਿੱਚ ਡਿਗਦੇ, ਬਹੁਤ ਨਜ਼ਾਰਾ ਆਉਂਦਾ ਸੀ। ਕੲੀ ਬਜ਼ੁਰਗ ਜਾਂ ਔਰਤਾਂ ਮੱਝਾਂ ਲੈਕੇ ਆਉਂਦੇ ਤੇ ਉਨ੍ਹਾਂ ਸਾਨੂੰ ਕਹਿਣਾ ਕਿ ਮੇਰੀਆਂ ਮੱਝਾਂ ਬਾਹਰ ਕੱਢ ਦੇਵੋ ਮੈਂ ਘਰ ਜਾਣਾ ਤਾਂ ਪਹਿਲਾਂ ਉਨ੍ਹਾਂ ਦੀਆਂ ਮੱਝਾਂ ਦੀਆਂ ਪੂਛਾਂ ਫੜ ਕੇ ਇਧਰ ਉਧਰ ਪਾਣੀ ਵਿੱਚ ਭਜਾਉਣਾ ਤੇ ਉਨ੍ਹਾਂ ਤੇ ਰਾਈਡਿੰਗ/ਬੋਟਿੰਗ ਕਰਨੀ।ਪੰਜ ਸੱਤ ਮਿੰਟ ਜਦੋਂ ਮੱਝਾਂ ਭਜਾਉਂਦੇ ਤਾਂ ਉਹ ਆਪੇ ਬਾਹਰ ਨੂੰ ਜਾਂਦੀਆਂ। ਛੱਪੜ ਦਾ ਪਾਣੀ ਉਦੋਂ ਸਾਫ਼ ਹੁੰਦਾ ਸੀ ਕਿਉਂਕਿ ਪਿੰਡ ਦਾ ਗੰਦਾ ਪਾਣੀ ਵਿੱਚ ਨਹੀਂ ਪੈਂਦਾ ਸੀ। ਕੲੀ ਵਾਰ ਖੇਡ ਵਿੱਚ ਐਨੇ ਮਸਤ ਹੋ ਜਾਂਦੇ ਕਿ ਮੱਝਾਂ ਆਪਣੇ ਆਪ ਇਕੱਲੀਆਂ ਹੀ ਘਰ ਚਲੀਆਂ ਜਾਂਦੀਆਂ ਫਿਰ ਘਰੇ ਗਿਆ ਨੂੰ ਗਾਲ੍ਹਾ ਪੈਂਦੀਆਂ।ਸਾਡੇ ਪਿੰਡ ਵਾਲ਼ਾ ਟੋਭਾ ਗੁਰੂਦੁਆਰਾ ਮਾਈ ਵੀਰੋ ਭਾਈ ਭਗਤੂ ਜੀ ਦੇ ਨਾਲ਼ ਸੀ। ਸ਼ਾਮ ਚਾਰ ਵਜੇ ਦੇ ਨਾਲ ਮਹੰਤ ਜੋਗਿੰਦਰ ਸਿੰਘ ਕਵੀਸ਼ਰ, ਢਾਡੀ ਤੇ ਹੋਰ ਧਾਰਮਿਕ ਕੈਸਟਾਂ ਗੁਰਦੁਆਰਾ ਸਾਹਿਬ ਦੀ ਫ਼ਸੀਲ ਉੱਤੇ ਲੱਗੇ ਸਪੀਕਰਾਂ ਵਿੱਚ ਚਾਲੂ ਕਰ ਦਿੰਦਾ ।ਮੈਂ ਹੁਣ ਮਹਿਸੂਸ ਕਰਦਾ ਕਿ ਕਿੰਨਾਂ ਹੀ ਸਿੱਖ ਇਤਿਹਾਸ ਇਨ੍ਹਾਂ ਕੈਸਟਾਂ ਨੂੰ ਸੁਣ ਸੁਣ ਕੇ ਪਤਾ ਲੱਗਿਆ। ਗੁਰਬਖਸ਼ ਸਿੰਘ ਅਲਬੇਲਾ, ਅਮਰੀਕ ਸਿੰਘ ਤੁਫ਼ਾਨ , ਜੋਗਾ ਸਿੰਘ ਜੋਗੀ, ਕੁਲਦੀਪ ਮਾਣਕ ਦੀ ਖਾਲਸੇ ਦਾ...

ਰਾਜ ਹੋ ਗਿਆ , ਸੰਮਣ – ਮੂਸਣ , ਧੀ ਗ਼ਰੀਬ ਦੀ , ਬਾਬਾ ਬਿਧੀਚੰਦ, ਮਹਾਰਾਜਾ ਰਣਜੀਤ ਸਿੰਘ ਦਾ ਰਾਜ , ਪੂਰਨ ਭਗਤ , ਰੂਪ- ਬਸੰਤ ਆਦਿ ਪ੍ਰਸੰਗ ਸੁਣਦੇ ਰਹਿੰਦੇ।ਮਹੰਤ ਜੋਗਿੰਦਰ ਸਿੰਘ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਉਪਾਸ਼ਕ ਸੀ। ਗੁਰਦੁਆਰਾ ਸਾਹਿਬ ਵਿਖੇ ਅਜੀਤ ਅਖ਼ਬਾਰ ਆਉਂਦਾ ਹੁੰਦਾ ਸੀ ਮਹੰਤ ਆਪ ਤਾਂ ਅਣਪੜ ਸੀ ਤੇ ਸਾਨੂੰ ਅਖ਼ਬਾਰ ਪੜਨ ਲਈ ਕਹਿੰਦਾ ਅਸੀਂ ਉੱਚੀ ਉੱਚੀ ਅਵਾਜ਼ ਵਿੱਚ ਉਸ ਨੂੰ ਖਬਰਾਂ ਪੜ ਕੇ ਸੁਣਾਉਂਦੇ। ਸਾਨੂੰ ਉਸ ਦੀ ਕਮਜ਼ੋਰੀ ਦਾ ਪਤਾ ਸੀ ਅਸੀਂ ਆਪਣੇ ਕੋਲੋਂ ਹੀ ਸਿਮਰਨਜੀਤ ਸਿੰਘ ਮਾਨ ਦੀ ਖ਼ਬਰ ਬਣਾ ਕੇ ਪੇਸ਼ ਕਰ ਦੇਣੀ ਜਿਵੇਂ – ਸਿਮਰਨਜੀਤ ਸਿੰਘ ਮਾਨ ਦੀ ਰੈਲੀ ਵਿੱਚ ਹੋਇਆ ਵੱਡਾ ਇਕੱਠ , ਸਿਮਰਨਜੀਤ ਸਿੰਘ ਮਾਨ ਨੇ ਬਾਦਲ ਨੂੰ ਦਿੱਤੀ ਚੁਣੌਤੀ ਆਦਿ ਸੁਣ ਕੇ ਮਹੰਤ ਬੋਲਦਾ “ਬੱਲੇ ਓਏ ਸ਼ੇਰਾ”। ਫਿਰ ਖੁਸ਼ੀ ਵਿੱਚ ਸਾਨੂੰ ਕਹਿੰਦਾ ਜਾਓ ਅੰਦਰੋਂ ਫਰਿੱਜ ਵਿੱਚ ਦੁੱਧ ਪਿਆ ਰੂਹ ਅਫਜਾ ਪਾ ਕੇ ਪੀ ਲਵੋ। ਅਸੀਂ ਇਸੇ ਹੁਕਮ ਦੀ ਇੰਤਜ਼ਾਰ ਚ ਹੁੰਦੇ ਸੀ ਤੇ ਵਿੱਚੇ ਹਥੇਲੀ ਵਰਗੀ ਮਲਾਈ ਫੈਂਟ ਦਿੰਦੇ। ਸਾਡੇ ਜਾਣ ਤੋਂ ਬਾਅਦ ਕੲੀ ਵਾਰ ਮਹੰਤ ਦੁਬਾਰਾ ਸਵਾਦ ਲੈਣ ਦਾ ਮਾਰਾ ਕਿਸੇ ਸਿਆਣੀ ਉਮਰ ਦੇ ਬੰਦੇ ਨੂੰ ਅਖ਼ਬਾਰ ਪੜਨ ਲਈ ਕਹਿੰਦਾ ਤਾਂ ਜੇ ਸਿਮਰਨਜੀਤ ਸਿੰਘ ਮਾਨ ਦੀ ਖ਼ਬਰ ਹੁੰਦੀ ਤਾਂ ਉਹ ਸੁਣਾਉਂਦਾ ਅਖ਼ੀਰ ਮਹੰਤ ਓਸੇ ਦੇ ਗਲ਼ ਪੈ ਜਾਂਦਾ ਪੜਨਾ ਨੀ ਆਉਂਦਾ ਵਾਸਤਾ ਨਹੀਂ ਚੱਕ ਲੈਂਦੇ ਨੇ ਅਖਬਾਰ ਆ ਹੁਣੇ ਮੁੰਡੇ ਮੈਨੂੰ ਸੁਣਾ ਕੇ ਗੲੇ ਨੇ।ਸੋ ਇਹ ਹੁੰਦਾ ਸੀ ਟੋਭੇ ਦਾ ਸੀਨ।
ਇੱਕ ਬਲਦ ਵਾਲ਼ੀ ਰੇਹੜੀ ਪੱਠਿਆਂ (ਹਰੇ ਚਾਰੇ) ਦੀ ਵੱਢ ਕੇ ਲਿਆਉਣੀ।ਇੱਖ (ਗੰਨਾ) ਇਨ੍ਹਾਂ ਆਮ ਹੁੰਦਾ ਕਿ ਚੂਪ ਚੂਪ ਥੱਕ ਜਾਂਦੇ , ਮੱਝਾਂ ਨੂੰ ਚਾਰਦੇ ਤੇ ਕਲਾਹੜੇ ਤੋਂ ਗੁੜ ਬਣਾਉਂਦੇ। ਫਿਰ ਦੇਸੀ ਚਰ੍ਹੀ ਹੁੰਦੀ ਉਹ ਵੀ ਗੰਨੇ ਵਾਂਗ ਮਿੱਠੀ ਹੁੰਦੀ।ਉਸ ਤੋਂ ਮਗਰੋਂ ਆਪਣੀ ਇਹ ਦੇਸੀ ਚਰ੍ਹੀ ਵੀ ਹਾਈਬ੍ਰਿਡ ਬੀਜਾਂ ਦੇ ਅੜਿੱਕੇ ਚੜ੍ਹ ਗੲੀ ਅਖੇ ਇਹ ਤਿੰਨ ਵਾਢ੍ਹਾਂ ਦਿੰਦੀ ਹੈ। ਸਾਥੋਂ ਸਾਡੀਆਂ ਦੇਸੀ ਜਿਨਸਾਂ ਦੇ ਬੀਜ਼ ਸਦਾ ਲਈ ਖੋ ਲੲੇ। ਉਸ ਤੋਂ ਬਾਅਦ ਬੂਝੜਾਂ ਜਿਆਂ ਵਾਲਾ ਘਾਹ ਜਿਹਾ ਚੱਲ ਪਿਆ ਜੋ ਸਰਕੰਡੇ ਵਰਗਾ ਹੁੰਦਾ ਤੇ ਖੁਰਾਕੀ ਤੱਤ ਕੋਈ ਖ਼ਾਸ ਨਹੀਂ ਬੱਸ ਲੋਕ ਸੌਖ ਦੇ ਮਾਰੇ ਬੀਜ਼ ਲੈਂਦੇ ਹਨ। ਆਥਣੇ ਧਾਰਾਂ ਡੋਕੇ ਨਾਲ਼ ਚੁਆਉਣੇ। ਮੈਂ ਮੱਝ ਦੇ ਇੱਕ ਥਣ ਦੇ ਬਰਾਬਰ ਦੁੱਧ ਮੂੰਹ ਵਿੱਚ ਧਾਰਾਂ ਮਾਰ ਮਾਰ ਪੀ ਜਾਂਦਾ। ਜਦੋਂ ਮੂੜ੍ਹ ਜਿਹਾ ਬਣਦਾ ਤਾਂ ਸ਼ਾਮ ਨੂੰ ਪੀਟਰ ਵਾਲਾ ਪਟਾ ਲਾਹ ਕੇ ਸ਼ੀਰੀ ਤਾਏ ਨੂੰ ਕਹਿਣਾ ਤੂੰ ਰੁੱਗ ਲਗਾ ਮੈਂ ਕੁਤਰੇ ਵਾਲ਼ੀ ਮਸ਼ੀਨ ਚਲਾ ਕੇ ਵਰਜਿਸ਼ ਕਰਨੀ ਹੈ ।ਸਿਰ ਤੋਂ ਚੱਲਿਆ ਪਸੀਨਾ ਪੈਰਾਂ ਦੀ ਅੱਡੀ ਤੱਕ ਜਾਂਦਾ। (ਬਾਕੀ ਕੱਲ੍ਹ)
ਲੇਖਕ
ਪਰਮਿੰਦਰ ਸਿੰਘ ਸਿੱਧੂ
MD cum Principal
Victorious Convent school
Chak Ram Singh Wala

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)