ਅਰੇ ਮੇਰਾ ਸਿਰ ਚਕਰਾ ਰਿਹਾ ਏ,
ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ,
ਮੇਰੇ ਸਰਾਹਣੇ ਖੜ੍ਹ ਉੱਚੀ ਨਾ ਬੋਲੋ-ਮੇਰਾ ਸਿਰ ਚ ਥੋਡੀ ਆਵਾਜ਼ ਗੂੰਝਦੀ …,
ਜਵਾਕੋ ਚੁੱਪ ਕਰ ਜਾਉ ਤੇ ਟੀਵੀ ਬੰਦ ਕਰੋ ..ਮੈਂ ਠੀਕ ਨੀ ਆ …ਆਖਦੀ ਪਤਨੀ ਬੁੜ-ਬੁੜਾਏ ਜਾ ਰਹੀ ਸੀ।
ਉਸਦੀ ਗੱਲ ਉਸਦੇ ਪਤੀ ਤੇ ਬੱਚਿਆਂ ਨੇ ਸੁਣ ਕੇ ਅਣਸੁਣੀ ਕਰ ਦਿੱਤੀ ਤਾਂ ਉਸਨੂੰ ਹੋਰ ਗੁੱਸਾ ਚੜ੍ਹ ਗਿਆ। ਉਹ ਜ਼ੋਰ-ਜ਼ੋਰ ਦੀ ਰੋ ਪਈ ਤੇ ਇੱਥੋਂ ਤੱਕ ਕੇ ਉਸਨੇ ਆਪਣੇ ਵਾਲ ਵੀ ਪੁੱਟ ਸੁੱਟੇ ਤੇ ਮੂੰਹ ਤੇ ਘਰੂਟ ਮਾਰ ਲਏ।
ਮੈਂ ਡਿਪ੍ਰੇੱਸ ਆਂ।ਮੈਨੂੰ ਇਸ ਘਰ ਚ ਕੋਈ ਸੀਰੀਅਸ ਹੀ ਨਹੀਂ ਲੈਂਦਾ।ਘਰਵਾਲਾ ਆਪਣੇ ਕੰਮ ਤੇ ਫੋਨ ਚ ਖੁਭਿਆ ਰਹਿੰਦਾ।ਜਵਾਕ ਸਕੂਲ ਤੇ ਪੜ੍ਹਾਈ ਚ ਰੁੱਝੇ।ਕੋਈ ਦੇਖ ਹੀ ਨਹੀਂ ਰਿਹਾ ਕੇ ਮੈਂ ਦਿਮਾਗੀ ਤੌਰ ਤੇ ਬਿਮਾਰ ਹਾਂ…ਕੋਈ ਮੈਨੂੰ ਬਚਾਅ ਲਵੋ।ਦੇਖੋ ਮੈਂ ਕਿੰਨੀ ਮੋਟੀ ਵੀ ਹੁੰਦੀ ਜਾ ਰਹੀਂ ਆਂ।ਲੋਕ ਮੇਰੇ ਵੱਲ ਦੇਖ ਆਸ਼ਚਰਜ਼ ਹੋ ਕਹਿੰਦੇ,’ਹਾਏ ਤੂੰ ਮੋਟੀ ਕਿੰਨੀ ਹੋ ਗਈ।ਕਿਤੇ ਗਰਭਵਤੀ ਤਾਂ ਨਹੀਂ!’
ਮੈਂ ਲੱਖ ਖੁਸ਼ ਹੋਣ ਦਾ ਦਿਖਾਵਾ ਕਰ ਦੇਵਾਂ ਪਰ ਅੰਦਰੋਂ ਮੈਂ ਟੁੱਟੀ ਪਈ ਹਾਂ।ਉਸ ਟੁੱਟੇ ਕੱਚ ਵਰਗੀ ਹੋ ਗਈ ਹਾਂ ਜਿਸਨੇ ਟੁੱਟ ਕੇ ਆਪਣੀ ਸੁੰਦਰਤਾ ਗੁਆ ਲਈ ਹੈ ਪਰ ਹੁਣ ਪਹਿਲਾਂ ਨਾਲੋਂ ਤਿੱਖਾ ਜਰੂਰ ਹੋ ਗਿਆ ਹੈ।ਦੋ ਮੂਹੇ ਲੋਕਾਂ ਨਾਲ ਵਿਚਰਦਾ ਮੇਰਾ ਆਪਣਾ ਆਪ ਆਪਣੇ ਮੂੰਹ ਤੇ ਵੀ ਇੱਕ ਹੋਰ ਮੂੰਹ ਚੜਾਅ ਵਿਚਰਨ ਦਾ ਯਤਨ ਕਰ ਰਿਹਾ ਏ।
ਹੁਣ ਮੈਂ ਸਿੱਖ ਲਿਆ ਹੈ ਲੋਕਾਂ ਦੀ ਹਾਂ ਚ ਹਾਂ ਮਿਲਾਉਣ ਦਾ ਵਲ,
ਕੋਈ ਲੱਖ ਧੋਖਾ ਦੇਈ ਜਾਵੇ-ਸਭ ਜਾਣਦਿਆਂ ਫਿਰ ਵੀ ਉਸ ਨਾਲ ਵਰਤਣ ਦਾ ਵਲ,
ਕੋਈ ਅੱਖਾਂ ਮੂਹਰੇ ਮੈਨੂੰ ਲੁੱਟੀ ਜਾਵੇ ਫਿਰ ਵੀ ਸੀ ਤੱਕ ਨਾ ਕਰਨ ਦਾ ਵਲ,
ਕਿਸੇ ਦੀ ਬੁਰਾਈ ਕਰ-ਉਸਦੇ ਚਰਿੱਤਰ ਤੇ ਕਿੱਚੜ ਉਛਾਲ- ਅਗਲੇ ਨੂੰ ਤੜਫਾ-ਫਿਰ ਲੋਕਾਂ ਸਾਹਮਣੇ ਸੱਚੇ ਬਣ ਹਮਦਰਦੀ ਹਾਸਿਲ ਕਰਨ ਦਾ ਵਲ,
ਇਸ ਵਲ ਨੂੰ ਸਿੱਖਣ ਤੋਂ ਪਹਿਲਾਂ ਮੈਂ ਬੜੀ ਇਮਾਨਦਾਰ ਸਾਂ। ਕਦੇ ਕਿਸੇ ਨੂੰ ਉੱਚਾ ਨਹੀਂ ਬੋਲਦੀ ਸਾਂ।
ਕਿਸੇ ਦੇ ਚਰਿੱਤਰ ਚੋ ਬੇਵਫ਼ਾਈ ਦੀ ਗੰਧ ਸੁੰਘ ਆਪ ਪਿੱਛੇ ਹਟ ਜਾਂਦੀ ਸਾਂ।
ਲੋਕਾਂ ਚੋ ਬੇਵਫ਼ਾਈ ਦੀ ਦੁਰਗੰਧ ਆਉਣੀ ਜਾਰੀ ਰਹੀ ਤੇ ਮੇਰਾ ਪਿੱਛੇ ਹਟਣਾ ਜਾਰੀ ਰਿਹਾ ਜਿਸਦੇ ਸਦਕਾ ਅੱਜ ਮੈਂ ਇਕੱਲੀ ਰਹਿ ਗਈ ਹਾਂ।ਮੇਰੀ ਕੋਈ ਸਹੇਲੀ ਨਹੀਂ ਆ।ਇਸ ਇਕੱਲੇਪਣ ਤੋਂ ਮੈਨੂੰ ਡਰ ਆਉਂਦਾ ਜਿਸ ਕਰਕੇ ਹੁਣ ਮੈਂ ਚਿਹਰੇ ਤੇ ਚਿਹਰਾ ਚਾੜ ਲਿਆ ਹੈ ਪਰ ਸਕੂਨ ਮੈਨੂੰ ਹਾਲੇ ਵੀ ਨਹੀਂ ਮਿਲ ਰਿਹਾ।
ਅੱਜ ਦੀ ਘੜੀ ਮੈਂ ਆਸਟ੍ਰੇਲੀਆ ਦੀ ਸਿਟੀਜ਼ਨ ਹਾਂ,
ਚੰਗੀ ਨੌਕਰੀ ਏ,
ਤੰਦਰੁਸਤ ਬੱਚੇ ਨੇ,
ਆਪਣਾ ਘਰ ਆ,
ਪਰ ਮਨ ਖੁਸ਼ ਨਹੀਂ ਆ।
ਇਸਤੋਂ ਚੰਗਾ ਤਾਂ ਉਹ ਵੇਲਾ ਸੀ ਜਦੋਂ ਵਿਦਿਆਰਥੀ ਹੁੰਦੇ ਸਾਂ।ਦੋ-ਦੋ ਜੌਬਾਂ ਕਰ ਫਿਰ ਯੂਨੀ ਪੜ੍ਹਨ ਜਾਣਾ ਤੇ ਨਿੱਤ ਨਵੀਂ ਖਬਰ ਮਿਲਣੀ ਆਹ ਰੂਲ ਬਦਲ ਗਏ-ਉਹ ਰੂਲ ਬਦਲ ਗਏ।ਹੁਣ ਨੀ ਪੱਕਾ ਹੁੰਦਾ ਕੋਈ ਛੇਤੀ ਆਸਟ੍ਰੇਲੀਆ ਚ ..ਇਹੋ ਜਿਹੀਆਂ ਖਬਰਾਂ ਦਿਲ ਦੀ ਧੜਕਣ ਤੇਜ਼ ਕਰ ਦਿੰਦੀਆਂ।ਉਦੋਂ ਮਨ ਕੋਲ ਆਸਟ੍ਰੇਲੀਆ ਪੱਕੇ ਹੋਣ ਦਾ ਟੀਚਾ ਸੀ ਜਿਸਦੇ ਸਦਕਾ ਮਨ ਟਿਕਾਅ ਚ ਰਹਿੰਦਾ ਸੀ ਤੇ ਡਾਲਰ ਕਮਾਉਂਦਾ,ਆਪਣੇ ਖਰਚੇ ਕੱਢਦਾ,ਫੀਸਾਂ ਭਰਦਾ,ਪਿੱਛੇ ਬਾਪੂ ਨੂੰ ਡਾਲਰ ਘੱਲ ਉਸਦੀ ਮਦਦ ਕਰਦਾ ਮਨ ਖੁਸ਼ ਸੀ।
ਸਰੀਰ ਤੰਦਰੁਸਤ ਸੀ।
ਅੱਜ ਦੀ ਘੜੀ ਮੈਂ ਸਭ ਸੁਪਨੇ ਸਾਕਾਰ ਕਰ ਲਏ ਨੇ ਪਰ ਹੁਣ ਸਕੂਨ ਖੁੱਸ ਗਿਆ ਹੈ ਤੇ ਮੈਂ ਰੋਗਣ ਬਣ ਗਈ ਹਾਂ।ਮੇਰਾ ਦਮ ਘੁੱਟ ਰਿਹਾ ਏ।ਜੀਅ ਕਰਦਾ ਰਸੋਈ ਚ ਪਿਆ ਚਾਕੂ ਮਾਰ ਆਪਣੀ ਜਾਨ ਈ ਲੈ ਲਵਾਂ…
ਉਹ ਲਗਾਤਾਰ ਬੋਲੀ ਜਾ ਰਹੀ ਸੀ ਤੇ ਉਸਦੀਆਂ ਅੱਖਾਂ ਚ ਹੰਝੂਆਂ ਦਾ ਹੜ੍ਹ ਵਗ ਤੁਰਿਆ ਜਿਸ ਨਾਲ ਉਸਦਾ ਕਮੀਜ਼ ਭਿੱਜ ਗਿਆ।ਬਾਕੀ ਸਭ ਤਾਂ ਠੀਕ ਸੀ ਪਰ ਜਦ ਉਸਨੇ ਆਪਣੇ ਆਪ ਨੂੰ ਮਾਰਨ ਵਾਲੀ ਗੱਲ ਕੀਤੀ ਤਾਂ ਉਸਦੇ ਬੰਦੇ ਦੇ ਰੌਂਗਟੇ ਖੜੇ ਹੋ ਗਏ।ਉਸਨੂੰ ਇੱਕ ਦਮ ਯਾਦ ਆਇਆ ਕੇ ਇਹਦੀ ਕਲਾਈ ਤੇ ਕੱਟਣ ਦੇ ਕਿੰਨੇ ਨਿਸ਼ਾਨ ਪਏ ਹੋਏ।ਜਦ ਵੀ ਪੁੱਛਦਾ ਹਾਂ ਕੀ ਹੋਇਆ ਤਾਂ ਕੋਈ ਨਾ ਕੋਈ ਬਹਾਨਾ ਬਣਾ ਗੱਲ ਟਾਲ ਦਿੰਦੀ ਏ।ਅੱਜ ਰੋਂਦੀ ਦੇ ਮੂੰਹੋਂ ਜੋ ਆਪਣੀ ਜਾਨ ਲੈਣ ਦੀ ਗੱਲ ਨਿਕਲੀ ਏ ਕੀ ਪਤਾ ਇਹ ਆਪਣੇ ਆਪ ਨੂੰ ਮਾਰਨ ਦਾ ਯਤਨ ਹੀ ਕਰ ਰਹੀ ਹੋਵੇ …ਸੋਚ ਉਸਨੇ ਡਾਕਟਰ ਨੂੰ ਫੋਨ ਘੁਮਾ ਦਿੱਤਾ ਤੇ ਆਪਣੀ ਪਤਨੀ ਦੀ ਸਾਰੀ ਹਾਲਤ ਬਿਆਨ ਕੀਤੀ।
ਡਾਕਟਰ ਨੇ ਤੁਰੰਤ ਉਨ੍ਹਾਂ ਨੂੰ ਕਲੀਨਿਕ ਬੁਲਾ ਲਿਆ।ਅੱਗੇ ਡਾਕਟਰ ਪੰਜਾਬੀ ਸੀ ਤੇ ਉਸਦੀ ਕੁਝ ਦਿਨ ਪਹਿਲਾਂ ਹੀ ਇਸ ਕਲੀਨਿਕ ਚ ਬਦਲੀ ਹੋਈ ਸੀ ਤੇ ਰੈਗੂਲਰ ਡਾਕਟਰ ਛੁੱਟੀਆਂ ਤੇ ਗਿਆ ਹੋਣ ਕਰਕੇ ਇਹਨਾਂ...
ਨੂੰ ਇਸ ਡਾਕਟਰ ਨੂੰ ਹੀ ਮਿਲਣਾ ਪਿਆ।
ਕਲੀਨਿਕ ਚ ਅੰਦਰ ਵੜਦਿਆਂ ਹੀ ਪਤਨੀ ਤੇ ਡਾਕਟਰ ਇੱਕ ਦੂਜੇ ਨੂੰ ਦੇਖ ਅਚੰਬਿਤ ਹੋ ਗਏ ਤੇ ਇਸ ਤਰ੍ਹਾਂ ਮਿਲੇ ਜਿਵੇਂ ਕਈ ਜਨਮਾਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਵਣ।ਜਿੱਥੇ ਦੋ ਜ਼ਨਾਨੀਆਂ ਇਕੱਠੀਆਂ ਹੋ ਜਾਵਣ ਉਂਝ ਹੀ ਚੁੱਪ ਨਹੀਂ ਕਰਦੀਆਂ ਹੁੰਦੀਆਂ ਇਹ ਦੋਨੋ ਤਾਂ ਬਚਪਨ ਦੀਆਂ ਸਹੇਲੀਆਂ ਨਿਕਲੀਆਂ ਜਿਨ੍ਹਾਂ ਪਹਿਲੀ ਤੋਂ ਲੈ ਬਾਰਵੀਂ ਤੱਕ ਦੀ ਪੜ੍ਹਾਈ ਇਕੱਠਿਆ ਪੂਰੀ ਕੀਤੀ ਸੀ।ਦੋਨੋ ਇੱਕ ਪਿੰਡ ਦੀਆਂ ਸਨ ਤੇ ਕਈ ਸਾਲਾਂ ਬਾਅਦ ਮਿਲੀਆਂ ਤਾਂ ਗੱਲਾਂ ਤੁਰ ਪਈਆਂ।
ਡਾਕਟਰ ਪਿੱਛੇ ਪਿੰਡ ਚ ਵੀ ਡਾਕਟਰ ਰਹੀ ਹੋਣ ਕਰਕੇ ਉਸ ਕੋਲ ਪਿੰਡ ਵਾਸੀਆਂ ਦੀ ਪੂਰੀ ਖਬਰ ਸੀ।ਗੱਲਾਂ-ਗੱਲਾਂ ਚ ਡਾਕਟਰ ਨੇ ਨਾਲ ਪੜ੍ਹਦੇ ਸਾਰੇ ਮੁੰਡੇ-ਕੁੜੀਆਂ ਦਾ ਚਿੱਠਾ ਫੋਲ ਦਿੱਤਾ ਜਿਸ ਚ ਉਸਨੇ ਦੱਸਿਆ ਕੇ ਕਈ ਕੁੜੀਆਂ ਤਾਂ ਵਿਆਹ ਦੀ ਉਮਰ ਨੂੰ ਟੱਪ ਗਈਆਂ ਹਾਲੇ ਤੱਕ ਵਿਆਹੀਆਂ ਨੀ ਗਈਆਂ,
ਕੁਝ ਕੁ ਵਿਧਵਾ ਵੀ ਹੋ ਗਈਆਂ,
ਕੁਝ ਮੁੰਡੇ ਨਸ਼ੇ ਦੀ ਗ੍ਰਿਫਤ ਚ ਆ ਆਪਣੀ ਜਿੰਦਗੀ ਤਬਾਹ ਕਰੀ ਬੈਠੇ,
ਕੁਝ ਕੁ ਸਰੀਰਕ ਬਿਮਾਰੀਆਂ ਨਾਲ ਉਲਝੇ ਨਿੱਤ ਹਸਪਤਾਲ ਦੇ ਚੱਕਰ ਲਗਾਉਂਦੇ,
ਕਿਸੇ ਦੀ ਔਲਾਦ ਬਿਮਾਰ,
ਕੁਝ ਬਾਹਰ ਜਾਣ ਦੇ ਚੱਕਰ ਚ ਏਜੰਟਾਂ ਰਾਹੀਂ ਪੈਸੇ ਖਰਾਬ ਕਰੀ ਬੈਠੇ,
ਕੁਝ ਕੁ ਚੰਗੇ ਅਹੁਦਿਆਂ ਤੇ ਲੱਗੇ ਚੰਗਾ ਕਮਾ ਰਹੇ ਤੇ ਕੁਝ ਬੇਰੁਜਗਾਰੀ ਦਾ ਰੋਣਾ ਰੋਂਦੇ ਰੁਲੇ ਪਏ,
ਕਿਸੇ ਦੇ ਬੱਚੇ ਨਹੀਂ ਹੋਏ
ਕਿਸੇ ਦੇ ਸਹੁਰੇ ਮਾੜੇ ਨਿਕਲੇ ਤੇ ਉਹਨਾਂ ਦੀ ਜੂਨ ਨਰਕ ਸਮਾਨ ਹੋ ਗਈ।
ਆਪਾਂ ਤਾਂ ਚੰਗੇ ਭਾਗਾਂ ਵਾਲੀਆਂ ਜੋ ਪ੍ਰਦੇਸ਼ ਚ ਆ ਸੈੱਟ ਹੋ ਗਈਆਂ,
ਚੰਗੇ ਸਹੁਰੇ ਪਰਿਵਾਰ ਮਿਲੇ,
ਤੰਦਰੁਸ਼ਤ ਔਲਾਦ ਝੋਲੀ ਪਈ,
ਚੰਗਾ ਕਾਰੋਵਾਰ ਆ,
ਸਿਰ ਤੇ ਛੱਤ ਆ,
ਹੋਰ ਕੀ ਚਾਹੀਦਾ ਸੀ।
ਰੱਬ ਦਾ ਦਿਨ ਰਾਤ ਸ਼ੁਕਰਾਨਾ ਕਰੀਏ ਕੇ ਉਸਨੇ ਕੋਈ ਦੁੱਖ ਨੀ ਦਿੱਤਾ।ਮਿਹਨਤ ਦਾ ਮੁੱਲ ਮੋੜਿਆ ….ਕਹਿ ਡਾਕਟਰ ਨੂੰ ਯਾਦ ਆਇਆ ਕੇ ਉਹ ਡਿਊਟੀ ਤੇ ਹੈ।
ਪਾਣੀ ਦੀ ਘੁੱਟ ਭਰ ਗੰਭੀਰ ਹੁੰਦਿਆਂ ਉਸਨੇ ਪੁੱਛਿਆ ਕੀ ਰੋਗ ਏ ਜੋ ਤੁਸੀਂ ਅੱਜ ਆਏ ? ਕੌਣ ਬਿਮਾਰ ਹੈ ?
ਡਾਕਟਰ ਦਾ ਸਵਾਲ ਸੁਣ ਪਤਨੀ ਹੱਸ ਪਈ।
ਕੋਈ ਬਿਮਾਰ ਨਹੀਂ ਆ,
ਕੋਈ ਰੋਗੀ ਨਹੀਂ ਆ,
ਬੱਸ ਕੁਝ ਗਲਤਫਹਿਮੀਆਂ ਸੀ ਜੋ ਤੁਸੀਂ ਸੋਹਣੀਆਂ ਗੱਲਾਂ ਕਰ ਦੂਰ ਕਰ ਦਿੱਤੀਆਂ।
ਹੁਣ ਸਭ ਸੁਖ ਏ …ਘਰ ਆਣਾ ਕਿਸੇ ਦਿਨ।’
ਕਹਿ ਪਤਨੀ ਆਪਣੇ ਪਤੀ ਦਾ ਹੱਥ ਫੜ੍ਹ ਗੱਡੀ ਚ ਆ ਬੈਠ ਗਈ।ਹੁਣ ਉਸਦੇ ਚਿਹਰੇ ਤੇ ਮੁਸਕਾਨ ਸੀ ਤੇ ਉਹ ਆਪਣੇ ਜੀਵਨ ਤੋਂ ਸੰਤੁਸ਼ਟ ਲੱਗ ਰਹੀ ਸੀ।
ਆਪਣੇ ਬਚਪਨ ਦੇ ਸਾਥੀ ਤੋਂ ਹੋਰਾਂ ਦੇ ਜੀਵਨ ਬਾਰੇ ਜਾਣ ਉਸਨੂੰ ਇਹਸਾਸ ਹੋਇਆ ਕੇ ਉਹ ਕਿੰਨੀ ਕਿਸਮਤ ਵਾਲੀ ਸੀ ਪਰਮਾਤਮਾ ਨੇ ਉਸਨੂੰ ਲੋੜ ਤੋਂ ਜਿਆਦਾ ਤਾਂ ਸਭ ਬਖਸ਼ ਦਿੱਤਾ ਸੀ।ਉਸ ਕੋਲ ਆਪਣਾ ਪਰਿਵਾਰ,ਤੰਦਰੁਸਤ ਬੱਚੇ,ਚੰਗਾ ਕਾਰੋਵਾਰ,ਘਰ,ਚੰਗਾ ਬੈਂਕ ਬੈਲੇਂਸ ਸਭ ਕੁਝ ਤਾਂ ਹੈ ਉਹ ਤਾਂ ਆਪਣੇ ਬਚਪਨ ਦੇ ਬੇਲੀਆਂ ਤੋਂ ਕਿਤੇ ਜਿਆਦਾ ਬਿਹਤਰ ਹੈ ਜੋ ਜੀਵਨ ਦੀਆਂ ਉਲਝਣਾਂ ਚ ਰੁਲੇ ਗੁਆਚੇ ਪਏ।
ਹਰ ਕਿਸੇ ਨੂੰ ਸਮੇਂ-ਸਮੇਂ ਤੇ ਕਾਊਂਸਲਿੰਗ ਦੀ ਲੋੜ ਹੁੰਦੀ।ਮਰਦ ਔਰਤਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ ਤੇ ਔਰਤਾਂ ਮਰਦਾਂ ਦੇ ਲੋਜਿਕ ਨਹੀਂ ਸਮਝਦੀਆਂ ਜਿਸ ਕਾਰਨ ਸਾਰੀ ਉਮਰ ਰੰਡੀ ਰੌਣਾ ਚੱਲੀ ਜਾਂਦਾ ਤੇ ਮਨ ਦੇ ਘਰ ਕਦੇ ਸਕੂਨ ਨਹੀਂ ਬਹੁੜਦਾ।ਆਸੇ-ਪਾਸੇ ਹਰ ਚੀਜ਼ ਦਾ ਮੁਕਾਬਲਾ ਬਹੁਤ ਆ …ਸੋਚ ਹੜਵੜੀ ਚ ਆਪਾ ਨਾ ਗੁਆ ਲਵੋ।ਬੇਰ ਮੁਫ਼ਤ ਦੇ ਭਾਅ ਮਿਲ ਰਹੇ ਹੋਣ ਤਾਂ ਇਹ ਦੇਖ ਬਦਾਮ ਕਦੇ ਆਪਣਾ ਭਾਅ ਨਹੀਂ ਘਟਾਇਆ ਕਰਦੇ।ਸੋਚ ਸਮਝ ਕੇ ਵਿਚਰੋ।
ਦੰਦ ਭਾਵੇਂ ਕਿੰਨੇ ਵਾਰ ਜੀਭ ਨੂੰ ਕੱਟ ਦੇਣ
ਰਹਿੰਦੇ ਤਾਂ ਦੋਵੇਂ ਮੂੰਹ ਚ ਹੀ ਨੇ ..ਉਂਝ ਮਾੜੇ ਲੋਕਾਂ ਨੂੰ ਦੇਖ ਪਾਸਾ ਨਾ ਵੱਟੋ ਉਨ੍ਹਾਂ ਦੇ ਇਰਦ ਗਿਰਧ ਰਹਿ ਉਹਨਾਂ ਦੁਆਰਾ ਆਲੋਪਿਆ ਜਾਂਦਾ ਰੰਗ ਤਮਾਸ਼ਾ ਆਪਣੇ ਉੱਪਰ ਹਾਵੀ ਹੋਣ ਦੇਣ ਦੀ ਬਜਾਏ ਤਮਾਸ਼ਾ ਦੇਖ ਮਨੋਰੰਜਨ ਕਰਨਾ ਸਿੱਖੋ।
ਫਾਲਤੂ ਦੇ ਫਿਕਰਾਂ ਚ ਆਪਣਾ ਅੱਜ ਦਾ ਸਕੂਨ ਸੂਲੀ ਤੇ ਨਾ ਟੰਗੋ….ਸੋਚਦੀ ਪਤਨੀ ਆਪਣੇ ਪਤੀ ਨਾਲ ਘੁੱਟ ਕੇ ਜੱਫੀ ਪਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੀ ਪਾਰਲਰ ਆਲੀ ਨਾਲ ਵਾਲ ਵਗੈਰਾ ਰੰਗਾਉਣ ਦਾ ਸਮਾਂ ਨਿਸ਼ਚਿਤ ਕਰਨ ਲੱਗ ਪਈ।
ਉਸਨੂੰ ਖੁਸ਼ ਦੇਖ ਪਤੀ ਗੁਣ-ਗੁਣਾਉਂਦਾ ਕਹਿਣ ਲੱਗਾ:
ਇੱਕ ਮੁਸਕਾਨ,
ਇੱਕ ਜੱਫੀ,
ਇੱਕ ਕਾਊਂਸਲਿੰਗ,
ਇੱਕ ਬਚਪਨ ਦਾ ਸਾਥੀ,
ਕਾਫੀ ਹੁੰਦੇ ਨੇ ਨਜ਼ਰੀਆ ਬਦਲਣ ਲਈ।
©️—- ਜੱਸੀ ਧਾਲੀਵਾਲ
©️ਸਹੁਰਿਆਂ ਦਾ ਜਾਇਆ ਕਹਾਣੀ ਸੰਗ੍ਰਹਿ ਚੋ
Access our app on your mobile device for a better experience!