ਵਿਆਹਾਂ ਦੇ ਕਾਮੇਡੀ ਰੰਗ ….
ਥੋੜ੍ਹੇ ਜੇ ਦਿਨ ਹੋਗੇ ਅਸੀਂ ਦੋ ਤਿੰਨ ਜਾਣੇ ਬੈਠੇ ਅੱਜ-ਕੱਲ੍ਹ ਦੇ ਵਿਆਹਾਂ ਦੇ ਸਿਸਟਮ ਬਾਰੇ ਗੱਲਾਂ ਕਰੀ ਜਾਈਏ। ਏਨੇ ਨੂੰ ਸਾਡੇ ਕੋਲੇ ਇੱਕ ਹੋਰ ਬੰਦਾ ਆਗਿਆ, ਕੋਈ 55 ਕੁ ਸਾਲ ਦੀ ਉਮਰ ਦਾ। ਪਹਿਲਾਂ ਤਾਂ ਉਹ ਸਾਡੀਆਂ ਗੱਲਾਂ ਸੁਣੀ ਗਿਆ, ਫਿਰ ਆਵਦੇ ਵਿਆਹ ਦੀ ਗੱਲ ਦੱਸਣ ਲਾਗਿਆ। ਕਹਿੰਦਾ ਹੁਣ ਤਾਂ ਸਿਸਟਮ ਈ ਹੋਰ ਚੱਲ ਪਿਆ। ਹੁਣ ਤਾਂ ਮੁੰਡਾ-ਕੁੜੀ ਆਪਸ ਵਿੱਚ ਪਹਿਲਾਂ ਗੱਲਬਾਤ ਪੱਕੀ ਕਰਕੇ ਫਿਰ ਘਰੇ ਦਸਦੇ ਐ ਵੀ ਅਸੀਂ ਵਿਆਹ ਕਰੌਣੈ ਜਾਂ ਜੇ ਕਿਤੇ ਵਿਚੋਲੇ ਆਲਾ ਵਿਆਹ ਹੋਵੇ ਤਾਂ ਮੁੰਡਾ-ਕੁੜੀ ਮੰਗਣੇ ਤੇ ਈ ਆਪਸ ਵਿਚਦੀ ਨੰਬਰ ਵਟਾ ਲੈਂਦੇ ਐ ਤੇ ਵਿਆਹ ਤੋਂ ਪਹਿਲਾਂ ਦਿਨ-ਰਾਤ ਗੱਲਾਂ ਚੱਲੀ ਜਾਂਦੀਐਂ। ਕਹਿੰਦਾ ਪਰ ਸਾਡੇ ਵਾਰੀ ਸਿਸਟਮ ਬਾਹਲਾ ਹੋਰ ਸੀ। ਤੁਸੀਂ ਹੋਰ ਦੀ ਗੱਲ ਤਾਂ ਛੱਡੋ, ਸੋਨੂੰ ਆਵਦੀ ਸੁਣੌਨੈ। ਕਹਿੰਦਾ ਜਦੋਂ ਮੇਰਾ ਮੰਗਣਾ ਹੋਇਆ ਤਾਂ ਮੈਨੂੰ ਜਮਾਂ ਦਿਨ ਦੇ ਦਿਨ ਪਤਾ ਲੱਗਿਆ ਵੀ ਅੱਜ ਮੰਗਣੈ। ਗੱਲ ਐਂ ਹੋਈ ਵੀ ਮੈਨੂੰ ਉਸ ਦਿਨ ਤੜਕੇ ਈ ਨਮ੍ਹਾ ਕੇ ਨਵੇਂ ਕੱਪੜੇ ਪਵਾ ਤੇ। ਮੈਨੂੰ ਇੱਕ ਹਦੈਤ ਦੇਤੀ ਵੀ ਅੱਜ ਛੱਪੜ ‘ਚ ਨੀ ਨ੍ਹੌਣਾ ਤੇ ਘਰ ਤੋਂ ਬਾਹਲੀ ਦੂਰ ਨੀ ਜਾਣਾ। ਕਹਿੰਦਾ ਮੈਂ ਭਾਈ ਔਹ ਰੂੜੀਆਂ ‘ਚ ਗੁੱਲੀ-ਡੰਡਾ ਖੇਡਣ ਲਾਗਿਆ, ਆਵਦੇ ਆੜੀਆਂ ਨਾਲ। ਹਲੇ ਦੋ ਕੁ ਮਿੱਤਾਂ ਜੀਆਂ ਲਾਈਆਂ ਸੀ, ਐਨੇ ਨੂੰ ਮੈਨੂੰ ਦੋ ਜਾਣੇ ਬੁਲਾਉਣ ਆਗੇ ਵੀ ਘਰੇ ਆਜਾ ਕੰਮ ਐ। ਕਹਿੰਦਾ ਮੈਂ ਜਾਵਾਂ ਨਾ। ਮਖਿਆਂ ਮੈਂ ਤਾਂ ਮਿੱਤਾਂ ਪੂਰੀਆਂ ਕਰ ਕੇ ਆਊਂ। ਪਹਿਲਾਂ ਤਾਂ ਉਹਨਾਂ ਨੇ ਮੇਰੀਆਂ ਵਾਹਵਾ ਮਿੰਨਤਾਂ ਜੀਆਂ ਕੀਤੀਆਂ ਪਰ ਜਦੋਂ ਮੈਂ ਨਾ ਈ ਤੁਰਿਆ ਤਾਂ ਉਨ੍ਹਾਂ ‘ਚੋਂ ਇੱਕ ਨੇ ਤਾਂ ਮੇਰੀਆਂ ਲੱਤਾਂ ਫੜਲੀਆਂ ਤੇ ਇੱਕ ਨੇ ਬਾਹਾਂ, ਤੇ ਚਾਕੇ ਘਰ ਨੂੰ ਲੈ ਤੁਰੇ। ਮੈਂ ਰੌਲਾ ਪਾਈ ਜਾਵਾਂ ਵੀ ਮੇਰੀ ਮਿੱਤ ਟੱਪੀ ਜਾਂਦੀ ਐ, ਛੱਡੋ ਮੈਨੂੰ। ਕਹਿੰਦਾ ਜਦੋਂ ਮੈਨੂੰ ਘਰੇ ਲਗਏ ਤਾਂ ਓਥੇ ਓਪਰੇ ਜੇ ਬੰਦੇ ਆਏ ਬੈਠੇ। ਮੈਨੂੰ ਫੇਰ ਦੱਸਿਆ ਘਰਦਿਆਂ ਨੇ ਵੀ ਅੱਜ ਤੇਰਾ ਮੰਗਣੈ। ਸਾਰਿਆਂ ਨੇ ਮੈਨੂੰ ਕੁਰਸੀ ਤੇ ਬਿਠਾ ਕੇ ਮੇਰੀ ਝੋਲੀ ‘ਚ ਤੌਲੀਆ ਰੱਖ ਕੇ ਪਤਾਸੇ ਜੇ ਪਾਤੇ ਤੇ ਨਾਲੇ ਪੈਸੇ ਦੇਤੇ। ਦੋ ਕੁ ਘੰਟਿਆਂ ਬਾਅਦ ਮੈਨੂੰ ਕਹਿੰਦੇ ਹੁਣ ਖੇਡਲਾ ਜਾ ਕੇ। ਕਹਿੰਦਾ ਨਾਲੇ ਤਾਂ ਮੈਂ ਗੀਝੇ ‘ਚ ਪਾਏ ਪਤਾਸੇ ਖਾਂਦਾ ਫਿਰਾਂ ਤੇ ਨਾਲੇ ਗੁੱਲੀ-ਡੰਡਾ ਖੇਡਦਾ ਫਿਰਾਂ, ਓਧਰ ਘਰਦਿਆਂ ਨੂੰ ਚਾਅ ਚੜ੍ਹਿਆ ਫਿਰੇ ਵੀ ਮੁੰਡੇ ਦਾ ਮੰਗਣਾ ਹੋ ਗਿਆ। ਬੱਸ ਆਹ ਕਹਾਣੀ ਮੇਰੇ ਮੰਗਣੇ ਦੀ ਸੀ।
ਆਂਈਂ ਕੇਰਾਂ ਸਾਡੇ ਪਿੰਡੋਂ ਬਰਾਤ ਗਈ ਕਿਤੇ। ਵਿਆਹ ਆਲਾ ਮੁੰਡਾ ਬੀੜੀਆਂ ਬਾਹਲੀਆਂ ਪੀਂਦਾ ਸੀ। ਓਸ ਦਿਨ ਉਹਨੂੰ ਬਥੇਰਾ ਸਮਝਾਇਆ ਨਾਲਦਿਆਂ ਨੇ ਵੀ ਅੱਜ ਤੂੰ ਬੀੜੀ ਨੀ ਪੀਣੀ। ਕੇਰਾਂ ਤਾਂ ਉਹਨੇ ਕੰਟਰੋਲ ਜਾ ਰੱਖੀ ਰੱਖਿਆ ਪਰ ਜਦੋਂ ਬਰਾਤ ਕੁੜੀ ਆਲਿਆਂ ਦੇ ਪਿੰਡ ਬਾਗੀ ਤੇ ਰੀਬਨ ਕੱਟਣ ਆਲੀ ਰਸਮ ਹੋਗੀ, ਫਿਰ ਉਹਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਨਾਲ ਆਲੇ ਨੂੰ ਕਹਿੰਦਾ ਬਾਈ ਮੇਰਾ ਤਾਂ ਜਮਾਂ ਨੀ ਸਰਦਾ ਬੀੜੀ ਬਿਨ੍ਹਾਂ, ਮੈਂ ਤਾਂ ਪੀਣੀ ਆਂ। ਦੂਜਾ ਕਹਿੰਦਾ ਨਹੀਂ ਯਾਰ ਐਥੇ ਪੀਂਦਾ ਬੁਰਾ ਲੱਗੇਂਗਾ, ਅਕਲ ਨੂੰ ਹੱਥ ਮਾਰ ਮਾੜਾ ਮੋਟਾ। ਜਦੋਂ ਉਹ ਕਿਸੇ ਢੰਗ ਨਾਲ ਈ ਨਾ ਮੰਨਿਆਂ ਤਾਂ ਨਾਲ ਆਲੇ ਨੇ ਕੱਢ ਕੇ ਬੀੜੀਆਂ ਦਾ ਮੰਡਲ ਉਹਦੇ ਮੂਹਰੇ ਕਰਤਾ, ਕਹਿੰਦਾ ਲੈ ਝੁਲਸ ਲੈ। ਪ੍ਰਾਹੁਣਾ ਸਾਬ੍ਹ ਅੱਗੋਂ ਕਹਿੰਦੇ ਅਖੇ ਮੈਂ ਸਹੁਰਿਆਂ ਦੇ ਪਿੰਡ ਐਨੀ ਸਸਤੀ ਬੀੜੀ ਨੀ ਪੀਂਦਾ, ਇਹਦੇ ਨਾਲ ਤਾਂ ਮੇਰੀ ਮਾਰਕੀਟ ਡੌਨ ਹੋਜੂ, ਸਹੁਰੇ ਆਖਣਗੇ ਪ੍ਰਾਹਣਾ ਐਨੀਆਂ ਸਸਤੀਆਂ ਬੀੜੀਆਂ ਪੀਂਦੈ, ਕਹਿੰਦਾ ਮੈਂ ਤਾਂ ਮਹਿੰਗੀ ਸਿਗਟ ਪੀਊਂ, ਘੱਟੋ-ਘੱਟ ਪੰਜ ਰੁਪੀਆਂ ਆਲੀ। ਉਨ੍ਹਾਂ ਨੇ ਆਸੇ-ਪਾਸੇ ਆਲੇ ਦੋ-ਚਾਰ ਤੋਂ ਪੁੱਛਿਆ ਪਰ ਸਿਗਟ ਮਿਲੀ ਨਾਂ ਕਿਸੇ ਕੋਲੋਂ। ਅਖੀਰ ਉਨ੍ਹਾਂ ਨੇ ਕਿਸੇ ਦਾ ਚੇਤਕ ਸਕੂਟਰ ਮੰਗ ਲਿਆ ਵੀ ਦੁਕਾਨ ਤੇ ਜਾ ਕੇ ਆਉਣੈ ਪ੍ਰਾਹੁਣੇ ਨੂੰ ਸਿਗਟ ਪਿਆ ਕੇ ਲਿਆਉਣੀ ਐਂ। ਇੱਕ ਜਾਣਾ ਸਕੂਟਰ ਚਲਾਵੇ ਤੇ ਪ੍ਰਾਹੁਣਾ ਸਾਬ੍ਹ ਪਿੱਛੇ ਬੈਠੇ। ਵਾਹਵਾ ਭੀੜੀਆਂ ਤੇ ਵਿੰਗ-ਤੜਿੰਗੀਆਂ ਗਲੀਆਂ ਵਿੱਚੋਂ ਲੰਘ ਕੇ ਮਸਾਂ ਦੁਕਾਨ ਥਿਆਈ। ਨਾਲ ਆਲਾ ਕਹਿੰਦਾ ਵੀ ਜੇ ਤੂੰ ਐਥੇ ਖੜ੍ਹ ਕੇ ਪੀਏਂਗਾ ਤਾਂ ਟੈਮ ਬਾਹਲਾ ਲੱਗਜੂ ਤੇ ਜੇ ਓਥੇ ਜਾ ਕੇ ਪੀਏਂਗਾ ਤਾਂ ਬੰਦਾ ਊਂ ਬੁਰਾ ਜਾ ਲਗਦੈ, ਤੂੰ ਐਂ ਕਰ ਰਾਹ ‘ਚ ਪੀਲੀਂ ਸਕੂਟਰ ਮਗਰ ਬੈਠਾ-ਬੈਠਾ। ਪਿੰਡ ਨਜੈਜ ਵੱਡਾ ਸੀ। ਮੁੜਨ ਵੇਲੇ ਉਹ ਘਰ ਭੁੱਲਗੇ। ਪ੍ਰਾਹੁਣੇ ਨੇ ਸਕੂਟਰ ਮਗਰ ਬੈਠੇ ਨੇ ਇੱਕ ਹੱਥ ਨਾਲ ਤਾਂ ਸੇਹਰੇ ਤਾਹਾਂ ਚੱਕ ਰੱਖੇ ਤੇ ਇੱਕ ਹੱਥ ਨਾਲ ਸਿਗਟ ਮੂੰਹ ਨੂੰ ਲਾ ਰੱਖੀ, ਦੂਜਾ ਸਕੂਟਰ ਚਲਾਵੇ, ਪਿੰਡ ‘ਚ ਗੇੜੇ ਦਿੰਦੇ ਫਿਰਨ ਤੇ ਘਰ ਥਿਆਵੇ ਨਾ। ਜਦੋਂ ਜਮੀਂ ਨਾਂ ਕੰਮ ਲੋਟ ਆਇਆ ਤਾਂ ਕਿਸੇ ਤੋਂ ਪੁੱਛ-ਪਛਾ ਕੇ ਘਰੇ ਗਏ।
ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਬਹੂ ਪੇਕੇ ਗਈ ਹੋਈ ਸੀ ਤੇ ਪ੍ਰਾਹੁਣਾ ਸਾਹਿਬ ਉਹਨੂੰ ਲੈਣ ਬਾਗੇ। ਸਾਰਾ ਦਿਨ ਸਹੁਰਿਆਂ ਦੇ ਘਰੇ ਬੈਠੇ ਰਹੇ ਤੇ ਆਥਣੇ ਜੇ ਉਹਦਾ ਦਾ ਸਾਲਾ ਕਹਿੰਦਾ ਕਿ ਆਜੋ ਜੀ ਪਿੰਡ ਦੀ ਸੈਲ ਕਰਾ ਕੇ ਲਿਆਵਾਂ ਸੋਨੂੰ। ਪ੍ਰਾਹੁਣਾ ਸਾਬ੍ਹ ਨੇ ਪਿੰਡ ਆਲਿਆਂ ਮੂਹਰੇ ਟੌਹਰ ਬਣਾਉਣ ਵਾਸਤੇ ਕੋਬਰਾ ਸੈਂਟ ਦੀ ਅੱਧੀ ਸ਼ੀਸ਼ੀ ਛਿੜਕਲੀ ਕੱਪੜਿਆਂ ਤੇ, ਤੇ ਤੁਰਪੇ ਘਰੋਂ ਬਾਹਰ ਨੂੰ। ਤੁਰਦੇ-ਤੁਰਦੇ ਪਿੰਡ ਦੀ ਖਾਲੀ ਜੀ ਥਾਂ ‘ਚ ਬਾਗੇ, ਓਥੇ ਨਾਲੇ ਤਾਂ ਜਵਾਕ ਖੇਡੀ ਜਾਣ ਤੇ ਨਾਲੇ ਘੁਮਿਆਰਾਂ ਦੇ ਖੱਚਰ ਘਾਹ ਚਰੀ ਜਾਣ। ਕੁਛ ਜਵਾਕ ਖੱਚਰਾਂ ਤੇ ਝੂਟੇ ਲੈਣ ਦੀ ਕੋਸ਼ਿਸ਼ ਕਰੀ ਜਾਣ ਪਰ ਖੱਚਰ ਉਨ੍ਹਾਂ ਨੂੰ ਨੇੜੇ ਨਾਂ ਲੱਗਣ ਦੇਣ। ਪ੍ਰਾਹੁਣੇ ਨੇ ਸੋਚਿਆ ਵੀ ਆਹਾ ਵਧੀਆ ਮੌਕੈ, ਆਵਦੇ ਸਾਲੇ ਤੇ ਆਹ ਜਵਾਕਾਂ ਜਿਆਂ ਅੱਗੇ ਨੰਬਰ ਬਣਾਉਣ ਦਾ। ਪ੍ਰਾਹੁਣਾ ਸਾਬ੍ਹ ਪੂਰੇ ਰੋਹਬ ਨਾਲ ਜਵਾਕਾਂ ਨੂੰ ਕਹਿੰਦੇ ਕਿ ਪਰ੍ਹੇ ਹੋਜੋ ਓਏ ਛੋਹਰੋ, ਸੋਨੂੰ ਮੈਂ ਕਾਬੂ ਕਰਕੇ ਦਿਖਾਉਣਾ ਇਨ੍ਹਾਂ ਨੂੰ, ਸੋਥੋਂ ਨੀ ਲੋਟ ਆਉਂਦੇ। ਜਵਾਕ ਪਰ੍ਹੇ ਹੋਗੇ ਸਾਰੇ ਤੇ ਪ੍ਰਾਹੁਣਾ ਸਾਬ੍ਹ ਨੇ ਗੋਡਿਆਂ ਤੱਕ ਟੰਗ ਕੇ ਪਜਾਮਾ ਤੇ ਚੜ੍ਹ ਕੇ ਰੂੜੀ ਤੇ ਮਾਰੀ ਛਾਲ ਤੇ ਖੱਚਰ ਤੇ ਬਹਿ ਗਿਆ। ਜਦੋਂ ਕੋਬਰਾ ਸੈਂਟ ਦੀ ਮੁਸ਼ਕ ਚੜ੍ਹੀ ਖੱਚਰ ਨੂੰ, ਤਾਂ ਖੱਚਰ ਵੀ ਘਬਰਾ ਗਿਆ ਵੀ ਆਹ ਕੀ ਸ਼ੈਅ ਆ ਬੈਠੀ ਮੇਰੇ ਤੇ। ਖੱਚਰ ਨਾਲ ਦੀ ਨਾਲ ਈ ਹੋਗਿਆ ਸੌ ਦੀ ਸਪੀਡ ਤੇ। ਪ੍ਰਾਹੁਣਾ ਸਾਹਿਬ ਬਥੇਰਾ ਰੋਕਣ ਵੀ ਰੁਕਜੇ ਪਰ ਉਹਨੇ ਕਾਹਨੂੰ ਰੁਕਣਾ ਸੀ। ਖੱਚਰ ਗਲੀਆਂ ਵਿਚਦੀ ਵਰੋਲੇ ਠੌਂਦਾ ਤੁਰਿਆ ਜਾਵੇ ਤੇ ਪ੍ਰਾਹੁਣਾ ਸਾਬ੍ਹ ਉੱਤੇ ਬੈਠੇ ਉਹਨੂੰ ਰੋਕਣ ਵਾਸਤੇ ਲੱਤਾਂ-ਬਾਹਾਂ ਮਾਰੀ ਜਾਣ ਵੀ ਕੀ ਪਤੈ ਹਲੇ ਵੀ ਰੁਕਜੇ। ਪਿੰਡ ਆਲੇ ਵੀ ਝਾਕਣ ਵੀ ਆਹ ਕਿਹੜਾ ਮਿਰਜ਼ਾ ਜਾਂਦੈ ਤੂਫਾਨ ਅੰਗੂੰ। ਖੱਚਰ ਪ੍ਰਾਹੁਣਾ ਸਾਬ੍ਹ ਨੂੰ ਲੈ ਕੇ ਸਿੱਧਾ ਘੁਮਿਆਰਾਂ ਦੇ ਚੌਂਤਰੇ ਤੇ ਜਾ ਖੜ੍ਹਾ, ਜਿੰਨ੍ਹਾਂ ਦਾ ਸੀਗਾ ਉਹ। ਅੱਗੋਂ ਘਰ ਆਲੇ ਵੀ ਹੈਰਾਨ, ਵੀ ਆਹ ਗੱਬਰ ਸਿੰਘ ਕਿੱਧਰੋਂ ਆ ਗਿਆ। ਪ੍ਰਾਹੁਣਾ ਸਾਬ੍ਹ ਖੱਚਰ ਤੇ ਜਮਾਂ ਬੁੱਤ ਬਣੇ ਬੈਠੇ, ਡਰਦੇ ਭੋਰਾ ਵੀ ਨਾ ਹਿੱਲਣ, ਵੀ ਜੇ ਕਿਤੇ ਇਹ ਪਤੰਦਰ ਫੇਰ ਭੱਜ ਲਿਆ ਤਾਂ ਕਿਤੇ ਊਂ ਨਾ ਰੋਹੀਂਏਂ ਚੜ੍ਹਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ