ਗੁਰਮਲਕੀਅਤ ਸਿੰਘ ਕਾਹਲੋਂ
ਪਿਛਲੇ ਸਾਲ ਸਾਡੇ ਕਾਲਜ ਵਾਲਿਆਂ ਅਲੂਮਨੀ ਮੀਟ ਕਰਵਾ ਕੇ ਉਹ ਦੋਸਤ ਮਿਲਵਾ ਦਿਤੇ, ਜੋ ਚੇਤਿਆਂ ਵਿਚ ਤਾਂ ਸਨ, ਪਰ ਗਲਬਾਤ ਵਾਲੇ ਸੰਪਰਕ ਨਹੀਂ ਸਨ। ਕਾਲਜ ਮਿਲਣੀ ਮੌਕੇ 22 ਸਾਲ ਪੁਰਾਣਾ ਸਾਰਾ ਕੁਝ ਕਲ ਵਾਂਗ ਲਗਣ ਲਗਾ। ਯਾਦਾਂ ਚੇਤਿਆਂ ਚੋਂ ਉਕਰ ਆਈਆਂ। ਫੋਨ ਨੰਬਰਾਂ ਦਾ ਅਦਾਨ-ਪਰਦਾਨ ਹੋ ਗਿਆ। ਲੰਮੀਆਂ ਗਲਾਂ ਹੋਣ ਲਗ ਪਈਆਂ। ਅਸੀਂ ਗਰੁੱਪ ਕਾਲ ਬਣਾ ਲੈਂਦੇ ਤੇ ਹਾਸਾ ਠੱਠਾ ਚਲਦਾ ਰਹਿੰਦਾ। ਡਾ. ਦਲੀਪ ਚੰਦ ਨੇ ਕਿਤੇ ਟੂਰ ਤੇ ਜਾਣ ਦੀ ਸਲਾਹ ਦਿਤੀ। ਸਾਰਿਆਂ ਨੂੰ ਤਜਵੀਜ ਪਸੰਦ ਆਈ ਤੇ ਮੋਹਰ ਲਗ ਗਈ। ਪ੍ਰੋਗਰਾਮ ਉਲੀਕਿਆ ਜਾਣ ਲਗ ਪਿਆ। ਸਾਰੇ ਚੰਗੀਆਂ ਪੋਸਟਾਂ ਤੇ ਹਾਂ। ਵਿਭਾਗਾਂ ਦੇ ਵੱਡੇ ਅਫਸਰਾਂ ਲਈ ਛੁੱਟੀ ਮਨਜੂਰ ਕਰਵਾਉਂਣੀ ਸੁਖਾਲੀ ਨਹੀਂ ਹੁੰਦੀ। ਯਤਨ ਸ਼ੁਰੂ ਹੋ ਗਏ। ਦੋ ਕੁ ਮਹੀਨੇ ਬਾਦ ਸਾਡਾ 15 ਦਿਨਾਂ ਟੂਰ ਪ੍ਰੋਗਰਾਮ ਬਣ ਗਿਆ। ਵਿਉਂਤਬੰਦੀ ਤਾਂ 14 ਜਣਿਆਂ ਸ਼ੁਰੂ ਕੀਤੀ, ਪਰ ਚਲਣ ਤਕ 8 ਹੀ ਤਿਆਰੀ ਫੜ ਸਕੇ। ਬਾਕੀ ਮਜਬੂਰੀਆਂ ਮੂਹਰੇ ਬੇਵੱਸ ਹੋ ਗਏ।ਕਿੱਥੇ ਕਿੱਥੇ ਜਾਣਾ, ਕੀ ਵੇਖਣਾ ਤੇ ਕਿੰਨੀ ਦੇਰ ਰੁਕਣਾ, ਅਸੀਂ ਜਾਣਕਾਰੀ ਸਾਂਝੀ ਤੇ ਵਿਚਾਰ ਕਰ ਲੈਂਦੇ। ਹਰ ਹਫਤੇ ਅਸੀਂ ਜੂਮ ਮੀਟਿੰਗ ਕਰਦੇ ਤੇ ਉਦੋਂ ਤਕ ਦੇ ਬਣੇ ਪ੍ਰੋਗਰਾਮ ਨੂੰ ਪੱਕਾ ਕਰ ਲਿਆ ਜਾਂਦਾ। ਸਵਾਰੀ ਵਜੋਂ ਇਕ ਟੈਕਸੀ ਅੱਡੇ ਤੋਂ ਨਵਾਂ ਟੈਂਪੂ ਟਰੈਵਲਰ ਰੋਜਾਨਾ ਰੇਟ ਅਤੇ ਡੀਜ਼ਲ ਭਰਾਉਣਾ ਤੈਅ ਕਰਕੇ ਬੁੱਕ ਕਰ ਲਿਆ। ਸਾਡਾ ਮੰਨਣਾ ਸੀ ਕਿ ਸਫਰ ਦਾ ਅਨੰਦ ਖੁੱਲੇ-ਡੁੱਲੇ ਬੈਠਕੇ ਵਧੇਰੇ ਆਉਂਦਾ। ਅਕਤੂਬਰ ਦੀ ਸ਼ੁਰੂਆਤ ‘ਚ ਮੌਸਮੀ ਖਤਰੇ ਦੀ ਚਿੰਤਾ ਮੁੱਕਦੀ ਤਾਂ ਨਹੀਂ, ਘੱਟ ਜਰੂਰ ਜਾਂਦੀ ਹੈ।ਸ਼ਨੀਵਾਰ ਸਵੇਰੇ ਅਸੀਂ ਚਾਲੇ ਪਾਏ ਤੇ ਚੰਡੀਗੜ ਹੁੰਦੇ ਹੋਏ ਰਾਤ ਪਾਉਂਟਾ ਸਾਹਿਬ ਕੱਟੀ। ਯਮੁਨਾ ਦੇ ਕੰਢੇ ਬਣੇ ਗੁਰਦੁਆਰਾ ਸਾਹਿਬ ਵਿਚ ਸਾਰਿਆਂ ਦੀ ਰਿਹਾਇਸ਼ ਦਾ ਵਧੀਆ ਪ੍ਰਬੰਧ ਹੋ ਗਿਆ। ਰੁਹਾਨੀ ਮਹੌਲ ਅਤੇ ਰਮਣੀਕ ਦ੍ਰਿਸ਼ਾਂ ਨਾਲ ਆਲਾ ਦੁਆਲਾ ਮਹਿਕਿਆ ਪਿਆ ਸੀ। ਚਾਨਣੀ ਰਾਤ ਨੂੰ ਯਮੁਨਾ ਕਿਨਾਰੇ ਬੈਠਿਆਂ, ਵਹਿੰਦਾ ਪਾਣੀ ਕਲੋਲਾਂ ਕਰਦਿਆਂ ਆਪਣੀ ਰਮਜ਼ ਸਮਝਾਉਂਦਾ ਲਗੇ। ਅਗਲੇ ਦਿਨ ਜਗਾਧਰੀ, ਸਹਾਰਨਪੁਰ ਹੁੰਦੇ ਹੋਏ, ਰਸਤੇ ਦੀਆਂ ਖਾਸ ਥਾਵਾਂ ਤੇ ਥੋੜਾ ਥੋੜਾ ਰੁਕਦੇ, ਦੇਰ ਸ਼ਾਮ ਦਿੱਲੀ ਤੇ ਆਗਰਾ ਦੇ ਵਿਚਕਾਰ ਰਮਣੀਕ ਜਿਹੀ ਥਾਂ ਤੇ ਬਣੇ ਹੋਟਲ ਵਿਚ ਰੁਕੇ। ਤੀਜੇ ਦਿਨ ਤਾਜ ਮਹਿਲ ਵੇਖਕੇ ਰਾਤ ਗਵਾਲੀਅਰ ਪਹੁੰਚੇ। ਨਾਗਪੁਰ ਤੇ ਨਾਂਦੇੜ ਰਸਤੇ ਕਈ ਸ਼ਹਿਰ ਤੇ ਖਾਸ ਥਾਵਾਂ ਘੁੰਮਦੇ ਘੁੰਮਾਂਉਦੇ ਗੋਆ ਪਹੁੰਚੇ। ਫਿਲਮੀ ਚਕਾਚੌਂਦ ਵਾਲਾ ਮੁੰਬਈ ਸ਼ਹਿਰ ਸਾਡੇ ਵਾਪਸੀ ਰੂਟ ਤੇ ਸੀ। ਗੋਆ ‘ਚ ਅਸੀਂ ਨੋਟ ਕੀਤਾ ਕਿ ਸੁਣਨ ਤੇ ਵੇਖਣ ਵਿਚ ਬੜਾ ਫਰਕ ਹੁੰਦਾ। ਸਮੁੰਦਰੀ ਤੱਟ ਦੇ ਨਜਾਰਿਆਂ ਦਾ ਅਨੰਦ ਪੜੇ ਸਫਰਨਾਮਿਆਂ ਤੋਂ ਜਿਆਦਾ ਮਾਣਿਆਂ। ਉਥੇ ਸਾਨੂੰ ਇੰਜ ਦਾ ਅਸਭਿਅਕ ਕੁਝ ਨਾ ਲਗਾ, ਜਿੰਵੇ ਪ੍ਰਚਾਰ ਕੀਤਾ ਜਾਂਦਾ। ਹਾਂ, ਹੋ ਸਕਦਾ,ਆਪਣੀ ਸੋਚ ਨਾਲ ਜੋੜਕੇ ਵੇਖਦਿਆਂ ਹਰੇਕ ਨੂੰ ਵੱਖਰਾ ਲਗਦਾ ਹੋਵੇ। ਤੀਜੇ ਦਿਨ ਉਥੋਂ ਵਾਪਸੀ ਸੀ।ਦੋ ਦਿਨਾਂ ‘ਚ ਮੁੰਬਈ ਦੀ ਖੂਬਸੂਰਤੀ ਅਤੇ ਸਿਸਟਮ ਬਦਇੰਤਜਾਮੀ ਵੇਖੀ ਗਈ। ਉਥੋਂ ਦੀਆਂ ਚੰਗੀਆਂ ਤੇ ਮਾੜੀਆਂ ਯਾਦਾਂ ਝੋਲੀ ਪਾ ਅਸੀਂ ਘਰ ਦੀ ਦੂਰੀ ਘਟਾਉਣ ਲਗ ਪਏ। ਮੁੰਬਈ ਤੋਂ ਚਲਣ ਵੇਲੇ ਨਕਸ਼ਾ ਵੇਖਦਿਆਂ ਗੁਜਰਾਤ ਬਾਰਡਰ ਦਾ ਚੇਤਾ ਆਉਂਦੇ ਈ ਮੇਰੇ ਜਿਹਨ ਵਿਚ ਮੰਗੇ ਦੀ ਸ਼ਕਲ ਉੱਭਰ ਆਈ। ਲਗਾ ਜਿੰਵੇ ਉਹ ਸਾਹਮਣੇ ਆਣ ਖੜੋ ਗਿਆ ਹੋਏ। ਮਾਸੀ ਤੋਂ ਉਸਦੇ ਬਾਰੇ ਸੁਣੀਆਂ ਗਲਾਂ ਕਾਰਣ ਮੇਰੇ ਮਨ ‘ਚ ਉਸਨੂੰ ਮਿਲਣ ਦੀ ਉਤਸੁਕਤਾ ਸੀ। ਉਹ ਗਲ ਦੋਸਤਾਂ ਨਾਲ ਸਾਂਝੀ ਕੀਤੀ। ਸਾਰਿਆਂ ਨੇ ਉਸ ਬਾਰੇ ਖੁੱਲਕੇ ਦਸਣ ਲਈ ਕਿਹਾ। ਸਾਡੀ ਗੱਡੀ ਦਾ ਡਰਾਈਵਰ ਟਾਇਰ ਚੈਕ ਕਰਾਉਣ ਗਿਆ ਸੀ। ਇਸ ਕਰਕੇ ਗਲ ਕਰਨ ਦਾ ਖੁੱਲਾ ਟਾਈਮ ਸੀ। ਮੈਂ 30 ਸਾਲ ਪਿੱਛਿਓਂ ਗਲ ਤੋਰੀ।‘ਇਹ ਮੰਗਾ ਮੇਰੀ ਮਾਸੀ ਦੇ ਜੇਠ ਦਾ ਮੁੰਡਾ ਹੈ। ਨਿੱਕੇ ਹੁੰਦਿਆਂ ਇਹ ਆਪਣੇ ਚਾਚੇ ਦੇ ਮੁੰਡੇ ਨਾਲ ਸਾਡੇ ਕੋਲ ਆ ਜਾਂਦਾ ਤੇ ਕਈ ਦਿਨ ਵਾਪਸ ਮੁੜਨ ਦਾ ਨਾਂ ਨਹੀਂ ਸੀ ਲੈਂਦਾ। ਮੇਰਾ ਹਾਣੀ ਅਤੇ ਹਾਈ ਸਕੂਲ ਵਿਚ ਜਮਾਤੀ ਵੀ ਸੀ। ਇਸੇ ਕਰਕੇ ਇਸਦਾ ਮੇਰੇ ਨਾਲ ਮੋਹ ਜਿਹਾ ਹੋ ਗਿਆ। ਅਸੀਂ ਪੱਕੇ ਆੜੀ ਬਣ ਗਏ। ਪੜਨ ਵਿਚ ਇਹ ਬਿਲਕੁਲ ਰੁਚੀ ਨਈ ਸੀ ਲੈਂਦਾ। ਸਰੀਰੋਂ ਤਕੜਾ ਸੀ। ਪੰਗੇ ਲੈਣੇ ਤੇ ਕੁੱਟਣਾ ਇਸਦਾ ਸ਼ੌਕ ਸੀ। ਇਸਤੋਂ ਦੁੱਖੀ ਜਮਾਤੀਆਂ ਨੇ ਇਸਦਾ ਨਾਂਅ ਮੋਟੀ ਮੱਤ ਪਾ ਦਿਤਾ। ਉਂਜ ਇਸਦੇ ਪਿਓ ਦਾ ਇਲਾਕੇ ਵਿਚ ਰੋਅਬ ਦਾਬ ਚਲਦਾ ਸੀ। ਉਹ ਮਾਸਟਰਾਂ ਦਾ ਤਰਲਾ ਮਾਰਕੇ ਇਸਨੂੰ ਪਾਸ ਕਰਾ ਲੈਂਦਾ। ਦਸਵੀਂ ਦੇ ਬੋਰਡ ਪੇਪਰ ਕਿਸੇ ਹੋਰ ਸਕੂਲ ਵਿਚ ਸੀ। ਉਥੇ ਦਾ ਸੈਂਟਰ ਸੁਪਰਡੈਂਟ ਢਾਡਾ ਜਿਹਾ ਤੇ ਮੈਂ ਨਾ ਮਾਨੂੰ ਵਾਲਾ ਲਗ ਗਿਆ। ਮੰਗੇ ਸਮੇਤ ਸਾਰੇ ਨਕਲਚੀ ਫੇਲ ਹੋ ਗਏ। ਇਹ ਤਾਂ ਪਹਿਲਾਂ ਈ ਪੜਨ ਦਾ ਖਹਿੜਾ ਛਡਣਾ ਚਾਹੁੰਦਾ ਸੀ। ਨਾ ਇਸਨੇ ਫਿਰ ਦਾਖਲੇ ਬਾਰੇ ਕਿਹਾ ਤੇ ਨਾਂ ਇਸਦੇ ਬਾਪੂ ਨੇ ਜੋਰ ਦਿਤਾ। ਦੋ ਕੁ ਮਹੀਨੇ ਬਾਦ ਬਾਪੂ ਨਾਲ ਖੇਤ ਜਾਣ ਤੋਂ ਜਵਾਬ ਦੇਣ ਲਗ ਪਿਆ। ਬਾਪੂ ਗਲੀਂ ਬਾਤੀਂ ਤਾਂ ਬਥੇਰੀ ਬੇਇਜਤੀ ਕਰਦਾ, ਪਰ ਹੱਥ ਚੁੱਕਣ ਤੋਂ ਸਿਆਣਪ ਕਰ ਜਾਂਦਾ। ਸੋਚਦਾ ਹੋਊ, ਮੂਰਖ ਨੇ ਅਗੋਂ ਹੱਥ ਚੁੱਕ ਲਿਆ ਤਾਂ ਪਿੰਡ ਵਿਚ ਕੀ ਮੂੰਹ ਵਿਖਾਂਊਂ ?ਸਾਲ ਡੇਢ ਸਾਲ ਲੰਘਿਆ ਹੋਊ, ਮੰਗਾ ਬਿਨਾਂ ਦਸੇ ਘਰੋਂ ਭੱਜ ਗਿਆ। ਸਾਲ ਕੁ ਤਾਂ ਪਤਾ ਨਾ ਲਗਾ ਕਿੱਥੇ ਹੈ। ਬਾਦ ਵਿਚ ਇਸਦੀ ਚਿੱਠੀ ਆਉਣ ਲਗ ਪਈ। ਪਰ ਇਹ ਆਪਣਾ ਅਤਾ-ਪਤਾ ਨਾ ਲਿਖਦਾ। ਇਸਦੇ ਮਾਪੇ ਹਰ ਚਿੱਠੀ ਦੀਆਂ ਉਤੇ ਲੱਗੀਆਂ ਡਾਕਖਾਨੇ ਵਾਲੀਆਂ ਮੋਹਰਾਂ ਪੜ੍ਹ ਕੇ ਥਾਂ-ਟਿਕਾਣੇ ਦਾ ਪਤਾ ਲਾਉਣ ਦਾ ਯਤਨ ਕਰਦੇ, ਪਰ ਉਹਨਾਂ ਚੋਂ ਕਈ ਫਿੱਕੀਆਂ ਹੋਣ ਕਰਕੇ ਪੜੀਆਂ ਨਾ ਜਾਂਦੀਆਂ। ਕੋਈ ਪੜ੍ਹੀ ਜਾਂਦੀ ਤਾਂ ਕਦੇ ਕੋਈ ਮਹਾਂਰਾਸ਼ਟਰ ਅਤੇ ਕਦੇ ਗੁਜਰਾਤ ਦੇ ਸ਼ਹਿਰਾਂ ਦੀ ਹੁੰਦੀ। ਇੰਜ 8-10 ਸਾਲ ਲੰਘ ਗਏ। ਭਿਣਕ ਪੈਣ ਲਗ ਪਈ ਕਿ ਉਹ ਦੋਹਾਂ ਸਟੇਟਾਂ ਦੇ ਆਰ-ਪਾਰ ਕਿਸੇ ਪਿੰਡ ਵਿਚ ਹੈ। ਪਹਿਲਾਂ ਇਹ ਗਲ ਨਿਕਲੀ ਕਿ ਉਹ ਕਿਸੇ ਬਾਬੇ ਦੇ ਡੇਰੇ ਰਹਿੰਦਾ। ਫਿਰ ਇਸਦਾ ਬਾਪੂ ਕਹਿਣ ਲਗ ਪਿਆ ਕਿ ਉਹ ਛੋਟਾ ਬਾਬਾ ਬਣ ਗਿਆ। ਕੁਝ ਸਾਲ ਹੋਰ ਲੰਘੇ ਤਾਂ ਪਤਾ ਲਗਾ ਕਿ ਉਹ ਤਾਂ ਆਪਣਾ ਡੇਰਾ ਬਣਾਈ ਬੈਠਾ।ਮੇਰੀ ਗਲ ਸੁਣਕੇ ਸਾਰੇ ਦੋਸਤਾਂ ਦੇ ਮਨਾਂ ‘ਚ ਮੰਗੇ ਨੂੰ ਮਿਲਣ ਦੀ ਦਿਲਚਸਪੀ ਜਾਗ ਪਈ। ਉਸ ਦਿਨ ਮੰਗੇ ਦੇ ਡੇਰੇ ਰਾਤ ਰੁਕਣ ਦੇ ਪ੍ਰੋਗਰਾਮ ਉਤੇ ਮੋਹਰ ਲਗ ਗਈ। ਤਦ ਤਕ ਗੱਡੀ ਵਾਲਾ ਆ ਗਿਆ। ਅਸੀਂ ਇਕ-ਸਾਰਤਾ ਵਾਲੇ ਵਿਹਾਰ ਦਾ ਪਾਠ ਪੜਕੇ ਚਲੇ ਸੀ। ਉਸੇ ਤਹਿਤ ਹਰ ਰੋਜ ਨਵਾਂ ਸੀਟ ਪਲੈਨ ਹੁੰਦਾ। ਹਰ ਸੀਟ ਤੇ ਰੋਜ ਨਵਾਂ ਯਾਤਰੀ ਬੈਠਦਾ। ਕਿਸੇ ਨੂੰ ਚੰਗੀ ਮਾੜੀ ਸੀਟ ਬਾਰੇ ਸ਼ਿਕਾਇਤ ਨਾ ਹੋਵੇ, ਇਹ ਸੋਚਕੇ ਅਸੀਂ ਸੀਟ ਪਲੈਨ ਉਲੀਕਿਆ ਸੀ। ਉਸ ਦਿਨ ਮੇਰੀ ਵਾਰੀ ਮੂਹਰਲੀ ਸੀਟ ਉਤੇ ਸੀ। ਮੂਹਰੇ ਬੈਠਣ ਦਾ ਨਜਾਰਾ ਵੱਖਰਾ ਈ ਹੁੰਦਾ। ਗੱਡੀ ਚਲ ਪਈ ਤਾਂ ਸਾਰਿਆਂ ਤੋਂ ਹਾਂ ਕਰਵਾਕੇ ਮੈਂ ਮੰਗੇ ਨਾਲ ਸੰਪਰਕ ਲਈ ਮਾਸੀ ਦੇ ਮੁੰਡੇ ਨੂੰ ਫੋਨ ਲਾਇਆ। ਉਸ ਕੋਲ ਨੰਬਰ ਹੈ ਨਈ ਸੀ। ਉਹ ਚਲਦਾ ਫੋਨ ਲੈਕੇ ਆਪਣੇ ਤਾਏ ਦੇ ਘਰ ਪਹੁੰਚ ਗਿਆ। ਦੋਹਾਂ ਦੇ ਘਰ ਨਾਲ ਨਾਲ ਈ ਨੇ। ਉਸਨੇ ਮੇਰੇ ਬਾਰੇ ਦਸਕੇ ਚਲਦਾ ਫੋਨ ਮੰਗੇ ਦੇ ਨਿੱਕੇ ਭਰਾ ਦੇ ਕੰਨ ਨੂੰ ਲਾ ਦਿਤਾ। ਉਸਨੇ ਹਾਲ ਚਾਲ ਪੁੱਛਕੇ ਮੈਨੂੰ ਨੰਬਰ ਦੇਦਿਆਂ ਤਕੀਦ ਕੀਤੀ ਕਿ ਇਹ ਨੰਬਰ ਕਿਸੇ ਨੂੰ ਨਹੀਂ ਦਸਣਾ, ਚਾਹੇ ਕਿੰਨਾ ਖਾਸ ਹੋਵੇ। ਭੋਲੇ ਦੀ ਅਗਲੀ ਗਲ ਸੁਣਕੇ ਮੇਰੀਆਂ ਅੱਖਾਂ ਅੱਡੀਆਂ ਗਈਆਂ। ਕਹਿੰਦਾ“ਵੀਰ, ਉਥੇ ਉਸਦਾ ਨਾਂਅ ਸੰਤ ਸ਼ਾਮ ਮੁਰਾਰੀ ਹੈ। ਐਵੇਂ ਤੁਸੀਂ ਮੰਗਲ ਸਿੰਘ ਜਾਂ ਮੰਗਾ ਨਾ ਪੁੱਛਦੇ ਫਿਰਿਓ ? ਵੀਰ, ਉਂਜ ਉਹ ਤੁਹਾਨੂੰ ਯਾਦ ਬਹੁਤ ਕਰਦਾ ਹੁੰਦਾ।“ਭੋਲੇ ਨੇ ਇਹ ਦਸਕੇ ਮੇਰੇ ਮਨ ‘ਚ ਉਭਰਿਆ ਉਹ ਸਵਾਲ ਹੱਲ ਕਰ ਦਿਤਾ ਕਿ ਮੰਗਾ ਪਛਾਣੇਗਾ ਵੀ ਕਿ ਨਹੀਂ। ਪਹਿਲਾਂ ਸੋਚ ਰਿਹਾ ਸੀ, ਕਿਤੇ ਮਿਲਣ ਤੋਂ ਨਾਂਹ ਕਰਕੇ ਦੋਸਤਾਂ ਵਿਚ ਮੈਨੂੰ ਸ਼ਰਮਸਾਰ ਨਾ ਕਰ ਦੇਵੇ। ਉਸਦੇ ਯਾਦ ਕਰਨ ਵਾਲੀ ਗਲ ਨੇ ਮੇਰੀ ਖੁਸ਼ੀ ਦੇ ਨਾਲ ਹੈਰਾਨੀ ਵੀ ਵਧਾਈ। ਮੈਂ ਬੰਦ ਹੋਏ ਫੋਨ ਨੂੰ ਕੰਨ ਤੋਂ ਹਟਾਉਣਾ ਭੁੱਲ ਗਿਆ। ਬੁੱਲ ਸੀਤੇ ਗਏ। ਦੋਸਤਾਂ ਨੂੰ ਲਗਾ, “ਮੈਨੂੰ ਅਗੋਂ ਨਾਂਹ ਹੋ ਗਈ ਐ?” ਪਰ “ਤੁਹਾਨੂੰ ਯਾਦ ਬਹੁਤ ਕਰਦਾ ਹੁੰਦਾ,” ਵਾਲੀ ਗਲ ਮੇਰੇ ਕੰਨਾਂ ਚ ਠੱਕ ਠੱਕ ਕਰੀ ਜਾਵੇ।ਡੇਢ ਕੁ ਘੰਟੇ ਬਾਦ ਬਹੁਤ ਲੰਮੇ ਪੁੱਲ ਤੋਂ ਪਹਿਲਾਂ ਦਿਲਕੱਸ਼ ਥਾਂ ਉਤੇ ਦੋਸਤਾਂ ਗੱਡੀ ਰੁਕਵਾਈ। ਤਿੰਨ ਪਾਸਿਆਂ ਤੋਂ ਪਾਣੀ ਵਿਚ ਘਿਰਿਆ ਟਾਪੂ ਨੁਮਾਂ ਪਿਕਨਿਕ ਸਥਾਨ। ਫੁੱਲਾਂ ਦੀ ਖੁਸ਼ਬੋਅ ਨਾਲ ਮਹਿਕਦਾ ਤੇ ਫੁਹਾਰਿਆਂ ਨਾਲ ਟਹਿਕਦਾ ਪਾਰਕ ਸੈਲਾਨੀਆਂ ਨਾਲ ਭਰਿਆ ਪਿਆ ਸੀ। ਉਤਰਨ ਤੋਂ ਪਹਿਲਾਂ ਮੈਂ ਮੰਗੇ ਦੇ ਡੇਰੇ ਵਾਲੀ ਸਾਰੀ ਗਲ ਸਮਝਾਕੇ ਕੁਝ ਗਲਤ ਨਾ ਹੋਣ ਦਾ ਵਾਅਦਾ ਸਾਰਿਆਂ ਤੋਂ ਲੈ ਲਿਆ। ਉਸ ਗਲ ਨੇ ਨਿਰਾਸ਼ਾਂ ਦੀ ਥਾਂ ਦੋਸਤਾਂ ਦਾ ਉਤਸ਼ਾਹ ਵਧਾ ਦਿਤਾ। ਸਾਰੇ ਇੰਜ ਮਹਿਸੂਸ ਕਰਨ ਲਗੇ ਜਿੰਵੇ ਕਿਸੇ ਹੋਰ ਦੁਨੀਆ ਵਿਚ ਜਾਣ ਦਾ ਵੀਜਾ ਲਗ ਰਿਹਾ ਹੋਏ। ਮੈਂ ਦਿਤਾ ਗਿਆ ਫੋਨ ਲਾਇਆ। ਉਸਦਾ ਗੜਵਈ ਯਨੀ ਪੀ ਏ ਬੋਲ ਰਿਹਾ ਸੀ। ਮੈਂ ਸੰਤ ਜੀ ਨਾਲ ਗਲ ਕਰਨ ਦੀ ਇੱਛਾ ਪ੍ਰਗਟਾਈ। ਉਸਦਾ ਸਵਾਲ ਸੀ “ਅਪੌਇੰਟਮੈਂਟ ਕਿਤਨੇ ਬਜੇ ਕੀ ਹੈ ?“ ਮੈਂ ਬਹਾਨਾ ਲਾਇਆ ਕਿ ਐਮਰਜੈਂਸੀ ਹੈ। ਸਵਾਲ ਸੀ “ਕਿਆ ਸੰਤ ਜੀ ਆਪਕੋ ਜਾਨਤੇ ਹੈਂ?“ ਮੇਰੇ ਹਾਂ, ਕਹਿਣ ਨਾਲ ਈ ਗਲ ਅਗੇ ਤੁਰਨੀ ਸੀ। ਉਸਨੇ ਵੇਟ ਕਰਨ ਲਈ ਕਿਹਾ। ਪੰਜ ਮਿੰਟ ਬਾਦ ਉਸੇ ਨੰਬਰ ਤੋਂ ਕਾਲ ਆਈ। “ਹਾਂ ਬਈ ਪਿੰਦੀ ਕਿੰਵੇਂ ਐਂ ?” ਬਚਪਨ ਵਾਲਾ ਨਾਂਅ ਕੰਨੀ ਪੈਂਦਿਆਂ ਈ ਮੇਰੇ ਲੂੰ ਕੰਡੇ ਖੜੇ ਹੋਗੇ। ਕਹਿੰਦਾ “ਕੈਸਾ ਲਗਾ ਪਿੰਦੀ ?” ਉਸਦੀ ਦੂਜੀ ਟਕੋਰ ਪਹਿਲੀ ਤੋਂ ਕੁਝ ਘੱਟ ਚੁੱਭੀ। ਮੇਰਾ ਸੰਘ ਸੁੱਕ ਗਿਆ। ਅਵਾਜ ਈ ਨਾ ਨਿਕਲੇ। ਮੇਰਾ ਦਿਮਾਗ ਤਾਂ ਵੱਡੀ ਸਾਰੀ ਸਰਕਾਰੀ ਕੁਰਸੀ ਵਾਲੇ ਸਰਦਾਰ ਪਰਮਿੰਦਰ ਸਿੰਘ ਮਾਹਲ ਅਤੇ ਪਿੰਦੀ ਵਿਚਲੇ ਫਰਕ ਨੇ ਮੇਰਾ ਸਿਰ ਚਕਰਾਉਣ ਲਾਤਾ। ਮੰਗੇ ਨੇ ਸਾਡਾ ਗੱਡੀ ਨੰਬਰ, ਕਿੰਨੇ ਜਣੇ, ਕਿੰਨੇ ਦਿਨ ਰਹਿਣਾ, ਹੁਣ ਕਿਥੇ ਹੋ ਆਦਿ ਪੁੱਛਦਿਆਂ ਮੋਹ ਦੁਬਾਰਾ ਮੋਹ ਜਿਤਾ ਦਿਤਾ। ਪਰ ਨਾਲ ਈ ਉਸਨੇ ਸ਼ਰਤ ਲਾ ਦਿਤੀ ਕਿ ਡੇਰੇ ਆਕੇ ਕਿਸੇ ਨੂੰ ਆਪਣੀ ਪਹਿਚਾਣ ਨਹੀਂ ਦਸਣੀ। ਮੈਂ ਸਮਝ ਗਿਆ ਕਿ ਮੰਗੇ ਦੇ ਭਰਾ ਨੇ ਮੈਨੂੰ ਫੋਨ ਦੇਣ ਤੋਂ ਬਾਦ ਉਸਨੂੰ ਸਾਡੇ ਬਾਰੇ ਦਸ ਦਿਤਾ ਹੋਊ।ਪਾਰਕ ਟਹਿਲਦੇ ਟਹਿਲਦੇ ਅਸੀਂ ਗੱਦੀਆਂ ਵਾਲੇ ਬੈਂਚਾਂ ਤੇ ਜਾ ਬੈਠੇ। ਮੰਗੇ ਨਾਲ ਹੋਈ ਮੇਰੀ ਗਲ ਸੁਣਨ ਲਈ ਸਾਰੇ ਉਤਸੁਕ ਸਨ। ਮੈਂ ਉਹ ਪਹਿਚਾਣ ਵਾਲੀ ਸ਼ਰਤ ਦਸ ਦਿਤੀ। ਇਹ ਵੀ ਕਿਹਾ ਕਿ ਉਥੋਂ ਦੀ ਹਰ ਗਲ ਜਾਂ ਤਾਂ ਉਥੇ ਛੱਡ ਕੇ ਜਾਣੀ ਪਊ ਜਾਂ ਫਿਰ ਆਪਣੀਆਂ ਯਾਦਾਂ ਵਿਚ ਸਮਾ ਕੇ ਜੀਭ ਤੇ ਆਉਣ ਤੋਂ ਰੋਕਣੀ ਪਊ। ਸਾਰਿਆਂ ਜਿੰਮੇਵਾਰੀ ਵਾਲੀ ਹਾਮੀ ਭਰ ਦਿਤੀ। ਪਾਰਕ ਚੋਂ ਜੋ ਵੀ ਕੈਮਰਿਆਂ ‘ਚ ਕੈਦ ਕਰ ਸਕਦੇ ਸੀ, ਕਰਕੇ ਅਸੀਂ ਗੱਡੀ ‘ਚ ਜਾ ਬੈਠੇ। ਟਿਕਾਣਾ ਤੇ ਰਸਤਾ ਮੰਗੇ ਨੇ ਸਮਝਾ ਦਿਤਾ ਸੀ। ਚਾਰ ਘੰਟੇ ਦੇ ਸਫਰ ਬਾਦ “ਮੁਕਤੀ ਦੁਆਰ” ਦੇ ਦਿਸ਼ਾ ਸੰਕੇਤਕ ਬੋਰਡ ਦਿਸਣ ਲਗ ਪਏ। ਪੱਕੀ ਸੜਕ ਦੀ ਚੌੜਾਈ, ਸਫਾਈ ਅਤੇ ਗਿਰਦ ਵਾਲੇ ਰੁੱਖਾਂ ਤੋਂ ਸਾਨੂੰ ਡੇਰੇ ਦੀ ਤਾਕਤ ਦੀ ਸਮਝ ਆਉਣ ਲਗ ਪਈ। ਤਿੰਨ ਕੁ ਵਜੇ ਸਾਡੀ ਗੱਡੀ ਨਰਮਦਾ ‘ਚ ਜਾਕੇ ਮਿਲਦੀ ਸੇਮ ਨਾਲੇ ਵਰਗੀ ਤੇ ਸਾਰਾ ਸਾਲ ਵਗਦੀ ਨਦੀ ਦੇ ਕੰਢੇ, ਹਰੇ ਹਰੇ ਰੁੱਖਾਂ ਵਿਚ ਘਿਰੇ ਤੇ ਸੈਂਕੜੇ ਏਕੜਾਂ ਵਿਚ ਫੈਲੇ ਡੇਰੇ ਦੇ ਗੇਟ ਮੂਹਰੇ ਜਾਕੇ ਰੁਕੀ। ਉਥੋਂ ਆਗਿਆ ਪੱਤਰ ਲੈਕੇ ਅਗੇ ਜਾਣ ਬਾਰੇ ਵੱਡੇ ਵੱਡੇ ਬੋਰਡ 4-5 ਭਾਸ਼ਾਵਾਂ ਵਿਚ ਲਿਖੇ ਹੋਏ ਸੀ।ਮੂਹਰਲੀ ਸੀਟ ਤੇ ਬੈਠਾ ਹੋਣ ਕਰਕੇ ਮੇਰਾ ਈ ਬਾਹਰ ਜਾਣਾ ਬਣਦਾ ਸੀ। ਅਜੇ ਬਾਰੀ ਖੋਲੀ ਈ ਸੀ ਕਿ ਹਲਕੇ ਹਰੇ ਰੰਗੀ ਵਰਦੀ ‘ਚ ਸੱਜੇ ਵਿਅਕਤੀ ਨੇ ਸਲੂਟ ਮਾਰਿਆ ਤੇ ਕੋਡ ਪੁੱਛਿਆ। ਉਹੀ ਕੋਡ ਜੋ ਮੰਗੇ ਨੇ ਫੋਨ ਉਤੇ ਮੈਨੂੰ ਦਸਿਆ ਸੀ। ਵਰਦੀਧਾਰੀ ਇਸ਼ਾਰਾ ਕਰਕੇ ਗੇਟ ਖੁਲਵਾਇਆ ਤੇ ਆਪਣਾ ਬੈਟਰੀ ਵਾਲਾ ਸਕੂਟਰ ਸਾਡੇ ਮੂਹਰੇ ਲਾਕੇ ਪਿੱਛੇ ਆਉਣ ਲਈ ਕਿਹਾ। ਥੋੜਾ ਅਗੇ ਜਾਕੇ ਸਾਨੂੰ ਇਮਾਰਤਾਂ ਦਿਸਣ ਲਗ ਪਈਆਂ। ਨਦੀ ਦੇ ਦੋਹੀਂ ਪਾਸੀਂ ਲੰਮੇ ਚੌੜੇ ਰਕਬੇ ਵਿਚ ਵਸਿਆ ਪਿੰਡ। ਚੁਫੇਰੇ ਪੱਕੀਆਂ ਸੜਕਾਂ, ਬਾਗ ਬਗੀਚੇ ਤੇ ਝੀਲਾਂ। ਮੇਰੇ ਯਾਰਾਂ ਨੇ ਮਹਿਸੂਸ ਕੀਤਾ ਜਿੰਵੇ ਇਕ ਹੋਰ ਟੂਰ ਬਣ ਗਿਆ ਹੋਵੇ। ਐਸਕੌਰਟ ਕਰਨ ਵਾਲੇ ਨੇ ਗੱਡੀ ਪਾਰਕਿੰਗ ‘ਚ ਲਵਾ ਦਿਤੀ। ਉਥੋਂ ਸਾਨੂੰ ਬੈਟਰੀ ਕਾਰਾਂ ਵਿਚ ਬਹਾਕੇ 100 ਮੀਟਰ ਦੂਰੀ ਤੇ ਪੰਜ ਤਾਰਾ ਹੋਟਲ ਵਰਗੀ ਇਮਾਰਤ ਮੂਹਰੇ ਉਤਾਰਿਆ। ਇਮਾਰਤ ਉਤੇ ਅਤਿਥੀ ਗ੍ਰਹਿ ਯਨੀ ਗੈਸਟ ਹਾਊਸ ਦਾ ਬੋਰਡ ਸੀ। ਅੰਦਰ ਸ਼ਹਾਨਾ ਖਾਣ ਪੀਣ ਦੇ ਪ੍ਰਬੰਧ ਸਨ। ਥੋੜੀ ਦੇਰ ਬਾਦ ਇਕੱਲੇ ਇਕੱਲੇ ਨੂੰ ਕਮਰੇ ਦਿਤੇ ਗਏ। ਗੱਡੀ ਚੋਂ ਸਾਡਾ ਸਮਾਨ ਲਿਆ ਕੇ ਸਪੁੱਰਦ ਕਰ ਦਿਤਾ। ਆਪਸ ਵਿਚ ਆਹਮੋ ਸਾਹਮਣੇ ਵਾਂਗ ਗਲਾਂ ਕਰਨ ਲਈ ਟੀਵੀ/ ਵੀਡੀਓ ਕੋਡ ਦੇ ਦਿਤੇ। ਗਲਬਾਤ ਦੌਰਾਨ ਸਾਨੂੰ ਪਤਾ ਲਗਾ ਕਿ ਗੈਸਟ ਹਾਊਸ ਕਦੇ ਕਦਾਈਂ ਖਾਸ ਪ੍ਰਾਹੁਣਿਆਂ ਲਈ ਹੀ ਖੁਲਦਾ ਸੀ। ਇਹ ਸੁਣਕੇ ਸਾਨੂੰ ਆਪਣੇ ਸਵਾਗਤ ਉਤੇ ਮਾਣ ਮਹਿਸੂਸ ਹੋਇਆ।ਘੰਟੇ ਕੁ ਬਾਦ ਸਾਨੂੰ ਪ੍ਰਵਚਨ ਸੁਣਨ ਲਈ ਜਾਣ ਬਾਰੇ ਪੁੱਛਿਆ ਗਿਆ। ਅਸੀਂ ਤਾਂ ਪਹਿਲਾਂ ਈ ਬਾਹਰ ਘੁੰਮਣ ਲਈ ਕਾਹਲੇ ਸੀ। 10 ਮਿੰਟਾਂ ਚ ਤਿਆਰ ਹੋਕੇ ਨਿਕਲ ਗਏ। ਵੱਡੇ ਸਾਰੇ ਹਾਲ ਦੇ ਐਂਟਰੀ ਗੇਟ ਤੇ ਲੋਕ ਚੜਾਵਾ ਰਸੀਦਾਂ ਕਟਵਾ ਰਹੇ ਸੀ। ਪਰ ਮੂਹਰੇ ਚਲਦੇ ਸੇਵਾਦਾਰ ਨੇ ਸਾਨੂੰ ਤੁਰੇ ਆਉਣ ਦਾ ਇਸ਼ਾਰਾ ਕੀਤਾ। ਵੱਡੀ ਸਾਰੀ ਫੁੱਲਾਂ ਲੱਦੀ ਸਟੇਜ ਉਤੇ ਮਾਈਕ ਮੂਹਰੇ ਬੈਠੇ ਸੰਤ ਜੀ ਪ੍ਰਵਚਨ ਕਰ ਰਹੇ ਸੀ। ਸਾਡੇ ਲਈ ਮੂਹਰਲੀ ਕਤਾਰ ਚ ਗੱਦੇਦਾਰ ਮਖਮਲੀ ਕੁਰਸੀਆਂ ਲਗੀਆਂ ਸੀ। ਅਸੀਂ ਨੋਟ ਕੀਤਾ, ਸੰਗਤ ਚੋਂ ਕੁਝ ਦਾ ਧਿਆਨ ਸਾਡੇ ਵਲ ਹੋਇਆ। ਪੰਜ ਦਸਤਾਰਧਾਰੀ ਵੇਖਕੇ ਹੈਰਾਨੀ ਹੋਈ ਹੋ ਸਕਦੀ ਹੈ। ਸੰਤ ਜੀ ਦੇ ਪ੍ਰਵਚਨ ਚਲਦੇ ਰਹੇ। ਸ਼ਰਧਾਲੂਆਂ ਨੂੰ ਰੱਬ ਤੋਂ ਡਰਕੇ ਰਹਿਣ ਤੇ ਨੇਕ ਕਮਾਈ ਦੀਆਂ ਮਿਸਾਲਾਂ ਦਿਤੀਆਂ ਜਾ ਰਹੀਆਂ ਸੀ। ਬੁਰੇ ਕੰਮਾਂ ਤੋਂ ਦੂਰੀ ਬਣਾਉਣ ਨੂੰ ਸੁੱਖਾਂ ਤੇ ਖੁਸ਼ੀਆਂ ਦਾ ਭੇਦ ਕਿਹਾ ਜਾ ਰਿਹਾ ਸੀ। ਸੰਤਾਂ ਨੂੰ ਰੱਬ ਦੇ ਦੂਤ ਹੋਣ ਦੀਆਂ ਉਦਾਹਰਣਾ ਦਿਤੀਆਂ ਗਈਆਂ। ਨਾਲੋ ਨਾਲ ਮੇਰੇ ਮਨ ਵਿਚ ਸਵਾਲ ਪੈਦਾ ਹੋਈ ਜਾਣ। ਮੰਗੇ ਵਿਚ ਐਨਾ ਬਦਲਾਅ ਕਿੰਵੇ ਆ ਗਿਆ। ਹੈਰਾਨੀ ਵਧੀ ਜਾਵੇ। ਡੇਢ ਕੁ ਘੰਟੇ ਬਾਦ ਸਮਾਪਤੀ ਹੋਈ। ਸ਼ਾਮ ਹੋਣ ਲਗੀ ਸੀ। ਸਾਨੂੰ ਕੰਪਲੈਕਸ ਯਨੀ ਡੇਰੇ ਦੀ ਥੋੜੀ ਪੈਦਲ ਸੈਰ ਕਰਾਈ ਗਈ। ਕਿਥੇ ਕੀ ਹੈ, ਕਿਥੇ ਕੌਣ ਰਹਿੰਦਾ, ਦਸਿਆ ਗਿਆ। ਕਰੀਬ ਤਿੰਨ ਸੌ ਪਰਵਾਰਾਂ ਦੀ ਰਿਹਾਇਸ਼ ਸੀ। ਸਾਰੇ ਸੇਵਾਦਾਰ ਬਣਕੇ ਬਿਨ ਤਨਖਾਹ ਫਰਜ਼ ਨਿਭਾ ਰਹੇ ਸਨ। ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਤੇ ਸੰਭਾਲ ਦੀ ਜਿੰਮੇਵਾਰੀ ਡੇਰਾ ਪ੍ਰਬੰਧਕਾਂ ਕੋਲ ਸੀ।ਵਾਪਸ ਗੈਸਟ ਹਾਊਸ ਪਹੁੰਚੇ ਤਾਂ ਸ਼ਾਮ ਦਾ ਹਨੇਰਾ ਗਾੜ੍ਹਾ ਹੋ ਰਿਹਾ ਸੀ। ਸਾਨੂੰ ਦਸਿਆ ਗਿਆ ਕਿ ਪ੍ਰਾਹੁਣਿਆਂ ਦਾ ਥਕੇਵਾਂ ਲਾਹੁਣ ਲਈ ਮਸਾਜ਼ ਦਾ ਪ੍ਰਬੰਧ ਉਨ੍ਹਾਂ ਦੇ ਕਮਰਿਆਂ ਵਿਚ ਕੀਤਾ ਗਿਆ ਹੈ, ਜੋ ਠੀਕ 10 ਮਿੰਟ ਬਾਦ ਸ਼ੁਰੂ ਹੋਕੇ ਅੱਧੇ ਘੰਟੇ ਵਿਚ ਮੁੱਕੇਗਾ। ਮਸਾਜ਼ ਲਈ ਸੱਜੀਆਂ ਸੰਵਰੀਆਂ ਕੁੜੀਆਂ ਪਹੁੰਚ ਗਈਆਂ। ਆਂਢ ਗਵਾਂਢ ਵਾਲੇ ਸੰਪਰਕ ਬੰਦ ਹੋ ਗਏ। ਡੇਰੇ ਵਿਚ ਜੈਮਰ ਲਗਾ ਹੋਣ ਕਾਰਣ ਮੋਬਾਇਲ ਫੋਨ ਨਹੀਂ ਸੀ ਚਲਦੇ। ਮਸਾਜ ਤੋਂ ਬਾਦ ਸੰਪਰਕ ਚਾਲੂ ਹੋਇਆ ਤਾਂ ਸਾਨੂੰ ਇਕ ਦੂਜੇ ਨਾਲ ਅੱਖ ਰਲਾਉਣ ਤੇ ਗਲ ਕਰਨ ਤੋਂ ਝਕਣ ਲਗੇ। ਕੁਝ ਮਿੰਟਾਂ ਬਾਦ ਸਾਨੂੰ ਵੱਡੇ ਹਾਲ ਕਮਰੇ ‘ਚ ਸੱਦ ਲਿਆ। ਅੰਦਰ ਵੜਦੇ ਈ ਕਿਸੇ ਨੇ ਪਿਛੋਂ ਕੱਸਵੀਂ ਜੱਫੀ ਵਿਚ ਘੁੱਟ ਲਿਆ। ਬਾਹਵਾਂ ਚੋਂ ਛੁੱਟਕੇ ਵੇਖਿਆ, ਉਹੀ ਸੰਤ ਜੀ ਯਨੀ ਮੇਰੇ ਵਾਲਾ ਮੰਗਾ। ਪਰ ਚੋਲੇ ਵਿਚ ਨਹੀਂ, ਸਧਾਰਨ ਪਹਿਰਾਵੇ ਵਿਚ। ਮਹਿਫਲ ਸੱਜ ਗਈ। ਮੇਰੇ ਮਨ ਚੋਂ ਮੰਗੇ ਤੋਂ ਸੰਤ ਤਕ ਦੇ ਸਫਰ ਦਾ ਸਵਾਲ ਉਸਨੇ ਮੇਰੇ ਮੱਥੇ ਤੋਂ ਬੁੱਝ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਹੋਰ ਹੋਰ ਗਲਾਂ ਚਲਦੀਆਂ ਰਹੀਆਂ। ਮੈਂ ਸਾਰੇ ਦੋਸਤਾਂ ਦੀ ਪਹਿਚਾਣ ਦਸੀ। ਕੁਝ ਸਾਧਾਰਣ ਗਲਾਂ ਕਰਦਿਆਂ ਤੇ ਸਾਡੇ ਨਾਲ ਖਾਣਾ ਖਾਂਦੇ ਹੋਏ ਉਹ ਮੋਹ ਜਿਤਾਉਂਦਾ ਰਿਹਾ। ਅਗਲਾ ਸਾਰਾ ਦਿਨ ਉਥੇ ਰੁਕਣ ਅਤੇ ਮਹਿਫਲ ਸਜਾਉਣ ਦਾ ਇਸ਼ਾਰਾ ਦੇਕੇ ਸੰਤ ਜੀ ਚਲੇ ਗਏ। ਰਾਤ ਕਾਫੀ ਹੋ ਗਈ ਸੀ ਤੇ ਸਫਰ ਦੀ ਥਕਾਵਟ ਵੀ ਸੀ। ਅਸੀਂ ਆਪਣੇ ਬਿਸਤਰੇ ਮੱਲੇ ਤੇ ਪਤਾ ਈ ਨਾ ਲਗਾ ਕਦੋਂ ਨੀਂਦ ਦੀਆਂ ਬਾਹਵਾਂ ਵਿਚ ਕੱਸੇ ਗਏ।ਸਵੇਰੇ ਕੋਈ ਥੋੜਾ ਪਹਿਲਾਂ...
ਤੇ ਕੋਈ ਅਰਾਮ ਨਾਲ ਉੱਠਿਆ। ਸੇਵਾਦਾਰਾਂ ਨੂੰ ਬੰਦ ਕਮਰਿਆਂ ਚੋਂ ਈ ਸਾਡੀ ਹਿੱਲਜੁੱਲ ਦਾ ਪਤਾ ਲਗ ਜਾਂਦਾ ਸੀ। ਉਹ ਤਾਂ ਬਾਦ ‘ਚ ਪਤਾ ਲਗਾ ਕਿ ਕੈਮਰਿਆਂ ਰਾਹੀਂ ਵੇਖਦੇ ਸੀ। ਉਨ੍ਹਾਂ ਚਾਹ ਨਾਸ਼ਤੇ ਦਾ ਸੱਦਾ ਦਿਤਾ। ਅਸੀਂ ਪਰਦੇ ਹਟਾਕੇ ਬਾਹਰ ਵੇਖਿਆ। ਦੋ ਸੱਜੀਆਂ ਸੰਵਰੀਆਂ ਖੁੱਲੀਆਂ (ਬਿਨਾਂ ਛੱਤ) ਕਾਰਾਂ ਸਾਡੀ ਉਡੀਕ ਵਿਚ ਸਨ। ਸਾਨੂੰ ਦਸਿਆ ਗਿਆ ਕਿ ਸਾਰੇ ਕੰਪਲੈਕਸ ਦੀ ਗੇੜੀ ਅਤੇ ਨਦੀ ਦੇ ਪਾਣੀ ਵਾਲੇ ਝਰਨਿਆਂ ਦੇ ਨਜਾਰੇ ਵਿਖਾਏ ਜਾਣਗੇ। ਖਾਣ ਪੀਣ ਵਾਲੀਆਂ 20 ਕੁ ਵਸਤਾਂ ਨਾਸ਼ਤਾ ਮੇਜ ਤੇ ਸੱਜੀਆਂ ਸਨ। ਸਾਰਿਆਂ ਆਪਣੇ ਸਵਾਦ ਅਨੁਸਾਰ ਖਾ ਪੀ ਲਿਆ।ਥਾਂ ਥਾਂ ਲਗੇ ਚਿਤਾਵਨੀ ਬੋਰਡ ਪੜਕੇ ਅਸੀਂ ਆਪਣੇ ਕੈਮਰੇ ਤੇ ਫੋਨ ਸਮਾਨ ਵਿਚ ਸਾਂਭ ਦਿਤੇ ਸਨ। ਉਥੋਂ ਦੇ ਦ੍ਰਿਸ਼ ਤੇ ਗਲਾਂ ਦਿਮਾਗ ਵਿਚ ਸੰਭਾਲਕੇ ਹੀ ਬਾਹਰ ਜਾ ਸਕਦੀ ਹੈ। ਕਿਸੇ ਹਰਕਤ ਉਤੇ ਉਂਗਲੀ ਨਾਂ ਉੱਠਣ ਦੇਣ ਪ੍ਰਤੀ ਅਸੀਂ ਸਾਰੇ ਸੁਚੇਤ ਸਾਂ। ਉਂਜ ਵੀ, ਪਹਿਲੇ ਦਿਨ ਮੰਗੇ ਨਾਲ ਗਲ ਹੋਣ ਤੋਂ ਬਾਦ ਤੇ ਡੇਰੇ ਵਲ ਚਲਣ ਤੋਂ ਪਹਿਲਾਂ ਮੈਂ ਸਾਰਿਆਂ ਤੋਂ ਇਹ ਭਰੋਸਾ ਲੈ ਲਿਆ ਸੀ। ਕਾਰਾਂ ਦੇ ਡਰਾਇਵਰ ਸਾਨੂੰ ਘੁਮਾਂਉਂਦੇ ਹੋਏ ਨਾਲੋ ਨਾਲ ਹਰ ਰੁੱਖ, ਬੁੱਤ, ਸਿੱਲ ਤੇ ਜੜ੍ਹੀਆਂ ਬੂਟੀਆਂ ਵਾਲੇ ਖੇਤਾਂ ਦੀ ਪਹਿਚਾਣ ਤੇ ਮਹੱਤਤਾ ਦਸੀ ਜਾ ਰਹੇ ਸੀ। ਤਿੰਨ ਚਾਰ ਘੰਟੇ ਵਿਚ ਡੇਰੇ ਅਧੀਨ ਖੇਤਰ ਘੁੰਮਾ ਕੇ ਵਾਪਸ ਗੈਸਟ ਹਾਊਸ ਉਤਾਰਿਆ। ਜਦ ਚਾਹੋ, ਪੀਣ ਲਈ ਤਾਂ ਕਈ ਕੁਝ ਕਾਰਾਂ ਵਿਚ ਮੌਜੂਦ ਸੀ. ਫਿਰ ਵੀ ਸਵਾਗਤ ਵਜੋਂ ਗੈਸਟ ਹਾਊਸ ਅੰਦਰ ਵੜਦਿਆਂ ਸੇਵਾਦਾਰ ਟਰੇਆਂ ਲੈਕੇ ਖੜੇ ਸੀ। ਸਾਡੇ ਤੋਂ ਲੰਚ ਦਾ ਸਮਾਂ ਤੇ ਹਰੇਕ ਦੀ ਖਾਸ ਪਸੰਦ ਪੁੱਛੀ ਗਈ। ਅਸੀਂ ਸਾਰੇ ਈ ਥੋੜਾ ਅਰਾਮ ਕਰਨ ਦੇ ਮੂਡ ਵਿਚ ਸਾਂ। ਆਪਣੇ ਕਮਰਿਆਂ ਵਿਚ ਜਾ ਪਏ। ਕਿਸੇ ਦੀ ਅੱਖ ਲਗ ਗਈ ਤੇ ਕੋਈ ਡੇਰੇ ਦੇ ਪ੍ਰਬੰਧਾਂ ਅਤੇ ਫੈਲਾਏ ਜਾਲ ਬਾਰੇ ਸੋਚ ਸੋਚ ਕੇ ਹੈਰਾਨ ਹੁੰਦਾ ਰਿਹਾ। ਵਿਚਵਾਰ ਮੇਰਾ ਤਾਂ ਵਿਸ਼ਵਾਸ਼ ਡੋਲਣ ਲਗ ਪਵੇ ਕਿ ਇਹ ਸਾਰਾ ਕੁਝ ਉਸੇ ਮੰਗੇ ਦਾ ਹੈ, ਜਿਹੜਾ ਮਾਸਟਰ ਵਲੋਂ 15 ਗੁਣਾਂ ਸੱਤ ਦਾ ਜਵਾਬ ਦੇਣ ਲਈ ਪੋਟਿਆਂ ਤੇ ਗਿਣਨ ਲਗ ਪੈਂਦਾ ਹੁੰਦਾ ਸੀ। ਉਹ ਕੰਮਚੋਰ ਮੰਗਾ, ਜਿਹੜਾ ਪਿਓ ਦੀ ਕੁੱਟ ਤੋਂ ਬਚਣ ਲਈ ਸਾਡੇ ਕੋਲ ਆਕੇ ਕਈ ਕਈ ਦਿਨ ਵਾਪਸ ਨਹੀਂ ਸੀ ਮੁੜਦਾ ਹੁੰਦਾ। ਪਲ-ਦੋ-ਪਲ ਮੈਂ ਆਪਣੀ ਲਿਆਕਤ ਅਤੇ ਇਮਾਨਦਾਰੀ ਉਤੇ ਝਾਤ ਮਾਰਕੇ ਸੋਚਿਆ, ਖੋਟ ਕਿਥੇ ਰਹਿ ਗਈ। ਮੇਰਾ ਮਨ ਬੋਲਕੇ ਜਵਾਬ ਦੇਂਦਾ, ‘ਤੈਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਵਲ ਨਹੀਂ ਆਇਆ।‘ਨਿਸ਼ਚਿਤ ਸਮੇਂ ਤੇ ਸਾਡੇ ਕਮਰਿਆਂ ‘ਚ ਖਾਣੇ ਦਾ ਸੱਦਾ ਬੋਲ ਪਿਆ। ਰਿਕਾਰਡ ਕੀਤੇ ਦੋ ਵਾਰ ਚਲੇ ਸੱਦੇ ਵਾਲੀ ਮਿੱਠੀ ਅਵਾਜ ਤੇ ਸੁਹਜ ਸ਼ਬਦ ਵਾਰ ਵਾਰ ਸੁਣਨ ਨੂੰ ਜੀਅ ਕਰੇ। ਪੰਜ ਮਿੰਟਾਂ ‘ਚ ਕੁਰਸੀਆਂ ਮੱਲੀਆਂ ਗਈਆਂ। ਬੇਸ਼ੱਕ ਡੇਰੇ ਦੇ ਨਜਾਰਿਆਂ ਨੇ ਸਾਡੀਆਂ ਅੱਖਾਂ ਰਜਾਈਆਂ ਹੋਈਆਂ ਸੀ, ਪਰ ਪੇਟ ਦੀ ਭੁੱਖ ਵੀ ਚਮਕੀ ਹੋਈ ਸੀ। ਟੱਚ ਕੀਤਿਆਂ ਘੁੰਮਣ ਵਾਲੇ ਗੋਲ ਮੇਜ ਉਤੇ ਕਈ ਤਰਾਂ ਦੇ ਡੋਂਗੇ ਸੱਜੇ ਹੋਏ ਸਨ। ਢੱਕਣਾਂ ਉਤੇ ਡੋਂਗੇ ਵਿਚਲੀ ਡਿੱਸ਼ ਦਾ ਟੈਗ ਸੀ। ਢੱਕਣ ਚੁੱਕ ਕੇ ਵੇਖਣ ਦਾ ਟੰਟਾ ਨਹੀਂ ਸੀ ਕਰਨਾ ਪੈਂਦਾ। ਲਿਖਵਾਈ ਖਾਸ ਪਸੰਦ ਵਾਲੇ ਡੋਂਗੇ ਵੱਖਰੀ ਤਰਾਂ ਟਿਕਾਏ ਹੋਏ ਸੀ। ਪਲੇਟਾਂ ਚਮਚੇ ਖੜਕਣ ਲਗ ਪਏ। ਸਵਾਦ, ਮਹਿਕ ਅਤੇ ਪੇਸ਼ਕਾਰੀ ਮੂਹਰੇ ਮਹਿੰਗੇ ਹੋਟਲਾਂ ਦੇ ਚਮਕਦੇ ਤਾਰੇ ਫਿੱਕੇ ਜਾਪਣ ਲਗੇ। ਮਿਸਟਰ ਗਰੇਵਾਲ, ਮਨੋਚਾ ਜੀ ਤੇ ਰਿਆੜ ਸਾਹਿਬ ਤਾਂ ਸਵਾਦ ਸਵਾਦ ਵਿਚ ਭੁੱਖ ਤੋਂ ਕਾਫੀ ਅਗਾਂਹ ਲੰਘ ਗਏ। ਸੇਵਾਦਾਰ ਇਹ ਰਮਜ਼ ਸਮਝਦੇ ਸਨ। ਡੇਰੇ ਦੀ ਫਾਰਮੇਸੀ ਦਾ ਬਣਿਆ ਹੋਇਆ ਚੂਰਣ ਮੇਜ ਤੇ ਹਾਜਰ ਹੋ ਗਿਆ।ਖਾਣੇ ਤੋਂ ਬਾਦ ਕੋਈ ਲੇਟ ਗਿਆ ਤੇ ਕਿਸੇ ਨੇ ਟੀਵੀ ਲਾ ਲਿਆ। ਘੰਟੇ ਕੁ ਬਾਦ ਸੁਨੇਹਾ ਮਿਲਿਆ ਕਿ ਸਾਢੇ ਅੱਠ ਵਜੇ ਸੰਤ ਜੀ ਦੋ ਘੰਟੇ ਸਾਡੇ ਕੋਲ ਆਕੇ ਬਿਤਾਉਣਗੇ।ਥੋੜਾ ਸੁਸਤਾ ਕੇ ਅੱਠ ਵਜੇ ਤਕ ਅਸੀਂ ਤਿਆਰ ਹੋਕੇ ਹਾਲ ਵਿਚ ਚਲੇ ਗਏ। ਸਮਾਂ ਹੁੰਦਿਆਂ ਈ ਸਧਾਰਨ ਕਪੜਿਆਂ ਵਿਚ ਕੋਈ ਅੰਦਰ ਆਇਆ। ਇਕ ਦੋ ਮਿੰਟ ਹੈਰਾਨੀ ਨਾਲ ਉਸਦੇ ਮੂੰਹ ਵਲ ਵੇਖਦੇ ਰਹੇ। ਸਿਰ ਤੇ ਪੀਲਾ ਪਟਕਾ, ਚਿੱਟਾ ਲੰਮਾ ਕੁੜਤਾ ਤੇ ਹੇਠਾਂ ਖੁੱਲਾ ਜਿਹਾ ਪਜਾਮਾ। ਬਿਲਕੁਲ ਉਂਵੇਂ ਦਾ ਪਜਾਮਾ ਜਿੰਵੇ ਮੰਗਾ ਸਕੂਲ ਪਾਕੇ ਆਉਂਦਾ ਹੁੰਦਾ ਸੀ। ਅੰਦਰ ਵੜਦੇ ਈ ਉਸਨੇ ਬਾਂਹ ਮੇਰੇ ਮੋਢੇ ਤੇ ਰੱਖੀ, ਮੈਂ ਸਮਝ ਗਿਆ ਕਿ ਇਹ ਤਾਂ ‘ਆਪਣਾ ਮੰਗਾ’ ਈ ਆ। ਨਾ ਮੱਥੇ ਤੇ ਤਿਲਕ ਤੇ ਨਾਂ ਉਂਗਲਾਂ ਵਿਚ ਰੰਗ ਬਰੰਗੇ ਛਾਪਾਂ ਛੱਲੇ। ਵਾਰ ਵਾਰ ਆਪਣੇ ਮੰਗੇ ਦੀ ਅਪਣੱਤ ਉਤੇ ਫਖਰ ਜਿਹਾ ਹੋਈ ਜਾਵੇ। ਮੈਨੂੰ ਵੱਡੀ ਦਫਤਰੀ ਕੁਰਸੀ ਉਤੇ ਬੈਠਿਆਂ ਉਹੋ ਜਿਹਾ ਮਾਣ ਕਦੇ ਮਹਿਸੂਸ ਨਹੀਂ ਸੀ ਹੋਇਆ, ਜਿੰਵੇ ਉਸ ਮੌਕੇ ਲਗਣ ਲਗਿਆ। ਸਾਰਿਆਂ ਨਾਲ ਹੱਥ ਮਿਲਾ ਤੇ ਹਾਸਾ ਠੱਠਾ ਕਰਕੇ ਉਹ ਅਗਾਂਹ ਇਕ ਹੋਰ ਕਮਰੇ ਵਿਚ ਲੈ ਗਿਆ। ਉਹ ਕਮਰਾ ਹਾਲ ਤੋਂ ਥੋੜਾ ਛੋਟਾ ਸੀ, ਪਰ ਸੱਜਿਆ ਸੰਵਰਿਆ ਉਸਤੋਂ ਕਿਤੇ ਜਿਆਦਾ। ਕੁਰਸੀਆਂ ਦੀ ਥਾਂ ਗੱਦੇਦਾਰ ਫਰਸ਼ ਉਪਰ ਚੌਕੜੀ ਮਾਰਕੇ ਬੈਠਿਆਂ ਢੋਅ ਲਗਦੀ ਸੀ। ਮੂਹਰੇ ਗੋਲ ਅਕਾਰੀ ਘੁੰਮਦਾ ਹੋਇਆ ਬਿਨਾਂ ਲੱਤਾਂ ਮੇਜ। ਦਸ ਵੀਹ ਮਿੰਟ ਹਾਸਾ ਠੱਠਾ ਕਰਕੇ ਮੰਗੇ ਦੇ ਇਸ਼ਾਰੇ ਨਾਲ ਮੇਜ ਉਤੇ ਵਿਸਕੀ ਦੇ ਉਨਾਂ ਬਰਾਂਡ ਦੀਆਂ ਬੋਤਲਾ ਸੱਜ ਗਈਆਂ ਜੋ ਅਸੀਂ ਫਿਲਮਾਂ ਵਿਚ ਵੇਖਦੇ ਸੀ। ਨਾਲ ਕਈ ਵੰਨਗੀਆਂ ਦਾ ਮੁਰਗਾ, ਬੱਕਰਾ ਤੇ ਭੁੱਜੇ ਹੋਏ ਤਿੱਤਰ ਬਟੇਰੇ। ਸੱਚ ਦਸਾਂ, ਸਾਨੂੰ ਤਾਂ ਵੇਖ ਵੇਖ ਕੇ ਈ ਸਰੂਰ ਆਉਣ ਲਗ ਪਿਆ।“ਬਈ ਝਾਕਾ ਕੋਈ ਨਹੀਂ, ਸਾਰੇ ਯਾਰ ਈ ਬੈਠੇ ਆਂ. ਜਿਹੜਾ ਕੋਈ ਸੀਲ ਤੋੜਨ ਦਾ ਸ਼ੌਕੀਨ ਐ, ਜਿਹੜੀ ਮਰਜੀ ਬੋਤਲ ਫੜੋ, ਖੋਲੋ ਤੇ ਪਾਈ ਜਾਓ ਗਲਾਸਾਂ ਵਿਚ।“ ਸਾਰਿਆਂ ਵਲ ਨਜਰ ਘੁੰਮਾਉਂਦੇ ਹੋਏ ਮੰਗੇ ਨੇ ਇਕ ਤਰਾਂ ਮਹਿਫਲ ਦੀ ਸ਼ੁਰੂਆਤ ਦਾ ਆਰਡਰ ਕਰ ਦਿਤਾ।ਗਲਾਸਾਂ ਤੇ ਬੋਤਲਾਂ ਨਾਲ ਸੱਜਿਆ ਮੇਜ ਦਾ ਬਾਹਰੀ ਹਿੱਸਾ ਘੁੰਮਦੇ ਹੋਏ ਵਾਰ ਵਾਰ ਸਾਡੇ ਮੂਹਰਿਓਂ ਲੰਘ ਰਿਹਾ ਸੀ। ਗਰੇਵਾਲ ਨੇ ਹਰੀਆਂ ਪੀਲੀਆਂ ਰਿਸ਼ਮਾਂ ਬਿਖੇਰਦੀ ਬੋਤਲ ਫੜੀ ਤੇ ਖੋਲ ਕੇ ਰਖ ਦਿਤੀ। ਇਕ ਕੋਨੇ ਬੈਠਾ ਸੇਵਾਦਾਰ ਪੈਗ ਪਾਕੇ ਮੇਜ ਤੇ ਟਿਕਾਈ ਜਾ ਰਿਹਾ ਸੀ। ਮੰਗਾ ਮੇਰੇ ਖੱਬੇ ਪਾਸੇ ਬੈਠਾ ਸੀ, ਉਸਦੇ ਇਸ਼ਾਰੇ ਤੇ ਮੈਂ ਪਹਿਲ ਕੀਤੀ। ਵਾਰੋ ਵਾਰ ਸਾਰੇ ਆਪਣੇ ਮੂਹਰੇ ਆਇਆ ਪੈੱਗ ਚੁੱਕਦੇ ਗਏ, ਪਰ ਧਿਆਨ ਆਖਰੀ ਗਲਾਸ ਵਲ ਸੀ। ਮੂਹਰੇ ਆਉਂਦਿਆਂ ਈ ਮੰਗੇ ਨੇ ਚੁੱਕਿਆ ਤੇ ਮੇਰੇ ਨਾਲ ਟਕਰਾਉਂਦੇ ਹੋਏ ਉੱਚੀ ਸਾਰੀ ਚੀਅਰਜ ਬੋਲਿਆ। ਵਿਦੇਸ਼ੀ ਤੇ ਮਹਿੰਗੀ ਸ਼ਰਾਬ ਦੇ ਅਨੰਦ ਤਾਂ ਹੈ ਈ ਸੀ, ਪਰ ਐਨੇ ਵੱਡੇ ‘ਸੰਤ ਜੀ’ ਨਾਲ ਪੈੱਗ ਟਕਰਾਉਣ ਵਾਲਾ ਅਹਿਸਾਸ, ਮੈਂ ਦਾਅਵੇ ਨਾਲ ਕਹਿਨਾਂ, ਸਾਡੇ ਚੋਂ ਕਿਸੇ ਨੂੰ ਵੀ ਪਹਿਲਾਂ ਜਾਂ ਬਾਦ ਨਹੀਂ ਹੋਇਆ ਹੋਣਾ।ਪੈੱਗ ਤੇ ਪੈੱਗ ਟਕਰਾਉਣ ਲਗ ਪਏ। ਤਿੱਤਰ ਬਟੇਰਿਆਂ ਦੇ ਸਵਾਦ ਮਾਣੇ ਜਾਣ ਲਗੇ। ਗੱਪ ਸ਼ੱਪ ਵਿਚ ਝਿੱਜਕਾਂ ਲੱਥ ਗਈਆਂ। ਸ਼ੇਅਰੋ ਸ਼ਾਇਰੀ ਹੋਣ ਲਗ ਪੈਂਦੀ। ਪੰਜਾਬੀ ਸ਼ਰਾਬ ਪੀ ਕੇ ਅੰਗਰੇਜੀ ਨਾ ਬੋਲਣ, ਇਹ ਕਿੰਵੇ ਹੋ ਸਕਦਾ। ਮੈਂ ਹੈਰਾਨ ਹੋਈ ਜਾਵਾਂ, ਦਸਵੀਂ ਤਕ ਐਲੀਫੈਂਟ ਦੇ ਸਪੈਲਿੰਗ ਸਾਨੂੰ ਪੁੱਛਕੇ ਲਿਖਣ ਵਾਲਾ ਮੰਗਾ, ਅੰਗਰੇਜੀ ਸਪਸ਼ਟ ਬੋਲ ਤੇ ਸਮਝ ਰਿਹਾ ਸੀ। ਇਹ ਵੇਖਕੇ ਮੈਂ ਮੰਗੇ ਤੇ ਸੰਤ ਜੀ ਵਿਚਲੇ ਫਰਕ ਵਿਚ ਉੱਲਝ ਜਾਂਦਾ। ਇਸ ਦੌਰਾਨ ਉਸਦਾ ਸੈਕਟਰੀ ਤੇ ਇਕ ਹੋਰ, ਦੋ ਤਿੰਨ ਵਾਰ ਅੰਦਰ ਆਏ ਤੇ ਕੰਨ ਵਿਚ ਕੁਝ ਦਸਕੇ ਅਤੇ ਅਦੇਸ਼ ਲੈ ਕੇ ਵਾਪਸ ਗਏ। ਉਨ੍ਹਾਂ ਦੇ ਅੰਦਰ ਆਉਣ ਤੇ ਮੈਂਨੂੰ ਇਹ ਸੋਚਕੇ ਘਬਰਾਹਟ ਹੋਈ ਕਿ ਸਾਡੇ ਕਰਕੇ ਸੰਤ ਦੀ ਚੋਰੀ ਫੜੀ ਗਈ। ਮੇਰਾ ਸਰੂਰ ਮੱਠਾ ਪੈਣ ਈ ਲਗਾ ਸੀ ਕਿ ਮੰਗੇ ਨੇ ਮੇਰਾ ਮਨ ਪੜ ਲਿਆ।ਕਹਿੰਦਾ, “ਇਹੀ ਸੋਚ ਰਿਹਾਂ ਨਾ ਕਿ ਸੇਵਾਦਾਰ ਨੂੰ ਮੇਰੇ ਪੈੱਗ ਤੇ ਲੈੱਗ ਦਾ ਪਤਾ ਲਗ ਗਿਆ, ਹੁਣ ਕੀ ਹੋਊ ?“ਮੇਰੇ ਸਿਰ ਹਿਲਾਉਣ ਤੇ ਉਸਨੇ ਅੰਦਰਲੇ ਸੇਵਾਦਾਰ ਨੂੰ ਉਂਗਲੀ ਦੇ ਇਸ਼ਾਰੇ ਨਾਲ ਸਾਰਾ ਕੁਝ ਸਮਝਾ ਦਿਤਾ। ਬਾਹਰ ਜਾਂਦੇ ਹੋਏ ਸੇਵਾਦਾਰ ਸਾਡੇ ਕਮਰੇ ਦਾ ਦਰਵਾਜਾ ਘੁੱਟਕੇ ਬੰਦ ਕਰ ਗਿਆ। ਮੰਗਾ ਸੰਜੀਦਾ ਜਿਹਾ ਹੋਕੇ ਸ਼ੁਰੂ ਹੋ ਗਿਆ।“ਮਿੱਤਰਾ ਇਹੀ ਤੇ ਸਾਡੀ ਘਾਲਣਾ ਹੈ। ਇਸਨੂੰ ਪੜਾਈ ਵੀ ਕਹਿ ਸਕਦੇ ਓ ਤੇ ਤਪੱਸਿਆ ਕਰਕੇ ਸਿੱਖੀ ਸਾਧਗਿਰੀ ਵੀ। ਇੰਨਾਂ ਭਗਤਾਂ ਨੂੰ ਕੁਝ ਨਹੀਂ ਦਿਸਦਾ। ਇਹ ਅਸੀਂ ਅੰਨੇ ਕੀਤੇ ਹੋਏ ਨੇ। ਇੰਨਾਂ ਦੀਆਂ ਅੱਖਾਂ ਉਹੀ ਵੇਖ ਸਕਦੀਆਂ, ਜੋ ਅਸੀਂ ਇੰਨਾਂ ਦੇ ਦਿਮਾਗਾਂ ਵਿਚ ਭਰ ਦਿਤਾ ਹੋਇਆ। ਭਗਤ ਬਣਾਉਣ ਤੋਂ ਪਹਿਲਾਂ ਇੰਨਾਂ ਦੇ ਦਿਮਾਗਾਂ ਦੀ ਸਫਾਈ ਕਰਨੀ ਪੈਂਦੀ ਹੈ ਤੇ ਮੈਂ ਇਹ ਗੁਰ ਆਪਣੇ ਗੁਰੂ ਜੀ ਤੋਂ ਸਿੱਖ ਕੇ ਈ ਇਸ ਬੇਅਬਾਦ ਤੇ ਗੈਰ-ਮਾਲਕਾਨਾਂ ਥਾਂ ਲੱਭੀ ਤੇ ਛੱਪਰੀ ਪਾ ਕੇ ਡੇਰੇ ਦਾ ਮੁੱਢ ਬੰਨਿਆ ਸੀ। ਪਹਿਲੇ ਸਾਲ ਤਾਂ ਫਾਕੇ ਵੀ ਕੱਟਣੇ ਪਏ। ਐਹ ਜਿਹੜੇ ਭਾਰੇ ਭਾਰੇ ਰੁੱਖ ਤੁਸੀਂ ਫਿਰਦਿਆਂ ਵੇਖੇ ਹੋਣਗੇ, ਇਹ ਮੈਂ ਆਪਣੇ ਹੱਥੀਂ ਲਾਏ ਸੀ। ਕਈ ਵਾਰ ਤਾਂ ਕਹੀ ਵਾਹੁੰਦਿਆਂ ਹੱਥਾਂ ‘ਚ ਛਾਲੇ ਪੈ ਜਾਂਦੇ ਸੀ। ਨਦੀ ਚੋਂ ਬਾਲਟੀਆਂ ਭਰ ਭਰ ਪਾਣੀ ਪਾਉਂਦਾ ਰਿਹਾਂ ਮੈਂ ਇੰਨਾਂ ਨੂੰ। ਮੇਰਾ ਪਸੀਨਾ ਚੋਂਦਾ ਰਿਹਾ ਇੰਨਾਂ ਦੀਆਂ ਜੜ੍ਹਾਂ ਵਿਚ। ਜਿੰਵੇ ਜਿੰਵੇ ਇਹ ਰੁੱਖ ਵੱਡੇ ਹੋਣ ਲਗੇ, ਲੋਕ ਇਧਰ ਫੇਰਾ ਪਾਉਣ ਲਗ ਪਏ।ਮੇਰੇ ਨਾਲ ਗਲਾਂ ਕਰਕੇ ਲੋਕਾਂ ਦੇ ਮਨ ਸ਼ਾਂਤ ਹੋ ਜਾਂਦੇ। ਦਿਨ-ਬਦਿਨ ਦੁੱਖੀ ਲੋਕਾਂ ਦੀ ਆਮਦ ਹੋਣ ਲਗ ਪਈ। ਉਹ ਦੁੱਖ ਦਸਦੇ, ਮੈਂ ਰਾਹੇ ਪਾ ਦਿੰਦਾ ਤੇ ਦੁੱਖ ਕੱਟਿਆ ਜਾਂਦਾ। ਦਿਨੋ ਦਿਨ ਲੋਕਾਂ ਦੀ ਗਿਣਤੀ ਵਧਦੀ ਗਈ ਤੇ ਮੇਰਾ ਸਾਮਰਾਜ ਵਾਧੇ ਪੈ ਗਿਆ। ਇੰਜ ਦੀਆਂ ਦੋ ਹੋਰ ਲਾਵਰਸ ਥਾਵਾਂ ਲਭਕੇ ਡੇਰੇ ਦੀਆਂ ਬਰਾਚਾਂ ਦੇ ਮੁੱਢ ਬੰਨੇ ਹੋਏ ਨੇ। ਔਹ ਮੁਕਤੀ ਦੁਆਰ ਵਾਲੇ ਗੇਟ ਤੋਂ ਅੰਦਰ ਬਿਨਾਂ ਆਗਿਆ ਉਹੀ ਵੜ ਸਕਦਾ, ਜਿਸਦੇ ਹਨੇਰੇ ਦਿਮਾਗ ਵਿਚ ਮੇਰੇ ਨਾਂਅ ਦੀ ਲਾਟ ਬਲ ਪਈ ਹੋਵੇ, ਯਨੀ ਉਹ ਕੋਈ ਉਮੀਦ ਤੇ ਭਰੋਸਾ ਲੈਕੇ ਆ ਰਿਹਾ ਹੋਏ। ਤੁਸੀਂ ਡੇਰੇ ਦੇ ਸੌ ਭਗਤ ਕੱਠੇ ਕਰਕੇ ਐਥੇ ਲੈ ਆਓ, ਉਨ੍ਹਾਂ ਨੂੰ ਇਹੀ ਲਗੂ, ਮੈਂ ਤੁਹਾਨੂੰ ਨਾਮ ਦਾਨ ਵਾਲਾ ਸ਼ਰਬਤ ਪਿਲਾ ਰਿਹਾਂ। ਆਹ ਮੀਟ ਵਾਲੇ ਡੋਂਗਿਆਂ ਚੋਂ ਇੰਨਾਂ ਨੂੰ ਫਲੀਆਂ, ਕੱਦੂ, ਕਰੇਲੇ, ਭੇਂਅ ਦੀ ਸਬਜੀ ਜਾਂ ਗੋਭੀ ਪਾਲਕ ਵਾਲੇ ਪਕੌੜੇ ਦਿਸਣਗੇ। ਬਸ ਏਹੀ ਕਰਾਮਾਤ ਆ ਸਾਡੇ ਡੇਰਿਆਂ ਦੀ। ਇਹ ਭਗਤ ਸਾਡੇ ਇਕ ਇਸ਼ਾਰੇ ਤੇ ਜਾਨ ਦੇਣ ਲਈ ਤਿਆਰ ਹੋ ਜਾਂਦੇ ਨੇ। ਆਹ ਐਨਾ ਸਾਮਰਾਜ ਇੰਨਾਂ ਦੇ ਸਿਰ ਤੇ ਈ ਚਲ ਰਿਹਾ। ਆਹ ਜਿੰਨਾਂ ਲਟਰ-ਪਟਰ, ਤਾਣਾ-ਬਾਣਾ, ਸੇਵਾਦਾਰੀ, ਮਸ਼ੀਨਰੀ ਤੇ ਨਵੀਂ ਟੈਕਨੋਲੋਜੀ ਤੁਸੀਂ ਕਲ ਤੋਂ ਵੇਖ ਰਹੇ ਓ ਨਾ ? ਇਸ ਉਤੇ ਸਾਲ ਦਾ ਖਰਚਾ ਕਈ ਕਰੋੜਾਂ ਵਿਚ ਹੁੰਦਾ। ਭਗਤਾਂ ਦੇ ਸਿਰਾਂ ਦੀ ਗਿਣਤੀ ਵੇਖਕੇ ਈ ਆਹ ਵੋਟਾਂ ਵਾਲੇ ਇਥੇ ਮੱਥੇ ਰਗੜਦੇ ਨੇ ਅਸ਼ੀਰਵਾਦ ਲਈ। ਬਿਨਾਂ ਮੰਗੇ ਨੋਟਾਂ ਦੇ ਭਰੇ ਸੂਟਕੇਸ ਪੁੱਜਦੇ ਕਰ ਦੇਂਦੇ ਨੇ। ਨਿਰਾਸ਼ ਅਸੀਂ ਵੀ ਕਿਸੇ ਨੂੰ ਨਹੀਂ ਕਰਦੇ। ਜਿਹੜਾ ਆਏ, ਉਸਨੂੰ ਉਹੀ ਭਰੋਸਾ ਦੇਕੇ ਤੋਰੀਦਾ, ਜਿਹੋ ਜਿਹਾ ਚੋਣਾਂ ਵੇਲੇ ਉਹ ਆਪ ਵੋਟਰਾਂ ਨੂੰ ਦੇਂਦੇ ਨੇ। ਤੇ ਹਾਂ, ਤੁਹਾਡੇ ਚੋਂ ਦੋ ਤਾਂ ਆਪਣੇ ਮਹਿਕਮੇ ਦੀਆਂ ਘੁੰਡੀਆਂ ਤੋਂ ਜਾਣੂੰ ਨੇ। ਚਾਰ ਕੁ ਸਾਲ ਪਹਿਲਾਂ, ਇਕ ਭਗਤ ਦਾ ਪੁੱਤਰ ਇਸ ਜਿਲੇ ਦਾ, ਕੀ ਕਹਿੰਦੇ, ਮਾਲ ਅਫਸਰ ਆਣ ਲਗਾ। ਉਹਨੇ ਕੋਈ ਘੁੰਡੀ ਫੜੀ, ਤੇ ਐਹਨਾਂ 837 ਏਕੜਾਂ ਦੀ ਮਾਲਕੀ ਡੇਰੇ ਦੇ ਨਾਂਅ ਚਾੜ ਦਿਤੀ।“ਸਾਡੀ ਗੰਭੀਰਤਾ ਤੋੜਨ ਲਈ ਮੰਗੇ ਨੇ ਗਲਾਸਾਂ ਵਲ ਇਸ਼ਾਰਾ ਕੀਤਾ। ਘੁੰਮਦੇ ਮੇਜ ਤੋਂ ਬੋਤਲ ਫੜ ਸਾਰਿਆਂ ਆਪਣੇ ਆਪਣੇ ਪੈਗ ਪਾ ਲਏ। ਮਹਿਫਲ ‘ਚ ਰੰਗ ਭਰਨ ਲਈ ਗਲਾਸ ਟਕਰਾਅ ਲਏ ਗਏ। ਪੈੱਗ ਤਾਂ ਮੈਂ ਵੀ ਪਾ ਲਿਆ ਸੀ, ਪਰ ਮੇਰਾ ਧਿਆਨ ਤਾਂ ਉਸੇ ਕਹਾਣੀ ਨੂੰ ਅੱਗੇ ਤੋਰਨ ਵਲ ਸੀ। ਕਿਤੇ ਗਲ ਹੋਰ ਪਾਸੇ ਨਾ ਚਲੀ ਜਾਏ, ਮੈਂ ਹੁੱਝ ਮਾਰਕੇ ਮੰਗੇ ਨੂੰ ਵਾਪਸ ਲਿਆਂਦਾ ਤੇ ਅੱਗੇ ਤੁਰਨ ਲਈ ਕਿਹਾ। ਉਸਨੇ ਸਿਰ ਮੂੰਹ ਤੇ ਹੱਥ ਫੇਰਿਆ, ਦੋਹਾਂ ਤਲੀਆਂ ਨੂੰ ਆਪਸ ਵਿਚ ਘਸਾਇਆ ਤੇ ਸਾਰਿਆਂ ਦੇ ਚੇਹਰਿਆਂ ਤੇ ਨਜਰ ਮਾਰਕੇ ਅੱਗੇ ਸ਼ੁਰੂ ਹੋ ਗਿਆ।“ਜਿੰਵੇ ਮੈਂ ਕਿਹਾ ਹੈ, ਇੰਨਾਂ ਲਈ ਮੈਂ ਰੱਬ ਹਾਂ। ਇੰਨਾਂ ਦੇ ਦਿਮਾਗ ਧੋਣ ਤੋਂ ਬਾਦ ਉਸ ਉਤੇ ਆਪਣੇ ਰੰਗ ਵਿਚ ਡਬੋ ਕੇ ਆਪਣੇ ਭਗਤ ਬਣਾ ਲਿਆ ਹੋਇਆ। ਜੇ ਅਸੀਂ ਲੋੜ ਸਮਝੀਏ ਤਾਂ ਭਗਤੀ ਵਿਚ ਲੀਨ ਹੋਇਆਂ ਚੋਂ ਕਿਸੇ ਨੂੰ ਵਿਸ਼ਵਾਸ਼-ਪਾਤਰ ਵਜੋਂ ਸ਼ਗਿਰਦ ਬਣਾ ਲੈਂਦੇ ਆਂ। ਵਿਸ਼ਵਾਸ਼-ਪਾਤਰ ਨੂੰ ਭੇਦਾਂ ਦੀ ਸਰਦਲ ਤਕ ਸੱਦਣ ਤੋਂ ਪਹਿਲਾਂ ਉਸਦੀ ਪਰਖ ਕਰਦੇ ਆਂ ਕਿ ਉਹ ਕਿਸੇ ਲਾਲਚ ਵਸ ਕਦੇ ਡੋਲੂਗਾ ਤਾਂ ਨਹੀਂ। ਫਿਰ ਉਸਤੋਂ ਸਾਨੂੰ ਆਪਣੇ ਭੇਦ ਲੀਕ ਹੋਣ ਦਾ ਖਤਰਾ ਨਹੀਂ ਰਹਿੰਦਾ। ਐਹੋ ਜਿਹੀਆਂ ਮਹਿਫਲਾਂ ਕਿਤੇ ਨਿੱਤ ਥੋੜਾ ਸਜਦੀਆਂ ਨੇ। ਡੇਢ ਸਾਲ ਬਾਦ ਆਇਆਂ ਮੈਂ ਇਸ ਕਮਰੇ ਵਿਚ। ਉਹ ਵੀ ਆਪਣੇ ਐਸ ਜਿਗਰੀ ਯਾਰ ਕਰਕੇ।“ਅਗਲੇ ਪਲ ਉਹ ਆਪਣੇ ਸੱਜੇ ਹੱਥ ਨਾਲ ਮੇਰਾ ਸੱਜਾ ਮੋਢਾ ਥੱਪ-ਥਪਾ ਰਿਹਾ ਸੀ। ਮੈਨੂੰ ਰਾਸ਼ਟਰਪਤੀ ਹੱਥੋਂ ਮਿਲੇ ਐਵਾਰਡ ਵਾਲਾ ਸੀਨ ਮੇਰੇ ਚੇਤੇ ਚੋਂ ਉਭਰ ਆਇਆ। ਮਨ ਨੇ ਕਿਹਾ ਉਹ ਤਾਂ ਸਰਕਾਰੀ ਸਮਾਗਮ ਸੀ, ਪਰ ਐਹ ਤਾਂ ਤੇਰੇ ਬਚਪਨ ਦੀ ਕਮਾਈ ਹੈ, ਮੰਗੇ ਨਾਲ ਖੇਡੇ ਗੁੱਲੀ ਡੰਡੇ ਵਾਲੀ। ਵੇਲਣੇ ਤੇ ਜਾਕੇ ਇਕੱਠਿਆਂ ਖਾਧੇ ਤੱਤੇ ਤੱਤੇ ਗੁੜ ਵਿਚ ਘੁਲੇ ਨਿੱਘੇ ਮੋਹ ਵਾਲੀ।ਮੰਗਾ ਬੋਲਦਾ ਰਿਹਾ ਤੇ ਅਸੀਂ ਸੁਣਦੇ ਰਹੇ। ਉਹ ਆਪਣਾ ਸਾਮਰਾਜ ਕਾਇਮੀ ਦੌਰਾਨ ਦਰਪੇਸ਼ ਔਕੜਾਂ ਤੇ ਉਨ੍ਹਾਂ ਤੋਂ ਛੁਟਕਾਰੇ ਲਈ ਵਰਤੀਆਂ ਤਰਕੀਬਾਂ ਦਸਣ ਤੋਂ ਵੀ ਨਾ ਝਿਜਕਿਆ। ਉਸਨੇ ਰਿਮੋਟ ਕਢਿਆ । ਇਕ ਪਾਸੇ ਲਗੀ ਸਕਰੀਨ ਚਾਲੂ ਕਰਕੇ ਉਨ੍ਹਾਂ ‘ਵੱਡੇ ਲੋਕਾਂ’ ਦੇ ਦੌਰਿਆਂ ਦੀ ਉਥੇ ਆਮਦ ਅਤੇ ਆਪਣੇ ਮੂਹਰੇ ਹੱਥ ਅੱਡਦਿਆਂ ਵਾਲੇ ਸੀਨ ਵਿਖਾਕੇ ਉਹ ਸਾਨੂੰ ਹੈਰਾਨ ਕਰੀ ਜਾ ਰਿਹਾ ਸੀ।ਡੇਰਾ ਪ੍ਰਬੰਧਾਂ ਬਾਰੇ ਮੰਗੇ ਨੇ ਦਸਿਆ ਕਿ ਬੇਸ਼ੱਕ ਬਹੁਤੇ ਲੋਕ ਨਿਸ਼ਕਾਮ ਸੇਵਾਦਾਰ ਨੇ, ਉਹਨਾਂ ਦੀ ਰੋਟੀ,ਕਪੜਾ, ਮਕਾਨ ਤੇ ਹੋਰ ਜਿੰਮੇਵਾਰੀਆਂ ਡੇਰਾ ਸੰਭਾਲਦਾ। ਬੇਸ਼ੱਕ ਭੇਟ ਵਜੋਂ ਕਾਰਾਂ ਸਮੇਤ ਆਈਆਂ ਕਈ ਮਹਿੰਗੀਆਂ ਵਸਤਾਂ ਨੂੰ ਹਿਸਾਬ ਵਿਚ ਨਹੀਂ ਲਿਆ ਜਾਂਦਾ, ਤਾਂ ਵੀ ਉਸ ਸਾਲ ਡੇਰਾ ਖਰਚੇ ਦਾ ਬਜਟ 14-15 ਕਰੋੜ ਸੀ। ਉਸਨੇ ਤਾੜਨਾ ਵਾਲੇ ਲਹਿਜੇ ਵਿਚ ਸਾਨੂੰ ਅਲਰਟ ਕਰ ਦਿਤਾ ਕਿ ਜੋ ਕੁਝ ਇਸ ਮਹਿਫਲ ਵਿਚ ਜਾਂ ਫਿਰਦੇ ਤੁਰਦੇ ਅਸੀਂ ਵੇਖਿਆ ਜਾਂ ਸੁਣਿਆ, ਉਹ ਕਿਸੇ ਦੀ ਜਬਾਨ ਤੇ ਨਹੀਂ ਚਾਹੀਦਾ। ਅਗਲੇ ਦਿਨ ਸਵੇਰੇ ਜਦ ਚਲਣ ਲਗੇ ਤਾਂ ਇਕ ਸੇਵਾਦਾਰ ਨੇ ਪਹਿਲੇ ਦਿਨ ਮਸਾਜ ਕਰਦਿਆਂ ਅਰਧ-ਵਸਤਰ ਹੋਈਆਂ ਕੁੜੀਆਂ ਵਾਲੇ ਸੀਨ ਵਿਖਾਕੇ ਸਾਨੂੰ ਕੋਈ ਗਲ ਕਿਸੇ ਨੂੰ ਦਸਣ ਪ੍ਰਤੀ ਹੋਰ ਚੌਕੰਨਿਆਂ ਕਰ ਦਿਤਾ।ਸਾਡੇ ਚੋਂ ਬਹੁਤੇ ਪ੍ਰਸਾਸ਼ਕੀ ਸੇਵਾਵਾਂ ਵਾਲੇ ਹੋਣ ਕਰਕੇ ਸਮਝਦੇ ਸੀ ਕਿ ਡੇਰੇ ਚਲਾਉਣੇ ਤੇ ਅੱਧ-ਭਗਤੀ ਬਣਾਈ ਰਖਣੀ ਖਾਲਾ ਜੀ ਦੀ ਵਾੜਾ ਨਹੀਂ। ਆਪਣੇ ਸ਼ਹਿਰੀਂ ਪਹੁੰਚਣ ਲਈ ਸਾਨੂੰ ਦੋ ਦਿਨ ਹੋਰ ਲਗਣੇ ਸਨ। ਡੇਰੇ ਵਾਲਾ ਦੋ ਦਿਨ ਦਾ ਪ੍ਰੋਗਰਾਮ ਘੁਸੇੜ ਲਏ ਜਾਣ ਕਾਰਣ ਸਾਨੂੰ ਅਹਿਮਦਾਬਾਦ, ਅਜਮੇਰ, ਜੈਪੁਰ ਤੇ ਗੰਗਾ ਨਗਰ ਵਾਲੇ ਠਹਿਰਾਅ ਰੱਦ ਕਰਨੇ ਪਏ। ਡੇਰੇ ਚੋਂ ਬੱਝੀ ਸਵਾਲਾਂ ਦੀ ਪੰਡ ਸਾਰੇ ਰਾਹ ਮੇਰੇ ਦਿਮਾਗ ਉਤੇ ਬੋਝ ਬਣੀ ਰਹੀ। ਮੈਨੂੰ ਢੇਰ ਸਾਰੀਆਂ ਕਿਤਾਬਾਂ ਚੋਂ ਪੜਿਆ ਐਨਾ ਕੁਝ ਅਤੇ ਹਾਸਲ ਕੀਤੀਆਂ ਡਿਗਰੀਆਂ ਮੰਗੇ ਦੇ ਬ੍ਰੇਨ-ਵਾਸ਼ ਫਾਰਮੁਲੇ ਅੱਗੇ ਤੁੱਛ ਲਗਣ ਲਗੇ। ਮੰਗੇ ਦੇ ਪ੍ਰਵਚਨ ਸੁਣਕੇ ਮਨ ਦੀ ਸ਼ਾਂਤੀ ਲੈਣ ਆਏ ਅਰਬ-ਪਤੀਆਂ ਦੀ ਮਣਾਂਮੂੰਹੀ ਦੌਲਤ ਮੰਗੇ ਦੀ ਚਰਨ-ਧੂੜ ਜਾਪਣ ਲਗੀ। ਪੁਰਾਤਨ ਧਾਰਮਿਕ ਸਥਾਨਾਂ ਤੇ ਸ਼ਰਧਾ ਦੇ ਨਾਂਅ ਤੇ ਜਾਂਦੀ ਲੋਕਾਂ ਦੀ ਭੀੜ ਦਿਲ-ਪ੍ਰਚਾਵਾ ਤੇ ਪਿਕਨਿਕ ਮਨਾਂਉਦੀ ਜਾਪਣ ਲਗੀ। ਦਿਨ ਬਦਿਨ ਸਵਾਲਾਂ ਦੀ ਬੱਝੀ ਪੰਡ ਨੂੰ ਜਿੰਨਾ ਹੌਲਾ ਕਰਨ ਦੇ ਯਤਨ ਕਰਾਂ, ਉਹ ਹੋਰ ਭਾਰੀ ਹੋਈ ਜਾਵੇ। ਯਾਦ ਆਉਂਦਾ ਰਿਹਾ ਕਿ ਜਿਸ ਹਨੇਰੇ ਚੋਂ ਕੱਢਣ ਲਈ ਬਾਬੇ ਨਾਨਕ ਦੇ ਅੱਧੀ ਦੁਨੀਆ ਪੈਦਲ ਗਾਹ ਮਾਰੀ ਸੀ, ਹੁਣ ਫਿਰ ਸੰਘਣੇ ਹੋਏ ਉਸੇ ਹਨੇਰੇ ਚੋਂ ਸਵਾਰਥੀ ਲਾਟ ਬਾਲਣ ਦਾ ਫਾਰਮੁਲਾ ਮੰਗੇ ਵਰਗਿਆਂ ਦੇ ਸਮਾਰਾਜ ਅਤੇ ਗਿਣਤੀ ਵਧਾ ਰਿਹਾ।ਮੈਂ ਯਾਦ ਕੀਤਾ, ਮੰਗੇ ਨੇ ਆਪਣੇ ਭੇਦ ਦਸਣ ਤੋਂ ਮਨਾਂ ਕੀਤਾ ਸੀ, ਲਿਖਣ ਤੋਂ ਨਹੀਂ। ਇਸੇ ਲਈ ਸਾਲ ਤੋਂ ਸਿਰ ਤੇ ਚੁੱਕੀ ਸਵਾਲਾਂ ਦੀ ਪੰਡ ਦੇ ਭਾਰ ਦਾ ਬ੍ਰੇਨਵਾਸ਼ ਕਰਦਿਆਂ ਮੈਂ ਉਸਦਾ ਸ਼ਬਦੀਕਰਣ ਕਰਕੇ ਬੜਾ ਹਲਕਾ ਮਹਿਸੂਸ ਕਰਨ ਲਗ ਪਿਆਂ।ਲਿਖਣ ਮਿਤੀ 13-02-2022 ਸੰਪਰਕ +16044427676
Access our app on your mobile device for a better experience!