ਮੰਜੀ ਤੇ ਬੈਠਾ ਬਾਪੂ ਜੀ ਜਦੋਂ ਵੀ ਮੈਨੂੰ ਚੌਂਕੇ ਵਿੱਚ ਵੜਦੀ ਹੋਈ ਨੂੰ ਦੇਖ ਲੈਂਦਾ ਤਾਂ ਚਾਹ ਵੱਲੋਂ ਜਰੂਰ ਆਖ ਦਿੰਦਾ..
ਵੱਡੇ ਟੱਬਰ ਦੀਆਂ ਰੋਟੀਆਂ ਅਤੇ ਹੋਰ ਸੌ ਕੰਮ..ਤੇ ਉੱਤੋਂ ਚਾਹ ਦੀ ਇਹ ਬੇਮੌਸਮੀ ਜਿਹੀ ਫਰਮਾਇਸ਼..ਅਕਸਰ ਮਨ ਹੀ ਮਨ ਵਿਚ ਸੋਚਦੀ ਕਿ ਪਤਾ ਨੀ ਕਦੋ ਗਲੋਂ ਲੱਥੂ ਇਹ ਮੁਸੀਬਤ..
ਹੱਦ ਤੇ ਕਈ ਵਾਰ ਉਦੋਂ ਹੋ ਜਾਂਦੀ ਜਦੋਂ ਉਹ ਉਚੇਚਾ ਆਖ ਅਦਰਕ ਕਟਵਾਉਂਦਾ ਤੇ ਵਿਚ ਹਲਕੀ ਜਿਹੀ ਇਲਾਇਚੀ ਵੀ ਪਾਉਣ ਨੂੰ ਆਖ ਦਿਆ ਕਰਦਾ!
ਮੈਂ ਅਕਸਰ ਹੀ ਕਿੰਨਾ ਚਿਰ ਬੁਰਾ ਭਲਾ ਆਖਦੀ ਰਹਿੰਦੀ..ਕਈ ਵਾਰ ਉੱਚੀ ਉੱਚੀ ਅਤੇ ਕਈ ਵਾਰ ਅੰਦਰੋਂ ਅੰਦਰੀ..
ਉਸਨੂੰ ਉੱਚਾ ਸੁਣਦਾ ਹੋਣ ਕਰਕੇ ਪਤਾ ਨਾ ਲੱਗਦਾ ਕਿ ਮੈਂ ਕੀ ਆਖ ਰਹੀਂ ਹੁੰਦੀ..
ਉਸ ਦਿਨ ਡਾਕਟਰਾਂ ਏਨੀ ਗੱਲ ਆਖ ਜਵਾਬ ਦੇ ਦਿੱਤਾ ਕਿ ਸਾਰੇ ਸਿਸਟਮ ਫੇਲ ਨੇ..ਹੁਣ ਘਰੇ ਜਿੰਨੀ ਸੇਵਾ ਹੁੰਦੀ ਕਰ ਲਵੋ..
ਇਹ ਸੋਚ ਕੇ ਕਿ ਭਾਣਾ ਕਿਸੇ ਵੇਲੇ ਵੀ ਵਾਪਰ ਸਕਦਾ..ਮੁੜਕੇ ਚੁੱਲ੍ਹੇ ਚੌਂਕੇ ਦੀ ਕਿਸਨੂੰ ਹੋਸ਼ ਰਹਿਣੀ..ਨਿਆਣਿਆਂ ਸਿਆਣਿਆਂ ਲਈ ਅੱਗ ਤੇ ਦਾਲ ਚੜ੍ਹਾ ਦਿੱਤੀ!
ਘੜੀ ਕੂ ਮਗਰੋਂ ਮੰਜੇ ਤੇ ਪਏ ਬਾਪੂ ਜੀ ਨੇ ਅੱਖਾਂ ਖੋਲੀਆਂ..
ਸੈਨਤ ਮਾਰ ਕੋਲ ਬੁਲਾਇਆ..ਤੇ ਆਖਣ ਲੱਗੇ “ਧੀਏ ਇੱਕ ਕੱਪ ਚਾਹ..”
ਮੈਂ ਪੂਰੀ ਗੱਲ ਸੁਣੇ ਬਗੈਰ ਹੀ ਭੱਜੀ-ਭੱਜੀ ਚੌਂਕੇ ਵੱਲ ਨੂੰ ਗਈ..ਕਾਹਲੀ ਵਿਚ ਚੁੰਨੀ ਦੇ ਪੱਲੇ ਨਾਲ ਰਿਝਦੀ ਹੋਈ ਦਾਲ ਵਾਲਾ ਪਤੀਲਾ ਹੇਠਾਂ ਲਾਹਿਆ ਤੇ ਚੁੱਲੇ ‘ਤੇ ਚਾਹ ਵਾਲੀ ਪਤੀਲੀ ਚਾੜ੍ਹ ਦਿੱਤੀ।
ਅੱਜ ਸ਼ਾਇਦ ਪਹਿਲੀ ਵਾਰ ਸੀ ਕਿ ਅਦਰਕ ਕੱਟਦੀ ਹੋਈ ਦੇ ਬੁੱਲ੍ਹ ਸੀਤੇ ਹੋਏ ਸਨ ਤੇ ਗੰਢਿਆਂ ਨੂੰ ਹੱਥ ਵੀ ਨਹੀਂ ਸੀ ਲਾਇਆ ਤਾਂ ਵੀ ਅੱਖੀਆਂ ‘ਚੋਂ ਲਗਾਤਾਰ ਪਾਣੀ ਵਗੀ ਤੁਰੀ ਜਾ ਰਿਹਾ ਸੀ।
ਹਰਪ੍ਰੀਤ ਸਿੰਘ ਜਵੰਦਾ