More Punjabi Sikhism  Posts
23 ਦਸੰਬਰ ਦਾ ਇਤਿਹਾਸ – ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਦੀ ਸ਼ਹਾਦਤ

23 ਦਸੰਬਰ ਨੂੰ ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਆਉ ਇਤਿਹਾਸ ਤੇ ਸੰਖੇਪ ਝਾਤ ਮਾਰੀਏ।
ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ 1666 ਈ. ਦੇ ਪ੍ਰਕਾਸ਼ ਤੋਂ 3-4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ 1667 ਈ. ਨੂੰ ਭਾਈ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।ਇਸ ਕਰਕੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਕਲਗੀ ਸਜਾ ਕੇ ਤੇ ਦੁਸ਼ਮਨ ਨੂੰ ਲਲਕਾਰ ਕੇ ਨਿਕਲੇ ਸਨ। ਆਉ ਸੰਗਤ ਜੀ ਤਹਾਨੂੰ ਚਮਕੌਰ ਦੀ ਗੜ੍ਹੀ ਵਿੱਚ ਲੈ ਕੇ ਚਲਦੇ ਹਾਂ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਥਾਪੜਾ ਦੇ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹੁੰਦੇ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ ਬਚਨ ਕੀਤੇ-ਆਜ ਖ਼ਾਸ ਭਯੋ ਖਾਲਸਾ, ਸਤਿਗੁਰੁ ਕੇ ਦਰਬਾਰ।
ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ-
ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ।ਸ਼ੁਕਰੇ ਅੱਲਾਹ ਕੀਆ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ।ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।
ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ “ਗੁਰੂ ਪੰਥ” ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ “ਹੁਕਮ” ਸੁਣਾਇਆ। “ਆਪੇ ਗੁਰ ਚੇਲਾ” ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ ਨਿਵਾਇਆ, ਪ੍ਰੰਤੂ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ “ਗੁਰੂ ਪੰਥ” ਅੱਗੇ ਕੀਤੀ ਜੋ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਮੂੰਹ-ਮੁਹਾਂਦਰੇ ਵਾਲੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਉਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।
ਅਗਲੀ ਸਵੇਰ 9 ਪੋਹ, 1761 ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠਾ ਭਾਈ ਸੰਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ “ਫ਼ਤਹਿ ਗਜਾ” ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ-
ਕਲਗੀ ਜਿਗ੍ਹਾ ਔਰ ਯਹ ਹੋਈ। ਗੁਰੂ ਗੋਬਿੰਦ ਇਹੈ ਹੈ ਸੋਈ। ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।
ਇਹ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ-
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ। ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ।
ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ ਕਿ-ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(੮੨੯) ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (੨੬)
ਉਸ ਵੇਲੇ ਰੌਲਾ ਪੈ ਗਿਆ ਕਿ ਸਿੱਖਾਂ ਦਾ ਗੁਰੂ ਗਿਆ ਜੇ ਫੜੋ! ਸਿੱਖਾਂ ਦਾ ਗੁਰੂ ਗਿਆ ਜੇ ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ। ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ ਦੇ ਹਨ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਲੜਾਈ ਦੇ ਅੰਤਿਮ ਦਿਨਾਂ ਵਿਚ, ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਦਿੱਤਾ ਕਿ ”ਉਹ ਚਮਕੌਰ ਦੀ ਹਵੇਲੀ ਛੱਡ ਜਾਣ” ਮਹਾਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪ੍ਰੰਪਰਾ ਅਰਥਾਤ ਖਾਲਸਾ ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ, ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ, ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ, ਉੱਚੀ ਆਵਾਜ਼ ਨਾਲ ਕਿਹਾ, ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ ਲਓ। ਜਦੋਂ ਨਿਰਭੈ ਮਹਾਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ ਤਾਂ ਮੁਗਲ ਫੌਜਾਂ ਵਿਚ ਭਗਦੜ ਮਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ ਨੂੰ ਟਿਕਣ ਨਾ ਦਿੱਤਾ। ਹੁਣ ਕਿਤੇ ਵੇਲਾ ਖੁੰਝ ਨਾ ਜਾਵੇ, ਤਕੜੇ ਹੋ ਕੇ ਹਿੰਮਤ ਮਾਰ ਕੇ ਗੁਰੂ ਨੂੰ ਜਿਉਂਦਾ ਹੀ ਫੜ ਲਓ। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।
ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲ਼ੀ ਤੇ ਠੰਡੀ ਰਾਤ ਦੇ ਹਨੇਰੇ ਵਿਚ ਹੜਬੜਾਏ ਹੋਏ, ਮੁਗਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ ਲੱਗ ਪਏ। ਸਵੇਰੇ ਪਹੁ-ਫੁਟਾਲੇ ਨਾਲ, ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਉਨ੍ਹਾਂ ਨੇ ਛੱਤ ਉੱਪਰ ਬੈਠੇ ਹੋਏ ਗੁਰੂ ਜੀ ਨੂੰ ਦੇਖਿਆ। ਵਾਸਤਵ ਵਿਚ ਸਤਿਗੁਰੂ ਜੀ ਦੁਆਰਾ ਬਖਸ਼ਿਆ ਹੋਇਆ ਚੋਲਾ ਅਤੇ ਕਲਗੀ ਸਜਾਈ ਬੈਠਾ, ਇਹ ਭਾਈ ਸੰਗਤ ਸਿੰਘ ਨਿਰਭੈ ਯੋਧਾ ਸੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ। ਵਜ਼ੀਰ ਖਾਨ ਨੇ ਖੁਦ ਅੱਖੀਂ ਦੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਹਵੇਲੀ ਉੱਪਰ ਬੈਠੇ ਹੋਏ ਹਨ। ਕਲਗੀ, ਸ਼ਕਲ, ਕੱਦ ਅਤੇ ਚੋਲਾ ਵੀ ਉਹੀ ਹੈ।…ਤਾਂ ਵਜ਼ੀਰ ਖਾਂ ਨੂੰ ਕੜਾਕੇਦਾਰ ਠੰਡ ਵਿਚ ਹੀ ਤ੍ਰੇਲੀਆਂ ਆਉਣ ਲੱਗ ਪਈਆਂ। ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ। ਹੈਂ! ਗੁਰੂ ਅਜੇ ਜਿਉਂਦਾ ਹੈ? ਰਾਤ ਉਹ ਕੌਣ ਜਿਸਨੇ ਮੇਰੀ ਅਣਖ ਨੂੰ ਤਾੜੀ ਮਾਰ ਕੇ, ਉੱਚੀ ਬੋਲ ਕੇ ਵੰਗਾਰਿਆ ਸੀ? ਏਨੀ ਸੈਨਾ ਵੀ ਮਰ ਗਈ। ਲਾਸ਼ਾਂ ਪਰ ਲਾਸ਼ਾਂ ਪਈਆਂ ਹੋਈਆਂ ਹਨ ਪਰ ਗੁਰੂ ਅਜੇ ਵੀ ਜਿਉਂਦਾ ਹੈ? ਹੇ ਖੁਦਾ! ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਨਾਂ ਭੁੱਖ ਲੱਗਦੀ, ਨਾਂ ਪਿਆਸ, ਨਾਂ ਹੀ ਇਹ ਕਿਸੇ ਤੋਂ ਡਰਦੇ ਹਨ। ਜੇ ਅਸੀਂ ਇਨ੍ਹਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਸ਼ਾਹ ਰਗ ਨੂੰ ਐਸਾ ਹੱਥ ਪਾਉਂਦੇ ਹਨ ਕਿ ਕਿਸੇ ਨੂੰ ਜਿਉਂਦਾ ਵਾਪਸ ਮੁੜਨ ਹੀ ਨਹੀਂ ਦਿੰਦੇ। ਗਿਣਤੀ ਦੇ ਕੁਝ ਦਰਜਨ ਕੁ ਸਿੰਘਾਂ ਨੇ ਸਾਡੀ ਫੌਜ ਲੱਗਭਗ ਖਤਮ ਹੀ ਕਰ ਦਿੱਤੀ ਹੈ। ਵੱਡੇ-ਵੱਡੇ ਸੈਨਾਪਤੀ ਨਹੀਂ ਰਹੇ, ਵਜ਼ੀਰ ਖਾਨ ਦੇ ਕਮਾਂਡਰ ਇਕੱਠੇ ਹੋਏ। ਸੈਨਾਪਤੀ ਨੂਰ ਖਾਂ ਨੇ ਆਖਿਆ, ਸਿੱਖਾਂ ਵਿਚ ਕੋਈ ਜਾਦੂ-ਸ਼ਕਤੀ ਕੰਮ ਕਰਦੀ ਹੈ। ਉਨ੍ਹਾਂ ਦੀ ਪਿੱਠ ਪਿੱਛੇ ਜ਼ਰੂਰ ਕੋਈ ਤਾਕਤ ਹੈ। ਗੁਰੂ ਦੀ ਸ਼ਕਤੀ ਦਾ ਤਾਂ ਅੰਦਾਜ਼ਾ ਹੀ ਬੇਹਿਸਾਬ ਹੈ, ਉਸਦੇ ਤਾਂ ਸਿੱਖ ਹੀ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਸਿੱਖਾਂ ਦਾ ਗੁਰੂ ਜੇਕਰ ਇਕ ਤੀਰ ਮਾਰਦਾ ਹੈ ਤਾਂ ਸਾਡੇ ਚਾਰ-ਚਾਰ, ਪੰਜ-ਪੰਜ ਸੂਰਮਿਆਂ ਨੂੰ ਵਿੰਨ੍ਹ ਦਿੰਦਾ ਹੈ। ਸੈਨਾਪਤੀ ਨੂਰ ਖਾਂ ਨੇ ਆਖਿਆ, ਤਾਹੀਓਂ ਤਾਂ ਸਾਨੂੰ ਇਨ੍ਹਾਂ ਸਿੰਘਾਂ ਤੋਂ ਡਰ ਲੱਗਦਾ ਹੈ।
ਵਜ਼ੀਰ ਖਾਨ ਨੇ ਆਪਣੇ ਇਕੱਠੇ ਹੋਏ ਸੈਨਾਪਤੀਆਂ ਨੂੰ ਆਖਿਆ ਚਾਹੇ ਕੁਝ ਵੀ ਹੈ, ਸਾਨੂੰ ਹਮਲਾ ਤਾਂ ਕਰਨਾ ਹੀ ਪਵੇਗਾ। ਆਖਰੀ ਵੇਰ ਦਾ ਇਕ ਕਹਿਰੀ ਹੱਲਾ ਬੋਲ ਦਿਓ ਤੇ ਇਹ ਹੱਲਾ ਐਸਾ ਧਮਾਕੇਦਾਰ ਧੜੱਲੇ ਨਾਲ ਕਰੋ ਕਿ ਆਰ-ਪਾਰ ਦੀ ਲੜਾਈ ਹੋ ਜਾਵੇ। ਮੁੱਠੀ ਕੁ ਭਰ ਤਾਂ ਸਿੰਘ ਨੇ, ਹੁਣ ਬਚ ਕੇ ਨਾਂ ਜਾਣ! ਆਓ ਹੱਥੀਂ ਪਕੜ ਲਓ।
ਇਧਰ ਗੁਰੂ ਕੇ ਸਿੰਘਾਂ ਨੂੰ ਭਿਣਕ ਪੈ ਗਈ, ਨਿਰਭੈ ਯੋਧੇ ਭਾਈ ਸੰਗਤ ਸਿੰਘ ਜੀ ਹਵੇਲੀ ਦੇ ਬਾਹਰੀ ਦਰਵਾਜ਼ੇ ਲਾਗੇ ਖੜ੍ਹੇ, ਬਾਕੀ ਸਾਥੀ ਸਿੰਘਾਂ ਦੇ ਕੋਲ ਆ ਗਏ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ, ਹਵੇਲੀ ਦਾ ਬੂਹਾ ਇਕਦਮ ਖੋਲ੍ਹ ਕੇ, ਸਿੰਘ “ਸਤਿ ਸ੍ਰੀ ਅਕਾਲ” ਬੁਲਾ ਕੇ ਮੁਗਲ ਫੌਜਾਂ ਉੱਤੇ ਟੁੱਟ ਪੈ ਗਏ। ਤੇਗਾਂ ਨਾਲ ਤੇਗਾਂ ਇਸ ਤਰ੍ਹਾਂ ਟਕਰਾਉਣ ਲੱਗੀਆਂ ਜਿਵੇਂ ਅਸਮਾਨੀ ਬਿਜਲੀ ਕਾਲੇ ਬੱਦਲਾਂ ਵਿਚ ਚਮਕਦੀ ਹੈ। ਸਿੰਘਾਂ ਦੇ ਜੈਕਾਰਿਆਂ ਨਾਲ ਧਰਤੀ ਗੂੰਜ ਉੱਠੀ। ਸਿੰਘਾਂ ਦਾ ਏਨਾ ਜ਼ਬਰਦਸਤ ਹੱਲਾ ਹੋਣ ਨਾਲ ਮੁਗਲ ਸੈਨਿਕ ਧੜਾ-ਧੜ ਧਰਤੀ ‘ਤੇ ਡਿੱਗਣ ਲੱਗ ਪਏ। ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦਾ ਧੜ ਕੱਟਿਆ ਹੋਇਆ ਸੀ ਤੇ ਉਹ ਕੁਰਲਾ ਰਹੇ ਸਨ। ਭਾਈ ਸੰਗਤ ਸਿੰਘ ਜੀ ਸਿੰਘਾਂ ਦੇ ਸੈਨਾਪਤੀ ਦੇ ਰੂਪ ਵਿਚ ਲਲਕਾਰੇ ਮਾਰ ਰਹੇ ਸਨ। ਬਹਾਦਰ ਯੋਧੇ ਭਾਈ ਸੰਗਤ ਸਿੰਘ ਦੀ ਤਲਵਾਰ ਦਾ ਵਾਰ ਕੋਈ ਵੀ ਨਹੀਂ ਸੀ ਸਹਾਰ ਸਕਦਾ। ਉਹ ਵੀ ਇਸ ਵਾਰੀ ਆਰ-ਪਾਰ ਦੀ ਲੜਾਈ ਲੜ ਰਹੇ ਸਨ। ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗਲ ਫੌਜਾਂ ਦਾ ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ। ਉਨ੍ਹਾਂ ਨੂੰ ਭੁਲੇਖਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਭਾਈ ਸੰਗਤ ਸਿੰਘ ਜੀ ਦੋਵਾਂ ਹੱਥਾਂ ਨਾਲ ਸ਼ਸਤਰਾਂ ਦੇ ਵਾਰ ਕਰ ਰਹੇ ਸਨ। ਚਮਕੌਰ ਦੇ ਇਸ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ, ਬਾਕੀ ਸਿੰਘਾਂ ਦੇ ਨਾਲ ਮਹਾਨ ਸ਼ਹੀਦੀ ਪ੍ਰਾਪਤ ਕਰ ਗਏ।
ਇਹ ਸੀ ਬੀਰ-ਕਹਾਣੀ ਮਹਾਨ ਯੋਧੇ ਭਾਈ ਸੰਗਤ ਸਿੰਘ ਜੀ ਦੀ ਜੋ ਮਾਤਾ ਅਮਰੋ ਜੀ ਅਤੇ ਪਿਤਾ ਭਾਈ ਰਣੀਆਂ ਜੀ ਦੇ ਗ੍ਰਹਿ ਵਿਖੇ ਪੈਦਾ ਹੋਇਆ। ਬਚਪਨ ਦੀ ਉਮਰ ਤੋਂ ਹੀ ਭਾਈ ਸੰਗਤ ਸਿੰਘ ਜੀ, ਸਤਿਗੁਰੂ ਜੀ ਦੀ ਸੰਗਤ ਵਿਚ ਰਹੇ। ਆਪ ਜੀ ਸ਼ਸਤਰ ਵਿੱਦਿਆ ਵਿਚ ਬਹੁਤ ਮਾਹਿਰ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਰਹੇ। ਜਦੋਂ 1699 ਈ. ਵਿਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਦੋਂ ਤੋਂ ਭਾਈ ਸੰਗਤਾ ਜੀ ਅੰਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣ ਗਏ ਸਨ। ਆਪ ਜੀ ਸਦਾ ਹੀ ਗੁਰੂਘਰ ਪ੍ਰਤੀ ਵਫਾਦਾਰ, ਇਮਾਨਦਾਰ ਅਤੇ ਆਗਿਆਕਾਰ ਰਹੇ। ਪਰਉਪਕਾਰ, ਸੇਵਾ, ਸਿਮਰਨ ਵਿਚ ਵੀ ਆਪ ਘੱਟ ਨਹੀਂ ਸਨ। ਆਰੰਭਿਕ ਅਵਸਥਾ ਤੋਂ ਹੀ ਆਪ ਜੀ ਵਿਚ ਬੀਰਰਸ, ਗੁਰੂਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਭਾਈ ਸੰਗਤ ਸਿੰਘ ਵਿਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ, ਕ੍ਰਿਪਾ ਕਰੋ ਜੀ, ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਬਾਬੇ ਨਾਨਕ ਦਾ ਦਰ-ਘਰ ਹੀ ਹੈ। ਮਿਹਰ ਕਰਕੇ ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ, ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ ਘੋੜੇ ਏਨੇ ਤੇਜ਼ ਭਜਾਏ ਕਿ ਕਮਾਲ ਹੀ ਕਰ ਦਿੱਤੀ।
ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਘਰ ਵਿਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਓਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ ਹੌਂਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ। ਜਦੋਂ ਉਸ ਨੂੰ ਪਾਰ (ਖਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ ਪਠਾਣ ਦੀ ਘਰਵਾਲੀ ਨੇ ਤਰਲੇ ਪਾਏ, ਮਿੰਨਤਾਂ ਕੀਤੀਆਂ, ਪਠਾਣ ਨੇ ਅੱਗੇ ਤੋਂ ਅਜਿਹੇ ਕੁਕਰਮ ਨਾਂ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ ਵਿਚ ਆ ਪੰਡਤ ਦੇ ਹਵਾਲੇ ਕੀਤੀ। ਇਸ ਸਾਰੀ ਕਾਰਵਾਈ ਵਿਚ ਬਾਬਾ ਸੰਗਤ ਸਿੰਘ ਜੀ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਸਹਿਯੋਗ ਸ਼ਲਾਘਾਯੋਗ ਸੀ।
ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਸਰਸਾ ਨਦੀ ਦੇ ਕੰਢੇ ਹੋਏ ਮੁਗਲਾਂ ਨਾਲ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ ਨੇ ਵੀ ਤੇਗ ਦੇ ਚੰਗੇ ਜੌਹਰ ਦਿਖਾਏ ਸਨ।
ਭਾਈ ਸੰਗਤ ਸਿੰਘ ਜੀ ਦੀ ਜੀਵਨ-ਗਾਥਾ, ਇਕ ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਗਾਥਾ ਹੈ। ਆਪ ਜੀ ਜਿਥੇ ਗੁਰੂ ਦਸਮੇਸ਼ ਪਿਤਾ ਦੇ ਪੂਰੇ ਵਿਸ਼ਵਾਸਪਾਤਰ ਤੇ ਆਗਿਆਕਾਰੀ ਸਨ, ਉਥੇ ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ। ਸਿੱਖ ਇਤਿਹਾਸ ਵਿਚ ਜਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ ਚੱਲੇਗੀ, ਉਥੇ ਭਾਈ ਸੰਗਤ ਸਿੰਘ ਜੀ ਦਾ ਨਾਮ ਵੀ ਬੜੇ ਫਕਰ ਨਾਲ ਲਿਆ ਜਾਂਦਾ ਰਹੇਗਾ। ( ਚਲਦਾ )
ਜੋਰਾਵਰ ਸਿੰਘ ਤਰਸਿੱਕਾ।

...
...

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)

Mahjong Ways Game Terbaik Terpercaya Mahjong Ways Online Pola Gates Of Olympus Game Maxwin Gates Of Olympus Jam Bagus Main Mahjong Ways Game Mahjong Ways 2 Game Online Indonesia Game Paling Gampang Maxwin Info Strategi Mahjong Ways 2 Jam Gacor Gates Of Olympus Jam Terbaik Main Game Mahjong Ways Link Game Thailand Pasti JP Pola Terbaru Mahjong Ways Pola Antik Pengundang Scatter Incess Pola Gacor Olympus 1000 Anti Boncos Pola Keramat Starlight Princess Pola Scatter Hitam Mahjong Ways Situs Game Online Gampang Maxwin Cara Curang Main Mahjong Ways Game Mahjong Gampang Menang