Sub Categories
ਮੈਂ ਮਜ਼ਦੂਰ ਹਾਂ,
ਦੱਬਿਆ ਹੋਇਆ,
ਕੁਚਲਿਆ ਹੋਇਆ,
ਲਤਾੜਿਆ ਹੋਇਆ ,
ਜਿਸ ਨੂੰ ਆਪਣੇ ਬਾਰੇ
ਸੋਚਣ ਦੀ ਕੋਈ ਆਜ਼ਾਦੀ ਨਹੀਂ ।
ਕਿਉਂਕਿ ਮੈਂ ਮਜ਼ਦੂਰ ਹਾਂ।
ਮੇਰੇ ਘਰ ਖੁਸ਼ੀਆਂ ਨਹੀਂ ਆਉਂਦੀਆਂ,
ਮੇਰੇ ਘਰ ਦੁੱਖ ਤਕਲੀਫਾਂ ਜਨਮ ਲੈਂਦੀਆਂ ਨੇ,
ਸਾਥੋਂ ਤਾਂ ਸਾਡੇ ਚਾਵਾਂ ਨੇ ਵੀ ਮੁੱਖ ਮੋੜ ਕੇ ਰੱਖਿਆ ਏ,
ਉਹ ਵੀ ਸਾਥੋਂ ਦੂਰ ਦੀ ਹੋ ਲੰਘਦੇ ਨੇ,
ਜਿਵੇਂ ਉਹਨਾਂ ਨੂੰ ਪਤਾ ਹੋਵੇ, ਕਿ
ਇਹ ਘਰ ਸਾਡੇ ਲਈ ਨਹੀਂ,
ਇਸ ਘਰ ਵਿਚ ਸਾਡਾ ਕੋਈ ਕੰਮ ਨਹੀਂ।
ਅਸੀਂ ਸਵੇਰੇ ਫੋਨ ਤੇ Good morning ਨਹੀਂ ਭੇਜਦੇ,
ਅਸੀਂ ਤਾਂ ਸਵੇਰ ਤੋਂ ਹੀ
ਰਾਤ ਦਾ ਸਫ਼ਰ ਮੁਕਾਉਣ ਵਿਚ ਲੱਗ ਜਾਂਦੇ ਹਾਂ ।
ਤੇ ਰਾਤ
ਨਵੇਂ ਸੁਪਨੇ ਬਣਦਿਆਂ,
ਜੋ ਸ਼ਾਇਦ ਕਦੀ ਪੂਰੇ ਨਹੀਂ ਹੋਣੇ।
ਸਾਡੇ ਲਈ ਕੋਈ ਯੂਨੀਫਾਰਮ ਨਹੀਂ ਹੁੰਦੀ,
ਨਾ ਹੀ ਕੱਪੜੇ ਪ੍ਰੈਸ ਹੁੰਦੇ ,
ਨਾ ਪੈਰੀਂ ਬੂਟ , ਤੇ
ਚੱਪਲਾਂ ਸਾਡੇ ਪੈਰਾਂ ਦਾ ਸ਼ਿੰਗਾਰ ਬਣਦੀਆਂ।
ਜਿੰਨਾ ਨੂੰ ਪਾ ਅਸੀਂ ਜ਼ਿੰਦਗੀ ਦੇ ਸਫ਼ਰਾਂ ਤੇ ਨਿਕਲ ਪੈਂਦੇ।
ਸਵੇਰ ਤੋਂ ਸ਼ਾਮ ਦੀ ਮਿਹਨਤ ਤੋਂ ਬਾਅਦ ਜਦ ਘਰ ਮੁੜਦੇ
ਅਧੂਰੇ ਸੁਪਨਿਆਂ ਦੇ ਨਾਲ,
ਝੂਠੀ ਮੁਸਕਰਾਹਟ ਦੇ ਨਾਲ,
ਬੱਚਿਆਂ ਦੀਆਂ ਚਮਕਦੀਆਂ ਅੱਖਾਂ ਦਾ ਸਾਹਮਣਾ
ਕਿਸੇ ਬਹੁਤ ਵੱਡੀ ਸੁਨਾਮੀ ਦਾ
ਸਾਹਮਣਾ ਕਰਨ ਦੇ ਬਰਾਬਰ ਹੁੰਦਾ ਹੈ।
ਜਿਹਦੇ ਡਰ ਨਾਲ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ
ਤੇ
ਅਸੀਂ ਵੱਡਾ ਜਿਗਰਾ ਕਰ
ਦਿਲ ਤੇ ਪੱਥਰ ਰੱਖ ਘਰ ਨੂੰ ਮੁੜ ਆਉਂਦੇ ।
✍️ ਗੁਰਮੀਤ ਸਿੰਘ ਘਣਗਸ
9872617880