Sub Categories
–::– ਪਿਓ ਦੀਆਂ ਅੱਖਾਂ –::–
ਗੱਲ ਬਹੁਤੀ ਪੁਰਾਣੀ ਨਹੀਂ ਜਦੋਂ ਕਰਨੈਲ ਦੇ ਘਰ ਕੋਈ ਔਲਾਦ ਨਹੀਂ ਸੀ। ਉਹਨੇ ਤੇ ਉਹਦੀ ਘਰਵਾਲੀ ਨੇ ਰੋਜ ਗੁਰੂਦੁਆਰੇ ਜਾਣਾ ਤੇ ਸੱਚੇ ਦਿਲੋਂ ਉਸ ਰੱਬ ਅੱਗੇ ਅਰਦਾਸਾਂ ਕਰਨੀਆਂ ਕਿ ਰੱਬਾ ਸਾਨੂੰ ਔਲਾਦ ਬਖਸ਼ਦੇ। ਤੇ ਇਕ ਦਿਨ ਰੱਬ ਨੇ ਉਹਨਾਂ ਦੀ ਸੁਣ ਲਈ ਅਤੇ ਉਹਨਾਂ ਘਰ ਮੁੰਡਾ ਹੋਇਆ। ਕਰਨੈਲ ਤੇ ਉਹਦੀ ਘਰਦੀ ਬਹੁਤ ਖੁਸ਼ ਸਨ। ਸਾਰੇ ਪਿੰਡ ‘ਚ ਲੱਡੂ ਵੰਡੇ ਉਹਨਾਂ ਚਾਈਂ-ਚਾਈਂ। ਕਰਨੈਲ ਬਹੁਤਾ ਅਮੀਰ ਤਾਂ ਨਹੀਂ ਸੀ ਪਰ ਜਿੰਨ੍ਹੇ ਕੂ ਜੋਗਾ ਸੀ ਉਹਨੇ ਆਪਣੇ ਪੁੱਤ ਨੂੰ ਲਾਡਾ ਪਿਆਰਾਂ ਨਾਲ ਪਾਲਿਆ ਤੇ ਪੜਾਇਆ ਲਿਖਾਇਆ। ਉਹਦੇ ਸਾਰੇ ਸੁਪਨੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਮੁੰਡੇ ਨੂੰ ਵੱਡੇ ਕਾਲਜ ਲਾਉਣ ਵਾਸਤੇ ਘਰ ਕੋਈ ਪੈਸਾ ਨਹੀਂ ਸੀ। ਅਤੇ ਪਿਓ ਨੇ ਆੜਤੀਏ ਤੋਂ ਵਿਆਜੂ ਪੈਸੇ ਫੜ ਕਿ ਪੁੱਤ ਨੂੰ ਪੜਾਇਆ। ਉਹਦੀ ਪੜਾਈ ਨਹੀਂ ਰੁਕਣ ਦਿੱਤੀ। ਤੇ ਨਾ ਹੀ ਪੁੱਤ ਨੂੰ ਤੱਤੀ ਵਾਹ ਲੱਗਣ ਦਿੱਤੀ। ਮੁੰਡਾ ਜਵਾਨ ਹੋ ਗਿਆ ਵਧੀਆ ਪੜ੍ਹ ਲਿਖ ਗਿਆ। ਪਿਓ ਦਾ ਇਕ ਹੀ ਸੁਪਨਾ ਸੀ ਕਿ ਮੇਰਾ ਪੁੱਤ ਵੱਡਾ ਹੋ ਕਿ ਵਧੀਆ ਅਫਸਰ ਬਣੇ। ਤੇ ਸਾਰੇ ਪਿੰਡ ਵਾਲੇ ਮੈਨੂੰ ਵਧਾਈਆਂ ਦੇਣ।
ਕੀ ਹੋਇਆ? ਪੁੱਤ ਨੇ ਅੱਜ ਤਿਆਰ ਹੋ ਕਿ ਨੌਕਰੀ ਲਈ ਇੰਟਰਵਿਓ ਦੇਣ ਜਾਣਾ ਸੀ। ਮਾਂ ਨੇ ਪੁੱਤ ਨੂੰ ਚਾਈਂ-ਚਾਈਂ ਮਿੱਠਾ ਦਹੀ ਖਵਾਇਆ ਅਤੇ ਉਸ ਦਾਤੇ ਅੱਗੇ ਅਰਦਾਸ ਕੀਤੀ ਕਿ ਰੱਬਾ ਸਾਡੇ ਪੁੱਤ ਨੂੰ ਵਧੀਆਂ ਨੌਕਰੀ ਮਿਲ ਜਾਵੇ। ਪੁੱਤ ਜਦੋਂ ਨੌਕਰੀ ਲਈ ਗਿਆ ਤਾਂ ਨੌਕਰੀ ਵਾਲਿਆ ਨੇ ਪਹਿਲਾਂ ਇੰਟਰਵਿਓ ਕੀਤੀ, ਉਸਤੋਂ ਬਾਅਦ ਮੈਡੀਕਲ ਹੋਇਆ, ਮੈਡੀਕਲ ਵਿੱਚੋਂ ਮੁੰਡੇ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਤੇਰੀਆਂ ਅੱਖਾਂ ਠੀਕ ਨਹੀਂ ਤੇ ਨਜ਼ਰ ਵੀ ਕੰਮਜੋਰ ਆ। ਮੁੰਡਾ ਰੋਂਦਾ ਕੁਰਲਾਉਂਦਾ ਮੈਡੀਕਲ ਚੋਂ ਬਾਹਰ ਹੋ ਗਿਆ। ਘਰ ਪਹੁੰਚਦਾ ਤੇ ਬਹੁਤ ਉਦਾਸ ਹੁੰਦਾ , ਮਾਂ ਪਿਓ ਤੋਂ ਉਹਦੀ ਉਦਾਸੀ ਦੇਖੀ ਨਾ ਜਾਂਦੀ ਤੇ ਉਹਨੂੰ ਪੁੱਛਦੇ ਕਿ ਪੁੱਤ ਕੀ ਹੋਇਆ? ਉਦਾਸ ਕਿਓ ਹੈ? ਤਾਂ ਮੁੰਡਾ ਰੋਂਦਾ ਕੁਰਲਾਉਂਦਾ ਦੱਸਦਾ ਕਿ ਮੈਨੂੰ ਉਹਨਾਂ(ਨੌਕਰੀ ਵਾਲਿਆਂ) ਮੈਡੀਕਲ ਚੋਂ ਕੱਢ ਦਿੱਤਾ। ਪਿਓ ਨੇ ਪੁੱਛਿਆ, ਕਿ ਕਿਓ ਪੁੱਤ? ਤਾਂ ਮੁੰਡੇ ਨੇ ਅੱਗੋਂ ਜਵਾਬ ਦਿੱਤਾ, ਕਿ ਮੇਰੀਆਂ ਅੱਖਾਂ ਠੀਕ ਨਹੀਂ ਤੇ ਨਜ਼ਰ ਵੀ ਕੰਮਜੋਰ ਆ। ਇਹ ਗੱਲ ਸੁਣ ਕੇ ਮਾਂ ਪਿਓ ਦੇ ਵੀ ਅੱਖਾਂ ਚ ਹੰਝੂ ਆ ਜਾਂਦੇ। ਪਰ ਪਿਓ ਨੇ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ “ਇਹ ਕਿੱਢੀ ਕੂ ਗੱਲ ਆ ਪੁੱਤਰਾ” ਤੂੰ ਫਿਕਰ ਨਾ ਕਰ, ਆਪਾਂ ਕੱਲ ਨੂੰ ਹੀ ਅੱਖਾਂ ਵਾਲੇ ਹਸਪਤਾਲ ਜਾਵਾਂਗੇ, ਤੇ ਸੱਭ ਠੀਕ ਹੋ ਜਾਵੇਗਾ।
ਅਗਲਾ ਦਿਨ ਚੜਿਆ ਪੁੱਤ ਤੇ ਪਿਓ ਦੋਨੋਂ ਅੱਖਾਂ ਵਾਲੇ ਹਸਪਤਾਲ ਗਏ। ਉਥੋਂ ਡਾਕਟਰ ਤੋਂ ਪਤਾ ਕੀਤਾ, ਕਿ ਅੱਖਾਂ ਠੀਕ ਕਰਵਾਉਣ ਤੇ ਕਿੰਨੇ ਪੈਸੇ ਲੱਗਣਗੇ? ਤਾਂ ਡਾਕਟਰ ਨੇ ਦੱਸਿਆ, ਕਿ ਤਿੰਨ ਕੂ ਲੱਖ ਲੱਗੇਗਾ। ਪਿਓ ਨੇ ਪੁੱਤ ਨੂੰ ਕਮਰੇ ਚੋਂ ਬਾਹਰ ਭੇਜ ਦਿੱਤਾ ਤੇ ਡਾਕਟਰ ਨਾਲ ਸਾਰੀ ਗੱਲਬਾਤ ਕੀਤੀ, ਕਿ ਅੱਖਾਂ ਤੁਸੀਂ ਮੇਰੀਆਂ ਪਾ ਦਵੋ। ਪਰ ਫੀਸ ਘੱਟ ਕਰ ਲਵੋ। ਡਾਕਟਰ ਨੇ ਕਿਹਾ ਠੀਕ ਹੈ, ਤੁਸੀਂ ਅੱਧੀ ਫੀਸ ਦੇ ਦਿਓ ਫਿਰ ਓਪਰੇਸ਼ਨ ਦੀ। ਪਿਓ ਲਈ ਅੱਧੀ ਫੀਸ ਵੀ ਬਹੁਤ ਜਿਆਦਾ ਸੀ। ਉਹਨੇ ਕੀ ਕੀਤਾ? ਕਿਵੇਂ ਨਾ ਕਿਵੇਂ ਆਪਣੀ ਪੈਲੀ,ਡੰਗਰ ਵੇਚ ਕੇ ਅੱਧੀ ਫੀਸ ਇਕੱਠੀ ਕੀਤੀ ਤੇ ਮੁੰਡੇ ਦਾ ਇਲਾਜ ਸ਼ੁਰੂ ਕਰਵਾਇਆ। ਡਾਕਟਰਾਂ ਨੇ ਪਿਓ ਦੀਆਂ ਅੱਖਾਂ ਕੱਢ ਕੇ ਮੁੰਡੇ ਦੇ ਪਾ ਦਿੱਤੀਆਂ ਅਤੇ ਮੁੰਡਾ ਪੂਰਾ ਠੀਕ ਹੋ ਗਿਆ। ਉਹਨੂੰ ਵਧੀਆ ਦਿਖਣ ਲੱਗ ਗਿਆ।
ਥੋੜੇ ਦਿਨਾਂ ਬਾਅਦ ਮੁੰਡਾ ਫਿਰ ਨੌਕਰੀ ਲਈ ਉਹਨਾਂ ਕੋਲ ਗਿਆ, ਜਿੰਨਾਂ ਕੋਲ ਪਹਿਲਾਂ ਗਿਆ ਸੀ। ਉਹਨੇ ਇੰਟਰਵਿਊ ਦਿੱਤੀ ਤੇ ਮੈਡੀਕਲ ਹੋਇਆ। ਮੁੰਡਾ ਦੋਨਾਂ ਚੋਂ ਪਾਸ ਹੋ ਗਿਆ। ਵਧੀਆ ਨੌਕਰੀ ਮਿਲ ਗਈ। ਸਮਾਂ ਬੀਤਿਆ ਮੁੰਡਾ ਵੱਡਾ ਅਫਸਰ ਬਣ ਗਿਆ। ਮਾਂ-ਪਿਓ ਦੋਨੋ ਬਹੁਤ ਖੁਸ਼ ਸੀ। ਇਕ ਦਿਨ ਮੁੰਡੇ ਦਾ ਪਿਓ ਪਿੰਡ ਦੇ ਕਿਸੇ ਬੰਦੇ ਨੂੰ ਨਾਲ ਲੈ ਕੇ ਆਪਣੇ ਪੁੱਤ ਨੂੰ ਮਿਲਣ ਉਹਦੇ ਦਫਤਰ ਜਾਂਦਾ। ਤੇ ਮੁੰਡਾ ਅੱਗੋਂ ਪਿਓ ਦੇ ਪਾਟੇ ਜਿਹੇ ਲੀੜੇ(ਕੱਪੜੇ) ਪਾਏ ਦੇਖ ਕੇ ਪਿਓ ਨੂੰ ਗੁੱਸੇ ਨਾਲ ਦਫਤਰ ‘ਚੋਂ ਬਾਹਰ ਕੱਢ ਦਿੰਦਾ ਹੈ। ਪਿਓ ਬਹੁਤ ਦੁਖੀ ਹੁੰਦਾ ਤੇ ਮੁੰਡੇ ਨੂੰ ਕਹਿੰਦਾ, “ਕਿ ਪੁੱਤਰਾ ਜਿਹਦੇ ਕਰਕੇ ਤੈਨੂੰ ਇਹ ਨੌਕਰੀ ਮਿਲੀ ਆ, ਓਹ ਮੇਰੀਆਂ ਹੀ ਅੱਖਾਂ ਸੀ, ਉਹ ਮੈਂ ਹੀ ਹਾਂ।” ਮੁੰਡਾ ਗੱਲ੍ਹ ਨੂੰ ਧਿਆਨ ਨਾਲ ਨਹੀਂ ਸੁਣਦਾ ਤੇ ਘਮੰਡ ਦਾ ਮਾਰਿਆ ਦਫਤਰ ‘ਚ ਜਾ ਬੈਠਦਾ ਹੈ। ਥੋੜੇ ਸਮੇਂ ਬਾਅਦ ਪਤਾ ਚਲਦਾ ਹੈ, ਕਿ ਉਹ ਮੁੰਡੇ ਦਾ ਪਿਓ ਅੱਖਾਂ ਦੀ ਨਜ਼ਰ ਕੰਮਜੋਰ ਹੋਣ ਕਰਕੇ ਕਿਸੇ ਟਰੱਕ ਦੀ ਟੱਕਰ ਵੱਜਣ ਨਾਲ ਮੌਕੇ ‘ਤੇ ਹੀ ਮਰ ਜਾਂਦਾ ਹੈ। ਤਾਂ ਜਦੋਂ ਉਸ ਮੁੰਡੇ ਨੂੰ ਇਸ ਗੱਲ੍ਹ ਦਾ ਪਤਾ ਚੱਲਦਾ ਤਾਂ ਉਹ ਬਹੁਤ ਰੋਂਦਾ ਹੈ, ਕਿ ਇਹ ਅੱਜ ਮੈਂ ਕੀ ਕਰਤਾ ਜਿਹਦੇ ਕਰਕੇ ਮੈਂ ਏਥੋਂ ਤੱਕ ਪਹੁੰਚਿਆ ਸੀ, ਜਿੰਨੇ ਸੀਂ ਨਹੀਂ ਕੀਤੀ ਆਪਣੀਆਂ ਅੱਖਾਂ ਵੀ ਮੈਨੂੰ ਦੇ ਦਿੱਤੀਆਂ ਤੇ ਅੱਜ ਮੈਂ ਆ ਮੁੱਲ ਪਾਇਆ ਉਹਦੀ ਕੁਰਬਾਨੀ ਦਾ।
ਸਿੱਖਿਆ:- ਕਦੇ ਆਪਣੇ ਮਾਂ-ਪਿਓ ਦੇ ਕੀਤੇ ਅਹਿਸਾਨਾਂ ਨੂੰ ਨਾ ਭੁੱਲੋ। ਤੇ ਨਾ ਹੀ ਉਹਨਾਂ ਨੂੰ ਨਾ ਕੋਈ ਦੁੱਖ ਦਿਓ, ਕਿਓਕਿ ਬਦਲੇ ‘ਚ ਦੁੱਖ ਹੀ ਮਿਲਦੇ ਹਨ।
– ਧੰਜਲ ਜ਼ੀਰਾ।
-:- ਜਿੰਦਗੀ ਦੇ ਅਸੂਲ -:-
ਜਿਉਣਾ ਮਰਨਾ ਓਸ ਕੁਦਰਤ ਨੇ ਲਿਖਿਆ ਫੇਰ ਆਪਾਂ ਕਿਓ ਡਰੀਏ,
ਜਿਸ ਰਾਹ ਤੁਰ ਪਏ ਤੁਰੇ ਜਾਈਏ ਕਦੇ ਪਿੱਛੇ ਨਾ ਮੁੜੀਏ,
ਜਿੰਦਗੀ ਦੇ ਅਸੂਲਾਂ ਨੂੰ ਏਨ੍ਹਾਂ ਮਜਬੂਤ ਬਣਾ ਲਵੋ ਕਿ ਤੁਹਾਡੇ ਮੁਕਾਬਲੇ ਕੋਈ ਨਾ ਖੜ ਸਕੇ। ਹਰ ਮੁਕਾਮ, ਮੰਜਿਲ ਨੂੰ ਤੁਸੀਂ ਹੱਸ-ਹੱਸ ਕੇ ਜਿੱਤੋਂ। ਕੋਈ ਔਕੜਾਂ ਮੁਸ਼ਕਿਲਾਂ ਦੀ ਪਰਵਾਹ ਨਾ ਹੋਵੇ। ਬਸ ਇਕ ਹੀ ਨਿਸ਼ਾਨਾ ਹੋਵੇ, ਜਿਸ ਮੰਜਿਲ ‘ਤੇ ਜਾਣਾ। ਕਿਓਕਿ ਦੋ ਬੇੜੀਆਂ ‘ਚ ਪੈਰ ਪਾਉਣ ਵਾਲੇ ਅਕਸਰ ਹੀ ਡਿੱਗ ਪੈਂਦੇ ਹਨ। ਇਸ ਲਈ ਤੁਸੀਂ ਆਪਣਾ ਇਕ ਨਿਸ਼ਾਨਾ (ਮੰਜਿਲ) ਧਾਰ ਲਵੋ, ਫੇਰ ਦੇਖਿਓ ਕਦੇ ਪਿੱਛੇ ਮੁੜਣ ਦੀ ਲੋੜ ਨਹੀੰ ਪਵੇਗੀ। ਆਪਣੇ ਆਪ ਹੀ ਰਾਹ ਬਣਦੇ ਜਾਣਗੇ।
ਇਸ ਜਿੰਦਗੀ ਦੇ ਰਾਹਾਂ ਵਿੱਚ ਬੜੇ ਪੈਰ ਖਿੱਚਣ ਵਾਲੇ ਵੀ ਮਿਲਣਗੇ। ਜੋ ਤੁਹਾਡੇ ਤੋਂ ਈਰਖਾ ਕਰਦੇ ਹੋਣਗੇ। ਪਰ ਤੁਸੀਂ ਕਿਸੇ ਦੀ ਪਰਵਾਹ ਨਾ ਕਰਿਓ। ਜਿੰਦਗੀ ਇਕ ਇਮਤਿਹਾਨ ਹੈ, ਜੋ ਤੁਹਾਨੂੰ ਹਰ ਮੋੜ ਤੇ ਅਜਮਾ ਰਹੀ ਹੈ ਤੇ ਅਜਮਾਏਗੀ। ਪਰ ਤੁਸੀਂ ਹੌਂਸਲੇ ਬੁਲੰਦ ਕਰਕੇ, ਸਮੁੰਦਰ ਚੀਰ ਕੇ ਵਿੱਚੋਂ ਦੀ ਲੰਘ ਜਾਣਾ। ਜਿੰਦਗੀ ਦੇ ਅਸੂਲ ਨੂੰ ਇਕ ਬਣਾਲੋ। ਆਪਣੀ ਸੋਚ ਇਕ ਕਰਲੋ, ਆਪਣੇ ਦਿਮਾਗ ਤੇ ਕਾਬੂ ਪਾਉਣਾ ਸਿੱਖੋ, ਉਹਨੂੰ ਦੋਗਲਾ ਨਾ ਸੋਚਣ ਦਿਓ। ਕਿਓਕਿ ਜਦੋਂ ਬੰਦਾ ਦੋਗਲਾ ਸੋਚਦਾ ਹੈ, ਤਾਂ ਓਹ ਕਿਸੇ ਪਾਸੇ ਦਾ ਨਹੀੰ ਰਹਿੰਦਾ। ਤੇ ਉਹਦੀ ਸੋਚ ਤੇ ਦਿਮਾਗ ਦੋਨੋ ਭਟਕਦੇ ਰਹਿੰਦੇ ਹਨ। ਇਸ ਕਰਕੇ ਤੁਸੀਂ ਇਕ ਮਿਸ਼ਨ ਧਾਰ ਲਓ ਤੇ ਉਸ ਦਾਤੇ ਅੱਗੇ ਸੱਚੇ ਦਿਲੋਂ ਅਰਦਾਸ ਕਰਕੇ ਆਪਣੇ ਰਾਹਾਂ ਵੱਲ ਸਿੱਧੇ ਤੁਰਦੇ ਜਾਓ। ਕਿਓਕਿ ਜਿਸਦੇ ਸਿਰ ਤੇ ਉਸ ਦਾਤੇ ਦਾ ਹੱਥ ਆ, ਓਹ ਕਦੇ ਡੋਲਦਾ ਨਹੀਂ। ਨਾ ਹੀ ਓਹ ਕਿਸੇ ਔਕੜਾਂ ਤੋਂ ਡਰਦਾ ਹੈ। ਓਹ ਨਿਡਰ ਹੋ ਤੁਰਦਾ ਜਾਂਦਾ ਹੈ।
– ਧੰਜਲ ਜ਼ੀਰਾ।
+91-98885-02020
—–::: ਫਾਟਕ :::—–
ਅਜੇ ਕੱਲ ਦੀ ਗੱਲ ਆ ਮੈਂ ਬੱਸ ਦੀ ਉਡੀਕ ਵਿੱਚ ਫਾਟਕਾਂ ਨੇੜੇ ਖੜਾ ਸੀ। ਕੀ ਦੇਖ ਰਿਹਾਂ, ਕਿ ਇਕ ਫਾਟਕਾਂ ਵਾਲਾ ਕਰਮਚਾਰੀ ਫਾਟਕ ਲਗਾ ਰਿਹਾ ਸੀ। ਫਾਟਕਾਂ ਨੂੰ ਲੱਗਦਾ ਦੇਖਕੇ ਸਾਰੇ ਮੋਟਰਸਾਇਕਲ, ਗੱਡੀਆਂ ਵਾਲੇ ਛੇਤੀ-ਛੇਤੀ ਫਾਟਕਾਂ ਦੇ ਹੇਠੋਂ ਦੀ ਲੰਘ ਰਹੇ ਸਨ। ਤੇ ਏਨ੍ਹੇ ਨੂੰ ਹੌਲੀ-ਹੌਲੀ ਫਾਟਕ ਬੰਦ ਹੋ ਗਏ। ਫਾਟਕ ਬੰਦ ਹੋਣ ਤੋਂ ਹੋਏ ਪ੍ਰੇਸ਼ਾਨ ਲੋਕ ਓਥੇ ਗੱਲ੍ਹਾਂ ਕਰ ਰਹੇ ਸਨ, ਕਿ ਏਥੇ ਪੁਲ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ, ਪਰ ਸਰਕਾਰ ਕਿੱਥੇ ਇਹ ਕੰਮਾਂ ਵੱਲ ਧਿਆਨ ਦਿੰਦੀ ਆ।
ਉਨ੍ਹਾਂ ਦੀਆਂ ਗੱਲ੍ਹਾਂ ਵਿੱਚੇ ਹੀ ਰਹਿ ਗਈਆਂ ਜਦੋਂ ਪਿੱਛੋਂ ਤੇਜ ਆਉਂਦੀ ਐਂਬੂਲੈਂਸ ਦੀ ਅਵਾਜ ਸੁਣੀ। ਮੇਰੇ ਪਾਸਿਓ ਐਂਬੂਲੈਂਸ ਤੇਜ ਹੂਟਰ ਮਾਰਦੀ ਆ ਰਹੀ ਸੀ। ਫਾਟਕ ਲੱਗੇ ਦੇਖ ਕੇ ਐਂਬੂਲੈਂਸ ਦੇ ਡਰਾਇਵਰ ਨੇ ਐਂਬੂਲੈਂਸ ‘ਚੋਂ ਉਤਰ ਕੇ ਫਾਟਕਾਂ ਵਾਲੇ ਕਰਮਚਾਰੀ ਦੀਆਂ ਮਿੰਨਤਾਂ ਕੀਤੀਆਂ, ਕਿ ਸਾਨੂੰ ਲੰਘ ਜਾਣਦੋ ਬਹੁਤ ਐਮਰਜੈਂਸੀ ਆ। ਪਰ ਉਸ ਕਰਮਚਾਰੀ ਨੇ ਆਪਣੀ ਡਿਊਟੀ ਨੂੰ ਮੁੱਖ ਰੱਖਦੇ ਹੋਏ ਡਰਾਇਵਰ ਦੀ ਕੋਈ ਗੱਲ ਨਾ ਸੁਣੀ। ਤੇ ਏਨ੍ਹੇ ਨੂੰ ਐਂਬੂਲੈਂਸ ‘ਚ ਪਏ ਮਰੀਜ ਦੀ ਉੱਥੇ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਮੇਰੀ ਇੰਟਰਵਿਓ ਦਾ ਸਮਾਂ ਵੀ ਮੇਰੇ ਹੱਥੋਂ ਨਿਕਲਦਾ ਜਾ ਰਿਹਾ ਸੀ। ਕਾਫੀ ਸਮਾਂ ਖੜਣ ਮਗਰੋਂ ਪਤਾ ਲੱਗਾ ਕਿ ਟਰੇਨ ਅਜੇ ਇਕ ਘੰਟਾ ਹੋਰ ਲੇਟ ਹੈ। ਤੇ ਮੇਰੀ ਇੰਟਰਵਿਓ ਦਾ ਸਮਾਂ ਵੀ ਮੇਰੇ ਹੱਥੋਂ ਨਿਕਲ ਗਿਆ।
ਮੈਂ ਬਹੁਤ ਉਦਾਸ ਪ੍ਰੇਸ਼ਾਨ ਸੀ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ। ਅੱਜ ਕਿਤੇ ਇਹ ਫਾਟਕ ਨਾ ਲੱਗਦੇ ਤਾਂ ਮੇਰੀ ਇੰਟਰਵਿਓ ਹੋ ਜਾਣੀ ਸੀ ਤੇ ਉਹ ਐਂਬੂਲੈਂਸ ਵਾਲਾ ਮਰੀਜ ਵੀ ਬਚ ਜਾਣਾ ਸੀ।
ਸਹੀ ਕਹਿੰਦੇ ਸੀ ਓਥੇ ਖੜੇ ਲੋਕ, ਕਿ ਏਥੇ ਇਕ ਪੁਲ ਬਣਨਾ ਚਾਹੀਦਾ ਹੈ, ਤਾਂ ਜੋ ਅੱਜ ਆ ਸਮੱਸਿਆ ਨਾ ਆਉਂਦੀ।
– ਧੰਜਲ ਜ਼ੀਰਾ।
+91-98885-02020