Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ..
ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..!
ਇੱਕ ਦਿਨ ਉਸਨੂੰ ਮੈਂ ਆਪਣੇ ਪਿੱਛੇ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..!
ਨਿੱਕੇ ਨੇ ਸਾਈਕਲ ਦੀ ਨਵੀਂ ਨਵੀਂ ਜਾਚ ਸਿੱਖੀ ਸੀ..ਉਹ ਉਸਦੇ ਮਗਰ ਬੈਠਣ ਤੋਂ ਝਿਜਕਦੀ..
ਪਰ ਨਿੱਕੇ ਨੂੰ ਬਹੁਤ ਹੀ ਜਿਆਦਾ ਚਾਅ ਹੁੰਦਾ..!
ਇੱਕ ਵਾਰ ਅੱਗਿਓਂ ਆਉਂਦੀ ਬੱਸ ਤੋਂ ਬਚਾਅ ਕਰਦੇ ਹੋਏ ਦੋਵੇਂ ਲਾਗੇ ਪਾਣੀ ਨਾਲ ਭਰੇ ਟੋਏ ਵਿਚ ਜਾ ਪਏ..
ਦੋਹਾਂ ਦੀਆਂ ਚੱਪਲਾਂ ਗਵਾਚ ਗਈਆਂ..ਕੱਪੜੇ ਵੀ ਗਿੱਲੇ ਹੋ ਗਏ..ਮੈਂ ਸਿਰੋਂ ਪੱਗ ਲਾਹ ਉਸਦੇ ਗਿੱਲੇ ਕੱਪੜੇ ਢੱਕ ਦਿੱਤੇ..! ਤਿੰਨਾਂ ਸਲਾਹ ਕਰ ਲਈ ਕੇ ਘਰੇ ਨਹੀਂ ਦੱਸਣਾ..ਸਗੋਂ ਇਹ ਆਖਣਾ ਕੇ ਗੁਰਦੁਆਰਿਓਂ ਚੁੱਕੀਆਂ ਗਈਆਂ!
ਕੱਪੜੇ ਚੰਗੀ ਤਰਾਂ ਸੁੱਖਾ ਲਏ..ਪਰ ਫੇਰ ਵੀ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ!
ਨਿੱਕੇ ਨੂੰ ਕੁੱਟ ਪੈਣ ਲੱਗੀ ਤਾਂ ਆਖਣ ਲੱਗੀ ਕੇ ਮੈਥੋਂ ਪਿੱਛੇ ਬੈਠੀ ਕੋਲੋਂ ਹਜੋਕਾ ਜਿਹਾ ਵੱਜ ਗਿਆ ਤੇ ਇਸਦਾ ਹੈਂਡਲ ਡੋਲ ਗਿਆ..!
ਮੈਂ ਅਕਸਰ ਆਖਿਆ ਕਰਦਾ ਕੇ ਜਦੋਂ ਤੇਰਾ ਵਿਆਹ ਹੋਇਆ ਚਾਰੇ ਲਾਵਾਂ ਮੈਂ ਹੀ ਪੂਰੀਅਾਂ ਕਰਵਾਊਂ..ਉਹ ਅੱਗੋਂ ਸੰਗ ਜਾਇਆ ਕਰਦੀ ਤੇ ਗੱਲ ਦੂਜੇ ਪਾਸੇ ਪਾ ਦਿਆ ਕਰਦੀ..!
ਕੁਝ ਸਾਲਾਂ ਬਾਅਦ ਮੈਂ ਫੌਜ ਵਿਚ ਭਰਤੀ ਹੋ ਗਿਆ ਤੇ ਨਿੱਕਾ ਦੁਬਈ ਚਲਾ ਗਿਆ..
ਚਾਚੇ ਦੇ ਤੁਰ ਜਾਣ ਮਗਰੋਂ ਚਾਚੀ ਦਾ ਰਵਈਆ ਬਦਲ ਜਿਹਾ ਗਿਆ..ਉਸਦੇ ਪੇਕੇ ਭਾਰੂ ਹੋ ਗਏ..!
ਮੈਂ ਨਿੱਕੀ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਲਿਖਦਾ ਪਰ ਕੋਈ ਜੁਆਬੀ ਚਿੱਠੀ ਨਾ ਆਇਆ ਕਰਦੀ! ਬਾਪੂ ਹੁਰਾਂ ਸਾਰੀ ਜਮੀਨ ਵੀ ਵੰਡ ਦਿੱਤੀ ਪਰ ਨਾ ਚਾਹੁੰਦਿਆਂ ਹੋਇਆ ਵੀ ਗੱਲ ਪੰਚਾਇਤ ਤੱਕ ਅੱਪੜ ਗਈ..!
ਬਾਪੂ ਹੁਰਾਂ ਸਾਰਾ ਕੁਝ ਸਿਰ ਸੁੱਟ ਮੰਨ ਲਿਆ..ਫੇਰ ਵੀ ਚਾਚੀ ਦੇ ਪੇਕਿਆਂ ਦੀ ਤਸੱਲੀ ਨਾ ਹੋਈ ਤੇ ਬੋਲ ਚਾਲ ਬੰਦ ਜਿਹਾ ਹੋ ਗਿਆ!
ਖੁੱਲੇ ਵੇਹੜੇ ਦੀ ਹਿੱਕ ਵਿਚ ਡੂੰਗੀ ਲਕੀਰ ਵੱਜ ਗਈ ਤੇ ਇੱਕ ਦੇ ਦੋ ਘਰ ਬਣ ਗਏ!
ਮੇਰੀ ਸਾਂਭੇ ਸੈਕਟਰ ਪੋਸਟਿੰਗ ਸੀ..
ਇੱਕ ਦਿਨ ਪਤਾ ਲੱਗਾ ਕੇ ਨਿੱਕੀ ਦਾ ਵਿਆਹ ਧਰਿਆ ਗਿਆ..ਬਾਪੂ ਹੁਰਾਂ ਕੋਲੋਂ ਕੋਈ ਸਲਾਹ ਵੀ ਨਹੀਂ ਲਈ ਗਈ ਤੇ ਨਾ ਹੀ ਕੋਈ ਸੱਦਾ ਪੱਤਰ ਹੀ ਦਿੱਤਾ ਗਿਆ!
ਕਾਲਜੇ ਦਾ ਰੁੱਗ ਭਰਿਆ ਗਿਆ..ਇੰਝ ਲੱਗਾ ਜਿੱਦਾਂ ਕਿਸੇ ਖੰਜਰ ਖੋਬ ਦਿੱਤਾ ਹੋਵੇ..! ਪਿੰਡ ਜਾਣ ਲਈ ਛੁੱਟੀ ਮੰਗੀ ਪਰ ਕਾਰਗਿਲ ਜੰਗ ਕਰਕੇ ਨਾਂਹ ਹੋ ਗਈ..
ਕੱਲਾ ਬੈਠਾ ਕਿੰਨੀ ਦੇਰ ਰੋਂਦਾ ਰਿਹਾ..ਨਾਲਦੇ ਪੁੱਛਣ ਕੀ ਹੋਇਆ..ਆਖਾ ਭੈਣ ਬੋਲਦੀ ਨੀ..ਕੋਈ ਰੋਗ ਲੱਗ ਗਿਆ ਉਸਨੂੰ..!
ਵਿਆਹ ਵਾਲੇ ਦਿਨ ਬਾਰਾਂ ਕੂ ਵਜੇ ਸਾਨੂੰ ਸ਼੍ਰੀਨਗਰ ਕੂਚ ਕਰਨ ਦੇ ਹੁਕਮ ਹੋ ਗਏ..! ਕਾਣਵਾਈ ਵਾਲੇ ਟਰੱਕ ਵਿਚ ਮੈਂ ਅੱਖਾਂ ਮੀਟ ਅਨੰਦ ਕਾਰਜ ਤੇ ਅੱਪੜ ਗਿਆ..ਆਪਣੀਆਂ ਗਿੱਲੀਆਂ ਅੱਖਾਂ ਪੂੰਝਦੇ ਹੋਏ ਨੂੰ ਇੰਝ ਲੱਗੇ ਜਿਦਾਂ ਲਾਲ ਸੂਹੇ ਕੱਪੜਿਆਂ ਵਿਚ ਲਪੇਟੀ ਹੋਈ ਉਹ ਮੇਰੇ ਗਲ਼ ਲੱਗ ਰੋਣੋਂ ਨਹੀਂ ਸੀ ਹਟ ਰਹੀ..!
ਫੇਰ ਆਥਣ ਵੇਲੇ ਮਨ ਹੀ ਮਨ ਅੰਦਰ ਉਸਦੀ ਕਾਰ ਨੂੰ ਧੱਕਾ ਲਾ ਉਸਨੂੰ ਤੋਰ ਵੀ ਦਿੱਤਾ.
ਮਨ ਨੂੰ ਠਹਿਰਾਅ ਜਿਹਾ ਆ ਗਿਆ ਕੇ ਕਾਰਜ ਨੇਪਰੇ ਚਾੜਿਆ ਗਿਆ!
ਮੁੜ ਚੱਲਦੀ ਲੜਾਈ ਵਿਚ ਅਗਲੇ ਪੰਦਰਾਂ ਵੀਹ ਦਿਨ ਕੋਈ ਹੋਸ਼ ਨਾ ਰਹੀ..! ਇੱਕ ਦਿਨ ਦੁਪਹਿਰ ਵੇਲੇ ਸਿਰ ਨਹਾ ਆਪਣੀ ਯੂਨਿਟ ਵਿਚ ਆਰਾਮ ਕਰ ਰਿਹਾ ਸਾਂ ਕੇ ਸੰਤਰੀ ਨੇ ਆਣ ਜਗਾਇਆ..
ਆਖਣ ਲੱਗਾ “ਭਾਉ” ਚੱਲ ਬਾਹਰ ਕਵਾਟਰ ਗਾਰਡ ਲਾਗੇ ਤੇਰੇ ਪ੍ਰਾਹੁਣੇ ਤੈਨੂੰ ਉਡੀਕੀ ਜਾਂਦੇ..
ਪੁੱਛਿਆ ਕੌਣ ਏ ਤਾਂ ਗੱਲ ਲੁਕੋ ਗਿਆ!
ਸਿਰ ਤੇ ਓਸੇ ਤਰਾਂ ਪਰਨਾ ਜਿਹਾ ਲਪੇਟ ਇਹ ਸੋਚ ਬਾਹਰ ਨੂੰ ਤੁਰ ਪਿਆ ਕੇ ਕੌਣ ਹੋ ਸਕਦਾ ਏ..! ਬਾਹਰ ਜਾ ਵੇਖਿਆ ਤਾਂ ਰੁੱਖਾਂ ਦੀ ਛਾਵੇਂ ‘ਨਿੱਕੀ’ ਤੇ ਉਸਦਾ ਪ੍ਰਾਹੁਣਾ ਖਲੋਤੇ ਹੋਏ ਸਨ..ਲਾਲ ਸੂਹਾ ਸੂਟ ਪਾਈ ਉਹ ਮੇਰੇ ਵੱਲ ਨੂੰ ਇੰਝ ਨੱਸੀ ਆਈ ਜਿੱਦਾਂ ਡਾਰੋਂ ਵਿੱਛੜੀ ਹੋਈ ਕੋਈ “ਕੂੰਝ” ਹੋਵੇ..! ਗਲ਼ ਲੱਗ ਕਿੰਨਾ ਚਿਰ ਰੋਂਦੀ ਹੋਈ ਵਾਰ ਵਾਰ ਬੱਸ ਏਨਾ ਹੀ ਆਖੀ ਜਾ ਰਹੀ ਸੀ ਕੇ ਵੀਰਾ ਮੈਨੂੰ ਮੁਆਫ ਕਰਦੇ..ਜੋ ਕੁਝ ਹੋਇਆ ਓਸਤੇ ਮੇਰਾ ਕੋਈ ਵੱਸ ਨਹੀਂ ਸੀ..! ਮਗਰੋਂ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਹੋਈਆਂ ਪਰ ਮੈਨੂੰ ਰਹਿ ਰਹਿ ਕੇ ਇੰਝ ਮਹਿਸੂਸ ਹੋਈ ਜਾ ਰਿਹਾ ਸੀ ਜਿੱਦਾਂ ਸਵਰਗਾਂ ਵਿਚ ਬੈਠੀ ਮੇਰੀ ਮਾਂ ਦੇ ਵੇਹੜੇ ਇੱਕ ਧੀ ਨੇ ਜਨ੍ਮ ਲਿਆ ਹੋਵੇ ਤੇ ਨਾਲ ਹੀ ਸੂਹੇ ਕੱਪੜਿਆਂ ਵਿਚ ਲੁਕੀ ਹੋਈ ਨੇ ਕਿਲਕਾਰੀ ਮਾਰ ਮੈਨੂੰ ਪਹਿਲੀ ਵਾਰ “ਵੀਰ” ਆਖ ਕੋਲ ਸੱਦ ਲਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ

...
...

“ਵਧਾਈਆਂ ਜੀ ਵਧਾਈਆਂ” ਪਿੰਡ ਦੀਆਂ ਸੂਝਵਾਨ ਜਨਾਨੀਆਂ ਤੇ ਮਰਦ ਮਨਦੀਪ ਦੇ ਘਰ ਆ ਕੇ ਇਕ ਸੁਰ ਅਵਾਜ਼ ਕਰਦੇ ਹੋਏ ਕਹਿਣ ਲੱਗੇ। ਮਨਦੀਪ ਦੀ ਮਾਤਾ ਜੀ ਨੇ ਕਿਹਾ “ਤੁਹਾਡੀਆਂ ਵਧਾਈਆਂ ਕਬੂਲ ਹਨ। ਤੁਸੀਂ ਸਾਰੇ ਅੰਦਰ ਕਮਰੇ ਵਿੱਚ ਬੈਠ ਜਾਓ। ਮਨਦੀਪ ਅੰਦਰ ਹੀ ਹੈ। ਉਹ ਤੁਹਾਨੂੰ ਮਿਲ ਕੇ ਖੁਸ਼ ਹੋ ਜਾਵੇਗੀ।”
ਮਨਦੀਪ ਨੇ ਸਾਰਿਆ ਨੂੰ ਸਤਿ ਸ਼੍ਰੀ ਅਕਾਲ ਬੁਲਾਈ। “ਬੇਟੀ, ਤੇਰੀ ਅਖਬਾਰ ਵਿੱਚ ਫੋਟੋ ਦੇਖੀ ਤੈਨੂੰ ਵਧੀਆ ਕਿਸਾਨ ਹੋਣ ਦਾ ਸਨਮਾਨ ਮਿਲਿਆ।” ਹਰਭਜਨ ਕੌਰ ਨੇ ਕਿਹਾ “ਬੇਟੀ ਬਹੁਤ ਖੁਸ਼ੀ ਹੋਈ, ਅਪਣੇ ਸਨਮਾਨ ਬਾਰੇ ਕੁਝ ਸਾਨੂੰ ਵੀ ਦੱਸ।”
“ਜਦੋਂ ਮੈਂ ਗਿਆਰਵੀਂ ਵਿਚੋਂ ਜ਼ਿਲੇ ਵਿੱਚੋਂ ਫਸਟ ਆਈ ਤਾਂ ਪਿਤਾ ਜੀ ਦਾ ਸੁਪਨਾ ਮੈਨੂੰ ਕਨੇਡਾ ਭੇਜਣ ਦਾ ਸੀ ਉਨ੍ਹਾਂ ਨੇ ਮੈਨੂੰ ਆਇਲਸ ਕਰਵਾ ਦਿੱਤਾ। ਉਹ ਮੈਨੂੰ ਵਿਦੇਸ਼ ਭੇਜਣ ਲਈ ਪਾਸਪੋਰਟ ਦਾ ਇੰਤਜ਼ਾਮ ਕਰਨ ਲੱਗੇ। ਉਹ ਬਹੁਤ ਖੁਸ਼ ਸਨ। ਅਚਾਨਕ ਉਨ੍ਹਾਂ ਨੂੰ ਸਾਈਲੈਂਟ ਅਟੈਕ ਪੈ ਗਿਆ। ਮਾਂ ਉਦਾਸ ਰਹਿਣ ਲੱਗੀ। ਮੈਨੂੰ ਲੱਗਾ ਪਿਤਾ ਜੀ ਤੋਂ ਬਿਨਾ ਘਰ ਸੁੰਨਸਾਨ ਹੋ ਗਿਆ।
ਮੈਂ ਇਕ ਦਿਨ ਖੇਤਾਂ ਵਿੱਚ ਗਈ ਮੈਨੂੰ ਲੱਗਾ ਮੈਂ ਖੇਤਾਂ ਦਾ ਸਾਰਾ ਕੰਮ ਕਰ ਸਕਦੀ ਹਾਂ। ਆਪਣੇ ਕਿਸਾਨ ਮਾਮਾ ਜੀ ਦੀ ਸਲਾਹ ਨਾਲ ਮੈਂ ਖੇਤਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ। ਮੈਂ ਛੋਟੀ ਸੀ ਪਿਤਾ ਜੀ ਮੈਨੂੰ ਖੇਤਾਂ ਵਿੱਚ ਨਾਲ ਲੈਂ ਜਾਦੇ ਸੀ। ਪਿਤਾ ਜੀ ਨੇ ਟਰੈਕਟਰ ਚਲਾਨਾ ਤਾਂ ਸਿਖਾ ਹੀ ਦਿੱਤਾ ਸੀ। ਮੈਂ ਖੇਤਾਂ ਵਿੱਚ ਉਨ੍ਹਾਂ ਦੀ ਮਦਦ ਕਰਾਂਦੀ ਸੀ।
“ਵਾਹ! ਵਾਹ! ਧੀਏ ਤੇਰੀ ਮਿਹਨਤ ਰੰਗ ਲਿਆਈ ਹੈ। ਤੂੰ ਬੜੀ ਮਿਹਨਤੀ ਹੈ।”
“ਸੁਨੀਤਾ ਆਂਟੀ, ਤੁਹਾਡੀ ਸਾਰਿਆ ਦੀ ਮਦੱਦ ਨਾਲ ਹੀ ਸੰਭਵ ਹੋਇਆ। ਮੈਂ ਜੋ ਸਬਜ਼ੀ, ਫਲ ਜਾਂ ਮਸਾਲੇ ਬੀਜਦੀ ਉਹ ਤੁਸੀਂ ਖਰੀਦ ਲੈਦੇ ਸੀ। ਇਸ ਵਾਰ ਕਣਕ ਸਾਰੇ ਪਿੰਡ ਵਾਸੀਆ ਨੇ ਖਰੀਦੀ।”
” ਤੇਰੇ ਫਲ ਤੇ ਸਬਜ਼ੀਆਂ ਸਵਾਦ ਹੀ ਬਹੁਤ ਹੁੰਦੇ ਹਨ, ਬਿਨਾ ਸਪਰੇਅ ਤੇ ਜੈਵਿਕ ਖਾਦ ਦੇ। ਤੂੰ ਸਾਨੂੰ ਸਾਡੀ ਜਵਾਨੀ ਯਾਦ ਕਰਵਾ ਦਿੱਤੀ। ਉਸ ਸਮੇਂ ਵੀ ਅਜਿਹੇ ਫਲ ਤੇ ਸਬਜ਼ੀਆਂ ਦਾ ਸਵਾਦ ਹੁੰਦਾ ਸੀ। ਪਰ ਮੈਂ ਇਕ ਸਵਾਲ ਪੁੱਛਣਾ ਸੀ “ਫੇਰ ਤੂੰ ਵਿਦੇਸ਼ ਕਿਉਂ ਨਹੀਂ ਗਈ?”
ਆਪਣੇ ਮਾਤਾ ਜੀ ਕਰਕੇ ਤੇ ਧਰਤੀ ਮਾਂ ਲਈ ਉਸਨੇ ਘੁਟ ਕੇ ਆਪਣੀ ਮਾਂ ਨੂੰ ਗੱਲਵਕੜੀ ਪਾ ਲਈ।
ਬੇਟੀ ਤੂੰ ਤਾਂ ਸਾਡੇ ਪਿੰਡ ਦੀ ਸ਼ਾਨ ਤੇ ਮਾਨ ਹੈ।
ਭੁਪਿੰਦਰ ਕੌਰ ਸਢੌਰਾ

...
...

ਕੋਈ ਪਾਗਲ ਆ ! ਪਤਾ ਨਹੀਂ ਕੀ ਲੁਕਾ ਰਹੀ ਆਪਣੀ ਬੁੱਕਲ ਅੰਦਰ। ਇਹ ਗੱਲਾਂ ਮੇਰੇ ਕੰਨੀ ਪਈਆਂ ਜਦ ਮੈਂ ਆਪਣੇ ਦਫਤਰ ਜਾ ਰਿਹਾ ਸੀ ਪੈਦਲ। ਇੱਕ ਸੜਕ ਦੇ ਵੱਡੇ ਪੁੱਲ ਹੇਠਾਂ ਭੀੜ ਜਮਾਂ ਸੀ ਆਉਂਦੇ ਜਾਂਦੇ ਲੋਕ ਵੇਖਦੇ ਤੇ ਕੁੱਝ ਕੁ ਓਥੇ ਹੀ ਖੜ੍ਹੇ ਵੇਖੀ ਜਾਂਦੇ। ਮੈਂ ਪੁਛਿਆ ਤਾਂ ਕਹਿੰਦੇ ਕੋਈ ਪਾਗਲ ਲੱਗਦੀ ਆ ! ਐਵੇਂ ਲੱਗਦਾ ਚੋਰੀ ਕਰਕੇ ਆਈ ਕਿੱਧਰੋਂ ਆਪਣੀ ਬੁੱਕਲ ਅੰਦਰ ਲੁਕਾ ਰਹੀ ਕੁੱਝ ਦੱਸਦੀ ਵੀ ਨਹੀਂ। ਮੈ ਵੀ ਵੇਖਣ ਲਈ ਉਤਾਵਲਾ ਹੋਇਆ । ਅਧਖੜ ਉਮਰ ਦੀ ਔਰਤ ਨੰਗੇ ਪੈਰ ਬੈਠੀ ਸੀ ਬੁੱਕਲ ਮਾਰ ਕਿ। ਵਾਲ ਖਿੱਲਰੇ ਸਨ। ਕੋਲ ਇੱਕ ਬਿਸਕੁਟ ਦਾ ਪੈਕਟ ਨਾਲ ਕੁੱਝ ਕੁ ਟਾਫੀਆਂ ਸਨ। ਮੈਂ ਉਸਨੂੰ ਬੜੇ ਗੌਰ ਨਾਲ ਵੇਖਿਆ ਜਿਵੇਂ ਉਹ ਇਸ ਭੀੜ ਤੋਂ ਡਰੀ ਹੋਵੇ। ਮੈਂ ਡਰਦਾ ਡਰਦਾ ਉਸ ਔਰਤ ਵੱਲ ਥੋੜ੍ਹਾ ਅੱਗੇ ਵਧਿਆ । ਉਸ ਨੂੰ ਕੁੱਝ ਖਾਣ ਲਈ ਫੜਾਇਆ ਤਾਂ ਉਸਦੇ ਚੇਹਰੇ ਤੇ ਮੁਸਕੁਰਾਹਟ ਆਈ। ਮੈਂ ਉਸਨੂੰ ਪੁੱਛਿਆ ਕੀ ਨਾਮ ਏ ਤੇਰਾ । ਉਹ ਕੁੱਝ ਨਹੀਂ ਬੋਲੀ। ਮੈਂ ਫਿਰ ਉਸਨੂੰ ਕਿਹਾ ਏਨੀ ਠੰਡ ਹੈ ਤੂੰ ਸਿਰ ਤੇ ਕੋਈ ਟੋਪੀ ਵੀ ਨਹੀਂ ਪਾਈ । ਪੈਰ ਵੀ ਨੰਗੇ ਨੇ । ਉਹ ਫਿਰ ਕੁੱਝ ਨਾ ਬੋਲੀ। ਮੈਂ ਫਿਰ ਉਸਨੂੰ ਕਿਹਾ ਆਹ ਬੁੱਕਲ ਅੰਦਰ ਕੀ ਲੁਕਾ ਰਹੀ ਤੂੰ ਦਸ਼ ਹਾਂ ਭਲਾਂ! ਉਸਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਨਾਲ ਹੀ ਬੁੱਕਲ ਖੌਲੀ ਤੇ ਮੈਂ ਵੇਖ ਹੈਰਾਨ ਰਹਿ ਗਿਆ।ਉਹ ਔਰਤ ਤਾਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਕੇ ਬੈਠੀ ਸੀ ਜੋ ਗੂੜੀ ਨੀਂਦ ਸੁੱਤਾ ਸੀ। ਆਪਣੇ ਬੱਚੇ ਨਿੱਘ ਦੇ ਰਹੀ ਸੀ ਘੁੱਟ ਰਹੀ ਸੀ ਕਿਤੇ ਠੰਡ ਨਾ ਲੱਗ ਜਾਵੇ। ਇਹ ਸਭ ਵੇਖ ਲੋਕ ਆਪਣੇ ਆਪਣੇ ਰਸਤੇ ਤੁਰ ਗਏ । ਭਾਵੇਂ ਔਰਤ ਪਾਗਲ ਸੀ ਪਰ *ਮਾਂ ਦੀ ਮਮਤਾ* ਉਸ ਔਰਤ ਵਿਚੋਂ ਝਲਕ ਰਹੀ ਸੀ ਆਪ ਠੰਡ ਵਿੱਚ ਵੀ ਬੱਚੇ ਨੂੰ ਨਿੱਘ ਦੇ ਰਹੀ ਸੀ। ਮੈਂ ਇਹ ਸੋਚ ਓਥੋਂ ਨਿਕਲ ਗਿਆ ਜੀਵੇਂ ਕੁਦਰਤ ਦੀ ਬੁੱਕਲ ਵਿੱਚ ਸਾਰੀ ਦੁਨੀਆਂ ਸਮੇਟੀ ਹੁੰਦੀ ਹੈ ਓਸੇ ਤਰਾਂ ਇੱਕ ਮਾਂ ਨੇ ਬੁੱਕਲ ਵਿੱਚ ਬੱਚਾ ਸਮੇਟਿਆ ਸੀ ।
****ਨਵਨੀਤ ਸਿੰਘ******
*9646865500*
ਜਿਲ੍ਹਾ ਗੁਰਦਾਸਪੁਰ

...
...

ਉਚਾ ਲੰਮਾ ਕਦ..ਘੁੰਗਰਾਲੇ ਵਾਲ..ਗੋਰਾ ਚਿੱਟਾ ਰੰਗ..ਦਿਲਕਸ਼ ਅਦਾਵਾਂ..ਅਤੇ ਨਿੱਤ ਦਿਹਾੜੇ ਬਦਲ ਬਦਲ ਕੇ ਗਲ ਪਾਏ ਵੰਨ ਸੁਵੰਨੇ ਸੂਟ..!
ਇਸ ਸਭ ਕੁਝ ਦੇ ਹੁੰਦਿਆਂ ਉਹ ਜਾਣਦੀ ਸੀ ਕੇ ਉਹ ਸਭ ਨਾਲਦੀਆਂ ਤੋਂ ਸੋਹਣੀ ਏ!

ਮੈਨੂੰ ਉਸਤੋਂ ਵੀਹ ਮਿੰਟ ਪਹਿਲਾਂ ਛੁੱਟੀ ਹੋ ਜਾਇਆ ਕਰਦੀ..

ਕਿਲੋਮੀਟਰ ਦਾ ਪੈਂਡਾ ਤਹਿ ਕਰ ਮੈਂ ਉਚੇਚਾ ਉਸ ਪੰਚਰਾਂ ਵਾਲੀ ਦੁਕਾਨ ਤੇ ਆਣ ਬੈਠਿਆ ਕਰਦਾ..
ਉਸ ਨੂੰ ਪਤਾ ਸੀ ਕੇ ਮੈਂ ਉਸਨੂੰ ਵੇਖਣ ਲਈ ਹੀ ਓਥੇ ਬੈਠਾਂ ਹੁੰਦਾ..!

ਜਦੋਂ ਉਹ ਆਉਂਦੀ ਦਿਸ ਪੈਂਦੀ ਤਾਂ ਮੈਂ ਆਪਣਾ ਧਿਆਨ ਥੱਲੇ ਕਰ ਲਿਆ ਕਰਦਾ..ਦਿੱਲ ਦੀ ਧੜਕਣ ਵੱਧ ਜਾਇਆ ਕਰਦੀ..

ਮੈਨੂੰ ਓਥੇ ਬੈਠਾ ਵੇਖ ਓਹਨਾ ਸਾਰੀਆਂ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਇਆ ਕਰਦੀ..
ਫੇਰ ਜਦੋਂ ਕੋਲ ਆ ਜਾਂਦੀ ਤਾਂ ਮੈਂ ਬਹਾਨੇ ਜਿਹੇ ਨਾਲ ਆਪਣਾ ਸਿਰ ਉੱਪਰ ਨੂੰ ਚੁੱਕਦਾ..ਬਿੰਦ ਕੂ ਲਈ ਨਜਰਾਂ ਮਿਲਦੀਆਂ..ਤੇ ਫੇਰ ਉਹ ਨਾਲਦੀਆਂ ਨਾਲ ਹੱਸਦੀ ਹੋਈ ਅੱਖੋਂ ਓਹਲੇ ਹੋ ਜਾਂਦੀ..!

ਮਗਰੋਂ ਮੈਨੂੰ ਇੰਝ ਲੱਗਦਾ ਜਿੱਦਾਂ ਮੇਰਾ ਪੂਰਾ ਦਿਨ ਲੇਖੇ ਲੱਗ ਗਿਆ ਹੋਵੇ..!

ਉਹ ਕਈ ਵਾਰ ਮੈਨੂੰ ਬਿਨਾ ਵੇਖਿਆਂ ਹੀ ਅਗਾਂਹ ਲੱਗ ਜਾਇਆ ਕਰਦੀ..

ਫੇਰ ਮੈਨੂੰ ਲੱਗਦਾ ਸ਼ਾਇਦ ਮੇਰੀ ਪੱਗ ਵਿਚ ਹੀ ਕੋਈ ਨੁਕਸ ਹੋਣਾ..ਕਦੀ ਮਹਿਸੂਸ ਹੁੰਦਾ ਪੇਂਟ ਬੁਸ਼ਰ੍ਟ ਚੰਗੀ ਤਰਾਂ ਪ੍ਰੈੱਸ ਨਹੀਂ ਹੋਈ ਹੋਣੀ..ਤਾਂ ਹੀ ਸ਼ਾਇਦ..!

ਫੇਰ ਅਗਲੇ ਦਿਨ ਮੈਂ ਹੋਰ ਧਿਆਨ ਨਾਲ ਪੇਚਾਂ ਵਾਲੀ ਪੱਗ ਬੰਨਦਾ..ਹੋਰ ਵੀ ਜਿਆਦਾ ਟੌਰ ਕੱਢਦਾ..!

ਉਸ ਦਿਨ ਵੀ ਜਦੋਂ ਉਹ ਤੁਰੀਆਂ ਆਉਂਦੀਆਂ ਦਿਸ ਪਈਆਂ ਤਾਂ ਮੈਂ ਪਿਛਲੇ ਸਾਈਕਲ ਦੇ ਟਾਇਰ ਦੀ ਹਵਾ ਕੱਢ ਵਾਲਵ ਵਾਲੀ ਰਬੜ ਨੂੰ ਟੋਹ ਕੇ ਵੇਖਣ ਜਾਚਣ ਲੱਗ ਪਿਆ..!

ਕੋਲ ਆਈਆਂ ਤਾਂ ਪਤਾ ਲੱਗਾ ਕੇ ਨਿੱਕੇ ਕਦ ਵਾਲੀ ਨੇ ਆਪਣਾ ਟੁੱਟਿਆ ਹੋਇਆ ਸੈਂਡਲ ਹੱਥ ਵਿਚ ਫੜਿਆ ਹੋਇਆ ਏ ਤੇ ਉਹ ਬਾਕੀ ਤਿੰਨਾਂ ਤੋਂ ਥੋੜਾ ਪੱਛੜ ਕੇ ਤੁਰ ਰਹੀ ਏ..!

ਫੇਰ ਵੇਖਿਆ ਕੇ ਉਹ ਕਾਹਲੀ ਤੁਰਨ ਦੀ ਕੋਸ਼ਿਸ਼ ਵਿਚ ਅੱਗੇ ਤੁਰੀਆਂ ਜਾਂਦੀਆਂ ਨੂੰ ਵਾਜ ਮਾਰਦੀ ਏ ਪਰ ਉਹ ਪਿੱਛੇ ਮੁੜ ਬਿੰਦ ਕੂ ਲਈ ਉਸ ਵੱਲ ਵੇਖਦੀਆਂ..ਫੇਰ ਉਸਦਾ ਮਜਾਕ ਜਿਹਾ ਉਡਾਉਂਦੀਆਂ ਹੋਈਆਂ ਹੋਰ ਤੇਜ ਹੋ ਜਾਂਦੀਆਂ..!

ਇਸ ਵਾਰ ਪਿੱਛੇ ਰਹਿ ਗਈ ਨੇ ਸ਼ਾਇਦ ਆਖਰੀ ਕੋਸ਼ਿਸ਼ ਕੀਤੀ..
ਉਸਨੇ ਦੂਜਾ ਸੈਂਡਲ ਵੀ ਲਾਹ ਕੇ ਹੱਥ ਵਿਚ ਫੜ ਲਿਆ ਤੇ ਨੰਗੇ ਪੈਰੀ ਹੀ ਓਹਨਾ ਵੱਲ ਨੂੰ ਸ਼ੂਟ ਵੱਟ ਲਈ..!

ਅਚਾਨਕ ਉਸਨੂੰ ਠੇਡਾ ਲੱਗਿਆ ਤੇ ਉਹ ਐਨ ਸੜਕ ਦੇ ਵਿਚਕਾਰ ਚੌਫਾਲ ਲੰਮੇ ਪੈ ਗਈ..!

ਅਗਾਂਹ ਤੁਰੀਆਂ ਜਾਂਦੀਆਂ ਨੇ ਇਸ ਵਾਰ ਮੁੜ ਕੇ ਵੇਖਿਆ..ਤੇ ਫੇਰ ਉਹ ਸਾਰੀਆਂ ਜ਼ੋਰ ਨਾਲ ਹੱਸਣ ਲੱਗ ਪਈਆਂ..ਘੁੰਗਰਾਲੇ ਵਾਲਾ ਵਾਲੀ ਹੁਣ ਸਭ ਤੋਂ ਜਿਆਦਾ ਹੱਸ ਰਹੀ ਸੀ..!

ਅਖੀਰ ਭੁੰਜੇ ਡਿੱਗੀ ਪਈ ਖੁਦ ਹੀ ਕੋਸ਼ਿਸ਼ ਕਰਦੀ ਏ..
ਪੈਰਾਂ ਸਿਰ ਹੋਈ..ਖਿਲਰੀਆਂ ਹੋਈਆਂ ਕਿਤਾਬਾਂ ਚੁੱਕਦੀ..ਫੇਰ ਆਪਣਾ ਸੂਟ ਝਾੜਦੀ ਹੋਈ ਦੂਰ ਤੁਰੀਆਂ ਜਾਂਦੀਆਂ ਵੱਲ ਇੱਕ ਵਾਰ ਨਜਰ ਭਰ ਕੇ ਵੇਖ ਕੁਝ ਸੋਚ ਆਪਣੀ ਕੁਦਰਤੀ ਸਪੀਡ ਨਾਲ ਰਵਾਂ-ਰਵੀ ਆਪਣੇ ਘਰ ਨੂੰ ਹੋ ਤੁਰਦੀ..!

ਇਹ ਸਾਰਾ ਕੁਝ ਸਾਮਣੇ ਵਾਪਰਦਾ ਵੇਖ ਅੱਜ ਪਹਿਲੀ ਵਾਰ ਉਹ ਮੈਨੂੰ ਬਿਲਕੁਲ ਵੀ ਸੋਹਣੀ ਨਹੀਂ ਸੀ ਲੱਗੀ..ਮੈਨੂੰ ਇੰਝ ਲੱਗਿਆ ਜਿੱਦਾਂ ਅੱਜ ਉਹ ਨਿੱਕੇ ਕਦ ਵਾਲੀ ਕੁੜੀ ਹੀ ਥੱਲੇ ਨਹੀਂ ਸੀ ਡਿੱਗੀ ਸਗੋਂ ਮੇਰਾ ਖੁਦ ਦਾ ਸਵੈ-ਮਾਣ ਵੀ ਭੁੰਜੇ ਆਣ ਡਿੱਗਾ ਸੀ!

ਹਰਪ੍ਰੀਤ ਸਿੰਘ ਜਵੰਦਾ

...
...

ਕਰਫਿਊ ਲੱਗ ਚੁੱਕਾ ਸੀ। ਚਾਰੇ ਪਾਸੇ ਕਰੋਨਾ ਮਹਾਂਮਾਰੀ ਕਰਕੇ ਹਾਹਾਕਾਰ ਮੱਚੀ ਹੋਈ ਸੀ। ਲੋਕ ਸਭ ਕੁਝ ਜਾਣਦੇ ਹੋਏ ਵੀ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਪੁਲਿਸ ਦੇ ਕਹਿਣ ਦੇ ਬਾਵਜੂਦ ਵੀ ਘਰਾਂ ਵਿੱਚ ਬਾਹਰੋਂ ਆਉਣੇ ਹੱਟਦੇ ਨਹੀਂ ਸਨ। ਪਿੰਡਾਂ ਦੀਆਂ ਸੱਥਾਂ ਵਿੱਚ ਭਾਵੇਂ ਥੋੜੀ ਚਹਿਲਕਦਮੀ ਘਟੀ ਸੀ ਪਰ ਪੁਲਿਸ ਦੇ ਗੇੜਾ ਮਾਰਨ ਤੋਂ ਮਗਰੋਂ ਲੋਕ ਅਕਸਰ ਇਕੱਠੇ ਹੋ ਜਾਂਦੇ ਸਨ। ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਲੋਕ ਇਸ ਬਿਮਾਰੀ ਦਾ ਠੀਕਰਾ ਅਖੀਰ ਨੂੰ ਰੱਬ ਸਿਰ ਮੜ੍ਹ ਦਿੰਦੇ ਸਨ। ਕਈ ਕਹਿੰਦੇ ਕਿ ਕੋਈ ਰੱਬ ਨਹੀਂ, ਐਂਵੇਂ ਸਾਡਾ ਵਹਿਮ ਹੈ। ਫਿਰ ਰੱਬ ਦੀ ਕਰੋਪੀ ਤੋਂ ਬਚਣ ਲਈ ਦੂਜਾ ਕਹਿ ਦਿੰਦਾ, ਆਹੀ ਤਾਂ ਗੱਲ ਸਾਨੂੰ ਮਾਰੀ ਜਾਂਦੀ ਹੈ, ਜਿਹੜਾ ਅੱਧਾ ਮੁਲਕ ਨਾਸਤਿਕ ਬਣਿਆ ਫਿਰਦਾ ਹੈ, ਤਾਂ ਹੀ ਤਾਂ ਉਸਨੇ ਦਿਨੇ ਤਾਰੇ ਵਿਖਾਏ ਹਨ। ਜੇ ਮੰਨੀ ਜਾਂਦੇ ਚੰਗੇ ਨਹੀਂ ਸਨ। ਨਾਲ ਦੇ ਦੂਜੇ ਬਜ਼ੁਰਗਾਂ ਨੇ ਵੀ ਆਪਣੀ ਹਾਮੀ ਭਰੀ। ਤੀਜਾ ਬੋਲਿਆ ਕਿ ਬੰਦੇ ਨੂੰ ਆਪਣੀ ਮੈਂ ਮਾਰਦੀ ਹੈ, ਰੱਬ ਕੋਈ ਨਹੀਂ ਮਾਰਦਾ। ਹਰ ਵਕਤ ਮੈਂ-ਮੈਂ ਕਰੀ ਜਾਣੀ ਭਲਾਂ ਕਿੰਨੀ ਕੁ ਸਿਆਣਪ ਦੀ ਗੱਲ ਹੈ। ਆ ਵੇਖ ਲੋ ਤੁਸੀਂ, ਬਾਬੇ ਨਾਨਕ ਨੇ ਤੇਰਾ-ਤੇਰਾ ਕਰਕੇ ਸਭ ਕੁੱਝ ਲੁਟਾ ਦਿੱਤਾ ਪਰ ਇੱਥੇ ਹਰ ਕੋਈ ਹਾਉਮੈਂ ਦੀ ਪੰਡ ਚੁੱਕੀ ਫਿਰਦਾ ਹੈ। ਸਾਰਾ ਸੰਸਾਰ ਆਪਣੇ ਹੰਕਾਰ ਵਿੱਚ ਮਸਤ ਸੀ। ਖੁਦ ਨੂੰ ਰੱਬ ਸਮਝਣ ਲੱਗ ਪਏ ਸਨ ਤਾਂ ਹੀ ਇਹ ਭਾਣਾ ਵਰਤਿਆ ਹੈ। ਆਪਣੇ ਸੁਆਰਥ ਦੀ ਖਾਤਰ ਪ੍ਰਕਿਰਤੀ ਨਾਲ ਖਿਲਵਾੜ ਕਰੀ ਜਾ ਰਹੇ ਸੀ ਲੋਕ। ਚੌਥਾ ਬੋਲਿਆ, ਕਿਉਂ ਜਬਲੀਆਂ ਮਾਰੀ ਜਾਨਾਂ, ਵੱਡਾ ਰੱਬ ਦਾ ਪੁਜਾਰੀ ਬਣਿਆ ਹੈ। ਨਾ ਜੇ ਐਡਾ ਹੀ ਵੱਡਾ ਹੈ ਤੇਰਾ ਰੱਬ, ਤੇ ਤੂੰ ਜਾ ਕੇ ਕਹਿ ਦੇ ਉਹਨੂੰ, ਕਿਉਂ ਸੂਲੀ ਤੇ ਚਾੜੀ ਜਾਨਾ ਲੋਕ, ਨਾ ਫੇਰ ਕਿਹੜਾ ਤੇਰੇ ਆਖੇ ਲੱਗ ਜੂ, ਵੱਡੇ ਆਸਤਿਕ ਦੇ। ਕੋਈ ਰੱਬ- ਰੁਬ ਨਹੀਂ, ਐਂਵੇਂ ਭਰਮ ਭੁਲੇਖੇ ਨੇ। ਖਾਓ-ਪੀਓ ਤੇ ਐਸ਼ ਕਰੋ। ਸਭ ਕੁਝ ਇੱਥੇ ਹੀ ਨਰਕ-ਸੁਰਗ ਹੈ। ਅੱਗੇ ਕਿਹਨੇ ਲੇਖਾ ਦੇਣਾ ਹੈ, ਦੋ ਪਿਗ ਮਾਰੋ ਰਾਤ ਨੂੰ। ਚੌਥਾ ਬੋਲਿਆ ਕਿ ਵੱਡਾ ਸਿਆਣਾ ਬਣਿਆ ਪਿਗ ਮਾਰਨ ਵਾਲਾ, ਆਹ ਚੀਨ ਵਾਲੇ ਤੇਰੇ ਵਰਗੇ ਨਾਸਤਿਕ ਕੁਝ ਨਹੀਂ ਛੱਡਦੇ ਸੀ, ਜਿਉਂਦੇ ਛੋਟੇ-ਵੱਡੇ ਜਾਨਵਰ ਖਾਈ ਜਾਂਦੇ ਸੀ ਤੇ ਸਾਰੇ ਸੰਸਾਰ ਵਿੱਚ ਕਰੋਨਾ-ਕਰੋਨਾ ਕਰਵਾਤੀ ਅਗਲਿਆਂ ਨੇ। ਪੰਜਵਾਂ ਬੋਲਿਆ ਕਿ ਗੱਲ ਤਾਂ ਤੇਰੀ ਸੌ ਆਨੇ ਸੱਚੀ ਹੈ। ਮਨੁੱਖ ਲਾਲਚ ਵੱਸ ਕੁੱਝ ਵੀ ਚੰਗਾ-ਮਾੜਾ ਨਹੀਂ ਸੋਚਦਾ। ਗੁਰਬਾਣੀ ਵੀ ਸੱਚੀ ਆਖਦੀ ਹੈ ਰੂੜ ਸਿਓਂ – ਲੋਭੀ ਜੰਤ ਨ ਜਾਣਈ ਭਖੁ ਅਭਖੁ ਸਭ ਖਾਇ।। ਨਾਲੇ ਇਹ ਧਾਰਮਿਕ ਗਰੰਥ ਭਲੇ ਪੁਰਸ਼ੋ, ਤੁਹਾਡੇ ਫਾਇਦੇ ਲਈ ਬਣਾਏ ਹਨ ਰੱਬ ਨੇ। ਜੇ ਤੁਸੀਂ ਨਹੀਂ ਪੜਦੇ ਤਾਂ ਰੱਬ ਦਾ ਤਾਂ ਕੋਈ ਕਸੂਰ ਨਹੀਂ। ਤਾਂ ਹੀ ਤਾਂ ਕਿਸੇ ਦਾ ਧੀ-ਪੁੱਤ ਆਖੇ ਨਹੀਂ ਲੱਗਦਾ। ਦੁਨੀਆਂ ਦੀ ਆਪ-ਮੁਹਾਰੀ ਚਾਲ ਦਾ ਕਾਰਨ ਰੱਬ ਨਾਲੋਂ ਟੁੱਟਣਾ ਹੈ। ਹਰ ਕੋਈ ਕਿਸੇ ਦੇ ਕਹਿਣੇ ਤੋਂ ਆਕੀ ਹੈ। ਭਾਲਦੇ ਵੱਡੇ ਖ਼ੁਸ਼ੀਆਂ ਨੂੰ, ਐਂਵੇਂ ਲਿਫ਼ਾਫ਼ੇਬਾਜੀ ਹੈ ਸਭ ਕੁੱਝ। ਅੰਦਰੋਂ ਤਾਂ ਸਾਰੇ ਦੁੱਖੀ ਹਨ। ਬਾਬੇ ਨਾਨਕ ਦੇ ਕਹਿਣ ਵਾਗੂੰ- ਨਾਨਕਾ ਦੁਖੀਆ ਸਭਿ ਸੰਸਾਰਿ।। ਜਿੰਨਾਂ ਚਿਰ ਅੰਦਰ ਈਰਖਾ, ਨਿੰਦਿਆ, ਸਾੜਾ, ਲੋਭ-ਲਾਲਚ ਹੈ ਭਲਾਂ ਸੁੱਖੀ ਕਿਵੇਂ ਹੋ ਜਾਓ ਇਨਸਾਨ। ਇਹ ਵੀ ਇੱਕ ਤਰਾਂ ਨਾਲ ਕਰੋਨਾ ਦੀ ਤਰ੍ਹਾਂ ਹੈ। ਨਾਲ ਦੇ ਦੂਜਿਆਂ ਨੇ ਵੀ ਹਾਮੀ ਭਰੀ ਪਰ ਨਾਸਤਿਕ ਬਿਰਤੀ ਵਾਲੇ ਵੀ ਆਪਣੀ ਗੱਲ ਤੇ ਡਟੇ ਹੋਏ ਸਨ। ਕੋਈ ਵੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੋ ਰਿਹਾ ਸੀ। ਉਧਰੋਂ ਸਾਹੋ-ਸਾਹ ਹੋਇਆ ਆਉਂਦਾ ਮਿੰਦੇ ਕਾ ਸੰਤਾ ਸੱਥ ਵਾਲਿਆਂ ਨੂੰ ਕਹਿੰਦਾ ਕਿ ਰੱਬ ਜੀ ਬਾਰੇ ਬੁਝਾਰਤ ਛੱਡੋ ਤੇ ਪੁਲਿਸ ਆਪਣੇ ਪਿੰਡ ਵਿੱਚ ਐਂਟਰ ਕਰ ਗਈ ਹੈ ਕਹਿਣ ਦੀ ਦੇਰ ਸੀ ਸਾਰੇ ਅੱਗੜ-ਪਿੱਛੜ ਡਿੱਗਦੇ-ਢਹਿੰਦੇ ਸਾਰੇ ਆਪਣੇ ਘਰੇ ਨੂੰ ਵੱਜੇ। ਉੱਪਰ ਸਾਫ਼ ਤੇ ਨਿਰਮਲ ਅਸਮਾਨ ਚਮਕ ਰਿਹਾ ਸੀ ਤੇ ਸੱਥ ਵਿੱਚ ਪੂਰੀ ਤਰ੍ਹਾਂ ਚੁੱਪ ਪਸਰ ਗਈ ਸੀ। ਹੁਣ ਕਿਸੇ ਗੱਲ ਦਾ ਕੋਈ ਵਿਵਾਦ ਨਹੀਂ ਰਹਿ ਗਿਆ ਸੀ।
ਸੋ ਸਾਥੀਓ , ਵਿਵਾਦ ਉਦੋਂ ਉਪਜਦਾ ਹੈ , ਜਦੋਂ ਮਨੁੱਖ ਆਪਣੀ ਹਉਂ ਨੂੰ ਪ੍ਰਗਟਾਉਂਦਾ ਹੈ। ਹੰਕਾਰ ਤੋਂ ਬਿਨਾਂ ਸਾਰੇ ਪਾਸੇ ਤੇ ਤੁਹਾਡੇ ਅੰਦਰ ਵੀ ਸ਼ਾਂਤੀ ਹੀ ਰਹੇਗੀ। ਸਾਰੀਆਂ ਬਿਮਾਰੀਆਂ ਦੀ ਜੜ੍ਹ ਹੰਕਾਰ ਹੈ। ਜਦੋਂ- ਜਦੋਂ ਮਨੁੱਖ ਨੇ ਰੱਬ ਬਣਨ ਦੀ ਕੋਸ਼ਿਸ਼ ਕੀਤੀ, ਓਦੋਂ-ਓਦੋਂ ਇਹ ਹਾਲਾਤ ਉਪਜੇ ਹੀ ਹਨ। ਹੰਕਾਰ ਤੋਂ ਬਿਨਾਂ ਤੁਸੀਂ ਪ੍ਰਦੂਸ਼ਣ ਰਹਿਤ ਪ੍ਰਕਿਰਤੀ ਵਰਗੇ ਹੋ ਤੇ ਹੰਕਾਰ ਕਰਕੇ ਤੁਸੀਂ ਇੱਕ ਤਰ੍ਹਾਂ ਦੇ ਪ੍ਰਦੂਸ਼ਿਤ ਵਾਤਾਵਰਨ ਹੀ ਹੋ। ਸੋ ਫ਼ੈਸਲਾ, ਤੁਸੀਂ ਕਰਨਾ ਹੈ ਕਿ ਤੁਸੀਂ ਕੀ ਬਣਨਾ ਹੈ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਈਲ -9464412761

...
...

ਭਲੇ ਵੇਲਿਆਂ ਚ ਇੱਕ ਪਿੰਡ ਹੁੰਦਾ ਸੀ , ਜਿਸਦੀ ਆਬਾਦੀ ਲਗਭਗ 10,000 ਸੀ । ਜਿਹਦੇ ਵਿਚੋਂ ਲਗਭੱਗ 7000 ਇੱਕ ਧਰਮ ਦੇ ਸੀ । ਬਾਕੀ ਦੇ 3000 ਅੱਲਗ ਅਲੱਗ ਧਰਮਾਂ ਚੋਂ । ਉਸ ਪਿੰਡ ਦੇ ਮੋਹਤਬਰ ਬੰਦੇ ਇੱਕ ਸਕੀਮ ਬਣਾਉਂਦੇ ਨੇ , ਕਹਿੰਦੇ ਆਪਣੇ ਪਿੰਡ ਚ 70% ਲੋਗ ਸਾਡੇ ਧਰਮ ਦੇ ਨੇ ,ਕਿਉਂ ਨਾ ਆਪਾਂ ਧਰਮ ਨੂੰ represent ਕਰਨ ਵਾਲੀ ਰਾਜਨਤੀਕ ਪਾਰਟੀ ਬਣਾਈਏ । ਆਪਣੇ ਲੋਕਾਂ ਨੂੰ ਆਪਣੇ ਧਰਮ ਦੇ ਬੰਦੇ ਦਾ ਮੋਹ ਜਿਆਦਾ ਆਉਂਦਾ ਉਹ ਆਪਾਂ ਨੂੰ ਵੋਟ ਪਾਉਣਗੇ ।

ਉਹ ਪਾਰਟੀ ਬਣਾ ਲੈਂਦੇ ਨੇ ਤੇ ਆਪਣੀ ਰਣਨੀਤੀ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਆਪਣਾ ਸਰਪੰਚ ਬਣਾ ਲੈਂਦੇ ਨੇ । ਹੁਣ ਉਹ ਪਿੰਡ ਦੇ ਕੱਮ ਕਰਨ ਤੋਂ ਜਿਆਦਾ ਜੋਰ ਧਾਰਮਿਕ ਲਾਲੀਪਾਪ ਵੰਡਣ ਤੇ ਲਗਾਉਣ ਲੱਗ ਜਾਂਦੇ ਨੇ । ਜਦੋਂ ਵੀ ਪਿੰਡ ਦੇ ਕੋਇ ਮੁਸੀਬਤ ਆਉਂਦੀ ਹੈ ਉਹ ਮੁਸੀਬਤ ਨੂੰ ਹੱਲ ਨਾ ਕਰ ਪਾਉਣ ਦੀ ਆਪਣੀ ਨਾਕਾਮਯਾਬੀ ਨੂੰ ਲੁਕੋਣ ਲਇ ਕੋਈ ਧਾਰਮਿਕ ਰਵਾਇਤ ਚਲਾ ਦਿੰਦੇ ਨੇ , ਲੋਕ ਧਰਮ ਦੇ ਮੋਹ ਚ ਮੁਸੀਬਤ ਨੂੰ ਅੱਖੋਂ ਉਹਲੇ ਕਰ ਦਿੰਦੇ ਨੇ ।

ਪਿੰਡ ਵਿੱਚ ਕੁਝ ਜਾਗਰੂਕ ਲੋਕ , ਪਿੰਡ ਵਾਲਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਸ਼ੁਰੂ ਕਰਦੇ ਨੇ , ਲੋਕ ਹੋਲੀ ਹੋਲੀ ਸਮਝਣ ਵੀ ਲਗਦੇ ਨੇ । ਪਰ ਲੋਕਾਂ ਦੇ ਦਿਮਾਗ ਤੇ ਧਰਮ ਦਾ ਮੋਹ ਜਿਆਦਾ ਹਾਵੀ ਹੋਣ ਕਰਕੇ ਉਹ ਜਾਗਰੂਕਤਾ ਮੁਹਿੰਮ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ । ਕੁੱਝ ਲੋਗ ਸਰਪੰਚ ਦੀਆਂ ਚਾਲਾਂ ਨੂੰ ਸਮਝਦੇ ਹੋਏ ਧਰਮ ਨਾਲੋਂ ਟੁੱਟ ਕੇ ਜਾਗਰੂਕ ਲੋਕਾਂ ਨਾਲ ਜੁੜਨ ਵੀ ਲਗਦੇ ਨੇ । ਜਦੋਂ ਵੀ ਪਿੰਡ ਤੇ ਕੋਈ ਆਪਦਾ ਆਉਂਦੀ ਹੈ , ਸਰਪੰਚ ਕੋਈ ਨਾ ਕੋਈ ਧਾਰਮਿਕ ਸਮਾਗਮ ਰੱਖ ਲੈਂਦਾ ਹੈ ਤੇ ਲੋਕ ਉਧਰ ਉਲਝ ਜਾਂਦੇ ਨੇ । ਹੁਣ ਜਾਗਰੂਕ ਲੋਕ ਪਿੰਡ ਵਾਲਿਆਂ ਨੂੰ ਲਾਹਨਤਾਂ ਪਾਉਣ ਲੱਗ ਜਾਂਦੇ ਨੇ ਕਿ ਤੁਸੀਂ ਮੂਰਖ ਲੋਗ ਹੋ ਸਰਪੰਚ ਤੁਹਾਨੂੰ ਬੇਵਕੂਫ ਬਣਾ ਰਿਹਾ ਹੈ । ਲੋਕਾਂ ਨੂੰ ਜਾਗਰੂਕ ਲੋਕਾਂ ਦਾ ਖੁਦ ਨੂੰ ਮੂਰਖ ਕਹਿਣਾ ਚੁਭਦਾ ਹੈ । ਲੋਕ ਉਹਨਾਂ ਨਾਲ ਜੁੜਨੋ ਹਟ ਜਾਂਦੇ ਨੇ । ਇਹ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ । ਉਧਰ ਜਾਗਰੂਕ ਕਰਨ ਵਾਲਿਆਂ ਦੀ ਖਿਝ ਵਧਦੀ ਜਾਂਦੀ ਹੈ ।

ਜਦੋਂ ਵੀ ਸਰਪੰਚ ਕਿਸੇ ਧਾਰਮਿਕ ਸਮਾਗਮ ਦਾ ਹਉਕਾ ਦਿੰਦਾ ਹੈ , ਜਾਗਰੂਕ ਲੋਕ ਆਪਣੇ ਘਰ ਦੇ ਬਾਹਰ ਤਖ਼ਤੀ ਲਾ ਲੈਂਦੇ ਨੇ ਕਿ ” ਮੈਂ ਮੂਰਖ ਨਹੀਂ ਹਾਂ , ਮੈਂ ਸਰਪੰਚ ਦੀ ਇਸ ਰਵਾਇਤ ਦਾ ਸਮਰਥਨ ਨਹੀਂ ਕਰਾਂਗਾ” ਇਹ ਸੁਨੇਹਾ ਸਾਰੇ ਪਿੰਡ ਵਿੱਚ ਪਹੁੰਚ ਜਾਂਦਾ ਹੈ ਕਿ ਜਾਗਰੂਕ ਲੋਕ ਸਾਨੂੰ ਮੂਰਖ ਕਹਿੰਦੇ ਨੇ । ਪਿੰਡ ਦੀ ਬਹੁਗਿਣਤੀ ਦੀ ਖਿਝ ਵੀ ਜਾਗਰੂਕ ਲੋਕਾਂ ਪ੍ਰਤੀ ਵਧਣ ਲੱਗ ਜਾਂਦੀ ਹੈ , ਉਹ ਜਾਗਰੂਕ ਲੋਕਾਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ।

ਜਿਹੜੇ 4 ਲੋਕ ਜਾਗਰੂਕ ਲੋਕਾਂ ਨਾਲ ਜੁੜ ਰਹੇ ਸੀ ਉਹ ਵੀ ਟੁੱਟਣ ਲੱਗ ਜਾਂਦੇ ਨੇ । ਉਧਰੋਂ ਸਰਪੰਚ ਧਰਮ ਦੇ ਲਾਲੀਪਾਪ ਵੰਡੀ ਜਾਂਦਾ ਹੈ ਤੇ ਲੋਕ ਧਰਮ ਦੇ ਨਸ਼ੇ ਵਿੱਚ ਸਰਪੰਚ ਦੀ ਬੱਲੇ
ਬੱਲੇ ਕਰੀ ਜਾਂਦੇ ਨੇ । ਉਹ ਧਾਰਮਿਕ ਪ੍ਰਚਾਰ ਹੋਰ ਜੋਰ ਸ਼ੋਰ ਨਾਲ ਵਧਾ ਦਿੰਦਾ ਹੈ । ਉਧਰੋਂ ਜਾਗਰੂਕ ਲੋਕ ਸਰਪੰਚ ਦੀ ਹਰ ਗਤੀਵਿਧੀ ਤੇ ਘਰ ਦੇ ਬਾਹਰ ਤਖ਼ਤੀ ਲਾ ਦਿੰਦੇ ਨੇ “ਅਸੀਂ ਮੂਰਖ ਨਹੀਂ ਹਾਂ , ਅਸੀਂ ਸਰਪੰਚ ਦੀ ਇਸ ਗਤੀਵਿਧੀ ਦਾ ਵਿਰੋਧ ਕਰਦੇ ਹਾਂ ” ਪਿੰਡ ਵਾਲਿਆਂ ਨੂੰ ਸਰਪੰਚ ਦਾ ਵਿਰੋਧੀ ਆਪਣਾ ਵਿਰੋਧੀ ਲੱਗਣ ਲੱਗ ਜਾਂਦਾ ਹੈ । ਉਹ ਜਾਗਰੂਕ ਲੋਕਾਂ ਨੂੰ ਟੁੱਟ ਕੇ ਪੈਣ ਲੱਗ ਜਾਂਦੇ ਨੇ । ਜਾਗਰੂਕ ਲੋਕ ਵੀ over confidence ਵਿਚ ਗਲਤ ਅੰਦਾਜੇ ਲਾਉਣ ਲੱਗ ਜਾਂਦੇ ਨੇ , ਜਿਹਨਾਂ ਨੂੰ ਜਾਗਰੂਕ ਲੋਕਾਂ ਦਵਾਰਾ ਜਾਗਰੂਕ ਹੋਏ ਲੋਕ ਗਲਤ ਕਹਿਣ ਲੱਗ ਜਾਂਦੇ ਨੇ ।

ਇਸ ਤਰਾਂ ਸਰਪੰਚ ਮਰਦੇ ਦਮ ਤੱਕ ਪਿੰਡ ਤੇ ਰਾਜ ਕਰਦਾ ਹੈ । ਤੇ ਜਾਗਰੂਕ ਲੋਕ 20 ਸਾਲ ਬਾਅਦ ਕਹਿੰਦੇ , ਕਾਟਜੂ ਸਹੀ ਕਹਿੰਦਾ ਸੀ , ਪਿੰਡ ਦੇ 90% ਲੋਕ ਗਧੇ ਨੇ ।

ਜੇ ਜਾਗਰੂਕ ਲੋਕ ਪਿੰਡ ਦੇ ਲੋਕਾਂ ਨੂੰ ਮੂਰਖ ਕਹਿਣ ਦੀ ਜਿੱਦ ਛੱਡ ਦਿੰਦੇ ਤਾਂ 20 ਸਾਲ ਬਾਅਦ ਹਲਾਤ ਕੁੱਝ ਹੋਰ ਹੋ ਸਕਦੇ ਸੀ। ਪਰ ਨਹੀਂ ਜਾਗਰੂਕ ਲੋਕਾਂ ਦਾ ਫਰਜ਼ ਹੈ ਸੱਚ ਨੂੰ ਨੰਗਾ ਕਰਨਾ । ਸਿਆਣੇ ਨੂੰ ਸਿਆਣਾ ਤੇ ਮੂਰਖ ਨੂੰ ਮੂਰਖ ਕਹਿਣਾ। ਬੇਸ਼ੱਕ ਜਾਗਰੂਕ ਲੋਕ 20 ਸਾਲਾਂ ਚ ਕੁਝ ਵੀ ਸਿਰਜ ਨਾ ਸਕੇ , ਪਰ ਉਹਨਾਂ ਨੂੰ ਮਰਦੇ ਦਮ ਤੱਕ ਇਸ ਗੱਲ ਤੇ ਮਾਨਣ ਰਿਹਾ ਕਿ ਉਹਨਾਂ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ । ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ । ਤੇ ਪਿੰਡ ਚ ਸਰਪੰਚ ਦੀ ਸਰਦਾਰੀ ਪੀੜੀ ਦਰ ਪੀੜੀ ਉਸੇ ਤਰਾਂ ਚੱਲਦੀ ਰਹੀ ।

Gaurav Khanna ਦੀ ਕੰਧ ਤੋਂ

...
...

ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..!
ਪਰ ਹਕੀਕਤ ਤਾਂ ਇਹ ਸੀ ਕੇ ਇਸੇ ਦਲਾਲੀ ਦੇ ਪੈਸੇ ਨਾਲ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ..

ਚੰਡੀਗੜੋਂ ਬਦਲ ਕੇ ਆਏ ਉਸ ਪਰਿਵਾਰ ਨੇ ਪਹਿਲਾਂ ਹੀ ਆਖ ਛੱਡਿਆ ਸੀ ਕੇ “ਸਾਡੀ ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈਨੀ..

ਹੁਣ ਏਨੇ ਘੱਟ ਕਿਰਾਏ ਲਈ ਖੂੰਜੇ ਵਾਲੀ ਬੀਜੀ ਦਾ ਘਰ ਹੀ ਬਚਿਆ ਸੀ..

ਪਰ ਜਦੋਂ ਉਸ ਨਾਲ “ਅੱਠ ਹਜਾਰ” ਕਿਰਾਏ ਵਾਲੀ ਗੱਲ ਕੀਤੀ ਤਾਂ ਗੁੱਸੇ ਵਿਚ ਆਉਂਦੀ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ “ਦਸ ਹਜਾਰ” ਤੋਂ ਇੱਕ ਪੈਸਾ ਵੀ ਘੱਟ ਨੀ ਹੋਵੇਗਾ..!

ਏਡੇ ਵੱਡੇ ਘਰ ਵਿਚ ਕੱਲੀ ਰਹਿੰਦੀ ਸੱਤਰ ਕੂ ਸਾਲ ਦੀ ਉਹ ਬੀਜੀ..ਸੁਭਾਅ ਬਹੁਤ ਹੀ ਜਿਆਦਾ ਸਖਤ..ਉੱਤੋਂ ਕਿਰਾਏਦਾਰਾਂ ਲਈ ਕਿੰਨੀਆਂ ਸਾਰੀਆਂ ਸ਼ਰਤਾਂ..ਕੋਈ ਘੱਟ ਹੀ ਟਿਕਦਾ ਸੀ..ਲੋਕਾਂ “ਲੜਾਕੀ” ਨਾਮ ਰਖਿਆ ਹੋਇਆ ਸੀ ਉਸਦਾ..!

ਦੱਸਦੇ ਜਦੋਂ ਦਾ ਕੱਲਾ ਕੱਲਾ ਪੁੱਤ ਪਰਿਵਾਰ ਸਮੇਤ ਕਨੇਡਾ ਪਰਵਾਸ ਮਾਰ ਗਿਆ..ਅੱਗੇ ਨਾਲੋਂ ਹੋਰ ਵੀ ਜਿਆਦਾ ਚਿੜਚਿੜੀ ਹੋ ਗਈ ਸੀ..!

ਖੈਰ ਉਸ ਦਿਨ ਡਰਦੇ ਡਰਦੇ ਨੇ ਉਸਦਾ ਘਰ ਵਿਖਾਇਆ..

ਨਾਲ ਹੀ ਵੇਖਣ ਆਏ ਪਰਿਵਾਰ ਦੇ ਮੁਖੀ ਦੇ ਕੰਨਾਂ ਵਿਚੋਂ ਇਹ ਗੱਲ ਵੀ ਕੱਢ ਦਿੱਤੀ ਕੇ ਭਾਈ “ਦਸ ਹਜਾਰ” ਤੋਂ ਘੱਟ ਗੱਲ ਨਹੀਂ ਜੇ ਬਣਨੀ..!

ਜਦੋਂ ਘਰ ਵਿਖਾ ਕੇ ਬਾਹਰ ਨੂੰ ਤੁਰਨ ਲਗਿਆ ਤਾਂ ਵੇਹੜੇ ਬੈਠੀ ਨੇ ਮਗਰੋਂ ਵਾਜ ਮਾਰ ਲਈ..

ਆਖਣ ਲੱਗੀ “ਜਾ ਪੁੱਤਰਾ ਮੇਰੇ ਵਲੋਂ “ਹਾਂ” ਕਰ ਦੇ..”ਅੱਠ ਹਜਾਰ” ਦੇ ਹਿੱਸਾਬ ਨਾਲ ਭਾਵੇਂ ਕੱਲ ਨੂੰ ਸਮਾਨ ਲੈ ਆਉਣ..ਕੋਈ ਅਡਵਾਂਸ ਕਿਰਾਇਆ ਵੀ ਨਹੀਂ ਚਾਹੀਦਾ..ਤੇ ਤੇਰਾ ਕਮਿਸ਼ਨ ਵੀ ਡੇਢ ਗੁਣਾਂ..”

ਮੈਨੂੰ ਆਪਣੇ ਕੰਨਾਂ ਤੇ ਇਤਬਾਰ ਜਿਹਾ ਨਾ ਆਵੇ..ਇਹ ਬੀਜੀ ਨੂੰ ਕੀ ਹੋ ਗਿਆ..!

ਫੇਰ ਮੈਨੂੰ ਸ਼ਸ਼ੋਪੰਝ ਵਿਚ ਪਏ ਹੋਏ ਨੂੰ ਵੇਖ ਹੱਸਦੀ ਹੋਈ ਆਖਣ ਲੱਗੀ.”ਵੇ ਕਮਲਿਆ ਤੂੰ ਵੇਖਿਆ ਨੀ..ਨਿੱਕੇ ਨਿੱਕੇ ਫੁੱਲਾਂ ਵਰਗੇ ਮਲੂਕੜੇ ਜਿਹੇ ਦੋ ਬਾਲ..ਕਿੱਦਾਂ ਖੇਡੇ ਲੱਗੇ ਹੋਏ ਸਨ..ਪਤਾ ਨਹੀਂ ਵਿਚਾਰਿਆਂ ਦੇ ਪਿਓ ਨੂੰ ਕਿੰਨੀ ਤਨਖਾਹ ਮਿਲਦੀ ਹੋਣੀ ਏ..ਮੈਨੂੰ ਬੁਢੀ ਨੂੰ ਜੇ ਦੋ ਘੱਟ ਵੀ ਮਿਲ ਜਾਣ ਤਾਂ ਕੋਈ ਫਰਕ ਨੀ ਪੈਣਾ..ਘਟੋ ਘੱਟ ਚਿਰਾਂ ਤੋਂ ਸੁੰਞੇ ਹੋ ਗਏ ਇਸ ਵੇਹੜੇ ਵਿਚ ਸਾ ਦਿਹਾੜੀ ਰੌਣਕ ਤੇ ਲੱਗੀ ਰਿਹਾ ਕਰੂ..!

ਝੁਰੜੀਆਂ ਦੇ ਰੇਗੀਸਥਾਨ ਵਿਚ ਘਿਰੀਆਂ ਸੁੰਨੀਆਂ ਜਿਹੀਆਂ ਦੋ ਅੱਖੀਆਂ ਵਿਚੋਂ ਉਮੀਦ ਨਾਮ ਦਾ ਖੂਬਸੂਰਤ ਚਸ਼ਮਾ ਹੁਣ ਬਸੰਤ ਬਹਾਰ ਬਣ ਵਹਿ ਤੁਰਿਆ ਸੀ..!

ਖੁਸ਼ੀ ਦੀ ਇਹ ਖਬਰ ਦੱਸਣ ਭੱਜ ਕੇ ਜਦੋਂ ਬਾਹਰ ਨੂੰ ਆਇਆ ਤਾਂ ਅੱਗੋਂ ਉਹ ਦੋਵੇਂ ਪਹਿਲਾਂ ਹੀ ਫੈਸਲਾ ਕਰ ਆਖਣ ਲੱਗੇ ਕੇ ਭਾਜੀ ਸਾਨੂੰ ਇਹ ਘਰ “ਦੱਸ ਹਜਾਰ” ਵਿਚ ਵੀ ਪਸੰਦ ਏ..!

ਹੁਣ ਦੋਚਿੱਤੀ ਵਿਚ ਸਾਂ ਕੇ ਇਹਨਾਂ ਨੂੰ ਕਿਦਾ ਦੱਸਾਂ ਕੇ ਅੰਦਰ ਵਾਲੀ ਤਾਂ “ਅੱਠ ਹਜਾਰ” ਵਿਚ ਹੀ ਮੰਨ ਗਈ ਏ..!

ਪਰ ਇਸਤੋਂ ਪਹਿਲਾ ਕੇ ਮੇਰੇ ਮੂਹੋਂ ਕੋਈ ਗੱਲ ਨਿੱਕਲਦੀ..ਓਹਨਾ ਦੋਹਾਂ ਨੇ ਏਨੀ ਗੱਲ ਆਖ ਮੈਨੂੰ ਹਮੇਸ਼ਾਂ ਲਈ ਚੁੱਪ ਕਰਾ ਦਿੱਤਾ ਕੇ “ਭਾਜੀ ਅੱਜਕੱਲ ਕਿਰਾਏ ਦੇ ਘਰਾਂ ਵਿਚ ਮੁਫ਼ਤ ਦੀਆਂ “ਮਾਵਾਂ” ਤੇ “ਦਾਦੀਆਂ” ਕਿਥੇ ਲੱਭਦੀਆਂ ਨੇ..”

ਸੱਚ ਜਾਣਿਓਂ ਦੋਸਤੋ ਜਿੰਦਗੀ ਦਾ ਸ਼ਾਇਦ ਇਹ ਮੇਰਾ ਪਹਿਲਾ ਐਸਾ ਸੌਦਾ ਸੀ ਜਿਥੇ “ਡੇਢ ਗੁਣਾਂ ਦਲਾਲੀ” ਦੇ ਨਾਲ ਨਾਲ ਢੇਰ ਸਾਰਾ “ਰੂਹ ਦਾ ਸੁਕੂਨ” ਵੀ ਮੁਫ਼ਤ ਵਿਚ ਹੀ ਮਿਲ ਗਿਆ..!

ਹਰਪ੍ਰੀਤ ਸਿੰਘ ਜਵੰਦਾ

...
...

“ਸੁਰਿੰਦਰ, ਰਾਣੋ ਨੂੰ ਕਹਿ ਕੇ ਸਮਾਨ ਤਿਆਰ ਕਰਕੇ, ਜੇ ਜਾਣਾ ਤੇ ਚਲੀ ਜਾਵੇ ।” ਸਰਪੰਚ ਨੇ ਆਪਣੇ ਪੁੱਤਰ ਨੂੰ ਉਸਦੀ ਛੇ ਮਹੀਨੇ ਪਹਿਲਾਂ ਵਿਆਹ ਕੇ ਲਿਆਂਦੀ ਪਤਨੀ ਰਣਜੀਤ ਕੌਰ ਬਾਰੇ ਕਿਹਾ
ਮੂੰਹ ਮੰਗਿਆ ਦਾਜ ਨਾ ਮਿਲਣ ਕਾਰਨ ਉਸਨੂੰ ਵਿਆਹ ਦੇ ਦੂਜੇ ਦਿਨ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਜਿਸ ਵਿੱਚ ਮਹਿੰਗੀ ਕਾਰ ਤੇ ਹੋਰ ਸਮਾਨ ਦੀ ਮੰਗ ਸੀ ।
ਇਹ ਸ਼ਬਦ ਸੁਣ ਕੇ ਰਣਜੀਤ ਕੌਰ ਦੇ ਪੈਰ ਥਿੜਕਣ ਲੱਗੇ ਤੇ ਅੱਖਾਂ ਭਰ ਆਈਆਂ । ਸੁਰਿੰਦਰ ਉਸ ਦਾ ਸਮਾਨ ਬੰਨ੍ਹ ਕੇ ਪੌੜੀਆਂ ਉੱਤਰ ਰਿਹਾ ਸੀ । ਰਾਣੋ ਨੂੰ ਪੇਕੇ ਛੱਡ ਆਉਣ ਲਈ ਉਸ ਨੇ ਡਰਾਈਵਰ ਨੂੰ ਆਵਾਜ਼ ਮਾਰੀ
ਟੈਲੀਫੋਨ ਦੀ ਘੰਟੀ ਵੱਜੀ, “ਹੈਲੋ ! ਕੌਣ ਬੇਟਾ ਸਰਬ ਕੀ ਹਾਲ ਹੈ। ਡੈਡੀ ਮੈਂ ਇਥੇ ਇਕ ਮਿੰਟ ਨਹੀਂ ਰਹਿ ਸਕਦੀ ਮੈਂ ਮੈਂ …………… ਮੈਂ ਮਰ ਜਾਵਾਂਗੀ ਪਰ ਇਸ ਗੰਦੇ ਪਰਿਵਾਰ ਵਿਚ ਨਹੀਂ ਰਹਾਂਗੀ, ਜੋ ਹਰ ਵੇਲੇ ਮੈਨੂੰ ਨੋਚਦੇ ਤੇ ਦਾਜ ਦੀ ਮੰਗ ਕਰਦੇ ਹਨ । ਮੈਂ ਤਲਾਕ ਲੈਣ ਤੇ ਇਹ ਘਰ ਛੱਡਣ ਦਾ ਫੈਸਲਾ ਕਰ ਲਿਆ ਹੈ ਤੁਸੀਂ ਮੈਨੂੰ ਆ ਕੇ ਲੈ ਜਾਉ ……….. ।”
ਸਰਪੰਚ ਨੇ ਇਹ ਸ਼ਬਦ ਸੁਣਦੇ ਸਾਰ ਹੀ ਆਪਣਾ ਸੱਜਾ ਹੱਥ ਖੱਬੇ ਬੰਨ੍ਹੇ ਦਿਲ ਤੇ ਰੱਖਿਆ ਤੇ ਹੌਲੀ-ਹੌਲੀ ਡਿਗਦਾ ਥਾਂ ਹੀ ਢੇਰੀ ਹੋ ਗਿਆ । ਘਰ ਵਿੱਚ ਚੀਕ-ਚਿਹਾੜਾ ਪੈ ਗਿਆ।

Submitted By:- ਗੁਲਬਦਨ ਸਿੰਘ ਮੱਲ੍ਹੀ

...
...

ਜਿਉਂ ਹੀ ਗੱਡੀ ਪਾਰਕਿੰਗ ਵਿੱਚ ਦਾਖਲ ਹੋਈ ਤਾਂ ਸਾਰੇ ਅੱਖਾਂ ਪਾੜ ਕੇ ਓਧਰ ਝਾਕ ਰਹੇ ਸਨ। ਕੋਈ ਕਹਿ ਰਿਹਾ ਸੀ ਇਹ ਕੋਈ ਵਿਦਿਆਰਥਣ ਹੈ ਤੇ ਕੋਈ ਵਿਆਹੀ ਵਰੀ। ਸਾਡੇ ਸਮਾਜ ਵਿੱਚ ਕਿਸੀ ਇਸਤਰੀ ਦਾ ਗੱਡੀ ਚਲਾਉਣਾ ਅਚੰਭੇ ਵਾਲੀ ਗੱਲ ਹੈ। ਉਸ ਨਾਲ ਹੋਰ ਸਕੂਲੀ ਲੜਕੀਆਂ ਵੀ ਸਨ ਜੋ ਮਗਰ ਬੈਠੀਆਂ ਸਨ। ਖੇਡਾਂ ਦੇ ਮੁਕਾਬਲੇ ਅੱਠ ਵਜੇ ਤੋਂ ਜਾਰੀ ਸਨ ਪਰ ਹੁਣ ਟਾਇਮ ਗਿਆਰਾਂ ਵੱਜ ਚੁੱਕੇ ਸਨ। ਬੱਚੇ ਗੱਡੀ ਖੜਣਸਾਰ ਗੱਡੀ ਵਿੱਚੋਂ ਉਤਰੇ। ਆਂਢ-ਗੁਆਂਢ ਗੱਡੀਆਂ ਵਾਲੇ ਆਪਣੇ -ਆਪਣੇ ਅੰਦਾਜੇ ਲਾ ਰਹੇ ਸਨ ਕਿ ਇਹ ਕੋਈ ਅਮੀਰ ਘਰ ਦੀ ਲੜਕੀ ਹੋਵੇਗੀ ਤੇ ਬੱਚਿਆਂ ਦੀ ਕੋਚ ਹੋਵੇਗੀ। ਉਸਨੇ ਗੱਡੀ ਰੋਕ ਕੇ ਆਪਣੇ ਪਰਸ ਵਿੱਚੋਂ ਮੇਕਅੱਪ ਦਾ ਸਮਾਨ ਕੱਢਿਆ ਤੇ ਗੱਡੀ ਦੇ ਛੋਟੇ ਵਿਚਲੇ ਸ਼ੀਸ਼ੇ ਵੱਲ ਚਿਹਰਾ ਵੇਖਣ ਲੱਗ ਪਈ। ਸਭ ਤੋਂ ਪਹਿਲਾਂ ਉਹਨੇ ਸੁਰਖੀ ਲਾਉਣੀ ਸ਼ੁਰੂ ਕੀਤੀ ਤੇ ਫਿਰ ਸ਼ੀਸ਼ੇ ਤੇ ਟਿਕਟਿਕੀ ਲਾ ਲਈ ਤੇ ਫਿਰ ਉਗਲਾਂ ਨਾਲ ਸੁਰਖੀ ਠੀਕ ਕਰਨ ਲੱਗੀ। ਗੱਡੀਆਂ ਵਿੱਚ ਬੈਠੇ ਡਰਾਈਵਰ ਤੇ ਹੋਰ ਲੋਕ ਉਸਦੇ ਉਤਰਨ ਦਾ ਇੰਤਜਾਰ ਕਰ ਰਹੇ ਸਨ ਜਿਵੇਂ ਉਸਨੂੰ ਖੇਡ ਹਾਲ ਤੱਕ ਛੱਡ ਕੇ ਆਉਣਾ ਹੋਵੇ। ਮੇਰੇ ਤੋਂ ਅਗਲਾ ਡਰਾਈਵਰ ਦੂਜੇ ਡਰਾਈਵਰ ਨੂੰ ਕੂਹਣੀ ਮਾਰ ਕੇ ਅੱਗੇ ਝਾਕਣ ਲਈ ਇਸ਼ਾਰੇ ਕਰ ਰਿਹਾ ਸੀ ਤੇ ਨਾਲੇ ਕਹਿ ਰਿਹਾ ਸੀ ਕਿ ਇਹ ਬੱਚਿਆਂ ਨੂੰ ਕੀ ਸਿਖਾਉਂਦੀ ਹੋਣੀ ਹੈ ਜੋ ਤਿਆਰ ਹੋਣ ਤੇ ਘੰਟਾ ਲਗਾ ਰਹੀ ਹੈ। ਬੱਚੇ ਇਸਤੋਂ ਇਹੀ ਕੁਝ ਸਿੱਖਣਗੇ , “ਦੂਜੇ ਨੇ ਕਿਹਾ।” ਬੱਚੇ ਵੀ ਦੇਰੀ ਲੱਗਣ ਕਰਕੇ ਤਲਖੀ ਮੰਨ ਰਹੇ ਸਨ ਪਰ ਉਹ ਵੀ ਚੁੱਪ ਕਰਕੇ ਗੱਡੀ ਵਿੱਚ ਬੈਠ ਗਏ ਤੇ ਮੈਡਮ ਵੱਲ ਦੇਖਣ ਲੱਗ ਗਏ। ਸ਼ੀਸੇ ਨੂੰ ਵੇਖ ਕੇ ਫਿਰ ਉਸਨੇ ਆਈ ਬਰੋ ਨੂੰ ਠੀਕ ਕਰਨਾ ਸ਼ੁਰੂ ਕੀਤਾ ਤੇ ਪਿੰਨਸਿਲ ਜਿਹੀ ਕੱਢ ਕੇ ਅੱਖਾਂ ਕੋਲ ਮਾਰਨ ਲੱਗੀ ਤੇ ਨਾਲੇ ਸ਼ੀਸ਼ਾ ਤੱਕਣ ਲੱਗ ਪਈ। ਉਹ ਗੱਡੀ ਵਿੱਚ ਬੈਠੇ ਲੋਕਾਂ ਤੋਂ ਅਣਜਾਣ ਸੀ ਤੇ ਆਪਣੀ ਮਸਤੀ ਵਿੱਚ ਕੈਟਰੀਨਾ ਕੈਫ ਬਣੀ ਜਾ ਰਹੀ ਸੀ। ਹੁਣ ਉਸਨੇ ਪਰਸ ਵਿੱਚੋਂ ਪੇਪਰ ਜਿਹਾ ਕੱਢ ਕੇ ਮੂੰਹ ਤੇ ਫੇਰਨਾ ਸ਼ੁਰੂ ਕਰ ਦਿੱਤਾ ਤੇ ਸ਼ੀਸ਼ਾ ਵੇਖਣਾ ਜਾਰੀ ਰੱਖਿਆ। ਲੋਕਾਂ ਦੀ ਉਤਸੁਕਤਾ ਉਸਨੂੰ ਵੇਖਣ ਲਈ ਵੱਧ ਰਹੀ ਸੀ ਜਿਵੇਂ ਉਹ ਮੰਤਰੀ ਟਰੂਡੋ ਹੋਵੇ। ਫਿਰ ਉਸਨੇ ਹੇਅਰ ਬੈਂਡ ਖੋਲਿਆ ਤੇ ਕੰਘੀ ਨਾਲ ਵਾਲ ਵਾਹੁਣੇ ਸ਼ੁਰੂ ਕੀਤੇ ਤੇ ਸ਼ੀਸ਼ਾ ਵੇਖਣ ਦਾ ਕੰਮ ਜਾਰੀ ਰੱਖਿਆ। ਪੈਂਟ ਟੀ ਸ਼ਰਟ ਪਾਈ ਉਹ ਕੋਈ ਮੇਮ ਲੱਗ ਰਹੀ ਸੀ। ਜਿਉਂ ਹੀ ਬਾਰੀ ਖੋਲ ਕੇ ਉਹ ਉਤਰੀ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਵਾਕਈ ਇਹ ਤਾਂ ਕੋਚ ਲੱਗਦੀ ਹੈ , ਇੱਕ ਡਰਾਈਵਰ ਨੇ ਕਿਹਾ। ਜਿਨਾਂ ਚਿਰ ਉਹ ਦਿੱਸਣੋ ਨਾ ਹਟੀ , ਸਾਰੇ ਗੱਡੀਆਂ ਵਾਲੇ ਝਾਕਦੇ ਰਹੇ ਤੇ ਆਪਸ ਵਿੱਚ ਘੁਸਰ – ਮੁਸਰ ਕਰਦੇ ਰਹੇ। ਲਗਭਗ ਛੇ ਲਕੜੀਆਂ ਉਸ ਨਾਲ ਸੀ। ਇਸ ਤਿਆਰੀ ਵਿੱਚ ਕਾਫੀ ਸਮਾਂ ਉਹਨੇ ਵਿਅਰਥ ਗਵਾ ਦਿੱਤਾ ਸੀ। ਗੱਡੀ ਦੇ ਨੰਬਰ ਤੋਂ ਪਤਾ ਲੱਗਦਾ ਸੀ ਕਿ ਉਹ ਕਿਤੇ ਦੂਰ ਤੋਂ ਸੀ ਤੇ ਆਸੇ-ਪਾਸਿਓਂ ਪਤਾ ਲੱਗਾ ਕਿ ਉਹ ਸਰਕਾਰੀ ਟੀਚਰ ਸੀ ਤੇ ਅਣ-ਵਿਆਹੀ ਸੀ। ਉਹ ਹੁਣ ਬੱਚਿਆਂ ਨੂੰ ਜਲਦੀ ਕਰਨ ਲਈ ਕਹਿ ਰਹੀ ਸੀ ਜਿਵੇਂ ਕੋਈ ਘਰ ਕੋਲ ਆ ਕੇ ਬੂਟ ਲਾ ਲਵੇ। ਉਹ ਸਾਰੀਆਂ ਦੀ ਭੀੜ ਵਿੱਚੋਂ ਨਿਕਲ ਕੇ ਫਾਰਮ ਜਮਾ ਕਰਾਉਣ ਨੂੰ ਅੱਗੇ ਵਧੀ ਤੇ ਸਾਰੇ ਲੋਕ ਉਸਦੇ ਲੇਟ ਹੋਣ ਤੇ ਬਿੱਟ-ਬਿੱਟ ਝਾਕ ਰਹੇ ਸਨ। ਐਂਟਰੀ ਬੰਦ ਹੋ ਚੁੱਕੀ ਸੀ ਤੇ ਉਹ ਮਾਯੂਸ ਹੋ ਕੇ ਦੂਰੋਂ ਆਉਣ ਦਾ ਬਹਾਨਾ ਬਣਾ ਰਹੀ ਸੀ। ਕੋਈ ਚਾਰਾ ਨਾ ਦੇਖ ਕੇ ਘੰਟੇ ਬਾਅਦ ਉਹ ਬੱਚਿਆਂ ਸਮੇਤ ਗੱਡੀ ਕੋਲ ਆ ਗਈ। ਸਾਰੇ ਆਸੇ ਪਾਸੇ ਵਾਲੇ ਕਹਿਣ ਲੱਗੇ ਕਿ ਇਹ ਤਾਂ ਕਮਾਲ ਹੋ ਗਈ। ਇਹ ਤਾਂ ਮਗਰੋਂ ਆ ਕੇ ਟਾਇਮ ਨਾਲ ਪਹਿਲਾਂ ਵਿਹਲੀ ਹੋ ਗਈ। ਇਹੀ ਤਾਂ ਐਕਸਪਰਟ ਬੰਦਿਆਂ ਦਾ ਕੰਮ ਹੈ। ਮੈਂ ਅੰਦਰੋਂ-ਅੰਦਰੀਂ ਹੱਸ ਰਿਹਾ ਸੀ ਕਿ ਰੱਬ ਇਸ ਤਰਾਂ ਟਾਇਮ ਨਾਲ ਵਿਹਲਾ ਕਿਸੇ ਨੂੰ ਵੀ ਨਾ ਕਰੇ। ਅਸਲ ਵਿੱਚ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਬੇਰੰਗ ਚਿੱਠੀ ਵਾਂਗ ਵਾਪਸ ਆਈ ਹੈ ਤੇ ਉਸਦੇ ਚਿਹਰੇ ਦੀ ਮਾਯੂਸੀ ਵੀ ਇਹੀ ਦੱਸ ਰਹੀ ਸੀ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ

...
...

ਪਿਛਲੇ ਮਹੀਨੇ ਹੀ ਬਾਹਰੋਂ ਭੇਜਿਆ ਮਹਿੰਗਾ ਸੈੱਲ ਫੋਨ..
ਅਖੀਰ ਗਿਆ ਤੇ ਗਿਆ ਕਿਥੇ ਗਿਆ?

ਜਮੀਨ ਖਾ ਗਈ ਕੇ ਆਸਮਾਨ ਨਿਗਲ ਗਿਆ..ਇਥੇ ਹੀ ਤਾਂ ਰਖਿਆ ਸੀ ਕੱਲ ਰਿੰਗਰ ਆਫ ਕਰਕੇ..!

ਮੈਂ ਫੇਰ ਆਪਣਾ ਧਿਆਨ ਬੀਤੇ ਦਿਨ ਕੀਤੇ ਸਾਰੇ ਕੰਮਾਂ ਤੇ ਕੇਂਦਰਿਤ ਕੀਤਾ..
ਨੌਕਰ..ਸੀਰੀਂ..ਦੁੱਧ ਵਾਲਾ..ਆੜਤੀਆ..ਸਰਪੰਚ..ਦੋਸਤ ਮਿੱਤਰ ਅਤੇ ਡੰਗਰਾਂ ਦਾ ਡਾਕਟਰ..ਸਾਰੇ ਕੱਲ ਘਰੇ ਤਾਂ ਜਰੂਰ ਆਏ ਸਨ ਪਰ ਚਾਹ ਪਾਣੀ ਪੀ ਕੇ ਬਾਹਰ ਵੇਹੜੇ ਚੋ ਹੀ ਵਾਪਿਸ ਪਰਤ ਗਏ..ਫੇਰ ਬੈਡ ਰੂਮ ਤੱਕ ਕੌਣ ਆਇਆ ਹੋ ਸਕਦਾ ਏ?

ਰਹਿ ਰਹਿ ਕੇ ਧਿਆਨ ਕਮਰੇ ਦੀ ਸਫਾਈ ਵਾਲੀ ਬੀਬੀ ਵੱਲ ਜਾਈ ਜਾ ਰਿਹਾ ਸੀ..
ਪਰ ਪਿਛਲੇ ਵੀਹਾਂ ਸਾਲਾਂ ਤੋਂ ਤਾਂ ਕਦੀ ਕੋਈ ਐਸੀ ਵੈਸੀ ਗੱਲ ਨਹੀਂ ਸੀ ਹੋਈ ਫੇਰ ਅੱਜ ਅਚਾਨਕ ਏਦਾਂ ਕਿੱਦਾਂ ਹੋ ਸਕਦਾ?
“ਪਰ ਅੱਜਕੱਲ ਦੇ ਮਾਹੌਲ ਵਿਚ ਬੰਦੇ ਦੀ ਨੀਤ ਬਦਲਦਿਆਂ ਕਿਹੜਾ ਪਤਾ ਲੱਗਦਾ”?

ਅੱਜ ਕਮਰੇ ਦੀ ਸਫਾਈ ਕਰਨ ਵੀ ਨਹੀਂ ਆਈ..ਸਾਸ੍ਰੀ ਕਾਲ ਬੁਲਾਈ ਤਾਂ ਸੀ ਪਰ ਨਜਰ ਨੀਵੀਂ ਕਰਕੇ..ਰਹੀ ਵੀ ਦੂਰ ਦੂਰ..ਕੰਮ ਵੀ ਛੇਤੀ ਨਾਲ ਮੁਕਾ ਕੇ ਤੁਰਦੀ ਬਣੀ!

ਕੜੀ ਨਾਲ ਕੜੀ ਮਿਲਦੀ ਗਈ ਤੇ ਸ਼ੱਕ ਯਕੀਨ ਵਿਚ ਬਦਲਦਾ ਗਿਆ ਗਿਆ..

ਡੀ.ਐੱਸ.ਪੀ ਦੋਸਤ ਨਾਲ ਗੱਲ ਕੀਤੀ..ਆਖਣ ਲੱਗਾ ਜੇ ਓਦਾਂ ਨਾ ਮੰਨੀ ਤਾਂ ਫੇਰ ਠਾਣੇ ਖੜ ਦਬਕਾ ਮਰਵਾਉਣਾ ਪਊ..!

ਅਗਲੇ ਦਿਨ ਕਚਹਿਰੀ ਦੀ ਤਰੀਕ ਨਾਲ ਸਬੰਧਿਤ ਕਾਗਜਾਤ ਕੱਢਦੇ ਹੋਏ ਨੂੰ ਅਲਮਾਰੀ ਹੇਠ ਕਾਗਜਾਂ ਹੇਠ ਦੱਬਿਆ ਪਿਆ ਸੈੱਲ ਫੋਨ ਲਭ ਗਿਆ !

ਫੋਨ ਚੁੱਕੀ ਖੁਸ਼ੀ ਵਿਚ ਨੱਸਦਾ ਹੋਇਆ ਇੱਕਦਮ ਬਾਹਰ ਨੂੰ ਆ ਗਿਆ!

ਮੁੜਕੇ ਨਾਲ ਗੜੁੱਚ ਆਪਣੇ ਧਿਆਨ ਪੋਚਾ ਫੇਰਦੀ ਹੋਈ ਉਹ ਮੈਨੂੰ ਅੱਜ ਫੇਰ ਪਹਿਲਾਂ ਵਾਂਙ ਹੀ ਇਮਾਨਦਾਰ ਲੱਗ ਰਹੀ ਸੀ !

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)